ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਵੱਲੋਂ ਹਿੰਦੁਸਤਾਨ ਉੱਤੇ ਕੀਤੇ ਗਏ ਸੱਤਵੇਂ ਹਮਲੇ ਮੌਕੇ ਦਸੰਬਰ 1764 ਦੌਰਾਨ ਜਦੋਂ ਉਹ 18 ਹਜ਼ਾਰ ਅਫਗਾਨੀ ਫ਼ੌਜ ਨਾਲ ਈਮਾਨਾਬਾਦ ਪਹੁੰਚਿਆ ਤਾਂ ਉਸ ਨੇ ਕਲਾਤ ਦੇ ਹਾਕਮ ਮੀਰ ਨਸੀਰ ਖਾਨ ਨੂੰ ਜਿਹਾਦ ਦੇ ਨਾਮ 'ਤੇ ਆਪਣੇ ਨਾਲ ਰਲਾ ਲਿਆ, ਜਿਸ ਕੋਲ 12 ਹਜ਼ਾਰ ਦੀ ਫ਼ੌਜ ਸੀ। ਉਸ ਵਕਤ ਕਿਸੇ ਇਕ ਇਲਾਕੇ ਦਾ ਕਾਜ਼ੀ ਨਿਯੁਕਤ ਕਰਨ ਦੀ ਸ਼ਰਤ ਨਾਲ ਜੰਗ ਦਾ ਪੂਰਾ ਹਾਲ ਲਿਖਦਿਆਂ ਨਸੀਰ ਖਾਨ ਦੀ ਖ਼ਿਦਮਤ ਵਿਚ ਪੇਸ਼ ਕਰਨ ਦੇ ਦਾਅਵੇ ਦੇ ਨਾਲ ਉਨ੍ਹਾਂ ਨਾਲ ਪੰਜਾਬ ਆਏ ਬਲੋਚੀ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਬਾਰੇ ਅੱਖੀਂ ਡਿੱਠਾ ਹਾਲ ਆਪਣੀ ਫ਼ਾਰਸੀ ਕਾਵਿ 'ਜੰਗਨਾਮਾ' ਵਿਚ ਲਿਖਦਾ ਹੈ ਕਿ ,
''ਜਦ ਬਾਦਸ਼ਾਹ ਅਤੇ ਸ਼ਾਹੀ ਲਸ਼ਕਰ (ਗੁਰੂ ਕੇ) ਚੱਕ( ਅੰਮ੍ਰਿਤਸਰ) ਪੁੱਜਾ ਤਾਂ ਕੋਈ ਕਾਫ਼ਰ ( ਸਿੱਖ) ਉੱਥੇ ਨਜ਼ਰ ਨਾ ਆਇਆ, ਪਰ ਕੁੱਝ ਥੋੜ੍ਹੇ ਜਿਹੇ ਬੰਦੇ ਗੜ੍ਹੀ ( ਬੁੰਗੇ) ਵਿਚ ਟਿਕੇ ਹੋਏ ਸਨ ਕਿ ਆਪਣਾ ਖ਼ੂਨ ਡੋਲ੍ਹ ਦੇਣ ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ। ਜਦ ਉਨ੍ਹਾਂ ਨੇ ਬਾਦਸ਼ਾਹ ਅਤੇ ਇਸਲਾਮੀ ਲਸ਼ਕਰ ਨੂੰ ਦੇਖਿਆ ਤਾਂ ਉਹ ਸਾਰੇ ਬੁੰਗੇ ਵਿਚੋਂ ਨਿਕਲ ਕੇ ਜਲਾਲ ਵਿਚ ਆਉਂਦਿਆਂ ਵੈਰੀ ਨਾਲ ਗੁੱਥਮ ਗੁੱਥਾ ਹੋ ਗਏ। ਉਹ ਸਾਰੇ ਗਿਣਤੀ ਵਿਚ ਤੀਹ ਸਨ। ਉਹ ਜ਼ਰਾ ਭਰ ਵੀ ਡਰੇ, ਘਬਰਾਏ ਨਹੀਂ। ਉਨ੍ਹਾਂ ਨੂੰ ਨਾ ਕਤਲ ਹੋਣ ਦਾ ਡਰ ਸੀ, ਨਾ ਮੌਤ ਦਾ ਭੈਅ। ਉਹ ਗਾਜੀਆਂ ਨਾਲ ਜੁੱਟ ਪਏ ਅਤੇ ਉਲਝਣ ਵਿਚ ਆਪਣਾ ਖ਼ੂਨ ਡੋਲ੍ਹ ਗਏ। ਮੈਦਾਨ ਛੱਡ ਕੇ ਨਹੀਂ ਨੱਸੇ, ਇਸ ਤਰਾਂ ਸਾਰੇ ਸਿੰਘ ਕਤਲ ਹੋਏ।''
ਆਪਣਿਆਂ ਦੀ ਉਸਤਤ ਲਈ ਆਏ ਕਾਜ਼ੀ ਨੂਰ ਮੁਹੰਮਦ ਵੱਲੋਂ ਬਿਆਨ ਕੀਤੇ ਗਏ ਉਕਤ ਵਰਤਾਰੇ 'ਚ ਸਿੱਖਾਂ ਦੀ ਸੂਰਮਤਾਈ ਦਾ ਨਾਲ ਨਾਲ ਉਨ੍ਹਾਂ ਦੀ ਸ੍ਰੀ ਦਰਬਾਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦੀ ਝਲਕ ਪੈਂਦੀ ਹੈ। ਅਬਦਾਲੀ ਦੇ 30 ਹਜ਼ਾਰ ਅਫਗਾਨੀ ਅਤੇ ਬਲੋਚੀ ਫ਼ੌਜ ਨਾਲ ਨਿਡਰਤਾ ਅਤੇ ਬਹਾਦਰੀ ਨਾਲ ਭਿੜਦਿਆਂ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਜਿਨ੍ਹਾਂ 30 ਸਿੰਘਾਂ ਦੇ ਸ਼ਹਾਦਤਾਂ ਪਾ ਜਾਣ ਦੇ ਸੋਹਲੇ ਗਾਉਣ ਲਈ ਕਾਜ਼ੀ ਨੂਰ ਮੁਹੰਮਦ ਮਜਬੂਰ ਹੋਇਆ, ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜੇ ਗਏ ਉਸ ਅਸਾਵੀਂ ਜੰਗ ’ਚ ਮਰਜੀਵੜੇ ਸਿੰਘਾਂ ਦੀ ਅਗਵਾਈ ਕਰਨ ਵਾਲਾ ਹੋਰ ਕੋਈ ਨਹੀਂ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੂਜੇ ਜਥੇਦਾਰ ਹੋਣ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਅਮਰ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਸਨ।
ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਜਨਮ, ਪਿਤਾ ਭਾਈ ਦਸੌਦਾ ਸਿੰਘ ਅਤੇ ਮਾਤਾ ਲੱਛਮੀ ਜੀ ਦੀ ਕੁੱਖੋਂ ਉਨ੍ਹਾਂ ਦੇ ਘਰ ਪਿੰਡ ਲੀਲ੍ਹ ਨੇੜੇ ਖੇਮਕਰਨ ਵਿਖੇ ਬਿਕਰਮੀ 1745 ਵਿਸਾਖ ਵਦੀ 5 ਨੂੰ ਹੋਇਆ। ਮਾਤਾ ਪਿਤਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਿਸ਼ਕਾਮ ਤੇ ਸ਼ਰਧਾ ਭਾਵਨਾ ਨਾਲ ਕੀਤੀ ਜਾਂਦੀ ਰਹੀ ਸੇਵਾ ਤੋਂ ਖ਼ੁਸ਼ ਹੋਕੇ ਗੁਰੂ ਦਸਮੇਸ਼ ਪਿਤਾ ਵੱਲੋਂ ਉਨ੍ਹਾਂ ਦੀ ਮਨ ਇੱਛਿਤ ਸੂਰਬੀਰ ਸੰਤ ਸਿਪਾਹੀ ਪੁੱਤਰ ਦਾ ਵਰਦਾਨ ਸੀ। 