ਅੱਜ ਦੇ ਯੁੱਗ ਵਿੱਚ ਜਿੱਥੇ ਪੈਸਾ, ਐਸ਼ੋ-ਅਰਾਮ ਅਤੇ ਵਾਹਵਾਹੀ ਨੂੰ ਹੀ ਅਸਲ ਅਮੀਰਤਾ ਦਾ ਮਾਪਦੰਡ ਮੰਨ ਲਿਆ ਗਿਆ ਹੈ ਉੱਥੇ ਅਸਲ ਵਿੱਚ ਅਮੀਰ ਇਨਸਾਨ ਕੌਣ ਹੈ, ਇਹ ਗੱਲ ਸੋਚਣ ਯੋਗ ਹੈ। ਅਕਸਰ ਜਦੋਂ ਅਸੀਂ ਕਿਸੇ ਅਮੀਰ ਵਿਅਕਤੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਸ ਦੀ ਜਾਇਦਾਦ, ਬੈਂਕ ਬੈਲੈਂਸ, ਕਾਰਾਂ, ਕੋਠੀਆਂ ਜਾਂ ਵਪਾਰ ਦੀ ਗੱਲ ਕਰਦੇ ਹਾਂ। ਪਰ ਅਸੀਂ ਕਦੇ ਨਹੀਂ ਸੋਚਦੇ ਕਿ ਇਹ ਸਭ ਚੀਜ਼ਾਂ ਤਤਕਾਲੀ ਹਨ, ਇਹ ਸਦਾ ਨਾਲ ਨਹੀਂ ਰਹਿਣੀਆਂ। ਜਦੋਂ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ, ਤਾਂ ਇਹ ਸਭ ਕੁਝ ਇਥੇ ਹੀ ਰਹਿ ਜਾਂਦਾ ਹੈ। ਜਿਸਦਾ ਉਹ ਮਾਲਕ ਹੁੰਦਾ ਹੈ, ਉਹੀ ਇਹ ਸਭ ਛੱਡ ਕੇ ਖਾਲੀ ਹੱਥ ਜਾਂਦਾ ਹੈ। ਅਸਲ ਅਮੀਰਤਾ ਉਹ ਹੈ ਜੋ ਇਨਸਾਨ ਨਾਲ ਉਸਦੇ ਅੰਤ ਤੱਕ ਰਹੇ। ਅਜਿਹਾ ਕੀ ਹੋ ਸਕਦਾ ਹੈ? ਸੰਸਕਾਰ, ਪਿਆਰ, ਇੱਜ਼ਤ, ਸਤਿਕਾਰ, ਅਤੇ ਸਭ ਤੋਂ ਵੱਡੀ ਗੱਲ, ਆਪਣੇ ਪਰਿਵਾਰ ਦੀ ਖੁਸ਼ੀ ਹੈ। ਜਿਸ ਇਨਸਾਨ ਦੇ ਬੱਚੇ ਸੰਸਕਾਰੀ ਹਨ, ਉਹ ਇਨਸਾਨ ਅਸਲ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ।
ਅੱਜ ਦੇ ਸਮੇਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਟੈਕਨੋਲੋਜੀ ਦੀ ਤਰੱਕੀ ਨੇ ਇਨਸਾਨ ਨੂੰ ਕਈ ਖੇਤਰਾਂ ’ਚ ਅੱਗੇ ਵਧਾ ਦਿੱਤਾ ਹੈ, ਪਰ ਇਹ ਤਰੱਕੀ ਇੱਕ ਅਜਿਹਾ ਦਿਸ਼ਾ ਵੀ ਲੈ ਰਹੀ ਹੈ ਜਿੱਥੇ ਰਿਸ਼ਤੇ, ਭਾਵਨਾ ਅਤੇ ਮਾਨਵਤਾ ਪਿੱਛੇ ਛੁੱਟ ਰਹੀ ਹੈ। ਬੱਚੇ ਜੋ ਪਹਿਲਾਂ ਮਾਂ ਬਾਪ ਦੇ ਨਾਲ ਹਰ ਗੱਲ ਸਾਂਝੀ ਕਰਦੇ ਸਨ, ਹੁਣ ਉਹ ਆਪਣੇ ਮੋਬਾਈਲ, ਟੈਬਲੇਟ ਜਾਂ ਕੰਪਿਊਟਰ ਵਿੱਚ ਮਸਤ ਹਨ। ਸੋਸ਼ਲ ਮੀਡੀਆ ਨੇ ਉਹਨਾਂ ਨੂੰ ਅਜਿਹੀ ਦੁਨੀਆ ਵਿੱਚ ਧੱਕ ਦਿੱਤਾ ਹੈ ਜਿੱਥੇ ਉਨ੍ਹਾਂ ਨੂੰ ਰਿਸ਼ਤਿਆਂ ਦੀ ਲੋੜ ਮਹਿਸੂਸ ਨਹੀਂ ਹੁੰਦੀ। ਇਸ ਦੇ ਨਤੀਜੇ ਵਜੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਮਾਂ-ਬਾਪ ਅੱਜ ਆਪਣੇ ਬੁੱਢਾਪੇ ਵਿੱਚ ਇੱਕਲੇ ਹੋ ਚੁੱਕੇ ਹਨ। ਉਹਨਾਂ ਦੇ ਬੱਚੇ ਆਪਣੇ ਕਾਰੋਬਾਰ ਜਾਂ ਨੌਕਰੀਆਂ ਵਿੱਚ ਲੱਗੇ ਹੋਏ ਹਨ, ਪਰ ਉਹਨਾਂ ਕੋਲ ਆਪਣੇ ਮਾਂ-ਬਾਪ ਲਈ ਸਮਾਂ ਨਹੀਂ ਹੈ। ਮਾਂ-ਬਾਪ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਹਰੇਕ ਪਲ ਬੱਚਿਆਂ ਲਈ ਗੁਜ਼ਾਰ ਦਿੱਤੇ, ਅੱਜ ਉਹ ਉਨ੍ਹਾਂ ਦੀ ਇਕ ਝਲਕ ਨੂੰ ਤਰੱਸ ਰਹੇ ਹਨ। ਰੇਮੰਡ ਕੰਪਨੀ ਦੇ ਮਾਲਿਕ ਵਿਜੇਪਤ ਸਿੰਘਾਨੀਆ ਦੀ ਕਹਾਣੀ ਇੱਕ ਦਿਲ ਦਹਿਲਾ ਦੇਣ ਵਾਲੀ ਸੱਚਾਈ ਹੈ। ਵਿਜੇਪਤ ਸਿੰਘਾਨੀਆ, ਜਿਨ੍ਹਾਂ ਨੇ ਆਪਣੀ ਪੂਰੀ ਉਮਰ ਰੇਮੰਡ ਇੰਡੀਸਟਰੀਜ਼ ਨੂੰ ਚਮਕਾਉਣ ਵਿੱਚ ਲਗਾ ਦਿੱਤੀ, ਜਦੋਂ ਉਮਰ ਦੇ ਅਖੀਰਲੇ ਪੜਾਅ 'ਚ ਪਹੁੰਚੇ ਤਾਂ ਆਪਣੇ ਹੀ ਪੁੱਤਰ ਗੌਤਮ ਸਿੰਘਾਨੀਆ ਨੇ ਉਨ੍ਹਾਂ ਤੋਂ ਕੰਪਨੀ ਦੀ ਮਾਲਕੀ ਲੈ ਲਈ ਅਤੇ ਉਨ੍ਹਾਂ ਨੂੰ ਘਰੋਂ ਵੀ ਕੱਢ ਦਿੱਤਾ। ਇਹ ਕਹਾਣੀ ਸਿਰਫ ਇਕ ਕਾਰਪੋਰੇਟ ਘਟਨਾ ਨਹੀਂ, ਬਲਕਿ ਇਹ ਸਮਾਜਕ ਅਤੇ ਨੈਤਿਕ ਸਰੀਰੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਹੈ। ਇਕ ਪਿਤਾ, ਜਿਸ ਨੇ ਆਪਣੀ ਔਲਾਦ ਦੀ ਖਾਤਰ ਆਪਣੇ ਪਰਿਵਾਰਿਕ ਅਤੇ ਵਿਅਕਤੀਗਤ ਸੁਖਾਂ ਦੀ ਕੁਰਬਾਨੀ ਦਿੱਤੀ, ਅੰਤ ਵਿੱਚ ਉਸੇ ਦੀ ਔਲਾਦ ਨੇ ਉਸ ਨੂੰ ਹੀ ਘਰੋਂ ਵੀ ਕੱਢ ਦਿੱਤਾ।
ਪਰ ਅਜੇ ਵੀ ਅਜਿਹੇ ਮਾਪੇ ਹਨ, ਜਿਨ੍ਹਾਂ ਦੇ ਬੱਚੇ ਅੱਜ ਵੀ ਉਹਨਾਂ ਨੂੰ ਅਤੇ ਰਿਸ਼ਤਿਆਂ ਨੂੰ ਪਹਿਲ ਦਿੰਦੇ ਹਨ। ਉਹ ਬੱਚੇ ਜੋ ਰੋਜ਼ ਆਪਣੇ ਮਾਂ-ਬਾਪ ਦੀ ਖੈਰ-ਖ਼ਬਰ ਲੈਂਦੇ ਹਨ, ਉਹਨਾਂ ਨਾਲ ਬੈਠ ਕੇ ਚਾਹ ਪੀਂਦੇ ਹਨ, ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ, ਨਸ਼ਾ-ਮੁਕਤ ਅਤੇ ਬੁਰੀ ਸੰਗਤ ਤੋਂ ਮੁਕਤ ਜਿੰਦਗੀ ਜਿਉਂਦੇ ਹਨ, ਉਹ ਅਸਲ ਸੰਸਕਾਰੀ ਬੱਚੇ ਹਨ। ਉਹ ਮਾਪੇ ਜੋ ਅਜੇ ਵੀ ਆਪਣੇ ਬੱਚਿਆਂ ਦੀ ਉੱਤਮ ਪਰਵਿਰਤੀ ਤੇ ਇੱਜ਼ਤ ਦੇ ਕਾਰਨ ਲੋਕਾਂ ਦੀਆਂ ਨਜ਼ਰਾਂ ਵਿੱਚ ਮਾਣ ਪਾਉਂਦੇ ਹਨ, ਉਹ ਅਸਲ ਵਿੱਚ ਅੱਜ ਦੇ ਸਮੇਂ ਦੇ ਸਭ ਤੋਂ ਅਮੀਰ ਇਨਸਾਨ ਹਨ। ਪੈਸਾ ਇਕ ਸੀਮਾ ਤਕ ਅਰਥਪੂਰਨ ਹੈ। ਇਹ ਰੋਟੀ, ਕਪੜਾ, ਰਹਿਣ ਦਾ ਥਾਂ ਤੇ ਬਹੁਤ ਕੁਝ ਦਿੰਦਾ ਹੈ, ਪਰ ਇਹ ਨਾ ਤਾਂ ਇੱਜ਼ਤ ਖਰੀਦ ਸਕਦਾ ਹੈ, ਨਾ ਪਿਆਰ ਅਤੇ ਨਾ ਹੀ ਅਸਲ ਖੁਸ਼ੀ ਖਰੀਦ ਸਕਦਾ ਹੈ। ਇਨਸਾਨ ਨੂੰ ਜਿਸ ਖੁਸ਼ੀ ਦੀ ਲੋੜ ਹੁੰਦੀ ਹੈ, ਉਹ ਖੁਸ਼ੀ ਉਸਦੇ ਘਰ ਤੋਂ, ਪਰਿਵਾਰ ਤੋਂ, ਬੱਚਿਆਂ ਦੀ ਪ੍ਰਗਟ ਭਾਵਨਾ ਤੋਂ ਆਉਂਦੀ ਹੈ। ਜੇ ਇਕ ਮਾਂ-ਬਾਪ ਦੇ ਬੱਚੇ ਸੱਚੇ ਦਿਲੋਂ ਉਨ੍ਹਾਂ ਦੀ ਇੱਜ਼ਤ ਕਰਦੇ ਹਨ, ਉਨ੍ਹਾਂ ਦੀ ਪਰਵਾਹ ਕਰਦੇ ਹਨ, ਉਨ੍ਹਾਂ ਦੇ ਦੁੱਖ-ਸੁਖ ਵਿੱਚ ਉਨ੍ਹਾਂ ਦੇ ਨਾਲ ਖੜੇ ਰਹਿੰਦੇ ਹਨ, ਤਾਂ ਉਹ ਮਾਪੇ ਦੁਨੀਆ ਦੇ ਕਿਸੇ ਵੀ ਅਮੀਰ ਵਿਅਕਤੀ ਨਾਲ ਤੁਲਨਾ ਕਰ ਸਕਦੇ ਹਨ।
ਅੱਜ ਦੀ ਜਵਾਨੀ ਜਿੱਥੇ ਪੈਸੇ ਪਿੱਛੇ ਭੱਜਣ ਵਿੱਚ ਮਾਣ ਮਹਿਸੂਸ ਕਰਦੀ ਹੈ, ਉੱਥੇ ਉਹ ਮਾਂ-ਬਾਪ ਦੇ ਸੰਸਕਾਰਾਂ ਨੂੰ ਭੁੱਲ ਜਾਂਦੀ ਹੈ। ਮਾਪਿਆਂ ਦੇ ਦਿੱਤੇ ਸੰਸਕਾਰਾਂ ਅਤੇ ਰਿਸ਼ਤਿਆਂ ਨੂੰ ਜਿੰਦਗੀ ਦਾ ਹਿੱਸਾ ਬਣਾਉਣਾ ਹੀ ਅਸਲ ਅਮੀਰਤਾ ਹੈ। ਜੇਕਰ ਇਕ ਇਨਸਾਨ ਕੋਲ ਕਰੋੜਾਂ ਦੀ ਜਾਇਦਾਦ ਹੋਵੇ, ਪਰ ਉਸਦੀ ਔਲਾਦ ਉਸਦੇ ਨਾਲ ਗੱਲ ਨਾ ਕਰਦੀ ਹੋਵੇ, ਉਸਦੀ ਪਰਵਾਹ ਨਾ ਕਰਦੀ ਹੋਵੇ, ਤਾਂ ਉਹ ਪੈਸਾ ਉਸਨੂੰ ਰਾਤ ਨੂੰ ਸੋਣ ਨਹੀਂ ਦੇਵੇਗਾ। ਕਈ ਵਾਰ ਅਸੀਂ ਅਜਿਹੇ ਲੋਕਾਂ ਨੂੰ ਵੇਖਦੇ ਹਾਂ ਜੋ ਆਪਣੀ ਉਮਰ ਦੇ ਅਖੀਰਲੇ ਪੜਾਅ ’ਚ ਓਲਡ ਏਜ ਹੋਮ ਵਿੱਚ ਰਹਿ ਰਹੇ ਹੁੰਦੇ ਹਨ। ਉਹਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਵਸਦੇ ਹਨ, ਦਸ-ਦਸ ਸਾਲ ਮਿਲਦੇ ਵੀ ਨਹੀਂ ਹਨ। ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਸਿਰਫ਼ ਕਾਗਜ਼ਾਂ ਅਤੇ ਰਸਮਾਂ ਲਈ ਹੀ ਉਨ੍ਹਾਂ ਦੇ ਬੱਚੇ ਆਉਂਦੇ ਹਨ। ਇਹ ਦਰਦਨਾਕ ਸੱਚਾਈ ਹੈ ਜੋ ਅੱਜ ਦੇ ਸਮੇਂ ਦੀ ਅਸਲ ਤਸਵੀਰ ਪੇਸ਼ ਕਰਦੀ ਹੈ।
