ਕਦੇ ਕਦੇ ਦਿਲ ਵਿੱਚ ਅਜੀਬ ਜਿਹੇ ਖਿਆਲ ਆਉਂਦੇ ਹਨ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਵਜ੍ਹਾ ਤੋਂ ਇੱਕ ਉਦਾਸੀ ਦੀ ਪਰਤ ਮਨ 'ਤੇ ਛਾ ਜਾਂਦੀ ਹੈ। ਲੱਗਦਾ ਹੈ ਜਿਵੇਂ ਕੋਈ ਪੁਰਾਣੀ ਯਾਦ ਦਰਵਾਜ਼ਾ ਖੜਕਾ ਰਹੀ ਹੋਵੇ ਜਾਂ ਭਵਿੱਖ ਦੀ ਕੋਈ ਅਣਜਾਣੀ ਚਿੰਤਾ ਦਿਲ ਨੂੰ ਪਰੇਸ਼ਾਨ ਕਰ ਰਹੀ ਹੋਵੇ। ਇਹ ਉਹ ਪਲ ਹੁੰਦੇ ਹਨ ਜਦੋਂ ਅਸੀਂ ਆਪਣੀ ਰੋਜ਼ਾਨਾ ਦੀ ਭੱਜ-ਦੌੜ ਤੋਂ ਥੋੜ੍ਹਾ ਜਿਹਾ ਰੁਕ ਕੇ ਆਪਣੇ ਅੰਦਰ ਝਾਤੀ ਮਾਰਦੇ ਹਾਂ।
ਇਹ ਖਿਆਲ ਕਿਸੇ ਪੁਰਾਣੇ ਦੋਸਤ ਦੀ ਯਾਦ ਹੋ ਸਕਦੀ ਹੈ, ਜਿਸ ਨਾਲ ਸਮੇਂ ਦੀ ਧੂੜ ਨੇ ਸੰਪਰਕ ਨੂੰ ਧੁੰਦਲਾ ਕਰ ਦਿੱਤਾ ਹੈ। ਇਹ ਕਿਸੇ ਗੁਜ਼ਰੇ ਹੋਏ ਪਿਆਰ ਦੀ ਮਿੱਠੀ ਜਿਹੀ ਟੀਸ ਹੋ ਸਕਦੀ ਹੈ ਜੋ ਅੱਜ ਵੀ ਦਿਲ ਦੇ ਕਿਸੇ ਕੋਨੇ ਵਿੱਚ ਦੱਬੀ ਬੈਠੀ ਹੈ। ਕਦੇ ਇਹ ਖਿਆਲ ਕਿਸੇ ਅਧੂਰੇ ਸੁਪਨੇ ਦਾ ਹੋ ਸਕਦਾ ਹੈ ਜੋ ਅੱਜ ਵੀ ਸਾਡੀਆਂ ਰਾਤਾਂ ਵਿੱਚ ਆ ਕੇ ਸਾਨੂੰ ਜਗਾਉਂਦਾ ਹੈ।
ਜ਼ਿੰਦਗੀ ਇੱਕ ਨਦੀ ਦੀ ਤਰ੍ਹਾਂ ਵਹਿੰਦੀ ਰਹਿੰਦੀ ਹੈ। ਅਸੀਂ ਇਸ ਦੇ ਵਹਾਅ ਵਿੱਚ ਅੱਗੇ ਵਧਦੇ ਜਾਂਦੇ ਹਾਂ ਅਤੇ ਕਈ ਚੀਜ਼ਾਂ ਨੂੰ ਪਿੱਛੇ ਛੱਡ ਜਾਂਦੇ ਹਾਂ। ਪਰ ਕਦੇ ਕਦੇ ਇਹ ਪਿੱਛੇ ਛੱਡੀਆਂ ਚੀਜ਼ਾਂ ਖਿਆਲਾਂ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਖੜ੍ਹੀਆਂ ਹੁੰਦੀਆਂ ਹਨ। ਇਹ ਖਿਆਲ ਸਾਨੂੰ ਦੱਸਦੇ ਹਨ ਕਿ ਅਸੀਂ ਕਿੱਥੋਂ ਆਏ ਹਾਂ, ਅਸੀਂ ਕੀ ਗੁਆਇਆ ਹੈ ਅਤੇ ਅਸੀਂ ਕੀ ਬਣ ਗਏ ਹਾਂ।
