ਕੁੱਝ ਦਹਾਕੇ ਪਹਿਲਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੋਣਾ ਕੇ ਪਿੰਡ ਭੜੀ ਦੀਆਂ ਗਲੀਆਂ ਵਿੱਚ ਖੇਡਦਾ ਇਹ ਨਿੱਕਾ ਜਿਹਾ ਬੱਚਾ ਆਉਣ ਵਾਲੇ ਕੱਲ ਨੂੰ ‘ਭੱਟੀ ਭੜੀ ਵਾਲੇ ਦੇ ਨਾਮ ਨਾਲ ਮਸ਼ਹੂਰ ਹੋ ਕੇ ਕੁੱਲ ਦੁਨੀਆਂ ਵਿੱਚ ਪਿੰਡ ਦਾ ਨਾਮ ਰੌਸ਼ਨ ਕਰੇਗਾ। ਇਸੇ ਸਦਕਾ ਪੰਜਾਬੀ ਗੀਤਕਾਰੀ ਵਿੱਚ ਜਸਵਿੰਦਰ ਸਿੰਘ ‘ਭੱਟੀ’ ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ, ਪਰ ‘ਭੱਟੀਭੜੀ ਵਾਲਾ’ ਦੇ ਨਾ ਤੋਂ ਕੁੱਲ ਦੁਨੀਆ 'ਚ ਰਹਿੰਦਾ ਹਰ ਪੰਜਾਬੀ ਵਾਕਿਫ ਹੈ।
ਰੂਹ 'ਚ ਉਤਰ ਜਾਣ ਵਾਲੇ ਗੀਤਾਂ ਦਾ ਜਨਮ ਦਾਤਾ
ਰੂਹ ਵਿੱਚ ਉਤਰ ਜਾਣ ਵਾਲੇ ਗੀਤਾਂ ਦਾ ਜਨਮਦਾਤਾ ਭੱਟੀ ਭੜੀ ਵਾਲਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਹੀ ਨਹੀਂ ਦੇ ਰਿਹਾ ਸਗੋਂ ਪੰਜਾਬੀ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਸ਼ਿੰਗਾਰ ਵੀ ਰਿਹਾ ਹੈ। ਭੱਟੀ ਭੜੀ ਵਾਲੇ ਦੇ ਗੀਤਾਂ ਨੂੰ ਗਾ ਕੇ ਸੈਂਕੜੈ ਗਾਇਕਾ ਨੇ ਆਪਣੀ ਪਹਿਚਾਣ ਬਣਾਈ ਹੈ ਅਤੇ ਉਸ ਦੇ ਗੀਤ ਗਾ ਕੇ ਬਹੁਤ ਸਾਰੇ ਗਾਇਕ ‘ਸਟਾਰ’ ਵੀ ਬਣੇ ਹਨ।
ਪੁਆਧ ਗੰਨਿਆਂ ਵਰਗੀ ਮਿਠਾਸ ਹੈ ਗੀਤਾਂ 'ਚ
ਭੱਟੀ ਭੜੀਵਾਲਾ ਦੇ ਗੀਤਾਂ ਵਿੱਚ ਪੁਆਧ ਦੇ ਗੰਨਿਆਂ ਵਰਗੀ ਮਿਠਾਸ ਹੈ, ਉਸ ਦੇ ਗੀਤ ਕੰਨਾਂ ਵਿੱਚ ਮਿਸਰੀ ਵਰਗਾ ਰਸ ਘੋਲ਼ਦੇ ਨੇ। ਭੱਟੀ ਭੜੀ ਵਾਲੇ ਦੀ ਗੀਤਾ ਨੂੰ ਸੁਣਕੇ ਕਦੇ ਵੀ ਮਨ ਅੱਕਦਾ ਨਹੀਂ, ਉਸਦੇ ਗੀਤ ਸੰਗੀਤ ਪ੍ਰੇਮੀਆਂ ਦੀ ਰੂਹ ਤੱਕ ਉਤਰ ਜਾਂਦੇ ਨੇ ਅਤੇ ਰੂਹ ਨੂੰ ਨਸ਼ਿਆ ਦਿੰਦੇ ਨੇ।ਉਸ ਦੇ ਗੀਤਾਂ ਦੀ ਬੋਲੀ ਬਹੁਤ ਸਾਦਗੀ ਵਾਲੀ ਹੁੰਦੀ ਹੈ।ਜਿਸ ਕਰਕੇ ਉਸ ਦੇ ਗੀਤ ਸਹਿਜੇ ਹੀ ਸਮਝ ਵਿੱਚ ਆਉਣ ਵਾਲੇ ਹੁੰਦੇ ਨੇ।