11 ਸਾਲ ਦੀ ਉਮਰੇ ਆਪ ਜੀ ਨੂੰ ਅੰਮ੍ਰਿਤਪਾਨ ਕਰਾਇਆ ਗਿਆ। 15 ਸਾਲ ਦੀ ਉਮਰੇ ਆਪ ਜੀ ਦੇ ਮਾਤਾ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ ਸਨ। ਬਾਬਾ ਗੁਰਬਖ਼ਸ਼ ਸਿੰਘ ਜੀ ਨੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਗੁਰਬਾਣੀ ਅਤੇ ਗੁਰਮਤਿ ਵਿੱਦਿਆ ਹਾਸਲ ਕੀਤੀ। ਜੱਦੋ ਦਸਮ ਪਿਤਾ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਬੋਧ ਕਰਾਉਂਦੇ ਰਹੇ ਤਾਂ ਆਪ ਜੀ ਉਨ੍ਹਾਂ 48 ਸਿੰਘਾਂ 'ਚ ਸ਼ਾਮਲ ਸਨ ਜਿਨ੍ਹਾਂ ਨੂੰ ਉਕਤ ਰੂਹਾਨੀ ਅਵਸਰ ਪ੍ਰਾਪਤ ਹੋਇਆ।
ਆਪ ਜੀ ਸ਼ਸਤਰ ਵਿੱਦਿਆ ਦੇ ਵੀ ਧਨੀ ਸਨ ਅਤੇ ਬਾਬਾ ਦੀਪ ਸਿੰਘ ਜੀ ਦੇ ਜਥੇ ਨਾਲ ਸੰਬੰਧਿਤ ਸਨ। ਪੱਕੇ ਨਿੱਤਨੇਮੀ, ਰਹਿਤ 'ਚ ਪਰਪੱਕ ਅਤੇ ਜਿੱਧਰ ਵੀ ਜੰਗ ਯੁੱਧ ਹੁੰਦਾ ਆਪ ਜੀ ਹਮੇਸ਼ਾਂ ਮੂਹਰੇ ਹੋ ਡਟਦੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਬਾਬਾ ਗੁਰਬਖ਼ਸ਼ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਰਹਿਣ ਦਾ ਹੁਕਮ ਕੀਤਾ ਸੀ। ਆਪ ਜੀ ਇੱਥੇ ਰਹਿ ਕੇ ਗੁਰਮਤਿ ਪ੍ਰਚਾਰ ਪ੍ਰਸਾਰ ਅਤੇ ਗੁਰਧਾਮ ਦੀ ਸੇਵਾ ਸੰਭਾਲ ਕਰਦੇ ਰਹੇ।
ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਪਿੱਛੋਂ ਬਾਬਾ ਗੁਰਬਖ਼ਸ਼ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣੇ ਅਤੇ ਹੈੱਡ ਕੁਆਟਰ ਸ੍ਰੀ ਅਨੰਦਪੁਰ ਸਾਹਿਬ ਨੂੰ ਹੀ ਬਣਾਈ ਰੱਖਿਆ। ਆਪ ਜੀ ਬਾਬਾ ਦੀਪ ਸਿੰਘ ਸ਼ਹੀਦ ਜੀ ਵਾਂਗ ਸਿੰਘਾਂ ਨੂੰ ਗੁਰਬਾਣੀ ਅਰਥ ਪੜਾਉਣ, ਸੰਥਿਆ ਦੇਣ ਤੋਂ ਇਲਾਵਾ ਆਪਣੇ ਹੱਥੀਂ ਗੁਰਬਾਣੀ ਪੋਥੀਆਂ ਅਤੇ ਗੁਟਕੇ ਲਿਖ ਕੇ ਯੋਗ ਸਥਾਨਾਂ 'ਤੇ ਭੇਜਦੇ ਰਹੇ। ਆਪ ਜੀ ਵੱਲੋਂ ਸਰਬ ਲੋਹ ਗ੍ਰੰਥ ਦੇ ਉਤਾਰੇ ਦਾ ਜ਼ਿਕਰ ਵੀ ਮਿਲਦਾ ਹੈ। ਦਮਦਮੀ ਟਕਸਾਲ ਦੇ ਤੀਸਰੇ ਮੁਖੀ ਭਾਈ ਸੂਰਤ ਸਿੰਘ ਜੀ ਨੇ ਆਪ ਜੀ ਪਾਸੋਂ ਗੁਰਮਤਿ ਵਿੱਦਿਆ ਹਾਸਲ ਕੀਤੀ।
ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਉਪਰੰਤ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕਾਫ਼ੀ ਸਮਾਂ ਗੁਰਬਾਣੀ ਅਤੇ ਮੁੱਖ ਵਾਕ ਦੀ ਕਥਾ ਬੰਦ ਰਹੀ, ਇਸ ਪਰੰਪਰਾ ਨੂੰ ਬਾਬਾ ਗੁਰਬਖ਼ਸ਼ ਸਿੰਘ ਜੀ ਵੱਲੋਂ ਮੁੜ ਸ਼ੁਰੂ ਕੀਤਾ ਗਿਆ।
ਸੋਨੇ ਦੀ ਚਿੜੀ ਹਿੰਦੁਸਤਾਨ ਨੂੰ ਹੜੱਪਣ ਲਈ ਵਿਦੇਸ਼ੀਆਂ ਦੀਆਂ ਹਮੇਸ਼ਾਂ ਨਜ਼ਰਾਂ ਰਹੀਆਂ। ਪਰ ਹਿੰਦ ਤਕ ਪਹੁੰਚਣ ਲਈ ਉਨ੍ਹਾਂ ਨੂੰ ਪੰਜਾਬ ਵਿਚੋਂ ਤਾਂ ਗੁਜਰਣਾ ਹੀ ਪੈਣਾ ਸੀ, ਜਿੱਥੇ ਕਿ 'ਸਵਾ ਲਾਖ ਸੇ ਏਕ ਲੜਾਊਂ' ਦੀ ਗੁੜ੍ਹਤੀ ਵਾਲਿਆਂ ਨਾਲ ਉਨ੍ਹਾਂ ਨੂੰ ਦੋ ਚਾਰ ਹੋਣਾ ਪੈਦਾ। ਅਹਿਮਦ ਸ਼ਾਹ ਅਬਦਾਲੀ ਵੀ ਤਾਕਤ ਦੇ ਨਸ਼ੇ ’ਚ ਵਹਿਸ਼ੀ ਬਣ ਚੁਕਾ ਸੀ। ਸਿੰਘਾਂ ਵੱਲੋਂ ਬੇਖ਼ੌਫ ਹੋਕੇ ਰਸਤਾ ਰੋਕਣ ਤੋਂ ਅਬਦਾਲੀ ਕਾਫ਼ੀ ਦੁਖੀ ਸੀ। ਜਿਸ ਲਈ ਉਸ ਨੇ ਫ਼ੈਸਲਾ ਕੀਤਾ ਕਿ ਉਹ ਸਿੰਘਾਂ ਦਾ ਸਫ਼ਾਇਆ ਕਰ ਕੇ ਹੀ ਰਹੇਗਾ। ਅਬਦਾਲੀ ਇਹ ਸਮਝ ਦਾ ਸੀ ਕਿ ਸਿੰਘਾਂ ਨੂੰ ਅਗੰਮੀ ਸ਼ਕਤੀ ਅਤੇ ਹੌਸਲਾ ਸ੍ਰੀ ਹਰਮਿੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਨਾਲ ਮਿਲਦਾ ਹੈ। ਇਸ ਲਈ ਸਿੰਘਾਂ ਦੀ ਹਸਤੀ ਨੂੰ ਖ਼ਤਮ ਕਰਨ, ਜੰਗ 'ਚ ਜੂਝਣ ਅਤੇ ਤਿਆਰ ਭਰ ਤਿਆਰ ਹੋਣ ਤੋਂ ਰੋਕਣ ਲਈ ਸਿੱਖਾਂ ਦੇ ਧਾਰਮਿਕ ਕੇਂਦਰ ਅਤੇ ਅੰਮ੍ਰਿਤ ਸਰੋਵਰ ਦਾ ਖ਼ਾਤਮਾ ਕਰਨਾ ਜ਼ਰੂਰੀ ਸਮਝਿਆ ਗਿਆ।
ਅਹਿਮਦ ਸ਼ਾਹ ਅਬਦਾਲੀ ਵੱਲੋਂ ਦਸੰਬਰ 1764 ਈ. ਨੂੰ ਜਦ ਹਿੰਦੁਸਤਾਨ 'ਤੇ ਸੱਤਵਾਂ ਹਮਲਾ ਕੀਤਾ ਗਿਆ, ਉਸ ਵਕਤ ਬਾਬਾ ਗੁਰਬਖ਼ਸ਼ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਦੇ ਨਾਲ ਨਾਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਵੀ ਨਿਭਾ ਰਹੇ ਸਨ। ਉਸ ਵਕਤ ਸਿੱਖ ਸਰਦਾਰ ਵੱਖੋ ਵੱਖ ਮੁਹਿੰਮਾਂ 'ਤੇ ਚੜ੍ਹੇ ਹੋਣ ਕਾਰਨ ਅੰਮ੍ਰਿਤਸਰ ਤੋਂ ਦੂਰ ਦੁਰਾਡੇ ਸਨ। ਕੇਂਦਰੀ ਪੰਜਾਬ ਲਗਭਗ ਸਿੰਘਾਂ ਤੋਂ ਖ਼ਾਲੀ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਜਵਾਹਰ ਸਿੰਘ ਭਰਤਪੁਰੀਆ ਦਿੱਲੀ ਦੀ ਚੜ੍ਹਾਈ 'ਤੇ ਸੀ ਤਾਂ ਭੰਗੀ ਸਰਦਾਰ ਸਾਂਦਲ ਬਾਰ 'ਚ। ਅਜਿਹੀ ਸਥਿਤੀ 'ਚ ਸਰਦਾਰ ਚੜ੍ਹਤ ਸਿੰਘ ਹੀ ਸਿਆਲਕੋਟ ਵਿਚ ਸੀ ਜਿਸ ਨੇ ਅਚਾਨਕ ਅਬਦਾਲੀ ਦੀ ਕੈਪ 'ਤੇ ਹਮਲਾ ਕਰਦਿਆਂ ਮੌਕੇ ਦੀ ਤਾੜ ਲਈ ਇਕ ਪਾਸੇ ਨਿਕਲ ਗਏ। ਇਸੇ ਦੌਰਾਨ ਅਬਦਾਲੀ ਨੂੰ ਖ਼ਬਰ ਮਿਲੀ ਕਿ ਸਿੰਘ ਅੰਮ੍ਰਿਤਸਰ ਵਲ ਗਏ ਹਨ। ਸਿੰਘਾਂ ਦਾ ਪਿੱਛਾ ਕਰਨ ਲਈ ਉਸ ਨੇ ਅੰਮ੍ਰਿਤਸਰ ਵਲ ਧਾਈ ਕੀਤੀ। ਜਿੱਥੇ ਉਸ ਵਕਤ ਸਿਰਫ਼ 30 ਸਿੰਘ ਹੀ ਸਨ, ਜਿਨ੍ਹਾਂ ਦੀ ਅਗਵਾਈ ਬਾਬਾ ਗੁਰਬਖ਼ਸ਼ ਸਿੰਘ ਕਰ ਰਹੇ ਸਨ।
