ਪ੍ਰੈੱਸ ਜਾਂ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਇਹ ਉਹ ਥੰਮ ਹੈ ਜੋ ਲੋਕਾਂ ਨੂੰ ਨਾ ਸਿਰਫ਼ ਸਰਕਾਰ ਅਤੇ ਵਿਵਸਥਾ ਦੇ ਕੰਮਕਾਜ ਬਾਰੇ ਜਾਣੂ ਕਰਵਾਉਂਦਾ ਹੈ, ਸਗੋਂ ਸਮਾਜ ਵਿੱਚ ਚਲ ਰਹੀਆਂ ਹਰੇਕ ਤਰ੍ਹਾਂ ਦੀਆਂ ਗਤੀਵਿਧੀਆਂ ਉਤੇ ਰੋਸ਼ਨੀ ਪਾ ਕੇ ਲੋਕ ਚੇਤਨਾ ਨੂੰ ਜਗਾਉਣ ਵਿੱਚ ਵੀ ਭੂਮਿਕਾ ਨਿਭਾਂਦਾ ਹੈ। ਇਨ੍ਹਾਂ ਹੀ ਕਾਰਨਾਂ ਕਰਕੇ ਹਰੇਕ ਦੇਸ਼ ਵਿੱਚ ਪ੍ਰੈੱਸ ਦੀ ਆਜ਼ਾਦੀ ਨੂੰ ਵੱਡੀ ਅਹਿਮੀਅਤ ਦਿੱਤੀ ਜਾਂਦੀ ਹੈ। ਹਰ ਸਾਲ 3 ਮਈ ਨੂੰ ਦੁਨੀਆ ਭਰ ਵਿੱਚ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਮੀਡੀਆ ਦੀ ਆਜ਼ਾਦੀ, ਪੱਤਰਕਾਰਾਂ ਦੀ ਸੁਰੱਖਿਆ ਅਤੇ ਨਿਰਪੱਖ ਪੱਤਰਕਾਰਤਾ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾਵੇ। ਇਹ ਦਿਨ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੇਸਕੋ ਵੱਲੋਂ 1993 ਵਿੱਚ ਘੋਸ਼ਿਤ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ 1991 ਵਿੱਚ ਅਫਰੀਕੀ ਦੇਸ਼ ਨਮੀਬੀਆ ਦੀ ਰਾਜਧਾਨੀ ਵਿੰਡਹੋਕ ਵਿੱਚ ਹੋਈ ਇੱਕ ਸੰਮੇਲਨ ਤੋਂ ਹੋਈ ਸੀ ਜਿਸ ਵਿੱਚ ਪੱਤਰਕਾਰਾਂ ਨੇ ਮੀਡੀਆ ਦੀ ਆਜ਼ਾਦੀ ਅਤੇ ਜ਼ਿੰਮੇਵਾਰ ਪੱਤਰਕਾਰਤਾ ਬਾਰੇ ਚਰਚਾ ਕੀਤੀ। ਉਸ ਸੰਮੇਲਨ ਤੋਂ ਜਾਰੀ ਹੋਈ "ਵਿੰਡਹੋਕ ਘੋਸ਼ਣਾ" ਨੇ ਦੁਨੀਆ ਭਰ ਵਿੱਚ ਪੱਤਰਕਾਰਤਾ ਦੀ ਆਜ਼ਾਦੀ ਅਤੇ ਸੁਰੱਖਿਆ ਦੇ ਹੱਕ ਵਿੱਚ ਆਵਾਜ਼ ਉਠਾਈ। ਉਸ ਤੋਂ ਬਾਅਦ ਹਰ ਸਾਲ 3 ਮਈ ਨੂੰ ਵਿਸ਼ਵ ਪੱਧਰ 'ਤੇ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।
