ਜਲੰਧਰ ਦੇ ਇਕ ਘਰ ਵਿੱਚ ਫ਼ਰਿਜ਼ ਦੇ ਕੰਪਰੈਸ਼ਰ ਦੇ ਫ਼ਟਣ ਕਾਰਨ ਅੱਗ ਲੱਗਣ ਕਾਰਨ 6 ਮੈਂਬਰਾਂ ਦੇ ਝੁਲਸ ਜਾਣ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈਆਂ ਖ਼ਬਰਾਂ ਅਨੁਸਾਰ ਇਹ ਹਾਦਸਾ ਜਲੰਧਰ ਵਿੱਚ ਪੈਂਦੇ ਅਵਤਾਰ ਨਗਰ ਦੀ ਗੱਲੀ ਨੰਬਰ 12 ਵਿੱਚ ਵਾਪਰਿਆ ਹੈ ਜਿਥੇ ਘਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਘਰ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਪਤਾ ਲਗਿਆ ਹੈ ਕਿ ਇਸ ਹਾਦਸੇ ਵਿੱਚ 5 ਪਰਿਵਾਰਕ ਮੈਂਬਰਾਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਿਨ੍ਹਾਂ ਵਿੱਚ ਘਰ ਦਾ ਮਾਲਕ ਜੋਕਿ ਭਾਜਪਾ ਦਾ ਆਗੂ ਹੈ, ਯਸ਼ਪਾਲ ਘਈ, ਉਸਦਾ ਬੇਟਾ ਇੰਦਰਪਾਲ ਘਈ, ਇੰਦਰਪਾਲ ਦੀ ਪਤਨੀ ਰੂਚੀ, ਤਿੰਨ ਬੱਚੇ ਦੀਆ, ਅਕਸ਼ੈ ਅਤੇ ਮਨਸ਼ਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜਦੋਂ ਹਾਦਸਾ ਵਾਪਰਿਆ ਉਸ ਸਮੇਂ ਸਾਰਾ ਪਰਿਵਾਰ ਘਰ ਇਕ ਕਮਰੇ ਵਿੱਚ ਬੈਠਾ ਕ੍ਰਿਕਟ ਦਾ ਮੈਚ ਵੇਖ ਰਿਹਾ ਸੀ ਅਤੇ ਯਸ਼ਪਾਲ ਘਈ ਦੀ ਪਤਨੀ ਗੁਆਂਢੀਆਂ ਦੇ ਘਰ ਗਈ ਹੋਈ ਸੀ ਜਿਸ ਕਾਰਨ ਉਹ ਸੁਰੱਖਿਅਤ ਬਚੇ ਗਏ ਹਨ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜੇ ਤੇੜੇ ਦੇ ਲੋਕ ਇਕ ਦਮ ਘਰਾਂ ਵਿਚੋਂ ਬਾਹਰ ਗਏ। ਇਹ ਪਤਾ ਲਗਿਆ ਹੈ ਕਿ ਕੰਪਰੈਸ਼ਰ ਦੀ ਗ਼ੈਸ ਨਾਲ ਘਰ ਦੇ ਮੈਂਬਰ ਬੇਹੋਸ਼ ਹੋ ਗਏ ਜਿਸ ਕਾਰਨ ਅੱਗ ਵਿਚ ਘਿਰ ਗਏ। ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਲੋਕਾਂ ਨੇ ਤੁਰਤ ਫ਼ਾਇਰ ਬਿਗ੍ਰੇਡ ਨੂੰ ਫ਼ੋਨ ਕੀਤਾ। ਯਸ਼ਪਾਲ ਘਈ ਦੇ ਭਰਾ ਰਾਜ ਘਈ ਨੇ ਦਸਿਆ ਕਿ ਉਨ੍ਹਾਂ ਦੇ ਭਰਾ ਨੇ ਕੁੱਝ ਮਹੀਨੇ ਪਹਿਲਾਂ ਹੀ ਨਵਾਂ ਫ਼ਰਿਜ਼ ਖ਼ਰੀਦਿਆ ਸੀ ਅਤੇ ਇਹ ਹਾਦਸਾ ਵਾਪਰ ਗਿਆ। ਅੱਗ ਇੰਨੀ ਭਿਆਨਕ ਲੱਗੀ ਹੋਈ ਸੀ ਕਿ ਫ਼ਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਦੇਰ ਰਾਤ ਤੱਕ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਪਰਿਵਾਰ ਮੈਂਬਰਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਤਿੰਨ ਨੂੰ ਤਾਂ ਮ੍ਰਿਤਕ ਐਲਾਨ ਦਿੱਤਾ ਸੀ ਜਦਕਿ ਦੋ ਦੀ ਹਾਲਤ ਨਾਜ਼ੁਕ ਸੀ ਜਿਨ੍ਹਾਂ ਨੂੰ ਰੈਫ਼ਰ ਕੀਤਾ ਗਿਆ ਪਰ ਉਨ੍ਹਾਂ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਇਕ ਦੀ ਮੌਤ ਅੱਜ ਸਵੇਰੇ ਹੋਈ ਹੈ।