ਉਸਦੇ ਲਿਖੇ ਕਿਸੇ ਵੀ ਗੀਤ ਨੂੰ ਜਦੋਂ ਸੁਣੀ ਦਾ ਹੈ ਤਾਂ ਪਹਿਲੀ ਲਾਈਨ ਤੋਂ ਲੈ ਕੇ ਅਖੀਰਲੀ ਲਾਈਨ ਤੱਕਉਸ ਦਾ ਗੀਤ ਕਿਸੇ ਫਿਲਮ ਦੀ ਕਹਾਣੀ ਵਾਂਗ ਅੱਖਾਂ ਮੂਹਰੋਂ ਦੀ ਲੰਘ ਜਾਂਦੈ।ਉਸ ਦੇ ਲਿਖੇ ਹਰ ਗੀਤ ਵਿੱਚ ਇੱਕ ਵੱਖਰਾ ਵਿਸ਼ਾ ਹੁੰਦਾ ਹੈ ‘ਤੇ ਉਸ ਵਿਸ਼ੇ ਨੂੰ ਨਿਭਾਉਣਾ ਉਹ ਚੰਗੀ ਤਰਾਂ ਜਾਣਦਾ ਹੈ।ਉਸ ਦੇ ਗੀਤਾਂ ਵਿੱਚ ਰੋਜ-ਮਰਾ ਦੀ ਜਿੰਦਗੀ ਵਿੱਚ ਆਉਣ ਵਾਲੀਆਂ ਗੱਲਾਂ ਦਾ ਜਿਕਰ ਹੁੰਦਾ ਹੈ।ਮੁਹਾਵਰੇ ਅਤੇ ਕਹਾਵਤਾਂ ਭੱਟੀ ਭੜੀ ਵਾਲੇ ਦੇ ਗੀਤਾਂ ਨੂੰ ਖੂਬ ਸ਼ਿੰਗਾਰ ਦੀਆਂ ਨੇ। ਉਹ ਜਿੰਨਾ ਵਧੀਆ ਲੇਖਕ ਹੈ ਉਨਾਂ ਹੀ ਵਧੀਆ ਇਨਸਾਨ ਹੈ।ਪਹਿਲੀ ਮੁਲਾਕਾਤ ਵਿੱਚ ਹੀ ਹਰ ਕਿਸੇ ਨੂੰ ਆਪਣਾ ਬਣਾ ਲੈਣ ਦੀ ਕਲਾ ਉਸ ਨੂੰ ਖੂਬ ਆਉਂਦੀ ਹੈ।ਜਿਹੜਾ ਵੀ ਉਸਨੂੰ ਇੱਕ ਵਾਰ ਮਿਲ ਲੈਂਦਾ ਹੈ ਉਹ ਉਮਰ ਭਰ ਉਸ ਦੇ ਨਿੱਘੇ ਤੇ ਮਿਲਪੜੇ ਸੁਭਾਅ ਦਾ ਮੁਰੀਦ ਬਣ ਜਾਂਦਾ ਹੈ ।
ਭੱਟੀ ਭੜੀਵਾਲਾ ਦਾ ਜਨਮ ਖੰਨੇ ਤੋਂ ਪੰਜ ਚਾਰ ਕੋਹਾਂ ਦੂਰ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਭੜੀ ਵਿਖੇ ਪਿਤਾ ਸ.ਹਰਨੇਕ ਸਿੰਘ ਅਤੇ ਮਾਤਾ ਜੀ ਸ਼੍ਰੀਮਤੀ ਸਵਰਨ ਕੌਰ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ।ਫਿਰ ਏ ਐਸ ਕਾਲਜ ਖੰਨੇ ਤੋਂ ਬੀ ਏ ਕੀਤੀ। ਇਸ ਉਪਰੰਤ ਉਚੇਰੀ ਸਿੱਖਿਆ ਐੱਮ ਏ ਐਮ ਫਿਲ ( ਪੰਜਾਬੀ ਲਿਟਰੇਚਰ)ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਲ ਕੀਤੀ । ਗੀਤਕਾਰੀ ਦੇ ਨਾਲ ਨਾਲ ਪੜ੍ਹਨ ਦਾ ਚੋਖਾ ਸ਼ੌਕ ਰੱਖਣ ਵਾਲੇ ਭੱਟੀ ਭੜੀਵਾਲਾ ਨੇ ਫੇਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਵਿੱਚ ਡਿਪਲੋਮਾ ਕੀਤਾ ਅਤੇ ਫਿਰ ਐਮ.ਬੀ.ਏ (ਫਾਇਨਾਂਸ)ਦੀ ਡਿਗਰੀ ਹਾਸਿਲ ਕੀਤੀ।
ਉਸਦੇ ਗੀਤਕਾਰੀ ਖੇਤਰ ਦੀਆਂ ਮੁਢੱਲੀਆਂ ਪਰਤਾਂ ਦਾ ਜ਼ਿਕਰ ਕਰਾਂ ਤਾਂ ਉਹ ਹਾਲੇ ਏ ਐਸ ਕਾਲਜ ਖੰਨੇ ਪੜ ਹੀ ਰਿਹਾ ਸੀ ਕਿ ਉਸ ਦਾ ਪਹਿਲਾ ਗੀਤ "ਰੋਂਦੀ ਚਮਕੌਰ ਗੜ੍ਹੀ ਧਾਹਾਂ ਮਾਰ ਖੁਦਾ ਦੇ ਅੱਗੇ" ਲਾਭ ਜੰਜੂਆ ਦੀ ਅਵਾਜ਼ ਵਿੱਚ ਰਿਕਾਰਡ ਹੋ ਗਿਆ।ਇਸ ਗੀਤ ਨੂੰ ਟੈਕਸਲਾ ਕੰਪਨੀ ਨੇ ਰਿਕਾਰਡ ਕੀਤਾ ਸੀ। ਫਿਰ ਕਾਲਜ ਦੇ ਦਿਨਾ ਵਿੱਚ ਹੀ ਇਨਾਂ ਦੀ ਮੁਲਾਕਾਤ ਗਾਇਕ ‘ਕੇਸਰ ਮਾਣਕੀ’ ਨਾਲ ਹੋਈ ਅਤੇ ਕੁੱਝ ਚਿਰ ਬਾਅਦ ਮਾਣਕੀ ਦੀ ਕੈਸਿਟ ‘ਯਾਦਾਂ ਦੇ ਖਿਡੌਣੇ’ ਵਿੱਚ "ਮਿੰਨੀ ਮਿੰਨੀ ਗਿਰਦੀ ਬੂਰ ਵੇ,ਕੱਲੀ ਨੂੰ ਛੱਡ ਤੁਰ ਗਿਆ ਦੂਰ ਵੇ" ਤੇ "ਅੱਜ ਫਿੱਕੀਆਂ ਪੈ ਗਈਆਂ ਬੁੱਢੇ ਬੋਹੜ ਦੀਆਂ ਛਾਵਾਂ" ਦੋ ਗੀਤ ਭੱਟੀ ਭੜੀਵਾਲੇ ਦੇ ਰਿਕਾਰਡ ਹੋ ਗਏ।ਕੇਸਰ ਮਾਣਕੀ ਜੋ ਮੇਰਾ ਜਮਾਤੀ ਹੈ ਤੇ ਉਦੋ ਪੜ੍ਹਦੇ ਵਕਤ ਉਹ ਅਕਸਰ ਮੇਰੇ ਕੋਲ ਭੱਟੀ ਭੜੀ ਵਾਲੇ ਦੀ ਦਮਦਾਰ ਕਲਮ ਦਾ ਜ਼ਿਕਰ ਕਰਿਆ ਕਰਦਾ ਸੀ।
ਭੱਟੀ ਦੇ ਗੀਤਾਂ ਤੋਂ ਗਾਇਕਾਂ ਤੇ ਕੰਪਨੀਆਂ ਨੇ ਚੋਖਾ ਨਾਮਣਾ ਤੇ ਨਾਮਾ ਕਮਾਇਆ
ਗੀਤਕਾਰੀ ਦਾ ਇਹ ਸਿਲਸਲਾ ਅਜੇ ਤੁਰਿਆ ਹੀ ਸੀ ਕਿ ਸੰਗੀਤ ਦੇ ਬਾਦਸ਼ਾਹ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਗਾਇਕ ਦੁਰਗਾ ਰੰਗੀਲਾ ਦੀ ਕੈਸਿਟ “ਨੂਰ ਤੇਰੇ ਨੈਣਾਂ ਦਾ” ਵਿਚਲੇ ਗੀਤਾਂ "ਤੂੰ ਰਾਤ ਗਈ ਤੋਂ ਨੀ ਚੰਨੀਏ,ਮੇਰੀ ਮੜੀ ਤੇ ਦੀਵਾ ਧਰ ਜਾਂਈਂ ਨੀ" ਅਤੇ "ਅਸੀਂ ਜਿੱਤ ਗਏ ਮੁਕੱਦਮਾ ਪਿਆਰ ਦਾ, ਤੂੰ ਇਸ਼ਕੇ ਦਾ ਕੇਸ ਹਾਰ ਗਈ" ਨੇ ਭੱਟੀ ਭੜੀਵਾਲਾ ਨੂੰ ਗੀਤਕਾਰੀ ਦੇ ਖੇਤਰ ਚ ਸਿਖਰਾਂ ਤੇ ਪਹੁੰਚਾ ਦਿੱਤਾ ਤੇ ਗੀਤਕਾਰੀ ਖੇਤਰ ਚ ਉਸਦੀ ਦਮਦਾਰ ਕਲਮ ਦੀ ਖੂਬ ਚਰਚਾ ਹੋਣ ਲੱਗੀ।ਸ਼ਾਇਦ ਭੱਟੀ ਭੜੀਵਾਲੇ ਨੂੰ ਖੁਦ ਵੀ ਅੰਦਾਜ਼ਾ ਨਹੀਂ ਹੋਣਾ ਕਿ ਉਸਦੇ ਇਹ ਗੀਤ ਇੰਨੇ ਮਕਬੂਲ ਹੋਣਗੇ ਅਤੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨਗੇ ।ਦੁਰਗੇ ਰੰਗੀਲੇ ਦੀ ਇਸ ਕੈਸਿਟ ਨੇ ਸਫਲਤਾ ਅਤੇ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਚਾਰੇ ਪਾਸੇ ਭੱਟੀ-ਭੱਟੀ ਹੋ ਗਈ। ਫਿਰ ਕੀ ਸੀ ਹਰ ਗਾਇਕ,ਹਰ ਕੈਸਿਟ ਕੰਪਨੀ ਨੇ ਉਸ ਦੇ ਗੀਤਾਂ ਨੂੰ ਰਿਕਾਰਡ ਕਰਕੇ ਆਪੋਂ ਆਪਣੇ ਵਪਾਰਾਂ ਵਿੱਚ ਚੋਖਾ ਨਾਮਣਾ ਤੇ ਨਾਮਾ ਕਮਾਇਆ ।ਵੱਡੇ-ਵੱਡੇ ਗਾਇਕ ਅਤੇ ਵੱਡੀਆਂ ਕੰਪਨੀਆਂ ਵਾਲੇ ਉਸ ਦੇ ਗੀਤਾਂ ਨੂੰ ਰਿਕਾਰਡ ਕਰਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਨ ਲੱਗੇ।
ਗੀਤਕਾਰਾਂ ਨਾਲ ਹੁੰਦੀ ਬੇਇਨਸਾਫ਼ੀ ਪ੍ਰਤੀ ਰੋਸਾ
ਗੀਤਕਾਰਾਂ ਨਾਲ ਅਕਸਰ ਬੇਇਨਸਾਫੀ ਹੁੰਦੀ ਹੈ ਹਮੇਸ਼ਾਂ ਹੀ ਇਹ ਹੁੰਦਾ ਆਇਆ ਹੈ ਕਿ ਜਿਸ ਗੀਤ ਤੇ ਕਲਾਕਾਰ ਸਟਾਰ ਬਣ ਜਾਂਦੇ ਨੇ ਉਨਾਂ ਗੀਤਾਂ ਨੂੰ ਰਚਣ ਵਾਲੇ ਦੀ ਕੋਈ ਬਾਂਹ ਨਹੀਂ ਫੜਦਾ ਇਸ ਬਾਰੇ ਭੱਟੀ ਭੜੀ ਵਾਲੇ ਦੀ ਸੋਚ ਵੀ ਕੁੱਝ ਇਸੇ ਤਰਾਂ ਦੀ ਹੈ ਉਹ ਕਹਿੰਦਾ ਹੈ ਗਾਇਕਾਂ ਨੇ ਤਾਂ ਕੀ ਕਰਨਾ ਹੁੰਦਾ ਹੈ, ਗੀਤਕਾਰੀ ਦੇ ਖੇਤਰ ਵਿੱਚ ਨਵਾਂ-ਨਵਾਂ ਹੋਣ ਕਰਕੇ ਕੋਈ ਬਾਂਹ ਨੀ ਫੜਦਾ। ਪਰ ਜਦੋਂ ਤੁਹਾਡਾ ਮਾਰਕੀਟ ਵਿੱਚ ਨਾਮ ਬਣ ਜਾਂਦਾ ਹੈ ਤਾਂ ਲੋਕ ਤੁਹਾਡੇ ਅੱਗੇ-ਪਿੱਛੇ ਘੁੰਮਦੇ ਹਨ। ਭੱਟੀ ਭੜੀਵਾਲਾ ਦੱਸਦਾ ਹੈ ਕਿ ਜਦੋਂ ਰਾਜਾ ਐਂਟਰਟੇਨਰ ਕੰਪਨੀ ‘ਚ ਕੁਲਦੀਪ ਮਾਣਕ ਸਾਹਿਬ ਦੀ ਕੈਸਿਟ "ਦਿਲ ਮਿਲਿਆਂ ਦੇ ਮੇਲੇ" ਆਈ ਤਾਂ ਉਸ ਵਿੱਚ ਮਾਣਕ ਸਾਹਿਬ ਨੇ ਉਸ ਦੇ ਗੀਤ ਰਿਕਾਰਡ ਕਰਵਾਏ ਜੋ ਗੀਤਕਾਰੀ ਸੰਘਰਸ਼ ਅਤੇ ਸ਼ੁਰੂਆਤੀ ਦੌਰ ਵਿੱਚ ਮਾਣਕ ਸਾਹਿਬ ਕੋਲ ਉਨਾਂ ਦੇ ਦਫਤਰ ਲੈ ਕੇ ਗਿਆ ਸੀ, ਪਰ ਮਾਣਕ ਸਾਹਿਬ ਨੇ ਉਸ ਵੇਲੇ ਨਹੀਂ ਸਨ ਗਾਏ।
ਭੱਟੀ ਭੜੀ ਵਾਲੇ ਦੀ ਗੀਤਾਂ ਦੀ ਗਿਣਤੀ ਸੈਂਕੜਿਆ ਚ ਹੈ- ਜੇ ਉਸ ਦੇ ਉਨਾਂ ਗੀਤਾਂ ਦੀ ਲਿਸਟ ਬਣਾਈ ਜਾਵੇ ਜੋ ਮਸ਼ਹੂਰ ਗਾਇਕਾ ਵੱਲੋਂ ਗਾਏ ਹਨ ਤਾਂ ਲਿਸਟ ਬਹੁਤ ਲੰਮੀ ਹੋ ਜਾਂਦੀ ਹੈ,ਸਰਦੂਲ ਸਿੰਕਦਰ, ਕੁਲਦੀਪ ਮਾਣਕ,ਸੁਰਿੰਦਰ ਛਿੰਦਾ, ਦੁਰਗਾ ਰੰਗੀਲਾ, ਸੁਖਸ਼ਿੰਦਰ ਸ਼ਿੰਦਾ, ਜਸਬੀਰ ਜੱਸੀ, ਹਰਦੀਪ, ਅਮਰ ਨੂਰੀ,ਮਨਪ੍ਰੀਤ ਅਖਤਰ,ਸੁਨੀਤਾ ਭੱਟੀ, ਕਮਲਜੀਤ ਨੀਰੂ,ਜਸਪਿੰਦਰ ਨਰੂਲਾ,ਰਣਜੀਤ ਮਣੀ, ਨਿਰਮਲ ਸਿੱਧੂ,ਬਿੱਲ ਸਿੰਘ, ਸਰਬਜੀਤ ਚੀਮਾ,ਭਿੰਦਾ ਜੱਟ,ਗੁਰਬਖਸ਼ ਸ਼ੌਕੀ, ਭੁਪਿੰਦਰ ਗਿੱਲ ਜੰਗੇਆਣਾ, ਜੀਤ ਜਗਜੀਤ, ਸਲੀਮ,ਭੁਪਿੰਦਰ ਕੌਰ ਮੁਹਾਲੀ, ਗੁਰਮੇਜਰ ਗੁਰਨਾ, ਕੁਲਦੀਪ ਤੂਰ,ਮਨਿੰਦਰ ਮੰਗਾ, ਭੁਪਿੰਦਰ ਬੱਬਲ,ਗੁਰਕ੍ਰਿਪਾਲ ਸੂਰਾਪੁਰੀ, ਕੇਸਰ ਮਾਣਕੀ,ਮਿਸ ਨੀਲਮ,ਮਨਿੰਦਰ ਦਿਓਲ,ਮਦਨ ਸ਼ੌਂਕੀ,ਲਾਭ ਜੰਜੂਆ,ਮੇਜਰ ਸਿੰਘ ਸੁਨਾਮ, ਹਰਭਜਨ ਸ਼ੇਰਾ,ਜੱਸੀ ਜਸਪਾਲ, ਕਰਮਜੀਤ ਅਨਮੋਲ, ਰਾਜਦੀਪ ਲਾਲੀ (ਅਸਟਰੇਲੀਆ), ਪੰਮਾ ਲਸਾੜੀਆ (ਯੂ ਕੇ), ਮੰਗਲ ਸਿੰਘ (ਯੂ ਕੇ) ਰਾਜ ਤਿਵਾੜੀ,ਜਸ਼ਨ ਸਿੰਘ, ਤੁਲਸੀ ਕੁਮਾਰ,ਰਾਜਿੰਦਰ ਮੋਹਣੀ,ਮੀਤ ਮਲਕੀਤ ,ਰਾਖੀ ਹੁੰਦਲ,ਸਤਵਿੰਦਰ ਸੱਤੀ (ਯੂ ਐਸ ਏ),ਮਨਮਿੰਦਰ ਬਾਸੀ (ਕੈਨੇਡਾ), ਛਿੰਦਾ ਸੁਰੀਲਾ (ਯੂ ਕੇ) ਹਰਪ੍ਰੀਤ ਰੰਧਾਵਾ,ਜਸਵੀਰ ਮਹਿਰਮ,ਮਨਜੀਤ ਰੂਪੋਵਾਲੀਆ,ਤੋਂ ਹੋਰ ਬਹੁਤ ਸਾਰੇ ਗਾਇਕਾਂ ਨੇ ਭੱਟੀ ਦੇ ਲਿਖੇ ਗੀਤ ਗਾਏ ਹਨ !
ਦੋ ਕਿਤਾਬਾਂ ਸਾਹਿਤ ਦੀ ਝੋਲੀ ਪਈਆਂ
ਭੱਟੀ ਭੜੀ ਵਾਲੇ ਦੀ ਕਲਮ ਕੈਸਿਟਾਂ ਤੱਕ ਹੀ ਸੀਮਿਤ ਨਹੀ ਰਹੀ ਸਗੋਂ ਉਸਦਾ ਸਾਹਿਤਕ ਸਫਰ ਵਿੱਚ ਵੀ ਕੋਈ ਸਾਨੀ ਨਹੀ ।ਜਿੱਥੇ ਢੇਰਾਂ ਗੀਤ ਰਿਕਾਰਡ ਹੋਏ ਨੇ,ਉੱਥੇ ਉਨਾਂ ਨੇ ਆਪਣੇ ਗੀਤਾਂ ਦੀ ਲਿਖੀ ਕਿਤਾਬ ਵੀ ਪਬਲਿਸ਼ ਕਰਵਾਈ ਹੈ ਉਨਾਂ ਦੀ ਪਲੇਠੀ ਕਿਤਾਬ "ਪਿੰਡ ਦੀਆਂ ਗਲੀਆਂ” ਨੂੰ ਪਿੱਛੇ ਜਿਹੇ ਇਟਲੀ,ਯੂ ਕੇ,ਕੈਨੇਡਾ ਅਤੇ ਅਮਰੀਕਾ ਵਿੱਚ ਰਿਲੀਜ ਕੀਤਾ ਗਿਆ ਹੈ।