8 ਮਈ ਨੂੰ ਹਰ ਸਾਲ ਮਨਾਇਆ ਜਾਣ ਵਾਲਾ ਵਿਸ਼ਵ ਰੈੱਡ ਕਰਾਸ ਦਿਵਸ ਇੱਕ ਅਜਿਹਾ ਦਿਨ ਹੈ ਜੋ ਮਨੁੱਖਤਾ, ਸੇਵਾ, ਸਹਿਯੋਗ ਅਤੇ ਦਇਆ ਦੀ ਮਹਾਨ ਪਰੰਪਰਾ ਨੂੰ ਸਮਰਪਿਤ ਹੈ। ਇਹ ਦਿਨ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਰੈੱਡ ਕਰਾਸ ਦੀ ਸੰਸਥਾ ਰਾਹੀਂ ਦੁਨੀਆ ਭਰ ਵਿੱਚ ਦੁਖੀ, ਪੀੜਤ ਅਤੇ ਜੰਗਾਂ ਜਾਂ ਕੁਦਰਤੀ ਆਫ਼ਤਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਸੇਵਾ ਲਈ ਆਪਣਾ ਸਮਾਂ, ਤਾਕਤ ਅਤੇ ਕਈ ਵਾਰ ਆਪਣੀ ਜਾਨ ਵੀ ਵਾਰ ਦਿੰਦੇ ਹਨ। ਇਸ ਦਿਨ ਦੀ ਮਹੱਤਤਾ ਸਿਰਫ਼ ਇੰਨੀ ਹੀ ਨਹੀਂ ਕਿ ਇਹ ਇਕ ਅੰਤਰਰਾਸ਼ਟਰੀ ਸਮਾਗਮ ਹੈ, ਸਗੋਂ ਇਹ ਮਨੁੱਖੀ ਜਿੰਦਗੀ ਦੀ ਇੱਜ਼ਤ, ਸੇਵਾ ਅਤੇ ਭਾਈਚਾਰੇ ਦੀ ਵਕਾਲਤ ਕਰਦਾ ਹੈ। ਰੈੱਡ ਕਰਾਸ ਸੰਸਥਾ ਦੀ ਸਥਾਪਨਾ 1863 ਵਿੱਚ ਇਕ ਸਵਿਟਜ਼ਰਲੈਂਡ ਦੇ ਨਾਗਰਿਕ ਜੇਨ ਹੇਨਰੀ ਡਿਊਨੈਂਟ ਵਲੋਂ ਕੀਤੀ ਗਈ ਸੀ। ਉਹ ਇਕ ਕਾਰੋਬਾਰੀ ਹੋਣ ਦੇ ਬਾਵਜੂਦ ਮਨੁੱਖਤਾ ਦੇ ਜਜ਼ਬੇ ਨਾਲ ਭਰਪੂਰ ਸੀ। ਜਦੋਂ ਉਸ ਨੇ ਜੰਗ ਦੌਰਾਨ ਸੈਨਿਕਾਂ ਦੀ ਬੇਬਸੀ ਅਤੇ ਇਲਾਜ ਦੀ ਘਾਟ ਦੇਖੀ ਤਾਂ ਉਸ ਘਟਨਾ ਨੇ ਉਸਦੇ ਦੇ ਮਨ ਨੂੰ ਝੰਝੋੜ ਦਿੱਤਾ। ਉਸ ਨੇ ਫੈਸਲਾ ਲਿਆ ਕਿ ਕੋਈ ਸੰਸਥਾ ਹੋਣੀ ਚਾਹੀਦੀ ਹੈ ਜੋ ਜੰਗ ਜਾਂ ਕਿਸੇ ਹੋਰ ਅਫ਼ਤ ਵਿੱਚ ਲੋਕਾਂ ਦੀ ਪਰਵਾਹ ਕਰੇ, ਉਹ ਚਾਹੇ ਕਿਸੇ ਵੀ ਧਰਮ, ਰੰਗ ਜਾਂ ਰਾਸ਼ਟਰ ਦੇ ਹੋਣ। ਉਸ ਦੇ ਉਪਰਾਲਿਆਂ ਦੇ ਨਤੀਜੇ ਵਜੋਂ ਰੈੱਡ ਕਰਾਸ ਦੀ ਸ਼ੁਰੂਆਤ ਹੋਈ ਅਤੇ 8 ਮਈ, ਜੋ ਕਿ ਡਿਊਨੈਂਟ ਦਾ ਜਨਮ ਦਿਨ ਸੀ, ਨੂੰ ਰੈੱਡ ਕਰਾਸ ਦਿਵਸ ਵਜੋਂ ਮਨਾਇਆ ਜਾਣ ਲੱਗ ਪਿਆ।
