ਹੁਸ਼ਿਆਰਪੁਰ : ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਤਲਖ਼ੀ ਅਤੇ ਇੱਕ ਦੂਜੇ ਉੱਤੇ ਕੀਤੇ ਗਏ ਹਮਲਿਆਂ ਦੌਰਾਨ ਕਸ਼ਮੀਰ ਦੇ ਪੂੰਛ ਖੇਤਰ ਵਿੱਚ ਮਾਰੇ ਗਏ ਸਿੱਖਾਂ ਤੇ ਹੋਰ ਲੋਕਾਂ ਅਤੇ ਪੁੰਛ ਦੇ ਗੁਰਦੁਆਰਾ ਸਾਹਿਬ ਉੱਤੇ ਕੀਤੇ ਗਏ ਹਮਲੇ ਸਹਿਣਯੋਗ ਨਹੀਂ ਹਨ ਇਹ ਵਿਚਾਰ "ਸੱਭਿਆਚਾਰ ਸੰਭਾਲ ਸੁਸਾਇਟੀ" ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ । ਉਹਨਾਂ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੇ ਜਵਾਬੀ ਹਮਲੇ ਵਿੱਚ ਪਾਕਿਸਤਾਨ ਵੱਲੋਂ ਪੂੰਛ ਵਿਖੇ ਕੀਤੀ ਗਈ ਗੋਲਾਬਾਰੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਂਦਰੀ ਉੱਤੇ ਹਮਲਾ ਕੀਤਾ ਗਿਆ ਹੈ, ਇਸ ਦੌਰਾਨ ਤਿੰਨ ਵਿਅਕਤੀ ਰਾਗੀ ਅਮਰੀਕ ਸਿੰਘ , ਭਾਈ ਅਮਰਜੀਤ ਸਿੰਘ ਸਾਬਕਾ ਫੌਜੀ,ਭਾਈ ਰਣਜੀਤ ਸਿੰਘ ਅਤੇ ਸਥਾਨਕ ਦੁਕਾਨਦਾਰ ਮਾਰੇ ਗਏ ਹਨ। ਇਸ ਤੋਂ ਇਲਾਵਾ ਨਜ਼ਦੀਕੀ ਮਾਨਕੋਟ ਖੇਤਰ ਵਿੱਚ ਇੱਕ ਔਰਤ ਰੂਬੀ ਕੌਰ ਅਤੇ ਹੋਰ ਲੋਕ ਵੀ ਮਾਰੇ ਗਏ ਹਨ । ਉਹਨਾਂ ਪੂੰਛ ਵਿਖੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਮਾਲਕ ਦਾ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਮਾਲਕ ਅੱਗੇ ਅਰਦਾਸ ਵੀ ਕੀਤੀ।
ਉਹਨਾਂ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੰਗ ਹਮੇਸ਼ਾ ਹੀ ਮਨੁੱਖਤਾ ਦਾ ਵੱਡਾ ਘਾਣ ਕਰਦੀ ਹੈ ਜਿਸ ਵਿੱਚ ਬੇਗੁਨਾਹ ਲੋਕ ਹੀ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਹਨ। ਇਸ ਲਈ ਮੌਜੂਦਾ ਸਥਿਤੀ ਨੂੰ ਸ਼ਾਂਤੀਪੂਰਵਕ ਕਰਨ ਲਈ ਵੱਧ ਤੋਂ ਵੱਧ ਯਤਨ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੇ 1947 ਤੋਂ ਲੈ ਕੇ ਹੁਣ ਤੱਕ ਆਪਸੀ ਕੁੜੱਤਣ ਕਾਰਨ ਵੱਡੇ ਨੁਕਸਾਨ ਝੱਲੇ ਹਨ, ਜਿਸ ਵਿੱਚ ਖ਼ਾਸਕਰ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਇਨਸ਼ਾਨੀਅਤ ਦਾ ਵੱਡਾ ਨੁਕਸਾਨ ਹੋਇਆ ਹੈ ।ਉਹਨਾਂ ਕਿਹਾ ਕਿ ਬਾਰਡਰ ਉੱਤੇ ਵੱਸਦੇ ਲੋਕ ਇਸ ਤਣਾਅ ਵਾਲੀ ਸਥਿਤੀ ਵਿੱਚ ਇੱਕ ਦੂਜੇ ਦਾ ਸਾਥ ਦੇਣ ਅਤੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਹੌਂਸਲਾ ਬਣਾਈ ਰੱਖਣ ਅਤੇ ਸ਼ਾਂਤੀ ਬਹਾਲੀ ਲਈ ਮਾਲਕ ਅੱਗੇ ਅਰਦਾਸ ਕਰਨ । ਉਹਨਾਂ ਮਾਲਕ ਅੱਗੇ ਦੂਆ ਕੀਤੀ ਕਿ ਦੋਵਾਂ ਦੇਸ਼ਾਂ ਅੰਦਰ ਹਮੇਸ਼ਾ ਅਮਨ ਸ਼ਾਂਤੀ ਬਣੀ ਰਹੇ।