ਪੱਤਰਕਾਰਤਾ ਦਾ ਅਸਲ ਮਕਸਦ ਸੱਚ ਨੂੰ ਉਜਾਗਰ ਕਰਨਾ, ਗਲਤ ਨੀਤੀਆਂ ਨੂੰ ਬੇਨਕਾਬ ਕਰਨਾ ਅਤੇ ਲੋਕਾਂ ਤੱਕ ਨਿਰਪੱਖ ਜਾਣਕਾਰੀ ਪਹੁੰਚਾਉਣਾ ਹੋਣਾ ਚਾਹੀਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਇਹ ਚੌਥਾ ਥੰਮ ਆਪਣੇ ਅਸਲੀ ਰੂਪ ਤੋਂ ਦੂਰ ਹੋ ਰਿਹਾ ਹੈ। ਪੱਤਰਕਾਰਤਾ ਦਾ ਮੂਲ ਉਦੇਸ਼ ਅੱਜ ਪਿੱਛੇ ਛੁੱਟ ਰਿਹਾ ਹੈ ਤੇ ਪੀਲੀ ਪੱਤਰਕਾਰਤਾ ਨੇ ਆਪਣੇ ਪੈਰਾਂ ਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਨਿਰਪੱਖ ਅਤੇ ਸੋਚ ਸਮਝ ਕੇ ਚਲਾਈ ਜਾਣ ਵਾਲੀ ਪੱਤਰਕਾਰਤਾ ਦੀ ਲੋੜ ਸੀ, ਓਥੇ ਅੱਜ ਅਣਪੜ੍ਹੇ, ਅਣਅਨੁਭਵੀ ਅਤੇ ਵਿਦਿਅਕ ਯੋਗਤਾ ਤੋਂ ਰਹਿਤ ਲੋਕ ਵੀ ਕਲਮ ਜਾਂ ਮਾਈਕ ਫੜ ਕੇ ਪੱਤਰਕਾਰ ਬਣੇ ਫਿਰ ਰਹੇ ਹਨ। ਇਹ ਨਵੇਂ ਸਵੈ-ਘੋਸ਼ਿਤ ਪੱਤਰਕਾਰ ਅਕਸਰ ਸਿਰਫ਼ ਵਾਇਰਲ ਹੋਣ ਜਾਂ ਆਪਣੇ ਨਫੇ ਲਈ ਕੰਮ ਕਰਦੇ ਹਨ। ਇਹ ਲੋਕ ਪੱਤਰਕਾਰਤਾ ਨੂੰ ਇੱਕ ਆਦਰਸ਼ ਪੇਸ਼ਾ ਸਮਝਣ ਦੀ ਬਜਾਏ ਇੱਕ ਚਲਾਕੀ ਭਰੀ ਚਾਲ ਜਾਂ ਧੰਧਾ ਸਮਝਦੇ ਹਨ। ਨਤੀਜੇ ਵਜੋਂ ਜੋ ਲੋਕ ਪੂਰੀ ਤਿਆਰੀ ਅਤੇ ਵਿਦਿਅਕ ਯੋਗਤਾ ਨਾਲ ਇਸ ਖੇਤਰ ਵਿੱਚ ਆਏ ਹਨ, ਉਹਨਾਂ ਦੀ ਵੀ ਇਮਾਨਦਾਰੀ ਤੇ ਨਿਰਪੱਖਤਾ ਤੇ ਸਵਾਲ ਉਠਣ ਲੱਗ ਪਏ ਹਨ। ਅੱਜ ਅਸਲ ਅਤੇ ਝੂਠ, ਨਿਰਪੱਖਤਾ ਅਤੇ ਪੱਖਪਾਤ ਵਿੱਚ ਅੰਤਰ ਕਰਨਾ ਆਮ ਪਾਠਕ ਲਈ ਮੁਸ਼ਕਿਲ ਹੋ ਗਿਆ ਹੈ।
ਇਸ ਦੇ ਨਾਲ ਹੀ, ਪੱਤਰਕਾਰਤਾ ਅੱਜ ਦੋ ਧੜਿਆਂ ਵਿੱਚ ਵੰਡ ਹੋ ਗਈ ਹੈ। ਇੱਕ ਧੜਾ ਸਰਕਾਰਾਂ ਦੇ ਹੱਕ ਵਿੱਚ ਕੰਮ ਕਰ ਰਿਹਾ ਹੈ, ਜਿਥੇ ਹਕੀਕਤ ਨੂੰ ਛੁਪਾ ਕੇ ਕੇਵਲ ਸਰਕਾਰੀ ਪ੍ਰਚਾਰ ਕੀਤਾ ਜਾਂਦਾ ਹੈ। ਦੂਜਾ ਧੜਾ ਵਿਰੋਧੀ ਧਿਰ ਨਾਲ ਜੁੜ ਕੇ ਕੇਵਲ ਵਿਰੋਧ ਲਈ ਵਿਰੋਧ ਕਰ ਰਿਹਾ ਹੈ। ਦੋਹਾਂ ਹੀ ਹਾਲਤਾਂ ਵਿੱਚ ਸਮਾਜ ਨੂੰ ਨੁਕਸਾਨ ਪਹੁੰਚ ਰਿਹਾ ਹੈ। ਅਜਿਹੀ ਪੱਤਰਕਾਰਤਾ ਜੋ ਸਿਰਫ਼ ਕਿਸੇ ਵਿਸ਼ੇਸ਼ ਹਿੱਤ ਦੇ ਤਹਿਤ ਕੀਤੀ ਜਾਵੇ, ਉਹ ਕਦੇ ਵੀ ਚੰਗੀ ਸੇਧ ਨਹੀਂ ਦੇ ਸਕਦੀ। ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਲੋਕਾਂ ਵਿੱਚ ਵਿਭਾਜਨ ਪੈਦਾ ਹੁੰਦਾ ਹੈ ਅਤੇ ਲੋਕਤੰਤਰ ਦੀ ਜੜ੍ਹ ਹਿੱਲਦੀ ਹੈ। ਪ੍ਰੈੱਸ ਆਜ਼ਾਦੀ ਦਿਵਸ ਮਨਾਉਣ ਦਾ ਅਸਲ ਮਕਸਦ ਇਹ ਸੀ ਕਿ ਪੱਤਰਕਾਰਤਾ ਨੂੰ ਇੱਕ ਅਜਿਹੀ ਆਜ਼ਾਦੀ ਮਿਲੇ ਜੋ ਕਿਸੇ ਵੀ ਰੂਪ ਵਿੱਚ ਰਾਜਨੀਤਿਕ ਜਾਂ ਆਰਥਿਕ ਦਬਾਅ ਤੋਂ ਆਜ਼ਾਦ ਹੋਵੇ। ਜਿੱਥੇ ਪੱਤਰਕਾਰ ਦਲੇਰ ਹੋ ਕੇ ਸੱਚ ਲਿਖਣ ਅਤੇ ਦੱਸਣ ਦਾ ਜਜ਼ਬਾ ਰੱਖਦੇ ਹੋਣ। ਪਰ ਅੱਜ ਦੀ ਹਕੀਕਤ ਵੱਖਰੀ ਹੈ। ਪੱਤਰਕਾਰਾਂ ਨੂੰ ਆਪਣੇ ਕੰਮ ਲਈ ਸਿਰਫ਼ ਆਲੋਚਨਾ ਹੀ ਨਹੀਂ, ਕਈ ਵਾਰ ਜਾਨ ਦੀ ਕ਼ੀਮਤ ਵੀ ਚੁਕਾਉਣੀ ਪੈਂਦੀ ਹੈ। ਕਈ ਪੱਤਰਕਾਰ ਜੋ ਦਲੇਰ ਹੋ ਕੇ ਮਾਫੀਆ ਜਾਂ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਉਠਾਉਂਦੇ ਹਨ, ਉਹ ਜਾਂ ਤਾਂ ਗੁੰਮ ਹੋ ਜਾਂਦੇ ਹਨ ਜਾਂ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਅਜਿਹੇ ਘਟਨਾਵਾਂ ਨੇ ਸਾਬਤ ਕੀਤਾ ਹੈ ਕਿ ਪੱਤਰਕਾਰਤਾ ਇਕ ਜੰਗ ਵਰਗੀ ਬਣ ਗਈ ਹੈ ਜੋ ਸਿਰਫ਼ ਦਲੇਰੀ ਨਾਲ ਹੀ ਲੜੀ ਜਾ ਸਕਦੀ ਹੈ।