ਅਬਦਾਲੀ ਦੇ ਹਮਲੇ ਦੀ ਖ਼ਬਰ ਮਿਲਦਿਆਂ ਹੀ ਇਨ੍ਹਾਂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਅਤੇ ਅਸਾਵੀਂ ਜੰਗ ਲਈ ਤਿਆਰੀਆਂ ਸ਼ੁਰੂ ਕਰ ਦਿੱਤਿਆਂ। ਸਾਰੇ ਹੀ ਸਨਮੁਖ ਸ਼ਹੀਦੀਆਂ ਪਾਣ ਦੇ ਚਾਹਵਾਨ ਸਨ ਅਤੇ ਅਰਜੋਈਆਂ ਕਰ ਰਹੇ ਸਨ। ਕਿਸੇ ਨੇ ਨੀਲਾ ਬਾਣਾ ਸਜਾਇਆ ਕਿਸੇ ਨੇ ਸਫ਼ੈਦ ਤਾਂ ਕੋਈ ਕੇਸਰੀ ਰੰਗਾਈ ਬੈਠਾ ਸੀ। ਸ: ਰਤਨ ਸਿੰਘ ਭੰਗੂ ਲਿਖਦਾ ਹੈ ਕਿ,
ਕਿਸੈ ਪੁਸ਼ਾਕ ਥੀ ਨੀਲੀ ਸਜਾਈ।
ਕਿਸੈ ਸੇਤ ਕਿਸੈ ਕੇਸਰੀ ਰੰਗਵਾਈ।।
ਸਭ ਨੇ ਸ਼ਸਤਰ ਤੇ ਬਸਤਰ ਸਜਾ ਲਏ। ਮਾਨੋ ਇਹ ਤਿਆਰੀਆਂ ਇਕ ਵਿਆਹ ਦੀ ਤਰਾਂ ਸਨ। ਪੂਰੀ ਤਿਆਰੀ ਕਰਦਿਆਂ ਸਭ ਨੇ ਅਨੰਦ ਸਾਹਿਬ ਦੀਆਂ ਪੰਜ ਪਾਉੜੀਆਂ ਦਾ ਪਾਠ ਕੀਤਾ। ਫਿਰ ਅਕਾਲ ਬੁੰਗੇ ਤੋਂ ਉਤਰ ਕੇ ਸ੍ਰੀ ਦਰਬਾਰ ਸਾਹਿਬ ਜਾ ਮੱਥਾ ਟੇਕਿਆ, ਚਾਰ ਪ੍ਰਕਰਮਾਂ ਕੀਤੀਆਂ ਅਤੇ ਇਹ ਅਰਦਾਸ ਕੀਤੀ ਕਿ,
ਹਰਿਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ।
ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਸ।।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ। ਘੋੜੀਆਂ ਦੇ ਸ਼ਬਦ ਸੁਣੇ। ਸਿੰਘਾਂ ਨੂੰ ਕਿਹਾ ਅੱਜ ਲਾੜੀ ਮੌਤ ਵਿਆਹੁਣ ਜਾ ਰਹੇ ਹਾਂ। ਕੜਾਹ ਪ੍ਰਸ਼ਾਦ ਵਰਤਾਇਆ ਗਿਆ ਅਤੇ ਸਿੰਘ ਬਾਹਰ ਆਏ ਤਾਂ ਇੰਨੇ ਨੂੰ ਅਬਦਾਲੀ ਦੀਆਂ 36 ਹਜ਼ਾਰ ਫ਼ੌਜਾਂ ਪ੍ਰਕਰਮਾਂ 'ਚ ਆਣ ਪੁੱਜੀਆਂ ਇਹ ਦੇਖ ਸਿੰਘ ਵੀ ਤਲਵਾਰਾਂ ਧੂਹ ਕੇ ਵੈਰੀ 'ਤੇ ਟੁੱਟ ਪਏ। ਇਕ ਦੂਜੇ ਤੋਂ ਅੱਗੇ ਹੋ ਹੋ ਦੁਸ਼ਮਣ ਦੀਆਂ ਸਫ਼ਾਂ ਵਿਛਾਈ ਜਾਂਦਿਆਂ ਦੀ ਅਗਵਾਈ ਕਰਦਿਆਂ ਬਾਬਾ ਗੁਰਬਖ਼ਸ਼ ਸਿੰਘ ਸਭ ਨੂੰ ਹੌਸਲਾ ਅਤੇ ਪ੍ਰੇਰਨਾ ਦੇ ਰਹੇ ਸਨ । ਉਨ੍ਹਾਂ ਲਲਕਾਰਦਿਆਂ ਕਿਹਾ ਕਿ,