ਜਿਵੇਂ ਰੈੱਡ ਕਰਾਸ ਸੰਸਥਾ ਮਨੁੱਖਤਾ, ਸੇਵਾ, ਨਿਰਪੱਖਤਾ, ਸਵੈਚਲਿਤਤਾ ਅਤੇ ਆਮ ਏਕਤਾ ਦੇ ਅਸੂਲਾਂ ਤੇ ਕੰਮ ਕਰਦੀ ਹੈ, ਇਨ੍ਹਾਂ ਹੀ ਅਸੂਲਾਂ ਦੀ ਜੜ੍ਹ ਸਾਡੀਆਂ ਪ੍ਰਾਚੀਨ ਧਾਰਮਿਕ ਪਰੰਪਰਾਵਾਂ ਵਿੱਚ ਵੀ ਮਿਲਦੀ ਹੈ। ਸਨਾਤਨ ਧਰਮ ਵਿੱਚ "ਨਰ ਸੇਵਾ ਹੀ ਨਾਰਾਇਣ ਸੇਵਾ ਹੈ" ਦਾ ਮੰਤਵ ਬਹੁਤ ਗੂੜਾ ਅਰਥ ਰੱਖਦਾ ਹੈ। ਜਦੋਂ ਕੋਈ ਵਿਅਕਤੀ ਦੁੱਖੀ ਜਾਂ ਪੀੜਤ ਹੋਵੇ, ਤਾਂ ਉਸ ਦੀ ਮਦਦ ਕਰਨਾ ਰੱਬ ਦੀ ਇਬਾਦਤ ਦੇ ਬਰਾਬਰ ਮੰਨਿਆ ਜਾਂਦਾ ਹੈ। ਰੈੱਡ ਕਰਾਸ ਦੇ ਸੇਵਾਦਾਰ ਜਦੋਂ ਕਿਸੇ ਆਫ਼ਤ ਜਾਂ ਜੰਗ ਦੌਰਾਨ ਆਪਣੇ ਆਪ ਨੂੰ ਖ਼ਤਰੇ ਵਿੱਚ ਪਾ ਕੇ ਵੀ ਲੋਕਾਂ ਦੀ ਸੇਵਾ ਕਰਦੇ ਹਨ, ਤਾਂ ਉਹ ਸਨਾਤਨ ਧਰਮ ਦੇ ਇਨ੍ਹਾਂ ਅਸੂਲਾਂ ਨੂੰ ਵਿਵਹਾਰਕ ਰੂਪ ਵਿੱਚ ਜੀਉਂਦੇ ਹਨ। ਸਿੱਖ ਧਰਮ ਵਿੱਚ ਤਾਂ ਇਨ੍ਹਾਂ ਅਸੂਲਾਂ ਦੀ ਸਿਖਲਾਈ ਹਰ ਪੜਾਅ 'ਤੇ ਦਿੱਤੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਨੁਸਾਰ "ਸਰਬੱਤ ਦਾ ਭਲਾ" ਦਾ ਅਰਥ ਹੀ ਇਹ ਹੈ ਕਿ ਵਿਅਕਤੀ ਨੂੰ ਆਪਣੇ ਨਿੱਜੀ ਲਾਭ ਜਾਂ ਹਾਨੀ ਤੋਂ ਉਪਰ ਚੜ੍ਹ ਕੇ ਸਮੂਹ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ, ਜੋ ਕਿ ਧਰਮ ਦੀ ਰਾਖੀ ਲਈ ਹੋਈ, ਜਾਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੀ ਪੂਰੀ ਪਰਿਵਾਰਿਕ ਕੁਰਬਾਨੀ ਦੇਣਾ, ਇਹ ਸਾਰੇ ਉਦਾਹਰਨ ਹਨ ਕਿ ਸੇਵਾ, ਤਿਆਗ ਅਤੇ ਮਨੁੱਖੀ ਮੁੱਲਾਂ ਦੀ ਰਾਖੀ ਸਿੱਖ ਧਰਮ ਦਾ ਮੂਲ ਮੰਤਰ ਰਹੇ ਹਨ। ਇਥੇ ਲੰਗਰ ਦੀ ਪ੍ਰਥਾ, ਜਿਸਦਾ ਅਰੰਭ ਗੁਰੂ ਨਾਨਕ ਦੇਵ ਜੀ ਨੇ ਕੀਤਾ, ਰੈੱਡ ਕਰਾਸ ਦੀ ਆਦਰਸ਼ਿਕ ਸੇਵਾ ਦਾ ਹੀ ਇਕ ਪੂਰਵ ਰੂਪ ਸੀ, ਜੋ ਅੱਜ ਵੀ ਭੁੱਖੇ-ਜਰੁਰਤਮੰਦ ਲੋਕਾਂ ਲਈ ਆਸ਼ਾ ਦੀ ਕਿਰਣ ਬਣੀ ਹੋਈ ਹੈ।