ਅਤੇ ਬਹੁਤ ਜਲਦੀ ਪੰਜਾਬੀ ਪਾਠਕਾਂ ਨੂੰ ਇੱਕ ਹੋਰ ਕਿਤਾਬ " ਪੰਜਾਬ ਜ਼ਿੰਦਾਬਾਦ " ਵੀ ਪੜ੍ਹਨ ਨੂੰ ਮਿਲੇਗੀ ਜੋ ਕਿ ਵਿਲੱਖਣ ਲੇਖਣੀ ਅਤੇ ਸੁਲਝੀ ਸੋਚ ਦਾ ਪ੍ਰਤੱਖ ਪ੍ਰਮਾਣ ਹੋਵੇਗੀ।
ਭੱਟੀ ਭਾੜੀਵਾਲੇ ਦੀ ਕਲਮ ਨੇ ਧਾਰਮਕ ਗੀਤ ਵੀ ਉਕਰੇ
ਧਾਰਮਿਕ ਪੱਖ ਖਾਸ ਕਰ ਸਿੱਖ ਧਰਮ ਬਾਰੇ ਵੀ ਉਹ ਅਕਸਰ ਲਿਖਦਾ ਹੈ ਉਸਦਾ ਪਹਿਲਾ ਗੀਤ ਵੀ ਧਾਰਮਿਕ ਹੀ ਰਿਕਾਰਡ ਹੋਇਆ ।ਉਸ ਤੋਂ ਬਾਅਦ ਵੀ ਕਾਫੀ ਧਾਰਮਿਕ ਗੀਤ ਲਿਖੇ ਜਿਨਾ ‘ਚ ਤਰਲੋਚਨ ਸਿੰਘ ਭਮੱਦੀ ਦੀ ਅਵਾਜ ਵਿੱਚ ਕੈਸੇਟ ’’ਫਿਰ ਉੱਠੂ ਤਲਵਾਰ” ਤੇ ਭਿੰਦੇ ਜੱਟ ਦੀ "ਐਸਾ ਪੰਥ ਖਾਲਸਾ ਸਜਾੳੁਣਾ " ਲਾਭ ਜੰਜੂਆ ਦੀ " ਸਤਿਗੁਰ ਨਾਨਕ ਬਾਣੀ ਤੇਰੀ " ਅਤੇ ਬਲਦੇਵ ਲਹਿਰਾ ਦੀ "ਤੇਰਾ ਖਾਲਸਾ " ਆਦਿ ਜ਼ਿਕਰਯੋਗ ਹਨ।
ਮਾਣ ਸਨਮਾਨ ਵੀ ਪਏ ਝੋਲੀ
ਮਾਣ ਸਨਮਾਨ ਦੀ ਗੱਲ ਕਰੀਏ ਤਾਂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਨੇ ਉਸਨੂੰ ਮਣਾਮੂੰਹੀ ਪਿਆਰ ਦਿੱਤਾ, ਉਹ ਮੰਨਦਾ ਹੈ ਕਿ ਲੋਕਾਂ ਦਾ ਪਿਆਰ ਕਿਸੇ ਵੀ ਐਵਾਰਡ ਤੋਂ ਵੱਡਾ ਹੁੰਦਾ,ਬਾਕੀ ਉਸਨੂੰ ਪੰਜਾਬ ਵਿੱਚ ਮਿਲੇ ਸਨਮਾਨਾ ਤੋਂ ਇਲਾਵਾ, ਬਾਹਰ ਪ੍ਰਦੇਸਾਂ ਵਿੱਚ ਵੀ ਬਹੁਤ ਸਨਮਾਨ ਮਿਲੇ ਨੇ ਜਿਨਾਂ ‘ਚ ਖਾਸਕਰ ਇਟਲੀ ਦੇ ਸ਼ੌਂਕੀ ਮੇਲੇ ‘ਚ ‘ਨੰਦ ਲਾਲ ਨੂਰਪੁਰੀ’ ਐਵਾਰਡ, ਟੌਰਾਂਟੋ ਦੇ ਮੇਲੇ ਵਿੱਚ ‘ਸ਼ਿਵ ਕੁਮਾਰ ਬਟਾਲਵੀ’ ਅਵਾਰਡ,ਪੰਜਾਬ ਸਰਕਾਰ ਵੱਲੋਂ ‘ਸਟੇਟ ਗੀਤਕਾਰ’ ਐਵਾਰਡ। ਇਸ ਤੋਂ ਇਲਾਵਾ ਬਹਾਰਾਂ ਪੰਜਾਬ ਦੀਆਂ (ਯੂ.ਕੇ), ਸਾਨ ਪੰਜਾਬ ਦੀ (ਇਟਲੀ) ਵੱਲੋਂ,ਪੰਜਾਬੀ ਸੱਭਿਆਚਾਰਕ ਮੰਚ (ਟੋਰਾਂਟੋ),ਰੰਗਲਾ ਪੰਜਾਬ ਕਲੱਬ (ਨਿਊਯਾਰਕ),ਵਸਦਾ ਪੰਜਾਬ (ਪੈਰਿਸ) ਇੰਗਲੈਂਡ ਫੇਰੀ ਦੌਰਾਨ ‘ਦੇਵ ਥਰੀਕੇ ਵਾਲਾ’ ਐਪਰੀਸ਼ੇਸ਼ਨ ਸੁਸਾਇਟੀ,(ਯੂ ਕੇ) ਵੱਲੋਂ ਅਤੇ ਹੋਰ ਬਹੁਤ ਸਾਰੀਆਂ ਸੱਭਿਆਚਾਰਕ ਸੰਸਥਾਵਾਂ ਅਤੇ ਕਲੱਬਾਂ ਵੱਲੋਂ ਮਾਨ ਸਨਮਾਨ ਕੀਤਾ ਗਿਆ ਹੈ।
