ਸੁਨਾਮ : ਪੰਜਾਬ ਯੂਨੀਵਰਸਿਟੀ ਦੀ ਹੋਂਦ ਬਚਾਉਣ ਲਈ ਵਿਦਿਆਰਥੀਆਂ ਵੱਲੋਂ ਵਿੱਢੇ ਸੰਘਰਸ਼ ਤਹਿਤ ਸੋਮਵਾਰ ਨੂੰ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਚੰਡੀਗੜ੍ਹ ਲਈ ਰਵਾਨਾ ਹੋਇਆ। ਕਿਸਾਨਾਂ ਨੇ ਆਖਿਆ ਕਿ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਇਸਦਾ ਕਿਸੇ ਵੀ ਕੀਮਤ ਤੇ ਭਗਵਾਂਕਰਨ ਨਹੀਂ ਕਰਨ ਦਿੱਤਾ ਜਾਵੇਗਾ। ਕਿਸਾਨ ਆਗੂਆਂ ਰਣ ਸਿੰਘ ਚੱਠਾ ਅਤੇ ਕੇਵਲ ਸਿੰਘ ਜਵੰਧਾ ਨੇ ਆਖਿਆ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਖਾਤਮੇ ਦਾ ਕਦਮ ਸਿੱਖਿਆ ਖੇਤਰ ਅੰਦਰ ਖਾਸ ਕਰਕੇ ਯੂਨੀਵਰਸਿਟੀਆਂ 'ਤੇ ਮੁਕੰਮਲ ਕੇਂਦਰੀ ਹਕੂਮਤੀ ਕੰਟਰੋਲ ਦੀ ਵਿਉਂਤ ਦਾ ਹੀ ਹਿੱਸਾ ਹੈ। ਕੇਂਦਰੀ ਸਰਕਾਰ ਨੂੰ ਇਹ ਕੰਟਰੋਲ ਕਿੰਨੇ ਹੀ ਪੱਖਾਂ ਤੋਂ ਕਰਨ ਦੀਆਂ ਲੋੜਾਂ ਹਨ। ਇਹ ਕਦਮ ਵਿਸ਼ੇਸ਼ ਕਰਕੇ ਸਿੱਖਿਆ ਦੇ ਫਿਰਕੂਕਰਨ, ਭਗਵੇਂਕਰਨ ਅਤੇ ਕਾਰਪੋਰੇਟੀਕਰਨ ਸਮੇਤ ਇਸ ਨੂੰ ਹਰ ਤਰ੍ਹਾਂ ਦੇ ਪਿਛਾਖੜੀ ਵਿਚਾਰਾਂ ਦੇ ਸੰਚਾਰ ਦਾ ਹੱਥਾ ਬਣਾਉਣ ਲਈ ਚੱਕੇ ਜਾ ਰਹੇ ਹਨ। ਇਸ ਕਰਕੇ ਹੀ ਯੂਨੀਵਰਸਿਟੀਆਂ ਅੰਦਰ ਮਾਮੂਲੀ ਤੇ ਰਸਮੀ ਰਹਿ ਗਏ ਜਮਹੂਰੀ ਅਮਲਾਂ ਦੇ ਦਾਅਵਿਆਂ ਦਾ ਵੀ ਤਿਆਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਹੋਰਨਾਂ ਯੂਨੀਵਰਸਿਟੀਆਂ ਦੇ ਮੁਕਾਬਲੇ ਇਸ ਯੂਨੀਵਰਸਿਟੀ ਅੰਦਰ ਲੋਕਾਂ ਸਾਬਕਾ ਵਿਦਿਆਰਥੀਆਂ ਤੇ ਸਿੱਖਿਆ ਮਾਹਿਰਾਂ ਦੀ ਦਖਲਅੰਦਾਜ਼ੀ ਦਾ ਇਕ ਸਾਮਾ ਬਣਿਆ ਆ ਰਿਹਾ ਸੀ। ਉਨ੍ਹਾਂ ਆਖਿਆ ਕਿ ਪੰਜਾਬ ਯੂਨੀਵਰਸਿਟੀ ਦੀ ਹੋਂਦ ਬਚਾਉਣ ਲਈ ਵਿਦਿਆਰਥੀਆਂ ਵੱਲੋਂ ਵਿੱਢੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਦਲੇਲ ਸਿੰਘ ਚੱਠਾ, ਮਲਕੀਤ ਸਿੰਘ ਗੰਢੂਆਂ, ਭਗਵੰਤ ਸਿੰਘ ਮੈਦੇਵਾਸ, ਕੁਲਬੀਰ ਸਿੰਘ ਗੰਢੂਆਂ, ਕਰਨੈਲ ਸਿੰਘ, ਧੰਨਾ ਸਿੰਘ ਚੱਠਾ, ਭੋਲਾ ਸਿੰਘ, ਪ੍ਰੀਤਮ ਸਿੰਘ ਜਵੰਧਾ, ਗੁਰਨੈਬ ਸਿੰਘ ਮੁਖਤਿਆਰ ਸਿੰਘ, ਬਿੰਦਰ ਸਿੰਘ ਗੁਰਦੀਪ ਸਿੰਘ, ਚਿਤਵੰਤ ਸਿੰਘ (ਕਾਲਾ), ਇੰਦਰਜੀਤ ਸਿੰਘ, ਚਮਕੌਰ ਸਿੰਘ, ਮਨਪ੍ਰੀਤ ਸਿੰਘ, ਯੁਗਰਾਜ ਸਿੰਘ ਗੰਢੂਆਂ ਆਦਿ ਹਾਜ਼ਰ ਸਨ।