ਮਨੁੱਖੀ ਸਭਿਆਚਾਰ ਦੀ ਪ੍ਰਗਤੀ, ਵਿਗਿਆਨ ਅਤੇ ਤਕਨੀਕ ਦੀਆਂ ਸਹੂਲਤਾਂ ਨੇ ਅਜੋਕੇ ਜੀਵਨ ਅਤੇ ਰਹਿਣ ਸਹਿਣ ਨੂੰ ਆਸਾਨ ਬਣਾਇਆ ਹੈ ਪਰੰਤੂ ਉੱਥੇ ਹੀ ਮਨੁੱਖਾਂ ਦੁਆਰਾ ਕੁਦਰਤ ਨਾਲ ਕੀਤੇ ਗਏ ਅਤਿ-ਸ਼ੋਸ਼ਣ ਨੇ ਮਨੁੱਖਤਾ ਨੂੰ ਖਤਰੇ ਦੇ ਕੰਢੇ 'ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਧਰਤੀ ਦੇ ਕੁਦਰਤੀ ਸੰਤੁਲਨ ਨਾਲ ਮਨੁੱਖੀ ਛੇੜਛਾੜ ਦੇ ਨਤੀਜੇ ਵਜੋਂ ਅੱਜ ਧਰਤੀ ਨੂੰ ਵਾਤਾਵਰਣ ਪ੍ਰਦੂਸ਼ਣ, ਗਲੋਬਲ ਵਾਰਮਿੰਗ,ਭਾਰੀ ਬਾਰਿਸ਼ਾਂ, ਤੂਫ਼ਾਨਾਂ, ਬਰਫ਼ ਦੇ ਪਹਾੜਾਂ ਦਾ ਖੁਰਨਾਂ, ਭੂਚਾਲ ਅਤੇ ਭਾਰੀ ਬਰਫਬਾਰੀ ਵਰਗੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਕੁਦਰਤੀ ਆਫ਼ਤਾਂ ਦੀ ਸੰਖਿਆ ਦਿਨ ਬ ਦਿਨ ਵੱਧ ਰਹੀਆਂ ਹਨ।
ਕੁਦਰਤੀ ਸੰਤੁਲਨ ਅਤੇ ਮਨੁੱਖੀ ਦਖਲਅੰਦਾਜ਼ੀ
ਕੁਦਰਤ ਨੇ ਹਰ ਇਕ ਜੀਵ ਨੂੰ ਇੱਕ ਸੰਤੁਲਿਤ ਪ੍ਰਣਾਲੀ ਦੇ ਅਧੀਨ ਰਚਿਆ ਹੈ। ਜੰਗਲ, ਪਾਣੀ, ਹਵਾ, ਮਿੱਟੀ, ਪਹਾੜ ਅਤੇ ਸਮੁੰਦਰ ਸਾਰੇ ਹੀ ਇੱਕ ਦੂਜੇ ਨਾਲ ਜੁੜੇ ਹੋਏ ਹਨ। ਪਰ ਮਨੁੱਖ ਨੇ ਆਪਣੀ ਵਾਜ਼ਿਬ ਅਤੇ ਗੈਰ ਵਾਜ਼ਿਬ ਲੋੜਾਂ ਦੀ ਪੂਰਤੀ ਲਈ ਉਦਯੋਗੀਕਰਨ, ਜੰਗਲਾਂ ਦਾ ਨਾਸ਼, ਖਣਿਜ-ਖੋਜ ਅਤੇ ਸ਼ਹਿਰੀਕਰਨ ਰਾਹੀਂ ਇਸ ਸੰਤੁਲਨ ਨੂੰ ਗੰਭੀਰ ਢੰਗ ਨਾਲ ਵਿਗਾੜਿਆ ਹੈ। ਵਣ ਨਾਸ਼ ਕਾਰਨ ਜਿੱਥੇ ਜਾਨਵਰਾਂ ਦੇ ਕੁਦਰਤੀ ਆਵਾਸ ਖ਼ਤਮ ਹੋ ਰਹੇ ਹਨ ਉੱਥੇ ਹੀ ਹਵਾ ਵਿੱਚ ਜ਼ਹਿਰੀਲੀ ਗੈਸ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਰਹੀ ਹੈ।ਇਸ ਗੈਸ ਦੇ ਵੱਧਣ ਨਾਲ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਜੋ ਮੌਸਮੀ ਤਬਦੀਲੀ ਦਾ ਮੁੱਖ ਕਾਰਨ ਹੈ।
