Saturday, May 10, 2025

Articles

“ਮੱਝ”

May 05, 2025 05:19 PM
Amarjeet Cheema (Writer from USA)
ਮੇਰਾ ਕੈਨੇਡਾ ਵਿੱਚ ਇੱਕ ਰਿਸ਼ਤੇਦਾਰ ਹੈ। ਉਹਨੇ 10 ਕੁ ਸਾਲ ਪਹਿਲਾਂ ਕੌਫ਼ੀ ਸ਼ੌਪ ਖੋਲ੍ਹੀ। ਵਪਾਰ ਕੁੱਝ ਚੰਗੀ ਤਰ੍ਹਾਂ ਚੱਲਿਆ ਨਾ ਤੇ ਹੌਲੀ ਹੌਲੀ ਬੰਦ ਕਰਨ ਦੀ ਨੌਬਤ ਆ ਗਈ। ਉਹਨੇ ਕੁੱਝ ਪੈਸੇ ਰਿਸ਼ਤੇਦਾਰਾਂ ਤੋਂ ਉਧਾਰ ਲਏ ਸਨ ਤੇ ਕੁਝ ਪੈਸੇ ਆਪਣੇ ਘਰ ਤੇ ਕਰਜ਼ਾ ਲੈ ਕੇ ਲਾਏ ਸੀ ਦੁਕਾਨ ਤੇ। ਹੁਣ ਬੈਂਕ ਨੂੰ ਕਿਸਤਾਂ ਦੇਣੀਆਂ ਮੁਸ਼ਕਲ ਹੋ ਗਈਆਂ। ਬੈਂਕ ਵਾਲਿਆਂ ਨੇ ਘਰ ਕੁਰਕੀ ਦਾ ਨੋਟਿਸ ਭੇਜ ਦਿੱਤਾ ਤੇ ਦੋ ਹਫ਼ਤਿਆਂ ਵਿੱਚ ਪੈਸੇ ਦੀ ਮੰਗ ਕੀਤੀ ਜਾਂ ਫ਼ਿਰ ਘਰ ਖਾਲੀ ਕਰਨ ਲਈ ਨੋਟਿਸ ਭੇਜ ਦਿੱਤਾ। ਉਸ ਦਾ ਮੈਨੂੰ ਫੋਨ ਆਇਆ ਤੇ ਉੱਚੀ ਉੱਚੀ ਰੋਣ ਲੱਗ ਗਿਆ, ਕਹਿੰਦਾ ਭਾਜੀ ਹੁਣ ਤੁਸੀਂ ਹੀ ਮੈਨੂੰ ਬਚਾ ਸਕਦੇ ਹੋ, ਨਹੀਂ ਤਾਂ ਮੇਰੇ ਬੱਚੇ ਤੇ ਪਰਿਵਾਰ ਸੜਕ ਤੇ ਆ ਜਾਣਗੇ। ਮੈਂ ਪੁੱਛਿਆ ਤੂੰ ਇੰਨੀ ਦੇਰ ਤੋਂ ਕੈਨੇਡਾ ਵਿੱਚ ਰਹਿ ਰਿਹਾਂ, ਕੋਈ ਕੰਮ ਕਾਰ ਨਹੀਂ ਕੀਤਾ? ਜਾਣੀ ਕੋਈ ਪੈਸਾ ਨਹੀਂ ਜੋੜਿਆ? ਕਹਿੰਦਾ ਪੰਜਾਬ ਵਿੱਚ ਵਿਹਲੇ ਰਹਿਣ ਦੀ ਆਦਤ ਪਈ ਸੀ ਤੇ ਕੋਈ ਵਧੀਆ ਕੰਮ ਕੀਤਾ ਨਹੀਂ। ਟੈਕਸੀ ਪਾਈ ਸੀ, ਦੋ ਕੁ-ਸਾਲ ਚੰਗਾ ਗੁਜ਼ਾਰਾ ਚੱਲਦਾ ਰਿਹਾ ਤੇ ਬਾਅਦ ਵਿੱਚ ਊਬਰ ਆ ਗਈ ਤੇ ਕੰਮ ਬਿਲਕੁਲ ਬੰਦ ਹੋ ਗਿਆ। ਬੀਬੀ ਭਾਪੇ ਨੇ ਕੁੱਝ ਪੈਸੇ ਜੋੜੇ ਸੀ ਜੋ ਉਹਨਾਂ ਮੈਨੂੰ ਵਪਾਰ ਵਿੱਚ ਲਾਉਣ ਨੂੰ ਦੇ ਦਿੱਤੇ ਸੀ, ਉਹ ਵੀ ਵਿੱਚੇ ਡੁੱਬ ਗਏ। ਕੈਨੇਡਾ ਵਿੱਚ ਆਉਣ ਕਰਕੇ ਵਿਆਹ ਵੀ ਚੰਗੇ ਤਕੜੇ ਘਰ ਵਿੱਚ ਹੋ ਗਿਆ। ਸਹੁਰਿਆਂ ਕਾਫ਼ੀ ਸੋਨਾ ਵਗੈਰਾ ਪਾਇਆ ਸੀ, ਕੁੱਝ ਨਕਦੀ ਵੀ ਘਰਵਾਲੀ ਦੇ ਨਾਂ ਕਰਾਈ ਸੀ, ਕਾਰ ਵੀ ਦਾਜ ਵਿੱਚ ਦਿੱਤੀ ਸੀ, ਬੱਸ ਸਾਰਾ ਕੁੱਝ ਵਿੱਕ ਗਿਆ ਜੋ ਇਸ ਦੁਕਾਨ ਤੇ ਲਾ ਦਿੱਤਾ ਤੇ ਸਾਰਾ ਕੁੱਝ ਜਿਸ ਤਰ੍ਹਾਂ ਆਇਆ ਸੀ, ਉਸੇ ਤਰ੍ਹਾਂ ਰੁੜ੍ਹ ਗਿਆ। ਸਹੁਰਿਆਂ ਦਾ ਬਲੈਕ ਦਾ ਕੰਮ ਚੰਗਾ ਚਲਦਾ ਸੀ, ਸ਼ਾਇਦ ਉਹ ਬਲੈਕ ਦਾ ਪੈਸਾ ਹੀ ਮੇਰਾ ਸਭ ਕੁਝ ਰੋੜ੍ਹਕੇ ਲੈ ਗਿਆ। ਬੀਬੀ ਭਾਪੇ ਦੀ ਪੈਨਸ਼ਨ ਲੱਗੀ ਹੋਈ ਸੀ, ਉਹ ਮੈਨੂੰ ਹਰ ਮਹੀਨੇ ਕੁਝ ਮਦਦ ਕਰ ਦਿੰਦੇ ਸਨ ਤੇ ਮੇਰੇ ਬੱਚਿਆਂ ਦੀ ਰੋਟੀ ਤੇ ਘਰ ਦੀਆਂ ਕਿਸ਼ਤਾਂ ਚੱਲੀ ਜਾਂਦੀਆਂ ਸਨ। ਨਾਲੇ ਉਹ ਆਪਣੇ ਦੁੱਖੜੇ ਬਿਆਨ ਕਰ ਰਿਹਾ ਸੀ ਤੇ ਨਾਲੇ ਉਹ ਰੋਈ ਜਾ ਰਿਹਾ ਸੀ ਤੇ ਵੱਡੇ ਵੱਡੇ ਹਟਕੋਰੇ ਲੈ ਰਿਹਾ ਸੀ। ਪਿੰਡ ਉਹਨਾਂ ਦੀ ਵੱਡੀ ਕੋਠੀ ਸੀ ਤੇ ਜ਼ਮੀਨ ਵੀ ਕਾਫ਼ੀ ਸੀ, ਜਿਸ ਤੇ ਉਹਦਾ ਵੱਡਾ ਭਰਾ ਚੰਗੀ ਖੇਤੀ ਕਰ ਰਿਹਾ ਸੀ ਜੋ ਕਿ ਮੇਰਾ ਸਕਾ ਸਾਂਢੂ ਸੀ। ਮੈਂ ਸੋਚਿਆ ਚਲੋ ਇਹਦੀ ਮਦਦ ਕਰ ਦਿੰਦਾ ਹਾਂ। ਜੇ ਕੋਈ ਉੱਨੀ ਇੱਕੀ ਹੋਈ ਤਾਂ ਮੇਰਾ ਸਾਂਢੂ ਜੋਂ ਬੈਠਾ ਹੈ ਪੰਜਾਬ ਉਹ ਮੇਰੇ ਪੈਸੇ ਮਰਨ ਨਹੀਂ ਦੇਵੇਗਾ। ਇਹਨਾਂ ਦੇ ਪਰਿਵਾਰ ਵਿੱਚ ਮੇਰੀ ਇੱਜ਼ਤ ਹੋਰ ਵੀ ਵੱਧ ਜਾਵੇਗੀ ਕਿ ਦੇਖੋ ਮੇਰੇ ਵੱਡੇ ਸਾਂਢੂ ਨੇ ਮੇਰੇ ਭਰਾ ਦੀ ਲੋੜ ਵੇਲੇ ਬਾਂਹ ਫੜੀ ਸੀ। ਮੈਂ ਦਿਲ ਦਾ ਸਾਫ਼ ਸੀ ਪਰ ਜੋ ਕੁੱਝ ਅੱਜ ਮੈਂ ਦੇਖ ਰਿਹਾ ਹਾਂ ਕਿ ਲੋਕਾਂ ਦੇ ਦਿਲ ਮੈਲ਼ ਨਾਲ ਭਰੇ ਹੋਏ ਨੇ। ਲੋਕਾਂ ਦੇ ਮੂੰਹ ਤੇ ਕੁੱਝ ਹੁੰਦਾ ਹੈ ਤੇ ਦਿਲ ਵਿੱਚ ਕੁੱਝ ਹੋਰ। ਖ਼ੈਰ ਮੈਂ ਰੱਬ ਤੇ ਆਸਰਾ ਰੱਖ ਕੇ ਉਹਦੀ ਮਦਦ ਕਰਨ ਲਈ ਤਿਆਰ ਹੋ ਗਿਆ। ਮੈਂ ਆਪਣੇ ਘਰ ਤੇ 20 ਹਜਾਰ ਡਾਲਰ ਵਿਆਜੂ ਚੁੱਕਿਆ ਤੇ ਉਹਨੂੰ ਉਹਦੀ ਬੈਂਕ ਵਿੱਚ ਬਦਲੀ ਕਰ ਦਿੱਤਾ। ਤੀਸਰੇ ਦਿਨ ਮੈਂ ਉਹਨੂੰ ਫੋਨ ਕਰਕੇ ਪੁੱਛਿਆ ਕਿ ਪੈਸੇ ਮਿਲ ਗਏ ਹਨ ? ਕਹਿੰਦਾ ਹਾਂ ਭਾਜੀ, ਮੈਂ ਤੇ ਮੇਰੀ ਤੀਵੀਂ ਦੋਨਾਂ ਨੇ ਕੰਮ ਲੱਭ ਲਿਆ ਹੈ ਤੇ ਮੈਂ ਤੇਰੇ ਪੈਸੇ ਸਣੇ ਵਿਆਜ ਇੱਕ ਸਾਲ ਵਿੱਚ ਮੋੜ ਦੇਵਾਂਗਾ। ਭਾਜੀ ਮੈਂ ਸਾਰੀ ਉਮਰ ਤੇਰਾ ਗੁਣ ਨਹੀਂ ਭੁਲਾਂਗਾ ਤੇ ਤੇਰੇ ਪੈਰ ਧੋ ਧੋ ਕੇ ਪੀਵਾਂਗਾ। ਮੈਂ 6 ਕੁ ਸਾਲ ਪੈਸੇ ਪੁੱਛੇ ਹੀ ਨਹੀਂ, ਮੈਂ ਸੋਚਿਆ ਜਦੋਂ ਹੋਏ ਦੇ ਦੇਊਗਾ ਪਰ ਹੁਣ ਉਹਦਾ ਕਦੇ ਫ਼ੋਨ ਵੀ ਨਹੀਂ ਸੀ ਆਇਆ। ਕੋਈ ਛੇ ਕੁ ਮਹੀਨਿਆਂ ਵਿੱਚ ਅੱਗੜ ਪਿੱਛੜ ਕਰਕੇ ਉਹਦੀ ਮਾਂ ਤੇ ਪਿਓੁ ਦੀ ਮੌਤ ਹੋ ਗਈ। ਉਹ ਵੀ ਮੈਂ ਹੀ ਪਤਾ ਲੱਗਣ ਤੇ ਫੋਨ ਕੀਤਾ ਤੇ ਉਹਨਾਂ ਦਾ ਅਫ਼ਸੋਸ ਕੀਤਾ। ਮੈਂ ਸੋਚ ਰਿਹਾ ਸੀ ਦੇਖੋ ਲੋਕੀਂ ਕਿੰਨੇ ਮਤਲਬੀ ਨੇ। ਮਤਲਬ ਪੂਰਾ ਹੋ ਜਾਣ ਤੇ ਫੋਨ ਕਰਨਾ ਵੀ ਭੁੱਲ ਜਾਂਦੇ ਨੇ। ਕੋਈ ਸਾਲ ਕੁ ਬਾਦ ਮੈਂ ਫਿਰ ਪੈਸਿਆਂ ਲਈ ਫੋਨ ਕੀਤਾ ਤਾਂ ਮੈਨੂੰ ਕੁੱਝ ਔਖਾ ਜਿਹਾ ਬੋਲਿਆ ਤੇ ਕਹਿੰਦਾ ਯਾਰ ਤੈਨੂੰ ਪਤਾ ਹੈ ਕਿ ਮੇਰੇ ਬੀਬੀ ਭਾਪੇ ਦੀ ਮੌਤ ਹੋ ਗਈ ਸੀ, ਮੇਰਾ ਗੁਜ਼ਾਰਾ ਉਹਨਾਂ ਦੀ ਪੈਨਸ਼ਨ ਨਾਲ ਹੀ ਚੱਲਦਾ ਸੀ। ਤੂੰ ਮੈਨੂੰ ਵਾਰ ਵਾਰ ਫ਼ੋਨ ਕਰਕੇ ਜ਼ਲੀਲ ਨਾ ਕਰ ਜਦੋਂ ਮੇਰੇ ਕੋਲ ਪੈਸੇ ਹੋਏ ਤਾਂ ਮੈਂ ਆਪੇ ਭੇਜ ਦਿਆਂਗਾ। ਮੇਰੇ ਗਈ ਖਾਨਿਉਂ, ਮੈਂ ਸੋਚਿਆ ਦਿਲਾ ਹੁਣ ਪੈਸਿਆਂ ਤੋਂ ਇੱਕ ਕਿਸਮ ਦਾ ਜੁਆਬ ਹੀ ਮਿਲ ਗਿਆ। ਇੱਕ ਆਸ ਦੀ ਕਿਰਨ ਸੀ ਮੇਰਾ ਸਾਂਢੂ। ਉਹ ਵੀ ਮੇਰੇ ਨਾਲ ਘੱਟ ਵੱਧ ਹੀ ਬੋਲਦਾ ਸੀ, ਸ਼ਾਇਦ ਪੈਸਿਆ ਕਰਕੇ ਕਿ ਜੇ ਇਹਦੇ ਨਾਲ ਜ਼ਿਆਦਾ ਲਿਹਾਜ ਰੱਖਿਆ ਤਾਂ ਇਹ ਪੈਸੇ ਮੇਰੇ ਕੋਲੋਂ ਹੀ ਮੰਗੇਗਾ।