ਰੈੱਡ ਕਰਾਸ ਦਾ ਅਸਲ ਮਕਸਦ ਕਿਸੇ ਵੀ ਤਰ੍ਹਾਂ ਦੇ ਵਿਅਕਤੀਕਤ ਜਾਂ ਰਾਜਨੀਤਿਕ ਲਾਭ ਤੋਂ ਉਪਰ ਉਠ ਕੇ ਸਿਰਫ਼ ਅਤੇ ਸਿਰਫ਼ ਮਾਨਵਤਾ ਦੀ ਸੇਵਾ ਕਰਨਾ ਹੈ। ਜਦੋਂ ਕੋਵਿਡ-19 ਵਰਗੀਆਂ ਵਿਸ਼ਵਪੱਧਰੀ ਮਹਾਮਾਰੀਆਂ ਦੇ ਸਮੇਂ ਵਿੱਚ ਹਰ ਕੋਨਾ ਬੰਦ ਹੋ ਗਿਆ, ਲੋਕ ਘਰਾਂ ਵਿੱਚ ਕੈਦ ਹੋ ਗਏ, ਉਹਨਾਂ ਵੇਲੇ ਵੀ ਰੈੱਡ ਕਰਾਸ ਦੇ ਕਾਰਕੁਨ ਸਭ ਤੋਂ ਅੱਗੇ ਸੀ। ਰੋਗੀਆਂ ਦੀ ਸੇਵਾ, ਭੁੱਖਿਆਂ ਲਈ ਰਾਸ਼ਨ ਜਾਂ ਲੋੜਵੰਦਾਂ ਲਈ ਦਵਾਈਆਂ ਦੇਣ ਵਾਲਿਆਂ ਵਿੱਚ ਇਹਨਾਂ ਨੇ ਇਤਿਹਾਸ ਰਚਿਆ। ਅੱਜ ਦੇ ਸਮੇਂ ਵਿੱਚ ਜਦੋਂ ਮਨੁੱਖਤਾ ਦੀ ਹਦਾਂ ਤੋੜ ਹੋ ਰਹੀਆਂ ਹੈ, ਧਰਮ ਅਤੇ ਜਾਤ ਪਾਤ ਦੇ ਆਧਾਰ 'ਤੇ ਸਮਾਜ ਨੂੰ ਵੰਡਿਆ ਜਾ ਰਿਹਾ ਹੈ, ਤਦ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਦੀ ਲੋੜ ਹੋਰ ਵੀ ਵੱਧ ਗਈ ਹੈ। ਇਹ ਸੰਸਥਾ ਲੋਕਾਂ ਵਿੱਚ ਇਹ ਭਰੋਸਾ ਪੈਦਾ ਕਰਦੀ ਹੈ ਕਿ ਅਜੇ ਵੀ ਦੁਨੀਆਂ ਵਿੱਚ ਉਹ ਲੋਕ ਮੌਜੂਦ ਹਨ ਜੋ ਨਿਰਪੱਖ ਹੋ ਕੇ ਸਿਰਫ਼ ਇਕ "ਮਨੁੱਖਤਾ ਦੀ ਸੇਵਾ" ਮਕਸਦ ਲਈ ਕੰਮ ਕਰ ਰਹੇ ਹਨ। ਇਹੋ ਜਿਹੇ ਕਾਰਜ ਸਾਡੀਆਂ ਧਾਰਮਿਕ ਪਾਠਾਂ ਨੂੰ ਵਿਵਹਾਰਕ ਜ਼ਮੀਨ ਉੱਤੇ ਲਿਆਉਂਦੇ ਹਨ। ਜੇ ਅਸੀਂ ਸਨਾਤਨ ਜਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਇਹ ਦੋਹੇ ਹੀ ਧਰਮ ਸਾਡੀ ਆਤਮਾ ਵਿੱਚ ਪਰਉਪਕਾਰ, ਦਇਆ ਅਤੇ ਨਿਸ਼ਕਾਮ ਸੇਵਾ ਦੇ ਗੁਣ ਬੀਜਣ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਸਚ ਹੈ ਕਿ ਅੱਜ ਦੇ ਸਮੇਂ ਵਿੱਚ ਕਈ ਵਾਰ ਰੈੱਡ ਕਰਾਸ ਵਰਗੀਆਂ ਸੰਸਥਾਵਾਂ ਨੂੰ ਰਾਜਨੀਤਿਕ ਜਾਂ ਆਰਥਿਕ ਦਬਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਸੰਸਥਾਵਾਂ ਉੱਤੇ ਵੀ ਵੱਖ-ਵੱਖ ਤਰ੍ਹਾਂ ਦੇ ਦਾਅਵੇ ਅਤੇ ਇਲਜ਼ਾਮ ਲਗਦੇ ਹਨ, ਪਰ ਇਹ ਗੱਲ ਵੀ ਸੱਚ ਹੈ ਕਿ ਜਦ ਤਕ ਇਨਸਾਨੀਅਤ ਦੇ ਨਾਂ ਤੇ ਕੋਈ ਵੀ ਸੰਸਥਾ ਨਿਰਪੱਖਤਾ ਨਾਲ ਕੰਮ ਕਰ ਰਹੀ ਹੈ, ਉਨ੍ਹਾਂ ਦੀ ਮਹੱਤਤਾ ਕਦੇ ਵੀ ਘਟ ਨਹੀਂ ਸਕਦੀ। ਵਿਸ਼ਵ ਰੈੱਡ ਕਰਾਸ ਦਿਵਸ ਸਾਨੂੰ ਹਰ ਸਾਲ ਇਹ ਯਾਦ ਦਿਵਾਉਂਦਾ ਹੈ ਕਿ ਸਾਨੂੰ ਆਪਣੇ ਅੰਦਰ ਮੌਜੂਦ ਮਨੁੱਖਤਾ ਦੇ ਤੱਤ ਨੂੰ ਜਗਾਉਣ ਦੀ ਲੋੜ ਹੈ। ਜੇ ਹਰ ਵਿਅਕਤੀ ਰੈੱਡ ਕਰਾਸ ਦੇ ਸਿਧਾਂਤਾਂ ਅਨੁਸਾਰ ਆਪਣੀ ਜ਼ਿੰਦਗੀ ਵਿੱਚ ਥੋੜ੍ਹਾ ਜਿਹਾ ਵੀ ਸੇਵਾ ਅਤੇ ਦਇਆ ਨੂੰ ਜਗ੍ਹਾ ਦੇਣ ਲੱਗ ਪਵੇ ਤਾਂ ਸੰਸਾਰ ਨਿਸ਼ਚਿਤ ਤੌਰ 'ਤੇ ਬਿਹਤਰ ਬਣ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ “ਸੇਵਾ ਵਾਲਾ ਹੱਥ ਹੀ ਰੱਬ ਦੇ ਦਰ ਤੇ ਕਬੂਲ ਹੁੰਦਾ ਹੈ”ਅਸੀਂ ਵੀ ਆਪਣੇ ਹੱਥਾਂ ਨੂੰ ਸੇਵਾ ਕਰਨ ਯੋਗ ਬਣਾਈਏ। ਇਸ ਲਈ ਵਿਸ਼ਵ ਰੈੱਡ ਕਰਾਸ ਦਿਵਸ ਸਿਰਫ਼ ਇੱਕ ਦਿਨ ਦੀ ਰਸਮ ਨਹੀਂ, ਇਹ ਸਾਡੀ ਆਤਮਿਕ ਜਾਗਰੂਕਤਾ, ਧਾਰਮਿਕ ਉਚਿਤਾ ਅਤੇ ਮਨੁੱਖੀ ਭਾਈਚਾਰੇ ਵੱਲ ਇਕ ਕਦਮ ਹੈ। ਸਾਡਾ ਧਰਮ, ਜਾਤ, ਭਾਸ਼ਾ ਜਾਂ ਰੰਗ ਜੋ ਵੀ ਹੋਵੇ, ਜਦ ਤਕ ਅਸੀਂ ਇਕ ਦੂਜੇ ਦੀ ਸਹਾਇਤਾ ਕਰਨਾ ਨਹੀਂ ਸਿੱਖਦੇ, ਤਦ ਤਕ ਅਸੀਂ ਧਰਮ ਦੀ ਅਸਲ ਅਰਥ ਨੂੰ ਸਮਝ ਨਹੀਂ ਸਕਦੇ। ਰੈੱਡ ਕਰਾਸ ਇਹ ਪਾਠ ਹਰ ਸਾਲ ਸਾਨੂੰ ਯਾਦ ਕਰਾਉਂਦਾ ਹੈ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