ਸੁਪਰ ਡੁਪਰ ਹਿੱਟ ਹੋਏ ਗੀਤ
ਉਸਦੇ ਲਿਖੇ ਸੈਂਕੜੇ ਹੀ ਗੀਤ ਹਿੱਟ ਹੋ ਚੁੱਕੇ ਨੇ, ਜਿਹੜੇ ਇੱਕ ਦਹਾਕੇ ਤੋਂ ਵੀ ਜਿਆਦਾ ਲੋਕਾਂ ਦੇ ਮਨਾ ਉੱਪਰ ਰਾਜ ਕਰ ਰਹੇ ਹਨ। ਭੱਟੀ ਭੜੀਵਾਲਾ ਦੀ ਕਲਮ ਤੋਂ ਉਕਰੇ ਕੁੱਝ ਖਾਸ ਗੀਤ :
* ਅਸੀਂ ਜਿੱਤਗੇ ਮੁਕੱਦਮਾ ਪਿਆਰ ਦਾ,
ਤੂੰ ਇਸ਼ਕੇ ਦਾ ਕੇਸ ਹਾਰ ਗਈ...(ਦੁਰਗਾ ਰੰਗੀਲਾ)
* ਰੱਬ ਵਰਗਾ ਤੇਰਾ ਯਾਰ ਵੈਰਨੇ, ...(ਦੁਰਗਾ ਰੰਗੀਲਾ)
* ਬਾਪੂ ਤੇਰਾ ਗੁਜਰ ਗਿਆ...(ਦੁਰਗਾ ਰੰਗੀਲਾ)
* ਮੇਲਾ ਵੇਖਦੀਏ ਮੁਟਿਆਰੇ...(ਸਰਬਜੀਤ ਚੀਮਾ)
* ਯਾਦਾਂ ਤੇਰੀਆਂ... (ਬਿੱਲ ਸਿੰਘ)
* ਇੱਕ ਤੇਰੇ ਠੁਮਕੇ ਨੇ... (ਮਾਸਟਰ ਸਲੀਮ)
* ਅਸੀਂ ਦਿਲ ਦੇ ਬੂਹੇ ਤੇ ਲਿਖਵਾਇਆ,
ਆਓ ਜੀ ਆਇਆ ਨੂੰ .....(ਹਰਭਜਨ ਸ਼ੇਰਾ)
* ਮਾਫ ਕਰੀ ਤੈਨੂੰ ਮਿਲ ਸੋਹਣਿਆ
ਆ ਨੀ ਸਕਦੀ ਮੈ....(ਰਣਜੀਤ ਮਣੀ)
* ਦਿਲ ਮਿਲਿਆਂ ਦੇ ਮੇਲੇ........(ਕੁਲਦੀਪ ਮਾਣਕ)
* ਸੋਹਰਿਆਂ ਦੀ ਮੁੰਦੀ .....(ਮਨਿੰਦਰ ਮੰਗਾ)
* ਛੱਡ ਪ੍ਰਦੇਸ਼ਾਂ ਨੂੰ ........(ਸੁਰਿੰਦਰ ਸ਼ਿੰਦਾ)
* ਟਾਈਮ-ਟਾਈਮ ਦੀ ਗੱਲ...... (ਸੁਨੀਤਾ ਭੱਟੀ),
* ਮੇਲਾ ਲੁੱਟਕੇ ਮੁੜੇਗੀ ......(ਹਰਦੀਪ)
* ਤੈਨੂੰ ਲਾਣੇਦਾਰ ਦਿਲ ਦਾ ਬਣਾਈ ਬੈਠੀ ਆਂ.....(ਕਮਲਜੀਤ ਨੀਰੂ)
* ਚੁੰਨੀ ਲੈ ਦੇ ਸੱਤਰੰਗ ਦੀ..........(ਅਮਰ ਨੂਰੀ)
* ਸੁਣਿਆ ਤੂੰ ਸਾਡੇ ਛੱਲਿਆਂ ਤੇ
ਨਾ ਲਿਖਵਾ ਲਏ ਹੋਰਾਂ ਦੇ’....(ਗੁਰਬਖਸ਼ ਸ਼ੌਂਕੀ)
* ਸਾਰੀ ਰਾਤ ਸੋਹਣਿਆ ਨੀਂਦ ਨਾ ਆਉਂਦੀ’....(ਸੁਨੀਤਾ ਭੱਟੀ)
