Saturday, May 10, 2025

Articles

ਪਰਦੇਸ (ਭਾਗ -12)

October 02, 2023 05:02 PM
Amarjeet Cheema (Writer from USA)

ਅਸੀਂ 14 ਕੁ-ਜਣੇ ਸੀ। ਮੈਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਆਪਾਂ ਸਾਰਿਆਂ ਨੇ ਪੂਰੀ ਇਮਾਨਦਾਰੀ ਨਾਲ ਜ਼ੋਰ ਲਾਉਣਾ ਕੋਈ ਹੱਡ ਹਰਾਮੀ ਨਾ ਕਰੇ। ਕਿਉਂਕਿ ਇੰਨੀ ਵੱਡੀ ਚਾਦਰ ਜੇ ਸਾਡੇ ਉਤੇ ਡਿੱਗ ਪੈਂਦੀ ਤਾਂ ਸਮਝੋ ਸਾਰੇ ਜਣੇ ਥੱਲੇ ਆ ਕੇ ਮਰ ਸਕਦੇ ਸੀ। ਖ਼ੈਰ ਅਸੀਂ ਚਾਦਰ ਟਰੱਕ ਵਿੱਚ ਲੱਦ ਦਿੱਤੀ। ਫਿਰ ਉਹ ਕੁਤੇਬੀਆ ਸਾਡੇ ਨਾਲ ਕੋਝੇ ਮਜ਼ਾਕ ਕਰਨ ਲੱਗ ਪਿਆ। ਸਾਨੂੰ ਲਾਈਨ ਵਿੱਚ ਲਗਾ ਕੇ ਪੁੱਛਣ ਲੱਗ ਪਿਆ, ਤੂੰ ਹਿੰਦੂ ਜਾਂ ਸਿੱਖ। ਮੈਂ ਸਾਰਿਆਂ ਨੂੰ ਹੌਲੀ ਜਿਹੀ ਕਹਿ ਦਿੱਤਾ ਕਿ ਸਾਰੇ ਜਣੇ ਇੱਕੋ ਜੁਬਾਨ ਰੱਖਿਓ। ਸਾਰੇ ਕਹਿ ਦਿਉ ਹਿੰਦੂ। ਸੀ ਤਾਂ ਅਸੀਂ ਸਾਰੇ ਘੋਨੇ ਮੋਨੇ ਤੇ ਵੈਸੇ ਵੀ ਸਾਨੂੰ ਹਨੂਦ (ਹਿੰਦੂ)ਕਹਿ ਕੇ ਹੀ ਬੁਲਾਉਂਦੇ ਸਨ। ਅਸੀਂ 13 ਜਣਿਆਂ ਨੇ ਹਿੰਦੂ, ਹਿੰਦੂ ਕਹਿ ਦਿੱਤਾ ਤੇ ਇੱਕ ਜਿਹੜਾ ਮੇਰੇ ਨਾਲ ਖੜ੍ਹਾ ਸੀ, ਕਹਿੰਦਾ ਸਿੱਖ ਹਾਂ। ਬੱਸ ਉਹ ਸਾਡੇ ਦੋਹਾਂ ਦੁਆਲੇ ਹੋ ਗਿਆ। ਕਹਿੰਦਾ ਤੁਸੀਂ ਇੰਡੀਆ ਵਿੱਚ ਵੀ ਲੜਦੇ ਹੋ ਤੇ ਹੁਣ ਇੱਥੇ ਵੀ ਲੜੋ। ਸਾਨੂੰ ਕਹਿੰਦਾ ਇੱਕ ਦੂਜੇ ਦੇ ਚਪੇਡ਼ਾਂ ਮਾਰੋ। ਮੈਂ ਉਹਦੇ ਹੌਲੀ ਦੇਣੀ ਚਪੇੜ ਮਾਰੀ। ਕੁਤੇਬੀਏ ਨੇ ਮੇਰੇ ਠਾਹ ਕਰਦੀ ਕੱਸ ਕੇ ਚਪੇੜ ਮਾਰੀ ਤੇ ਕਹਿੰਦਾ ਇਸ ਤਰ੍ਹਾਂ ਮਾਰ, ਇਹਨੂੰ ਚਪੇੜ ਕਹਿੰਦੇ ਨੇ। ਗੁੱਸਾ ਤਾਂ ਮੈਨੂੰ ਉਸ ਮੁੰਡੇ ਤੇ ਪਹਿਲਾਂ ਹੀ ਪਈ ਤੈਨੂੰ ਕੀ ਲੋੜ ਸੀ ਸਿੱਖ ਕਹਿਣ ਦੀ। ਚੰਗੇ ਭਲੇ ਨੂੰ ਸਿਆਪਾ ਪਾ ਦਿੱਤਾ। ਫਿਰ ਵੱਟਕੇ ਠਾਹ ਕਰਦੀ ਚਪੇੜ ਮਾਰੀ ਤੇ ਥੱਲੇ ਡਿੱਗ ਪਿਆ ਤੇ ਮੁੜਕੇ ਹਿੱਲ ਨਹੀਂ ਹੋਇਆ,ਉਹਦੇ ਕੋਲੋਂ।
ਇਸ ਤੋਂ ਬਾਅਦ ਸਾਡਾ ਛੁਟਕਾਰਾ ਹੋਇਆ ਤੇ ਅਸੀਂ ਆ ਗਏ।

 

ਕੁਤੇਬੀਏ ਹਰ ਵਿਦੇਸ਼ੀ ਨੂੰ ਡਰਾ ਕੇ ਰੱਖਦੇ ਸਨ

ਕੁਤੇਬੀਏ ਹਰ ਵਿਦੇਸ਼ੀ ਨੂੰ ਡਰਾ ਕੇ ਰੱਖਦੇ ਸਨ ਪਈ ਉਨ੍ਹਾਂ ਨੂੰ ਵਿਦੇਸ਼ੀਆਂ ਨੂੰ ਫੜਨ ਵਿੱਚ ਕੋਈ ਮੁਸ਼ਕਲ ਨਾ ਆਵੇ, ਤੇ ਹੀ ਕੋਈ ਸਾਡੇ ਮੂਹਰੇ ਦੌੜਨ ਦੀ ਕੋਸ਼ਿਸ਼ ਕਰੇ। ਬਹੁਤ ਵਾਰੀ ਉਹ ਭੱਜਣ ਵਾਲੇ ਦੇ ਗੋਲੀ ਵੀ ਮਾਰ ਦਿੰਦੇ ਸਨ। ਪੂਰੀ ਦਹਿਸ਼ਤ ਸੀ ਉਨ੍ਹਾਂ ਦੀ ਜਾਣੀ ਜੋ ਹਾਲਾਤ ਖਾੜਕੂਵਾਦ ਦੇ ਸਮੇਂ ਪੰਜਾਬ ਦੇ ਸੀ, ਬੱਸ ਉਸੇ ਤਰਾਂ ਦੀ ਸਥਿਤੀ ਬਣੀ ਹੋਈ ਸੀ। ਇੱਕ ਦੂਸਰੇ ਕੋਲੋਂ ਬੱਸ ਇਹੀ ਪੁੱਛੀਦਾ ਸੀ ਕਿ ਲੜਾਈ ਕਦੋਂ ਬੰਦ ਹੋਵੇਗੀ। ਦਿਨੇ ਡਰਦਿਆਂ ਮਾਰਿਆ ਕੰਮ ਕਰਨਾ ਤੇ ਰਾਤ ਨੂੰ ਕਈ ਵਾਰੀ ਬਾਹਰ ਜੰਗਲ ਵਿੱਚ ਸੌਣਾ ਪੈਂਦਾ ਸੀ। ਇਹ ਵੀ ਡਰ ਹੁੰਦਾ ਸੀ ਕਿ ਜੰਗਲੀ ਜਾਨਵਰ ਆ ਕੇ ਸਾਡਾ ਨੁਕਸਾਨ ਨਾ ਕਰ ਦੇਵੇ। ਸ਼ਰਾਬ ਦੀ ਬੋਤਲ ਨਾਲ ਲੈ ਜਾਣੀ ਤੇ ਰੋਟੀ ਵੀ, ਜੰਗਲ ਵਿੱਚ ਜਾ ਕੇ ਖਾਣੀ। ਕਈ ਵਾਰੀ ਤਾਂ ਸਾਡੇ ਸੌਣ ਵਾਲੇ ਕੱਪੜੇ ਤੇ ਦਾਰੂ ਵੀ, ਜੰਗਲ ਵਿੱਚ ਭੇਡਾਂ ਚਾਰਨ ਵਾਲਿਆਂ ਨੇ ਚੋਰੀ ਕਰ ਲੈਣੇ। ਲਿਬਨਾਨ ਵਿੱਚ ਤੁਹਾਨੂੰ ਹਰ ਤਰਾਂ ਦਾ ਪੰਜਾਬੀ ਮਿਲ ਜਾਂਦਾ ਸੀ। ਚੋਰ, ਬੇਈਮਾਨ, ਉਧਾਰ ਲੈ ਕੇ ਨਾ ਦੇਣ ਵਾਲੇ, ਮੁਫ਼ਤਖੋਰ ਜਾਣੀ ਹਰ ਕਿਸਮ ਦੇ ਮੁੰਡੇ। ਇੱਕ ਦਿਨ ਅਮਰੀਕ ਸਾਡੇ ਕੋਲ ਮੁੰਡਾ ਲੈ ਕੇ ਆਇਆ ਪਈ ਆਪਣੇ ਨਾਲ ਕੰਮ ਤੇ ਰਖ ਲਓ। ਉੱਚਾ ਲੰਮਾ ਛੇ ਫੁੱਟ ਕੱਦ ਹੋਵੇਗਾ ਤੇ ਸਰੀਰ ਵੀ ਚੰਗਾ ਸਾਂਭਿਆ ਹੋਇਆ ਸੀ। ਆਪਣੇ ਨਾਂ ਬਾਰੇ ਉਸ ਨੇ ਦੱਸਿਆ ਕਿ ਨਾਂ ਹੈ ਮੇਰਾ ਜਗੀਰਾ ਤੇ ਮੈਨੂੰ ਸਾਰੇ ਫ਼ੌਜੀ ਕਹਿੰਦੇ ਨੇ ਕਿਉਂਕਿ ਉਹ ਫ਼ੌਜ ਦੀ ਨੌਕਰੀ ਛੱਡਕੇ ਆਇਆ ਸੀ ।

