ਜੰਮੂ : ਬੀਤੇ ਦਿਨ ਸਵੇਰੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ। ਜੰਮੂ-ਕਸ਼ਮੀਰ ਵਿੱਚ ਪਿਛਲੇ 3 ਦਿਨਾਂ ਵਿੱਚ ਇਹ ਦੂਜੀ ਵਾਰ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਕਠੂਆ ਜ਼ਿਲ੍ਹੇ ਵਿੱਚ ਸਰਹੱਦ ਨਾਲ ਲੱਗਦੇ ਖੇਤਰ ਵਿੱਚ 3 ਥਾਵਾਂ ’ਤੇ ਬੱਦਲ ਫਟਿਆ। ਬੱਦਲ ਫਟਣ ਕਾਰਨ ਜੋੜ ਘਾਟੀ ਖੇਤਰ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜੋੜ ਤੋਂ ਇਲਾਵਾ, ਮਥਰੇ ਚੱਕ, ਬਾਗੜ-ਚਾਂਗੜਾ ਅਤੇ ਦਿਲਵਾਨ-ਹੁਟਲੀ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। 14 ਅਗਸਤ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਚਸੋਤੀ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ।
ਜ਼ਮੀਨ ਖਿਸਕਣ ਤੋਂ ਬਾਅਦ, ਜੋੜ ਪਿੰਡ ਸ਼ਹਿਰ ਤੋਂ ਕੱਟ ਗਿਆ, ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਬਚਾਅ ਟੀਮ ਪਿੰਡ ਪਹੁੰਚੀ। ਘਰ ਕਈ ਫੁੱਟ ਤੱਕ ਪਾਣੀ ਅਤੇ ਮਲਬੇ ਨਾਲ ਭਰੇ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਠੂਆ ਦੇ ਡਿਪਟੀ ਐਸਪੀ ਰਾਜੇਸ਼ ਸ਼ਰਮਾ ਨੇ ਕਿਹਾ ਜ਼ਮੀਨ ਖਿਸਕਣ ਨਾਲ 2 ਤੋਂ 3 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। 6 ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਜੰਗਲੋਟ ਸਮੇਤ ਰਾਸ਼ਟਰੀ ਰਾਜਮਾਰਗ ’ਤੇ ਕਈ ਥਾਵਾਂ ’ਤੇ ਸੜਕ ਨੂੰ ਨੁਕਸਾਨ ਪਹੁੰਚਿਆ ਹੈ। ਰੇਲਵੇ ਟਰੈਕ ਵੀ ਟੁੱਟ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੀ ਬਾਰਿਸ਼ ਕਾਰਨ ਹੋਈ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਅੱਜ ਸਵੇਰੇ 4 ਵਜੇ ਦੇ ਕਰੀਬ ਕੁੱਲੂ ਦੇ ਟਕੋਲੀ ਵਿੱਚ ਬੱਦਲ ਫਟ ਗਿਆ। ਕੁੱਲੂ ਦੇ ਪਨਾਰਸਾ ਅਤੇ ਨਾਗਵਾਈ ਵਿੱਚ ਅਚਾਨਕ ਹੜ੍ਹ ਆਉਣ ਤੋਂ ਬਾਅਦ ਮਲਬਾ ਚਾਰੇ ਪਾਸੇ ਖਿੰਡਿਆ ਹੋਇਆ ਹੈ।