ਇਸ ਤਸਵੀਰ ਤੋਂ ਉਲਟ, ਉਹ ਮਾਪੇ ਜੋ ਆਪਣੇ ਬੱਚਿਆਂ ਨਾਲ ਹਰ ਰੋਜ਼ ਖੁਸ਼ੀਆਂ ਵੰਡਦੇ ਹਨ, ਉਨ੍ਹਾਂ ਨੂੰ ਚੰਗੇ ਕੰਮਾਂ ਵਿੱਚ ਅੱਗੇ ਵਧਦੇ ਵੇਖਦੇ ਹਨ, ਉਨ੍ਹਾਂ ਦੀ ਮਿਹਨਤ ਦੇ ਨਤੀਜੇ ਵਜੋਂ ਸੰਸਕਾਰਪੂਰਨ ਜੀਵਨ ਜੀਉਂਦੇ ਹਨ, ਉਹ ਅਸਲ ਵਿੱਚ ਅੱਜ ਦੇ ਸਮੇਂ ਦੇ ਸਭ ਤੋਂ ਅਮੀਰ ਇਨਸਾਨ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ "ਅੱਜ ਸਭ ਤੋਂ ਅਮੀਰ ਇਨਸਾਨ" ਉਹ ਨਹੀਂ ਜਿਸ ਕੋਲ ਬੇਹਿਸਾਬ ਧੰਨ ਹੋਵੇ, ਬਲਕਿ ਉਹ ਇਨਸਾਨ ਹੈ ਜਿਸ ਦੇ ਬੱਚੇ ਕੋਲ ਮਾਂ-ਬਾਪ ਦੇ ਦਿੱਤੇ ਅਨਮੋਲ ਸੰਸਕਾਰ ਹੋਣ। ਜਿਹੜਾ ਆਪਣੇ ਪਰਿਵਾਰ ਨੂੰ ਪਿਆਰ, ਸਤਿਕਾਰ ਅਤੇ ਇੱਜ਼ਤ ਦੇ ਰਾਹੀਂ ਜੋੜ ਕੇ ਰੱਖਦਾ ਹੈ, ਜੋ ਮਾਂ-ਬਾਪ ਦੇ ਦਿੱਤੇ ਸੰਸਕਾਰਾਂ ਅਤੇ ਰਿਸ਼ਤਿਆਂ ਨੂੰ ਲੈ ਕੇ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰਦਾ ਹੈ, ਉਹੀ ਮਾਂ-ਬਾਪ ਅਸਲ ਅਮੀਰ ਹੈ। ਕਿਉਂਕਿ ਇਹ ਅਮੀਰਤਾ ਕਦੇ ਖਤਮ ਨਹੀਂ ਹੁੰਦੀ, ਇਹ ਸਦਾ ਨਾਲ ਰਹਿੰਦੀ ਹੈ। ਮਾਪਿਆਂ ਨੂੰ ਆਪਣੀ ਔਲਾਦ ਦੇ ਭਵਿੱਖ ਲਈ ਸਿਰਫ ਸੰਪੱਤੀ ਨਹੀਂ, ਸਗੋਂ ਸੰਸਕਾਰ ਅਤੇ ਚਰਿੱਤਰ ਦੀ ਵਿਰਾਸਤ ਛੱਡਣੀ ਚਾਹੀਦੀ ਹੈ। ਸਾਨੂੰ ਮਾਪਿਆਂ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਸਮਾਜ ਵਿੱਚ ਜਿਸ ਮਾਂ-ਬਾਪ ਦੇ ਬੱਚੇ ਸੰਸਕਾਰੀ ਅਤੇ ਰਿਸ਼ਤਿਆਂ ਵਿੱਚ ਵਿਸ਼ਵਾਸ ਰੱਖਦੇ ਹੋਏ ਆਪਣੀ ਤਰੱਕੀ ਨੂੰ ਪਾਉਣਾ ਜਾਣਦੇ ਹੋਣ, ਉਹ ਮਾਂ-ਬਾਪ ਅਸਲ ਵਿੱਚ ਅੱਜ ਦੇ ਸਮੇਂ ਦੇ ਸਭ ਤੋਂ ਅਮੀਰ ਇਨਸਾਨ ਹਨ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