ਵੈਸੇ ਬਾਦ ਵਿੱਚ ਪਤਾ ਲੱਗਾ ਕਿ ਇਹਨਾਂ ਦੋਹਾਂ ਭਰਾਵਾਂ ਦੀ ਸਾਂਝੀ ਚਾਲ ਸੀ ਮੇਰੇ ਪੈਸੇ ਮਾਰਨ ਦੀ। ਮੈਂ ਸਾਂਢੂ ਨੂੰ ਪੁੱਛਿਆ ਪਈ ਯਾਰ ਤੇਰਾ ਭਰਾ ਮੇਰੇ ਪੈਸੇ ਨਹੀਂ ਮੋੜ ਰਿਹਾ ਜੋ ਅੱਠ ਕੁ ਸਾਲ ਪਹਿਲਾਂ ਮੈਂ ਉਹਨੂੰ ਭੇਜੇ ਸੀ। ਮੈਨੂੰ ਉਹਨੇ ਮੂਹਰਿਉਂ ਖੜਕਵਾਂ ਜੁਆਬ ਦਿੱਤਾ ਕਹਿੰਦਾ ਜੇ ਉਹਨੇ ਲਏ ਆ ਤੇ ਆਪੇ ਮੋੜੂਗਾ। ਮੇਰਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ। ਤੁਸੀਂ ਆਪਸ ਵਿੱਚ ਨਿੱਬੜੋ, ਮੈਨੂੰ ਇਸ ਬਾਰੇ ਫ਼ੋਨ ਨਾ ਕਰੀ। ਮੈਂ ਦਿਲ ਤੇ ਪੱਥਰ ਧਰਕੇ, ਚੁੱਪ ਕਰਕੇ ਬਹਿ ਗਿਆ ਪਈ ਮਨਾਂ ਗਲਤੀ ਤਾਂ ਤੇਰੀ ਹੀ ਆ। ਜੇ ਦਲੇਰੀ ਦਿਖਾਕੇ ਉਦੋਂ ਮਦਦ ਨਾ ਕਰਦਾ,ਮਰਦਾ ਤਾਂ ਮਰ ਜਾਣ ਦਿੰਦਾ। ਤੇ ਹੁਣ ਤੈਨੂੰ ਪਛਤਾਉਣਾ ਨਾ ਪੈਂਦਾ। ਇਹ ਦੀਆਂ ਭੈਣਾਂ ਭਣੋਈਆਂ ਨੂੰ ਫੋਨ ਕਰ ਕਰ ਥੱਕਾ ਪਿਆ ਹਾਂ ਕਿ ਕੋਈ ਮੇਰੀ ਮਦਦ ਕਰ ਦੇਵੇ, ਪੈਸੇ ਦਿਵਾ ਦੇਵੇ ਪਰ ਕੋਈ ਵੀ ਫ਼ੋਨ ਨਹੀਂ ਚੁੱਕਦਾ। ਉਹਨਾਂ ਦੇ ਪਿੰਡ ਪੰਚਾਇਤ ਸੱਦਣ ਬਾਰੇ ਵੀ ਕਹਿ ਚੁੱਕਾ ਹਾਂ। ਪਰ ਉਹ ਪੂਰੇ ਬੇਸ਼ਰਮ ਹਨ, ਕੋਈ ਜੁਆਬ ਨਹੀਂ ਦਿੰਦੇ। ਆਖਰ 20 ਹਜਾਰ ਡਾਲਰ + ਵਿਆਜ ਦਾ ਮਾਮਲਾ ਹੈ, ਚੁੱਪ ਕਰਕੇ ਵੀ ਬੈਠਿਆਂ ਨਹੀਂ ਜਾਂਦਾ।
ਇਕ ਦੋ ਰਿਸ਼ਤੇਦਾਰਾਂ ਨੂੰ ਵਿੱਚ ਪੈ ਪੁਆਕੇ ਹਿਸਾਬ ਖਤਮ ਕਰਾਉਣ ਲਈ ਬੇਨਤੀ ਵੀ ਕੀਤੀ ਹੈ ਪਰ ਉਹ ਸਾਰੇ ਮੈਨੂੰ ਹੀ ਉਲਟਾ ਬੋਲ ਰਹੇ ਹਨ ਕਿ ਤੂੰ ਬੇਵਕੂਫ਼ ਸੀ? ਇੰਨੀ ਵੱਡੀ ਰਕਮ ਬਗ਼ੈਰ ਕਿਸੇ ਦੀ ਸਲਾਹ ਤੋਂ ਕਿਉਂ ਦੇ ਦਿੱਤੀ? ਲਿਆ ਸਾਨੂੰ ਵੀ ਦੇਹ ਏਨੇ ਪੈਸੇ? ਸਾਨੂੰ ਵੀ ਲੋੜ ਆ? ਇਹ ਸੁਣਕੇ ਆਪਣੇ ਆਪ ਤੇ ਵੀ ਗੁੱਸਾ ਆਉਂਦਾ ਕਿ ਹੇ ਬੰਦਿਆ ਤੈਨੂੰ ਕਦੋਂ ਅਕਲ ਆਊ? ਸਿਵਿਆਂ ਵਿੱਚ ਜਾ ਕੇ? ਆਪਣੇ ਆਪ ਨੂੰ ਝੂਰ ਛੱਡੀਦਾ।
ਅੱਜ ਫਿਰ ਛੇ ਕੁ ਮਹੀਨਿਆਂ ਬਾਦ ਫ਼ੋਨ ਕੀਤਾ ਤਾਂ ਕਹਿੰਦਾ, ਹੁਣ ਤੇਰੇ ਪੈਸੇ ਜਲਦੀ ਮੋੜ ਦਿਆਂਗਾ ਮੈਨੂੰ ਟਿੱਚਰ ਕਰਕੇ ਕਹਿੰਦਾ ਕਿ ਹੁਣ ਮੈਂ ਸੱਸ ਘਰ ਲੈ ਆਂਦੀ ਹੈ। ਮੇਰੀ ਸਾਲੇਹਾਰ ਮੇਰੀ ਸੱਸ ਨਾਲ ਲੜ ਪਈ ਸੀ ਤੇ ਮੈਂ ਤੇ ਘਰਵਾਲੀ ਨੇ ਚੁੱਕ ਚੁਕਾ ਕੇ ਸੱਸ ਆਪਣੇ ਘਰੇ ਲੈ ਆਂਦੀ ਹੈ ਇੱਕ ਦੋ ਦਿਨਾਂ ਤੱਕ ਸਹੁਰਾ ਵੀ ਆ ਜਾਵੇਗਾ। ਦੋਹਾਂ ਦੀ ਪੈਨਸ਼ਨ ਆਉਣ ਲੱਗ ਪਵੇਗੀ ਤੇ ਹੁਣ ਹੱਥ ਕੁੱਝ ਸੌਖਾ ਹੋ ਜਾਵੇਗਾ। ਮੈਂ ਸੋਚ ਰਿਹਾ ਸੀ ਕਿ ਪੰਜਾਬ ਵਿੱਚ ਜੇ ਕਿਸੇ ਜਿਮੀਦਾਰ ਨੇ ਮੱਝ ਮੁਲ ਲੈ ਆਉਣੀ ਤਾਂ ਉਹਨੇ ਲੋਕਾਂ ਵਿੱਚ ਬੜੇ ਮਾਣ ਨਾਲ ਕਹਿਣਾ ਕਿ ਹੁਣ ਮੱਝ ਲਵੇਰੀ ਲੈ ਆਂਦੀ ਹੈ, ਸੇਵਾ ਕਰਾਂਗੇ ਦੁੱਧ ਵੇਚਿਆ ਕਰਾਂਗੇ ਤੇ ਚਾਰ ਪੈਸੇ ਵੱਟਾਂਗੇ ਤੇ ਹੱਥ ਸੁਖ਼ਾਲਾ ਹੋ ਜਾਵੇਗਾ। ਬਾਹਰਲੇ ਮੁਲਕਾਂ ਵਿੱਚ ਬੇਸ਼ਰਮ ਲੋਕਾਂ ਨੇ ਸੱਸ ਸਹੁਰੇ ਨੂੰ ਹੀ ਮੱਝਾਂ ਸਮਝਇਆ ਹੋਇਆ!!!

Have something to say? Post your comment