ਪਰ ਇੱਥੇ ਇੱਕ ਹੋਰ ਪਾਸਾ ਵੀ ਦੇਖਣਯੋਗ ਹੈ। ਪੱਤਰਕਾਰਤਾ ਦੇ ਖੇਤਰ 'ਚ ਸਿਰਫ਼ ਸਰਕਾਰਾਂ ਨੂੰ ਇਲਜ਼ਾਮ ਦੇ ਕੇ ਵੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਪੱਤਰਕਾਰਤਾ ਨਾਲ ਜੁੜੇ ਹਰੇਕ ਵਿਅਕਤੀ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਪੇਸ਼ੇਵਰ ਇਮਾਨਦਾਰੀ ਨੂੰ ਬਰਕਰਾਰ ਰਖੇ। ਉਹ ਆਪਣੀ ਲਿਖਤ ਜਾਂ ਬੋਲਦਿਆਂ ਸਮੇਂ ਨਿਰਪੱਖਤਾ ਅਤੇ ਸੱਚ ਨੂੰ ਅੱਗੇ ਰਖੇ। ਕਿਉਂਕਿ ਇੱਕ ਇਮਾਨਦਾਰ ਤੇ ਦਲੇਰ ਪੱਤਰਕਾਰ ਸਮਾਜ ਦੀ ਆਵਾਜ਼ ਬਣ ਸਕਦਾ ਹੈ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਿ ਮੀਡੀਆ ਵਿੱਚ ਮੌਜੂਦਾ ਸਮੇਂ 'ਚ ਕਈ ਅਜਿਹੇ ਲੋਕ ਵੀ ਮੌਜੂਦ ਹਨ ਜੋ ਹਜੇ ਵੀ ਆਪਣੀ ਪੇਸ਼ੇਵਰ ਨੈਤਿਕਤਾ ਤੇ ਡਟੇ ਹੋਏ ਹਨ। ਪਰ ਇਨ੍ਹਾਂ ਦੀ ਗਿਣਤੀ ਘੱਟ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਜਦ ਤੱਕ ਪੱਤਰਕਾਰਤਾ ਨਾਲ ਜੁੜੇ ਵਿਅਕਤੀ ਆਪਣੇ ਅੰਦਰ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਇੱਛਾ ਨਹੀਂ ਰੱਖਣਗੇ, ਤਦ ਤੱਕ ਸਹੀ ਮਾਈਨਿਆਂ ਵਿੱਚ ਪ੍ਰੈੱਸ ਦੀ ਆਜ਼ਾਦੀ ਇੱਕ ਧੁੰਦਲੇ ਸਪਨੇ ਵਰਗੀ ਰਹੇਗੀ। ਸੱਚੀ ਤੇ ਨਿਰਪੱਖ ਪੱਤਰਕਾਰਤਾ ਹੀ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੀ ਹੈ। ਪਰ ਇਸ ਰਾਹ ਤੇ ਚਲਣਾ ਅਸਾਨ ਨਹੀਂ ਹੈ। ਆਮਦਨ ਦੀ ਕਮੀ, ਜਾਨ ਦਾ ਖਤਰਾ, ਦਬਾਅ ਅਤੇ ਧਮਕੀਆਂ ਆਮ ਗੱਲ ਹੋ ਚੁੱਕੀਆਂ ਹਨ। ਪਰ ਜੋ ਲੋਕ ਆਪਣੇ ਅੰਦਰ ਸੱਚ ਦੀ ਚਿੰਗਾਰੀ ਬਾਲ ਲੇ ਰੱਖਦੇ ਹਨ, ਉਹ ਕਿਸੇ ਵੀ ਹਾਲਤ ਵਿੱਚ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਦੇ। ਅੱਜ ਦੇ ਸਮਾਜ ਨੂੰ ਅਜਿਹੇ ਹੀ ਲੋਕਾਂ ਦੀ ਲੋੜ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਮੀਡੀਆ ਦੀ ਆਜ਼ਾਦੀ ਦੀ ਰੱਖਿਆ ਸਿਰਫ਼ ਕਾਨੂੰਨਾਂ ਨਾਲ ਨਹੀਂ ਹੋ ਸਕਦੀ ਹੈ। ਇਹ ਤਦ ਹੀ ਸੰਭਵ ਹੈ ਜਦੋਂ ਪੱਤਰਕਾਰ ਆਪਣੇ ਕੰਮ ਨੂੰ ਇੱਕ ਸੇਵਾ ਸਮਝਣ ਲੱਗਣ, ਜਦੋਂ ਉਹ ਸੱਚ ਦੀ ਪੱਖਦਾਰੀ ਕਰਨ, ਜਦੋਂ ਉਹ ਕਿਸੇ ਵੀ ਹਿੱਤ ਤੋਂ ਪਰੇ ਹੋ ਕੇ ਸਮਾਜਕ ਸਰੋਕਾਰਾਂ ਨੂੰ ਪਹਿਲ ਦੇਣ। ਇਸ ਲਈ 3 ਮਈ ਦਾ ਦਿਨ ਸਿਰਫ ਪ੍ਰੈਸ ਦੀ ਅਜ਼ਾਦੀ ਨੂੰ ਮਨਾਉਣ ਦਾ ਦਿਨ ਹੀ ਨਹੀਂ, ਸਗੋਂ ਇਹ ਇੱਕ ਆਤਮ-ਮੰਥਨ ਦਾ ਦਿਨ ਵੀ ਹੈ। ਜਿੱਥੇ ਪੱਤਰਕਾਰਤਾ ਨਾਲ ਜੁੜੇ ਹਰੇਕ ਵਿਅਕਤੀ ਨੂੰ ਸੋਚਣ ਦੀ ਲੋੜ ਹੈ ਕਿ ਕੀ ਉਹ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾ ਰਿਹਾ ਹੈ ਜਾਂ ਨਹੀਂ। ਅੰਤ ਵਿੱਚ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸਮਾਜ ਦਲੇਰ, ਨਿਰਪੱਖ ਅਤੇ ਚੇਤਨ ਬਣੇ, ਤਾਂ ਮੀਡੀਆ ਦੀ ਆਜ਼ਾਦੀ ਨੂੰ ਨਾ ਸਿਰਫ਼ ਕਾਨੂੰਨੀ ਤੌਰ ਤੇ ਸੁਰੱਖਿਅਤ ਕਰਨਾ ਹੋਵੇਗਾ, ਸਗੋਂ ਮਾਨਸਿਕ ਅਤੇ ਆਤਮਿਕ ਤੌਰ 'ਤੇ ਵੀ ਸਾਫ ਅਤੇ ਇਮਾਨਦਾਰ ਰਸਤੇ ਤੇ ਲੈ ਕੇ ਜਾਣਾ ਪਏਗਾ। ਕਿਉਂਕਿ ਜਦ ਤੱਕ ਚੌਥਾ ਥੰਮ ਮਜ਼ਬੂਤ ਨਹੀਂ, ਤਦ ਤੱਕ ਲੋਕਤੰਤਰ ਦੀ ਇਮਾਰਤ ਵੀ ਕੱਚੀ ਰਹੇਗੀ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