ਇਨ੍ਹਾਂ ਖਿਆਲਾਂ ਵਿੱਚ ਇੱਕ ਤਰ੍ਹਾਂ ਦੀ ਮਿਠਾਸ ਵੀ ਹੁੰਦੀ ਹੈ ਅਤੇ ਇੱਕ ਤਰ੍ਹਾਂ ਦਾ ਦਰਦ ਵੀ। ਮਿਠਾਸ ਇਸ ਗੱਲ ਦੀ ਕਿ ਕਦੇ ਉਹ ਪਲ ਸਾਡੀ ਜ਼ਿੰਦਗੀ ਦਾ ਹਿੱਸਾ ਸਨ ਅਤੇ ਦਰਦ ਇਸ ਗੱਲ ਦਾ ਕਿ ਉਹ ਹੁਣ ਸਿਰਫ਼ ਯਾਦਾਂ ਬਣ ਕੇ ਰਹਿ ਗਏ ਹਨ। ਪਰ ਇਹ ਖਿਆਲ ਸਾਨੂੰ ਜਿਊਣ ਦਾ ਇੱਕ ਨਵਾਂ ਢੰਗ ਵੀ ਸਿਖਾਉਂਦੇ ਹਨ। ਇਹ ਸਾਨੂੰ ਦੱਸਦੇ ਹਨ ਕਿ ਜ਼ਿੰਦਗੀ ਵਿੱਚ ਤਬਦੀਲੀ ਆਉਣੀ ਲਾਜ਼ਮੀ ਹੈ, ਅਤੇ ਸਾਨੂੰ ਇਸ ਤਬਦੀਲੀ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ।
ਕਦੇ ਕਦੇ ਦਿਲ ਵਿੱਚ ਖਿਆਲ ਆਉਂਦਾ ਹੈ ਕਿ ਕੀ ਅਸੀਂ ਸਹੀ ਰਸਤੇ 'ਤੇ ਜਾ ਰਹੇ ਹਾਂ? ਕੀ ਅਸੀਂ ਆਪਣੀ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਜੀਅ ਰਹੇ ਹਾਂ, ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ? ਇਹ ਉਹ ਸਵਾਲ ਹਨ ਜੋ ਸਾਨੂੰ ਆਪਣੇ ਆਪ ਨਾਲ ਪੁੱਛਣੇ ਚਾਹੀਦੇ ਹਨ। ਇਹ ਖਿਆਲ ਸਾਨੂੰ ਆਪਣੀਆਂ ਤਰਜੀਹਾਂ 'ਤੇ ਮੁੜ ਵਿਚਾਰ ਕਰਨ ਦਾ ਮੌਕਾ ਦਿੰਦੇ ਹਨ।
ਇਨ੍ਹਾਂ ਖਿਆਲਾਂ ਤੋਂ ਭੱਜਣਾ ਨਹੀਂ ਚਾਹੀਦਾ। ਸਗੋਂ ਇਨ੍ਹਾਂ ਨੂੰ ਸ਼ਾਂਤੀ ਨਾਲ ਸੁਣਨਾ ਚਾਹੀਦਾ ਹੈ। ਇਹ ਖਿਆਲ ਸਾਡੇ ਅੰਦਰਲੇ ਮਨ ਦੀ ਆਵਾਜ਼ ਹਨ, ਜੋ ਸਾਨੂੰ ਕੁਝ ਕਹਿਣਾ ਚਾਹੁੰਦੇ ਹਨ। ਇਹ ਖਿਆਲ ਸਾਨੂੰ ਜ਼ਿੰਦਗੀ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਵਿੱਚ ਮਦਦ ਕਰ ਸਕਦੇ ਹਨ।
ਤਾਂ, ਜਦੋਂ ਕਦੇ ਤੁਹਾਡੇ ਦਿਲ ਵਿੱਚ ਵੀ ਕੋਈ ਅਜਿਹਾ ਖਿਆਲ ਆਵੇ, ਤਾਂ ਉਸ ਨੂੰ ਅਣਸੁਣਿਆ ਨਾ ਕਰੋ। ਥੋੜ੍ਹਾ ਸਮਾਂ ਕੱਢ ਕੇ ਉਸ ਬਾਰੇ ਸੋਚੋ। ਸ਼ਾਇਦ ਉਸ ਖਿਆਲ ਵਿੱਚ ਤੁਹਾਡੀ ਜ਼ਿੰਦਗੀ ਦਾ ਕੋਈ ਅਹਿਮ ਸੱਚ ਛੁਪਿਆ ਹੋਵੇ। ਕਦੇ ਕਦੇ ਦਿਲ ਵਿੱਚ ਆਉਣ ਵਾਲੇ ਇਹ ਖਿਆਲ ਹੀ ਸਾਨੂੰ ਅਸਲ ਵਿੱਚ ਆਪਣੇ ਆਪ ਨਾਲ ਜੋੜਦੇ ਹਨ।
ਚਾਨਣਦੀਪ ਸਿੰਘ ਔਲਖ,
ਪਿੰਡ ਗੁਰਨੇ ਖ਼ੁਰਦ (ਮਾਨਸਾ),
ਸੰਪਰਕ 9876888177