ਹੁਸ਼ਿਆਰਪੁਰ : ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪਿੰਡਾ ਸ਼ਹਿਰਾ ਅਤੇ ਕਸਬਿਆਂ ਦੇ ਵਿੱਚ ਨਸ਼ਿਆਂ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਮੁਫਤ ਨਸ਼ਾ ਛੁਡਾਊ ਕੈਂਪ ਲਗਾ ਕੇ ਨਸ਼ਿਆਂ ਦੇ ਮੱਕੜ ਜਾਲ ਫਸੇ ਹੋਏ ਨੌਜਵਾਨਾਂ ਨੂੰ ਨਸਿਆ ਵਿੱਚੋ ਕੱਢਣ ਲਾਈ ਜਾਗਰੂਕ ਕੀਤਾ ਗਿਆ। ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਲੈਕੇ ਹੁਣ ਤੱਕ ਪੰਜਾਬ ਵਿੱਚ ਨਸ਼ਿਆਂ ਕਾਰਨ ਹੋਈ ਤਬਾਹੀ ਬਹੁਤ ਭਿਆਨਕ ਹੈ। ਅਸਲ ਵਿੱਚ ਇਹ ਵਿਦੇਸ਼ੀ ਤਾਕਤਾਂ ਦੁਆਰਾ ਭਾਰਤ ਵਿਰੁੱਧ ਛੇੜੀ ਗਈ ਇੱਕ ਨਾ ਮੁੱਕਣ ਵਾਲੀ ਲੜਾਈ ਹੈ। ਉਹਨਾਂ ਕਿਹਾ ਕਿ ਹਰ ਰੋਜ਼ ਕਿੰਨੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਉਹਨਾਂ ਦੀ ਨਸ਼ਿਆਂ ਦੁਆਰਾ ਹੱਤਿਆ ਹੁੰਦੀ। ਉਹਨਾਂ ਕਿਹਾ ਕਿ ਨਸ਼ਾ ਇੱਕ ਵਿਆਪਕ ਸਮੱਸਿਆ ਹੈ ਅਤੇ ਅਗਿਆਨਤਾ ਕਾਰਨ ਲੋਕ ਇਸ ਦੇ ਜਾਲ੍ਹ ਵਿੱਚ ਫਸ ਜਾਂਦੇ ਹਨ ਅਤੇ ਅੰਤ ਵਿੱਚ ਉਨ੍ਹਾਂ ਨੂੰ ਤਬਾਹੀ ਤੋਂ ਇਲਾਵਾ ਕੁਝ ਨਹੀਂ ਮਿਲਦਾ। ਉਹਨਾਂ ਕਿਹਾ ਕਿ ਇਸ ਲਈ,ਸਾਨੂੰ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨੀ ਪਵੇਗੀ ਅਤੇ ਇਹ ਸਮਾਜ ਦੇ ਹਰ ਜਾਗਰੂਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਦੂਜਿਆਂ ਨੂੰ ਜਾਗਰੂਕ ਕਰੇ। ਨਸ਼ਿਆਂ ਦੇ ਪ੍ਰਭਾਵਾਂ 'ਤੇ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਧ ਰਹੇ ਅਪਰਾਧ, ਕਤਲ, ਚੋਰੀਆਂ, ਬਲਾਤਕਾਰ ਅਤੇ ਡਕੈਤੀ ਦੀਆਂ ਘਟਨਾਵਾਂ ਵੀ ਨਸ਼ਿਆਂ ਦਾ ਇੱਕ ਨਤੀਜਾ ਹੈ । ਉਹਨਾਂ ਕਿਹਾ ਕਿ ਸੜਕਾਂ 'ਤੇ ਹਰ ਰੋਜ਼ ਹੋ ਰਹੇ ਹਾਦਸਿਆਂ ਪਿੱਛੇ ਨਸ਼ੇ ਵੀ ਇੱਕ ਵੱਡਾ ਕਾਰਨ ਹਨ। ਨਸ਼ਿਆਂ ਕਾਰਨ ਵਿਅਕਤੀ ਅਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਉਹ ਚੰਗੇ ਅਤੇ ਮਾੜੇ ਵਿੱਚ ਫ਼ਰਕ ਨਹੀਂ ਸਮਝਦਾ। ਇਸ ਲਈ, ਸਮਾਜ ਨੂੰ ਇਨ੍ਹਾਂ ਦੇ ਭਿਆਨਕ ਪ੍ਰਭਾਵਾਂ ਤੋਂ ਬਚਾਉਣ ਲਈ, ਹਰ ਵਿਅਕਤੀ ਨੂੰ ਪਹਿਲਾਂ ਆਪਣੇ ਪਰਿਵਾਰ ਨਾਲ ਗੱਲ ਕਰਨੀ ਪਵੇਗੀ ਅਤੇ ਫਿਰ ਆਪਣੇ ਆਂਢ-ਗੁਆਂਢ 'ਚ ਗੱਲ ਕਰਨ ਦੇ ਨਾਲ-ਨਾਲ ਬੱਚੇ ਆ ਅਤੇ ਨੌਜਵਾਨਾਂ ਦੀ ਨਿਗਰਾਨੀ ਕਰਨੀ ਪਵੇਗੀ। ਇਸ ਨਾਲ ਸਮਾਜ ਵਿੱਚ ਨਸ਼ਿਆਂ ਵਿਰੁੱਧ ਇੱਕ ਪ੍ਰਭਾਵਸ਼ਾਲੀ ਮਾਹੌਲ ਬਣੇਗਾ ਅਤੇ ਇਸ ਸਮੱਸਿਆ ਨੂੰ ਵੀ ਠੱਲ੍ਹ ਪਵੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਤਜਿੰਦਰ ਪਾਬਲਾ,ਵਿੱਕੀ ਝੂਟੀ, ਕਾਕਾ ਸ਼ੇਰਗਿੱਲ,ਅਜੇ ਸਹੋਤਾ,ਨਿਖਿਲ,ਅਕਾਸ਼ਦੀਪ,ਵਿਸ਼ਾਲ ਆਦਿ ਹਾਜ਼ਰ ਸਨ !