ਬੀਤੇ ਕੱਲ੍ਹ ਜਲੰਧਰ ਦੀ ਬਸਤੀ ਬਾਵਾ ਖੇਲ ਵਿਖੇ ਉਸ ਸਮੇਂ ਲੋਕਾਂ ਅਤੇ ਪੁਲਸ ਨੂੰ ਭਾਜੜਾਂ ਪੈ ਗਈਆਂ, ਜਦੋਂ ਇੱਥੇ ਨਹਿਰ 'ਚੋਂ ਸਿੱਧੂ ਮੂਸੇਵਾਲਾ ਦੀ ਥਾਰ ਵਰਗੀ ਥਾਰ ਬਰਾਮਦ ਹੋਈ। ਦਰਅਸਲ ਇਕ ਨੌਜਵਾਨ ਨੇ ਆਪਣੀ ਕਾਲੇ ਰੰਗ ਦੀ ਥਾਰ ਇੱਥੇ ਲਿਆ ਕੇ ਨਹਿਰ ਵਿੱਚ ਸੁੱਟ ਦਿੱਤੀ ਸੀ, ਜਿਵੇਂ ਹੀ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ ਤਾਂ ਉਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ।
ਸਿੱਧੂ ਮੂਸੇਵਾਲਾ ਦੇ ਇਨਸਾਫ਼ ਨੂੰ ਲੈ ਕੇ ਉਕਤ ਨੌਜਵਾਨ ਵੱਲੋਂ ਵਿਰੋਧ ਦਾ ਵੱਖਰਾ ਤਰੀਕਾ ਅਪਣਾਇਆ ਗਿਆ। ਨੌਜਵਾਨ ਨੇ ਸਿੱਧੂ ਮੂਸੇਵਾਲਾ ਦੀ ਥਾਰ ਵਰਗੀ ਕਾਲੀ ਥਾਰ ਲਿਆ ਕੇ ਇੱਥੇ ਨਹਿਰ ਵਿੱਚ ਸੁੱਟ ਦਿੱਤੀ। ਪਹਿਲਾਂ ਤਾਂ ਲੋਕਾਂ ਨੂੰ ਇਹ ਸਮਝ ਹੀ ਨਹੀਂ ਆਇਆ ਕਿ ਇਹ ਕੋਈ ਹਾਦਸਾ ਸੀ ਜਾਂ ਫਿਰ ਨੌਜਵਾਨ ਵੱਲੋਂ ਅਜਿਹਾ ਕਿਉਂ ਕੀਤਾ ਗਿਆ। ਜਦੋਂ ਪਤਾ ਲੱਗਾ ਤਾਂ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਹੁਣ ਉਹ ਨੌਜਵਾਨ ਜਿਸ ਨੇ ਨਹਿਰ 'ਚ ਆਪਣੀ ਥਾਰ ਸੁੱਟੀ ਸੀ, ਨੇ ਕੈਮਰੇ ਸਾਹਮਣੇ ਆ ਕੇ ਇਸ ਬਾਰੇ ਸੱਚਾਈ ਬਿਆਨ ਕੀਤੀ ਹੈ। ਹਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕਿ ਜਦੋਂ ਉਸ ਨੇ ਨਹਿਰ 'ਚ ਆਪਣੀ ਥਾਰ ਸੁੱਟੀ, ਉਦੋਂ ਉਥੇ ਬੱਚੇ ਨਹਾ ਰਹੇ ਸਨ। ਉਸ ਨੇ ਕਿਹਾ ਕਿ ਬੱਚਿਆਂ ਨੇ ਹੀ ਨਹਿਰ 'ਚ ਗੱਡੀ ਲੁਹਾਈ। ਇਹ ਪੁੱਛਣ 'ਤੇ ਕਿ ਜਦੋਂ ਪੁਲਸ ਕਰੇਨ ਰਾਹੀਂ ਨਹਿਰ 'ਚੋਂ ਥਾਰ ਕਢਵਾ ਰਹੀ ਸੀ ਤਾਂ ਤੁਸੀਂ ਉਥੇ ਮੌਜੂਦ ਨਹੀਂ ਸੀ ਤਾਂ ਉਨ੍ਹਾਂ ਕਿਹਾ ਕਿ ਨਹੀਂ, ਮੈਂ ਉਥੇ ਹੀ ਕਾਫੀ ਚਿਰ ਬੈਠਾ ਰਿਹਾ ਸੀ, ਫਿਰ ਆਪਣੀ ਬੇਟੀ ਨੂੰ ਸਕੂਲੋਂ ਲੈਣ ਜਾਣਾ ਸੀ ਤੇ ਮੈਂ ਉਧਰ ਚਲਾ ਗਿਆ।
ਇਹ ਪੁੱਛਣ 'ਤੇ ਕਿ ਹੁਣ ਆਪਣੀ ਥਾਰ ਬਾਰੇ ਤੁਹਾਨੂੰ ਕੁਝ ਪਤਾ ਹੈ ਕਿ ਕਿੱਥੇ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਨੂੰ ਕੋਈ ਪਹਿਲ ਨਹੀਂ ਦਿੰਦਾ, ਥਾਰ ਤਾਂ ਹੋਰ ਵੀ ਆ ਜਾਣਗੀਆਂ। ਸਿੱਧੂ ਮੂਸੇਵਾਲਾ ਚਲਾ ਗਿਆ, ਉਸ ਦੀ ਥਾਰ ਕਿੰਨਾ ਚਿਰ ਥਾਣੇ ਖੜ੍ਹੀ ਰਹੀ, ਉਸ ਦੇ ਘਰਦੇ ਵੇਖਣ ਵੀ ਨਹੀਂ ਗਏ, ਅਸੀਂ ਵੀ ਨਹੀਂ ਦੇਖਣ ਜਾਵਾਂਗੇ।