ਸਾਨੂੰ ਦੋ ਹਫ਼ਤੇ ਬਾਦ ਤਨਖਾਹ ਮਿਲਦੀ ਹੁੰਦੀ ਸੀ

3- 4 ਕੁ ਦਿਨ ਵਿਹਲਾ ਰਿਹਾ ਤੇ ਫਿਰ ਉਸ ਨੂੰ ਅਸੀਂ ਆਪਣੇ ਨਾਲ ਕੰਮ ਤੇ ਰੱਖ ਲਿਆ। ਕਮਰੇ ਵਿੱਚ ਵੀ ਜਗ੍ਹਾ ਦੇ ਦਿੱਤੀ। ਸਾਨੂੰ ਦੋ ਹਫ਼ਤੇ ਬਾਦ ਤਨਖਾਹ ਮਿਲਦੀ ਹੁੰਦੀ ਸੀ ਤੇ ਫਿਰ ਅਸੀਂ ਆਪਣੇ ਰੋਟੀ ਪਾਣੀ ਦੇ ਖਰਚੇ ਦਾ ਹਿਸਾਬ ਕਰਕੇ ਜਿੰਨੇ ਹਰ ਦੇ ਹਿੱਸੇ ਆਉਂਦੇ ਸੀ, ਦੇਣ ਲੈਣ ਕਰ ਲਿਆ ਕਰਦੇ ਸੀ। ਸਾਡੇ ਕਮਰੇ ਵਿੱਚ ਮੀਟ ਸ਼ਰਾਬ ਆਮ ਚਲਦੀ ਰਹਿੰਦੀ ਸੀ। ਜਦੋਂ ਉਹਨੂੰ ਪਹਿਲੀ ਤਨਖਾਹ ਮਿਲੀ ਤਾਂ ਅਸੀਂ ਸਾਰੇ ਕਮਰੇ ਵਾਲਿਆਂ ਕਿਹਾ ਕਿ ਇਹਨੂੰ ਅੱਠ ਦਸ ਦਿਨ ਹੀ ਹੋਏ ਨੇ ਕੰਮ ਤੇ ਲੱਗੇ ਨੂੰ ਤੇ ਇਸ ਵਾਰ ਇਹ ਤੋਂ ਰੋਟੀ ਦਾ ਖਰਚਾ ਨਹੀਂ ਮੰਗਦੇ। ਦੂਜੀ ਵਾਰ ਤਨਖਾਹ ਮਿਲੀ ਤਾਂ ਅਸੀਂ ਉਹਨੂੰ ਖਰਚਾ ਬਰਾਬਰ ਪਾ ਦਿੱਤਾ। ਉਹ ਕਹਿੰਦਾ ਮੈਂ ਤਾਂ ਖ਼ਰਚਾ ਨਹੀਂ ਦਿੰਦਾ। ਤੁਸੀਂ ਮੀਟ ਸ਼ਰਾਬ ਪੀਂਦੇ ਹੋ। ਮੈਂ ਤਾਂ ਆਪਣੀਆਂ ਭੈਣਾਂ ਦੇ ਵਿਆਹ ਕਰਨੇ ਆਂ। ਮੈਂ ਕਿਹਾ ਪਈ ਬੇਗਾਨੇ ਮੁਲਕ ਵਿੱਚ ਸਾਰੇ ਹੀ ਭੈਣਾਂ ਦੇ ਵਿਆਹ ਕਰਕੇ ਜਾਂ ਮਾਂ ਪਿਉ ਦੀ ਗ਼ਰੀਬੀ ਦੂਰ ਕਰਨ ਲਈ ਬਾਹਰ ਆਏ ਹਨ। ਸ਼ਰਾਬ ਦੀ ਬੋਤਲ ਚੁੱਕੀ ਤੇ ਮੂੰਹ ਨੂੰ ਲਾ ਲਈ। ਅਧੀਆ ਪੀ ਕੀ ਕਹਿੰਦਾ ਤੂੰ ਜੋ ਕਰਨਾ ਕਰ ਲੈ। ਆਪਣੇ ਫ਼ੌਜੀ ਹੋਣ ਦੀ ਧੌਂਸ ਜਮਾਉਣ ਲੱਗਾ। ਮੈਨੂੰ ਗੁੱਸਾ ਆ ਗਿਆ, ਮੈਂ ਦੋਵੇਂ ਹੱਥ ਜੋੜਕੇ ਉਹਦੇ ਮੂੰਹ ਤੇ ਲਫ਼ੈੜਾ ਮਾਰਿਆ। ਡਿੱਗਦਾ ਢਹਿੰਦਾ 10 ਫੁੱਟ ਦੀ ਦੂਰੀ ਤੇ ਜਾ ਡਿੱਗਿਆ ਤੇ ਹੱਥ ਵਿੱਚ ਉਹਦੇ ਚਾਕੂ ਆ ਗਿਆ। ਚਾਕੂ ਦਿਖਾ ਪਿਛਲਖੁਰੀ ਭੱਜ ਤੁਰਿਆ। ਉਹ ਮੂਹਰੇ ਮੂਹਰੇ ਤੇ ਮੈਂ ਡਾਂਗ ਲੈ ਕੇ ਉਹਦੇ ਪਿੱਛੇ ਪਿੱਛੇ।

ਰਾਤ ਨੂੰ ਵਿੱਚ ਵਿਚੋਲੇ ਪਾ ਕੇ ਸਾਡੀ ਮਿੰਨਤ ਕਰਨ ਆ ਗਿਆ।

ਰਾਤ ਉਹ ਕਿਸੇ ਦੂਸਰੇ ਗਰੁੱਪ ਦੇ ਮੁੰਡਿਆਂ ਕੋਲ ਸੁੱਤਾ ਤੇ ਦੂਸਰੇ ਦਿਨ ਰਾਤ ਨੂੰ ਵਿੱਚ ਵਿਚੋਲੇ ਪਾ ਕੇ ਸਾਡੀ ਮਿੰਨਤ ਕਰਨ ਆ ਗਿਆ। ਮੈਂ ਵਿਚੋਲਿਆਂ ਨੂੰ ਕਿਹਾ ਪਈ ਅਸੀਂ ਇਹਨੂੰ ਨਹੀਂ ਰੱਖਣਾ। ਦੂਸਰੇ ਦਿਨ ਉਹਨੇ ਦੋ ਪਲਾਈ ਬੋਰਡ ਜਿਹੇ ਖੜ੍ਹੇ ਕਰਕੇ ਆਪਣਾ ਵੱਖਰਾ ਖੁੱਡਾ ਜਿਹਾ ਬਣਾ ਲਿਆ ਤੇ ਆਪਣਾ ਗੈਸ ਚੁੱਲ੍ਹਾ ਲਿਆ ਕੇ ਆਪਣੀ ਵੱਖਰੀ ਰੋਟੀ ਬਣਾਉਣ ਲੱਗ ਪਿਆ। ਮੈਨੂੰ ਨਾਲ ਦੇ ਮੁੰਡੇ ਕਹਿੰਦੇ ਪਈ ਇੱਕ ਵਾਰੀ ਚੰਗੀ ਤਰਾਂ ਛਿੱਲਣਾ। ਮੈਂ ਕਈ ਸ਼ਰਾਰਤਾਂ ਕੀਤੀਆਂ ਪਰ ਬੋਲਿਆ ਨਹੀਂ। ਇੱਕ ਦਿਨ ਮੈਂ ਉਹਦੇ ਭਾਂਡੇ ਚੁੱਕ ਕੇ ਡੂੰਘੀ ਖੱਡ ਵਿੱਚ ਸੁੱਟ ਦਿੱਤੇ। ਸਾਡੀ ਰਿਹਾਇਸ਼ ਪਹਾੜੀ ਦੇ ਸਿਰੇ ਉਪਰ ਸੀ। ਜਦੋਂ ਉਹ ਕੰਮ ਤੋਂ ਆਇਆ ਤਾਂ ਮੂੰਹ ਵਿੱਚ ਬੁੜ ਬੁੜ ਕਰਦਾ ਫਿਰੇ। ਮੈਂ ਸੋਚਿਆ ਕੋਈ ਗਾਲੀ ਗਲੋਚ ਕਰੂੰਗਾ ਤੇ ਫਿਰ ਇਹਦੀ ਛਿੱਤਰ ਪਰੇਡ ਕਰਾਂਗੇ ਪਰ ਉਹ ਨਾਲ ਦੇ ਕਮਰਿਆਂ ਵਾਲਿਆਂ ਕੋਲ ਤਰਲੇ ਕਰੇ ਪਈ ਮੇਰੇ ਉਨ੍ਹਾਂ ਨੇ ਭਾਂਡੇ ਕਿਤੇ ਸੁੱਟ ਦਿੱਤੇ ਨੇ। ਉਨ੍ਹਾਂ ਤਰਸ ਖਾਕੇ ਕਿਸੇ ਨੇ ਪਤੀਲੀ ਦੇ ਦਿੱਤੀ, ਕਿਸੇ ਨੇ ਗਿਲਾਸ, ਕਿਸੇ ਨੇ ਪਲੇਟ। ਉਹਦੇ ਭਾਂਡੇ ਫਿਰ ਪੂਰੇ ਹੋ ਗਏ। ਐਸਾ ਕੰਜੂਸ ਜੀ ਪਿਉ ਦਾ ਪੁੱਤ ਕਿ ਭਾਂਡੇ ਬਜ਼ਾਰੋਂ ਨਵੇਂ ਖਰੀਦ ਕੇ ਨਹੀਂ ਲਿਆਂਦੇ। ਮਹੀਨੇ ਕੁ- ਬਾਅਦ ਮੈਨੂੰ ਫਿਰ ਗੁੱਸਾ ਆਇਆ। ਕਿਉਂਕਿ ਜਦੋਂ ਮੇਰਾ ਦਿਲ ਕਿਸੇ ਨਾਲ ਖੱਟਾ ਹੋ ਜਾਂਦਾ ਹੈ, ਫਿਰ ਲੱਖ ਕੋਸ਼ਿਸ਼ ਕਰਨ ਤੇ ਮਿੱਠਾ ਨਹੀਂ ਹੁੰਦਾ।

                                                                                                                                                                                       ਲੇਖਕ - ਅਮਰਜੀਤ ਚੀਮਾਂ
                                                                                                                                                                                           +1(716)908-3631

 

Have something to say? Post your comment