ਸੰਦੌੜ : ਨਜਦੀਕੀ ਪਿੰਡ ਭੂਦਨ ਵਿਖੇ ਬੀਤੀ ਕੱਲ ਸਵੇਰੇ ਇਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਜਹਿਰੀਲੀ ਚੀਜ ਨਿਗਲ ਜਾਣ ਕਾਰਣ ਮੌਤ ਹੋ ਗਈ ਸੀ ਜਿਸ ਵਿਚ ਦੋ ਔਰਤਾਂ ਅਤੇੁ ਇਕ 7 ਸਾਲ ਦਾ ਬੱਚਾ ਸਾਮਲ ਸੀ।ਉਕਤ ਤਿੰਨਾਂਥ ਜਣਿਆਂ ਨੇ ਜਹਿਰੀਲੀ ਚੀਜ ਨਿਗਲ ਕੇ ਖੁਦਕੁਸੀ ਕੀਤੀ ਸੀ ।ਮੌਤ ਤੋਂ ਪਹਿਲਾਂ ਇੰਦਰਪਾਲ ਕੌਰ ਨਾਮ ਦੀ ਔਰਤ ਨੇ ਵੀਡੀਓ ਜਾਰੀ ਕਰਦੇ ਹੋਏ ਪਿੰਡ ਦੇ 10 ਦੇ ਕਰੀਬ ਲੋਕਾਂ ਉਪਰ ਉਸਨੂੰ ਮਾਰਨ ਦੇ ਦੋਸ਼ ਲਗਾਏ ਸੀ।ਇਸ ਮਾਮਲੇ ਵਿਚ ਸੰਦੌੜ ਪੁਲਿਸ ਨੇ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਉਨ੍ਹਾਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਲੋਕਾਂ ਵਿਚ ਰੋਸ ਸੀ।ਵਿਅਕਤੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਥਾਣਾ ਸੰਦੌੜ ਦੀ ਪੁਲਿਸ ਦੀ ਢਿੱਲੀ ਕਾਰਵਾਈ ਦੇ ਚਲਦਿਆਂ ਅੱਜ ਵੱਡੀ ਗਿਣਤੀ ਵਿਚ ਲੋਕਾਂ ਨੇ ਥਾਣਾ ਸੰਦੌੜ ਅੱਗੇ ਧਰਨਾ ਲਗਾ ਕੇ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਜਾਮ ਕਰ ਦਿੱਤਾ।ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਥਾਣਾ ਸੰਦੌੜ ਦੇ ਐਸ.ਐਚ.ਓ ਇੰਸਪੈਕਟਰ ਗਗਨਦੀਪ ਸਿੰਘ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਇਕਾਈ ਪ੍ਰਧਾਨ ਰਣਜੀਤ ਸਿੰਘ ਛੰਨਾ, ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਨੌਜਵਾਨ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਕਿਸਾਨ ਆਗੂ ਕੇਵਲ ਸਿੰਘ ਭੱਠਲ, ਕਾਂਗਰਸੀ ਆਗੂ ਬਨੀ ਖਹਿਰਾ, ਬਿੱਕਰ ਸਿੰਘ ਛੰਨਾ, ਰਣਜੀਤ ਸਿੰਘ ਬਾਜਵਾ, ਹਰਪਾਲ ਸਿੰਘ ਫੌਜੀ ਗੰਡੇਵਾਲ, ਗੁਰਮੁੱਖ ਸਿੰਘ ਸੇਰਪੁਰ, ਰੂਪ ਸਿੰਘ ਜਵੰਧਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।ਪੁਲਿਸ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਦਿੱਤਾ। ਡੀ.ਐਸ.ਪੀ ਦਾ ਪੱਖ - ਇਸ ਮਾਮਲੇ ਵਿਚ ਡੀ.ਐਸ.ਪੀ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।