ਪ੍ਰਦੂਸ਼ਣ ਤੇ ਉਸ ਦੇ ਪ੍ਰਭਾਵ
ਹਵਾ ਪ੍ਰਦੂਸ਼ਣ:
ਉਦਯੋਗਾਂ, ਵਾਹਨਾਂ ਅਤੇ ਪਲਾਸਟਿਕ ਦੇ ਸਾੜਨ ਨਾਲ ਜਹਿਰੀਲੀ ਗੈਸਾਂ ਵਾਤਾਵਰਣ ਨੂੰ ਵਿਗਾੜ ਰਹੀਆਂ ਹਨ।
ਜਲ ਪ੍ਰਦੂਸ਼ਣ:
ਰਸਾਇਣਿਕ ਖਾਦਾਂ ਅਤੇ ਫੈਕਟਰੀਆਂ ਦੇ ਗੰਦਲੇ ਪਾਣੀ ਨਾਲ ਦਰਿਆ, ਝੀਲਾਂ ਅਤੇ ਜ਼ਮੀਨੀ ਪਾਣੀ ਜ਼ਹਿਰੀਲਾ ਹੋ ਰਿਹਾ ਹੈ।
ਮਿੱਟੀ ਦਾ ਨਾਸ:
ਖੇਤੀਬਾੜੀ ਵਿੱਚ ਜ਼ਹਿਰੀਲੇ ਪਦਾਰਥਾਂ ਅਤੇ ਰਸਾਇਣਿਕ ਖਾਦਾਂ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ।
ਇਹ ਸਾਰੇ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਹੀ ਨਹੀਂ, ਸਗੋਂ ਧਰਤੀ ਦੇ ਸਮੂਹ ਜੀਵ-ਜੰਤੂਆਂ ਲਈ ਖ਼ਤਰਾ ਬਣੇ ਹੋਏ ਹਨ।
ਮੌਸਮੀ ਤਬਦੀਲੀ ਅਤੇ ਕੁਦਰਤੀ ਆਫ਼ਤਾਂ
ਪਿਛਲੇ ਕੁਝ ਸਾਲਾਂ ਵਿੱਚ ਅਸੀਂ ਵੇਖਿਆ ਹੈ ਕਿ ਹਿਮਾਚਲ, ਜੰਮੂ-ਕਸ਼ਮੀਰ, ਪੰਜਾਬ ਅਤੇ ਉੱਤਰੀ ਭਾਰਤ ਵਿੱਚ ਅਸਧਾਰਣ ਬਾਰਿਸ਼ਾਂ ਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ। ਇਹ ਸਿਰਫ਼ ਕੁਦਰਤ ਦਾ ਕਹਿਰ ਨਹੀਂ ਸਗੋਂ ਮਨੁੱਖੀ ਲਾਲਚ ਅਤੇ ਬੇਤਰਤੀਬੀ ਦਾ ਨਤੀਜ਼ਾ ਵੀ ਹੈ। ਗਲੋਬਲ ਵਾਰਮਿੰਗ ਕਾਰਨ ਹਿਮਾਲਿਆਈ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਜਿਸ ਨਾਲ ਨਦੀਆਂ ਦਾ ਪਾਣੀ ਵੱਧ ਰਿਹਾ ਹੈ।
