ਪੰਜਾਬੀ ਸੰਗੀਤ ਦਾ ਸ਼ਿਲਪਕਾਰ" ਚਰਨਜੀਤ ਸਿੰਘ ਆਹੂਜਾ ਸਾਡੇ ਚ ਨਹੀਂ ਰਿਹਾ। ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੋਹਾਲੀ ਵਿੱਚ ਆਖਰੀ ਸਾਹ ਲਏ ਹਨ। ਉਹ 74 ਸਾਲ ਦੇ ਸਨ ਅਤੇ ਕਈ ਸਾਲਾਂ ਤੋਂ ਕੈਂਸਰ ਤੋਂ ਪੀੜਤ ਸਨ, ਜਿਸ ਕਾਰਨ ਉਹ ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਦੁਪਹਿਰ 1 ਵਜੇ ਮੋਹਾਲੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦੇ ਦੇਹਾਂਤ ਦੀ ਖ਼ਬਰ ਨੇ ਸੰਗੀਤ ਜਗਤ 'ਚ ਸੱਥਰ ਵਿਛਾ ਕੇ ਰੱਖ ਦਿੱਤਾ। ਪੰਜਾਬੀ ਸੰਗੀਤ ਜਗਤ ਨੂੰ ਸਭ ਤੋਂ ਵੱਡਾ ਘਾਟਾ ਪਿਆ ਹੈ ,ਜੋ ਕਦੇ ਨਹੀਂ ਪੂਰਾ ਹੋਵੇਗਾ। ਗਾਇਕ ਸੁਰਜੀਤ ਖਾਨ, ਸਤਵਿੰਦਰ ਬੁੱਗਾ, ਗੁਰਕਿਰਪਾਲ ਸੁਰਪੁਰੀ, ਸੂਫੀ ਬਲਬੀਰ, ਜੈਲੀ, ਆਰ. ਦੀਪ ਰਮਨ, ਭੁਪਿੰਦਰ ਬੱਬਲ, ਬਿੱਲ ਸਿੰਘ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ ਬੇਵਕਤੀ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਚਰਨਜੀਤ ਆਹੂਜਾ ਨੇ ਆਪਣੀਆਂ ਸੰਗੀਤਕ ਰਚਨਾਵਾਂ ਰਾਹੀਂ ਕਈ ਕਲਾਕਾਰਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਚਰਨਜੀਤ ਆਹੂਜਾ ਨੂੰ "ਪੰਜਾਬੀ ਸੰਗੀਤ ਦਾ ਸ਼ਿਲਪਕਾਰ" ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਪੰਜਾਬੀ ਸੰਗੀਤ ਉਦਯੋਗ ਦਾ ਇੱਕ ਥੰਮ੍ਹ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਸੁਰਾਂ ਅਜੇ ਵੀ ਲੋਕ ਗੀਤਾਂ, ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਹਨ।
ਉਨ੍ਹਾਂ ਦੀਆਂ ਸੁਰਾਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਉਦਯੋਗ ਨੂੰ ਇੱਕ ਨਵੀਂ ਪਛਾਣ ਦਿੱਤੀ। ਸੁਰਜੀਤ ਬਿੰਦਰਾਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਸਮੇਤ ਬਹੁਤ ਸਾਰੇ ਲੋਕ ਗਾਇਕਾਂ ਨੂੰ ਪਛਾਣ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਕੁਝ ਗਾਇਕਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਦੇ ਸੰਗੀਤ ਨਾਲ ਕੀਤੀ ਅਤੇ ਕੁਝ ਤਾਂ ਸੁਪਰਸਟਾਰ ਵੀ ਬਣ ਗਏ। ਚਰਨਜੀਤ ਆਹੂਜਾ ਆਪਣੇ ਪਿੱਛੇ 3 ਪੁੱਤਰ ਛੱਡ ਗਏ ਹਨ, ਜੋ ਸਾਰੇ ਸੰਗੀਤ ਉਦਯੋਗ ਨਾਲ ਜੁੜੇ ਹੋਏ ਹਨ।
ਚਰਨਜੀਤ ਸਿੰਘ ਆਹੂਜਾ ਅਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਦਿੱਲੀ ਵਿੱਚ ਰਹਿੰਦੇ ਸਨ ਪਰ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਉਹ ਮੋਹਾਲੀ ਸਿਫਟ ਹੋ ਗਏ ਸਨ। ਬਾਅਦ ਵਿੱਚ ਉਨ੍ਹਾਂ ਨੇ ਮੋਹਾਲੀ ਵਿੱਚ ਆਪਣਾ ਸਟੂਡੀਓ ਸਥਾਪਤ ਕੀਤਾ। ਉਨ੍ਹਾਂ ਦਾ ਘਰ ਟੀਡੀਆਈ ਸਿਟੀ ਵਿੱਚ ਸੀ। ਉਹ ਅਕਸਰ ਸਟੂਡੀਓ ਆਉਂਦੇ ਸਨ ਪਰ ਸਿਹਤ ਵਿਗੜਨ ਤੋਂ ਬਾਅਦ ਦਫ਼ਤਰ ਆਉਣਾ ਬੰਦ ਕਰ ਦਿੱਤਾ। ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਘਰ ਵਿੱਚ ਬਿਤਾਉਣਾ ਸ਼ੁਰੂ ਕਰ ਦਿੱਤਾ। ਕੋਵਿਡ-19 ਮਹਾਂਮਾਰੀ ਦੌਰਾਨ ਜਦੋਂ ਲੋਕ ਆਪਣੇ ਘਰਾਂ ਤੱਕ ਸੀਮਤ ਸਨ, ਉਹ ਖੁਦ ਆਪਣੇ ਸਟੂਡੀਓ ਵਿੱਚ ਆਉਂਦੇ ਸਨ। ਉਹ ਲੋਕਾਂ ਨੂੰ ਸਮਾਜ ਸੇਵਾ ਕਰਨ ਲਈ ਵੀ ਉਤਸ਼ਾਹਿਤ ਕਰਦੇ ਸਨ।