ਪਗ ਆਗੈ ਸਿਰ ਉਭਰੈ ਪਗ ਪਾਛੈ ਪਤਿ ਜਾਇ।
ਬੈਰੀ ਖੰਡੈ ਸਿਰ ਧਰੈ ਫਿਰ ਕਥਾ ਤਕਨ ਸਹਾਇ।।
ਸਿੰਘ ਲੜਦੇ ਲੜਦੇ ਅੱਗੇ ਹੀ ਵੱਧਦੇ ਗਏ।
ਮਤ ਕੋਈ ਆਖੈ ਜਗਤ ਕੋ ਸਿਖ ਮੁਯੋ ਮੁੱਖ ਫੇਰ ਪਛਾਹਿ।।
ਸੋ ਦੁਰਾਨੀਆਂ ਪਾਸ ਭਾਵੇਂ ਸੰਜੋਅ ਸਨ ਅਤੇ ਲੰਮੀ ਮਾਰ ਵਾਲੇ ਹਥਿਆਰ ਤੀਰ, ਬੰਦੂਕਾਂ ਆਦਿ, ਪਰ ਦੂਜੇ ਪਾਸੇ ਸਿੰਘਾਂ ਕੋਲ ਤਲਵਾਰਾਂ ਅਤੇ ਬਰਛੇ ਤੋਂ ਇਲਾਵਾ ਆਪਣੇ ਪਵਿੱਤਰ ਅਸਥਾਨ ਦੀ ਰਾਖੀ ਲਈ ਦੂਜੇ ਤੋਂ ਪਹਿਲਾਂ ਜੂਝਦਿਆਂ ਸ਼ਹੀਦ ਹੋਣ ਦਾ ਪ੍ਰਬਲ ਜਜ਼ਬਾ ਸੀ।
ਆਪ ਬਿਚ ਤੇ ਕਰੇ ਕਰਾਰ।
ਤੁਹਿ ਆਗੈ ਮੈਂ ਹੋਗੁ ਸਿਧਾਰ।।
ਸਿੰਘਾਂ ਦੇ ਇਸ ਜੋਸ਼ ਨੇ ਦੁਸ਼ਮਣਾਂ ਦੇ ਕੰਨਾ ਨੂੰ ਹੱਥ ਲਵਾ ਦਿੱਤੇ। ਜਦ ਕਾਫ਼ੀ ਸਿੰਘ ਸ਼ਹੀਦ ਹੋ ਚੁੱਕੇ ਤਾਂ ਬਾਬਾ ਗੁਰਬਖ਼ਸ਼ ਸਿੰਘ ਜੀ ਆਪ ਤੇਗ਼ਾ ਲੈ ਕੇ ਵੈਰੀ ਦੇ ਸਿਰ ਜਾ ਖਲੋਤੇ ਅਤੇ ਉਨ੍ਹਾਂ ਦੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ। ਵੈਰੀ ਢਾਲ ਦਾ ਸਹਾਰਾ ਲੈ ਦੇ ਸਨ ਪਰ ਬਾਬਾ ਜੀ ਨੇ ਢਾਲ ਵੀ ਛੱਡ ਦਿਤੀ ਸੀ। ਫਿਰ ਕੀ ਨੇੜੇ ਆਉਣ ਦੀ ਥਾਂ ਵੈਰੀ ਦੂਰੋਂ ਹੀ ਤੀਰਾਂ ਤੇ ਗੋਲੀਆਂ ਨਾਲ ਹਮਲਾਵਰ ਹੋਏ। ਅਣਗਿਣਤ ਤੀਰਾਂ ਗੋਲੀਆਂ ਨਾਲ ਬਾਬਾ ਜੀ ਦਾ ਸਰੀਰ ਵਿੰਨ੍ਹਿਆ ਪਿਆ ਸੀ। ਖ਼ੂਨ ਨਾਲ ਲੱਥਪੱਥ ਸੀ। ਸਰੀਰ ਭਾਵੇਂ ਰੱਤ-ਹੀਣ ਹੋ ਰਿਹਾ ਸੀ, ਪਰ ਪੈਰ ਨਹੀਂ ਠਮ ਰਿਹਾ ਸੀ। ਇਸ ਅਸਾਵੀਂ ਖ਼ੂਨ ਡੋਲਵੀਂ ਲੜਾਈ ਵਿਚ ਇਕ ਵਕਤ ਅਜਿਹਾ ਆਇਆ ਕਿ ਦਸ ਹਜ਼ਾਰੀ ਖਾਨ ਅਤੇ ਬਾਬਾ ਜੀ ਦਾ ਸਾਂਝਾ ਵਾਰ ਚਲਿਆ ਜਿਸ ਨਾਲ ਦੋਹਾਂ ਦੇ ਸਿਰ ਲੱਥ ਗਏ। ਫਿਰ ਕੀ, ਬਾਬਾ ਜੀ ਧੜ 'ਤੇ ਸਿਰ ਬਿਨਾ ਹੀ ਲੜਨ ਲੱਗੇ, ਜਿਸ ਤੋਂ ਭੈਅ ਭੀਤ ਹੋ ਕੇ ਵੈਰੀ ਫ਼ੌਜ ਨੱਸਣ ਲੱਗੀ। ਬਾਬਾ ਜੀ ਨੇ ਬਹੁਤ ਸਾਰੇ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਿਆ। ਕਿਹਾ ਜਾਂਦਾ ਹੈ ਕਿ ਉਸ ਵਕਤ ਇਕ ਮੁਸਲਮਾਨ ਪੀਰ ਦੀ ਸਲਾਹ 'ਤੇ ਸੂਬਾ ਭੇਟਾ ਲੈ ਕੇ ਚਰਨੀਂ ਪਿਆ। ਕਿ ਅੱਗੇ ਤੋਂ ਤੁਰਕ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਕਰਨਗੇ। ਬਖ਼ਸ਼ਣਾ ਕਰੇ, ਤਾਂ ਜਾ ਕੇ ਬਾਬਾ ਜੀ ਦਾ ਸਰੀਰ ਸ਼ਾਂਤ ਹੋਇਆ। ਬਾਬਾ ਜੀ ਦਾ ਸਸਕਾਰ ਸਤਿਕਾਰ ਅਤੇ ਮਰਿਆਦਾ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਕੀਤਾ ਗਿਆ ਜਿੱਥੇ ਬਾਬਾ ਜੀ ਦੀ ਯਾਦ 'ਚ ਅੱਜ ਗੁਰਦੁਆਰਾ ਸ਼ਹੀਦ ਗੰਜ ਸੁਸ਼ੋਭਿਤ ਹੈ।
ਆਪ ਜੀ ਨੇ ਜਿਸ ਸੂਰਬੀਰਤਾ ਨਾਲ ਵੈਰੀਆਂ ਦਾ ਟਾਕਰਾ ਕੀਤਾ ਉਸ ਨੇ ਦਸ ਦਿੱਤਾ ਕਿ ਸਿੱਖ ਆਪਣੇ ਗੁਰਧਾਮਾਂ ਲਈ ਜਿਉਂਦੇ ਹਨ। ਸਿੰਘਾਂ ਦੇ ਹੁੰਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲਾ ਸੁਖ ਦੀ ਨੀਂਦ ਨਹੀਂ ਸੌਂ ਸਕਦਾ। ਬਾਬਾ ਜੀ ਦੀ ਲਾਸਾਨੀ ਸ਼ਹੀਦੀ ਸਿੱਖ ਕੌਮ ਦੇ ਇਤਿਹਾਸ ਵਿਚ ਪ੍ਰਮੁੱਖ ਸ਼ਹੀਦਾਂ ਵਿਚ ਗਿਣੇ ਜਾਂਦੇ ਹਨ। ਖ਼ਾਲਸਾ ਪੰਥ ਅਜਿਹੇ ਮਹਾਨ ਸ਼ਹੀਦਾਂ ਅਤੇ ਯੋਧਿਆਂ ਸਦਕਾ ਸਦਾ ਚੜ੍ਹਦੀਕਲਾ ਵਿਚ ਰਹੇਗਾ। ਬਾਬਾ ਜੀ ਦਾ ਸ਼ਹੀਦੀ ਦਿਹਾੜਾ 19 ਮੱਘਰ ਭਾਵ 4 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ।
( ਪ੍ਰੋ. ਸਰਚਾਂਦ ਸਿੰਘ ਖਿਆਲਾ, 9781355522)