ਮਨੁੱਖ ਲਈ ਚੇਤਾਵਨੀ
ਕੁਦਰਤ ਵਿਰੁੱਧ ਕੀਤੇ ਗਏ ਹਰ ਕਦਮ ਦਾ ਪਰਿਣਾਮ ਮਨੁੱਖਤਾ ਨੂੰ ਭੁਗਤਣਾ ਪੈਂਦਾ ਹੈ। ਅੱਜ ਜਿੱਥੇ ਬੀਮਾਰੀਆਂ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ, ਉੱਥੇ ਹੀ ਖਾਦ ਪਦਾਰਥਾਂ ਦੀ ਕਮੀ, ਪਾਣੀ ਦੀ ਘਾਟ ਅਤੇ ਵਾਤਾਵਰਣੀ ਅਸੰਤੁਲਨ ਵੱਡੀ ਚੁਣੌਤੀ ਬਣ ਕੇ ਮਨੁੱਖਤਾ ਦੇ ਸਨਮੁੱਖ ਖੜ੍ਹੇ ਹਨ।
ਹੱਲ ਅਤੇ ਭਵਿੱਖ ਦੇ ਕਾਰਜ
1. ਵਣਰੋਪਣ: ਜੰਗਲਾਂ ਦੀ ਸੁਰੱਖਿਆ ਤੇ ਨਵੇਂ ਰੁੱਖ ਲਗਾਉਣਾ ਬਾਬਤ ਕਾਨੂੰਨ ਬਣਾਉਣ ਲਈ ਪਹਿਲ।
2. ਨਵੀਕਰਣਯੋਗ ਊਰਜਾ: ਸੂਰਜੀ, ਪੌਣ ਤੇ ਜਲ ਊਰਜਾ ਨੂੰ ਤਰਜ਼ੀਹ ਦੇਣੀ।
3. ਸਥਾਈ ਖੇਤੀਬਾੜੀ: ਰਸਾਇਣਕ ਖਾਦਾਂ ਦੀ ਥਾਂ ਜੈਵਿਕ ਖੇਤੀ ਨੂੰ ਪ੍ਰੋਤਸਾਹਿਤ ਕਰਨਾ।
4. ਜਲ ਸੰਭਾਲ: ਵਰਖਾ ਜਲ ਸੰਭਾਲ, ਪਾਣੀ ਦੀ ਬਰਬਾਦੀ ਰੋਕਣੀ।
5. ਜਾਗਰੂਕਤਾ: ਸਮਾਜ ਵਿੱਚ ਵਾਤਾਵਰਣ ਸੁਰੱਖਿਆ ਲਈ ਸਿੱਖਿਆ ਤੇ ਅਭਿਆਸ ਵਧਾਉਣੇ।
ਮਨੁੱਖ ਨੇ ਆਪਣੇ ਵਿਕਾਸ ਲਈ ਕੁਦਰਤ ਨੂੰ ਹਮੇਸ਼ਾ ਇਕ ਸਰੋਤ ਵਜੋਂ ਵਰਤਿਆ ਹੈ ਪਰ ਹੁਣ ਸਮਾਂ ਆ ਗਿਆ ਹੈ ਕੁਦਰਤ ਨੂੰ ਉਸ ਦਾ ਬਣਦਾ ਮਾਣ ਸਤਿਕਾਰ ਦੇ ਕੇ ਉਸ ਦੀ ਰੱਖਿਆ ਕੀਤੀ ਜਾਵੇ। ਜੇ ਮਨੁੱਖ ਨੇ ਕੁਦਰਤ ਨਾਲ ਖਿਲਵਾੜ ਜਾਰੀ ਰੱਖਿਆ ਤਾਂ ਇਹ ਮਨੁੱਖਤਾ ਲਈ “ਕਾਲ” ਸਾਬਤ ਹੋਵੇਗਾ। ਕੁਦਰਤ ਨਾਲ ਸਾਂਝ ਪਾ ਕੇ ਹੀ ਮਨੁੱਖ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾ ਸਕਦੇ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।