* ਬਾਜੀ ਜਿੱਤ ਕੇ ਗਏ ਆ ਰਾਂਝਾ ਹਾਰ ਵੇ......(ਜਸਪਿੰਦਰ ਨਰੂਲਾ)
* ਤਿੰਨ ਵਾਰ ਹੱਥ ਹਿੱਲਿਆ ਟਾ ਟਾ ਕਹਿ ਗਈ...(ਕਰਤਾਰ ਰਮਲਾ)
* ਹੱਕ ਮੰਗਿਆ ਨੀ ਮਿਲਦੇ ਹੱਕ ਤਾਂ ਖੋਹਣੇ ਪੈਂਦੇ ਨੇ...(ਮਨਮਿੰਦਰ ਬਾਸੀ)
* ਕਿਉਂ ਫਿਰੇ ਰੋਲਦਾ ਵੇ ਮੂਰਖਾ ਤੂੰ ਊੜਾ ‘ਤੇ ਜੂੜਾ....(ਜੀਤ ਜਗਜੀਤ)
* ਇੱਕ ਯਾਦ ਪੁਰਾਣੀ ਏ ਤੇਰੀ ਮੇਰੀ ਕਹਾਣੀ ਏ....(ਜਸ਼ਨ ਸਿੰਘ)
* ਜੇ ਸਿੱਖ ਨੂੰ ਸਿੱਖ ਨਾ ਮਾਰੇ , ਸਿੱਖ ਕੌਮ ਕਦੇ ਨਾ ਹਾਰੇ ...(ਸੁਖਸ਼ਿੰਦਰ ਸ਼ਿੰਦਾ)
* ਜੋ ਜਿਓਣ ਅਣਖ ਦੇ ਨਾਲ, ਓਹ ਜਸਟ ਪੰਜਾਬੀ ਹੁੰਦੇ ਨੇ ...(ਸੁਰਿੰਦਰ ਛਿੰਦਾ)
* ਤੇਰੇ ਠੁਮਕੇ ਨੇ ਇੰਡੀਆ ਹਿਲਾਕੇ ਰੱਖਤਾ..(ਜਸਬੀਰ ਜੱਸੀ)
* ਮੈਂ ਵੀ ਕੱਲ੍ਹ ਜੁੱਤੀ ਨੂੰ ਲਵਾ ਲਏ ਘੁੰਗਰੂ..( ਰਾਖੀ ਹੁੰਦਲ)
* ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ,
ਅਸੀਂ ਜਿੱਧਰੋਂ ਵੀ ਇੱਕ ਵਾਰੀ ਲੰਘ ਜਾਈਦਾ..( ਹਰਦੀਪ ਸਿੰਘ)
* ਨੱਚਦੀ ਨਵੀਂ ਵਿਆਹੀ ਜੋੜੀ ( ਸਰਬਜੀਤ ਚੀਮਾ)
ਭੱਟੀ ਭੜੀ ਵਾਲਾ “ ਫਿਲਮ ਰਾਈਟਰਜ ਐਸ਼ੋਸ਼ੀਏਸ਼ਨ ਮੁੰਬਈ” “ਪ੍ਰਫਾਰਮਿੰਗ ਰਾਈਟ ਸੁਸਾਇਟੀ” ਲੰਡਨ ਅਤੇ “ਵਰਲਡ ਵਾਈਡ ਰਾਈਟਰਜ ਐਸ਼ੋਸੀਏਸ਼ਨ” ਕਨੈਡਾ ਦਾ ਲਾਈਫ ਟਾਈਮ ਮੈਂਬਰ ਵੀ ਹੈ।
ਉਸ ਦੇ ਗੀਤਕਾਰੀ ਦੇ ਲੰਬੇ ਸਫਰ ਨੂੰ ਲੈ ਕਿ ਕੁੱਝ ਪਰਤਾਂ ਹਾਲੇ ਬਾਕੀ ਹਨ ਜੋ ਪਾਠਕਾਂ ਨਾਲ ਕਦੇ ਫੇਰ ਸਾਂਝੀਆਂ ਕਰਾਂਗਾ।ਪੰਜਾਬੀ ਮਾ ਬੋਲੀ ਦਾ ਮਾਣਮੱਤਾ ਇਹ ਗੀਤਕਾਰ ਅੱਜਕੱਲ ਪਤਨੀ ਪਰਮਜੀਤ ਕੌਰ,ਬੇਟੀ ਅਤੇ ਬੇਟੇ ਨਾਲ ਪੰਜਾਬ ਦੇ ਵੀ ਆਈ ਪੀ ਜਿਲੇ ਮੁਹਾਲੀ ਵਿਖੇ ਰਹਿ ਰਿਹਾ ਹੈ।
ਸ਼ਾਲਾ! “ਭੱਟੀ ਭੜੀ ਵਾਲਾ” ਇਸੇ ਤਰਾਂ ਮਾ ਬੋਲੀ ਪੰਜਾਬੀ ਦੀ ਸੇਵਾ ਕਰਦਾ ਰਹੇ।
ਅਜੀਤ ਖੰਨਾ
(ਲੈਕਚਰਾਰ )
ਮੋਬਾਈਲ :76967-54669
1) ਫੋਟੋ ਕੈਪਸ਼ਨ : ਅਜੀਤ ਖੰਨਾ