ਕਿਸਾਨ ਬਠਿੰਡਾ ਧਰਨੇ ਵਿੱਚ ਜਾਣ ਲਈ ਸਨ ਬਜਿੱਦ
ਕਿਹਾ "ਆਪ" ਸਰਕਾਰ ਲੋਕਤੰਤਰ ਦਾ ਕਰ ਰਹੀ ਹੈ ਘਾਣ
ਸੁਨਾਮ : ਚਾਉਕੇ ਆਦਰਸ਼ ਸਕੂਲ ਵਿੱਚ ਕਥਿਤ ਘਪਲਿਆਂ ਦੇ ਖਿਲਾਫ ਵਿੱਢੇ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲਦੇਵ ਸਿੰਘ ਚਾਉਕੇ ਅਤੇ ਸਗਨਦੀਪ ਸਿੰਘ ਜਿਉਂਦ ਦੀ ਰਿਹਾਈ ਨੂੰ ਲੈਕੇ ਬੁੱਧਵਾਰ ਨੂੰ ਬਠਿੰਡਾ ਧਰਨੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਕਿਸਾਨਾਂ ਦੀ ਸੁਨਾਮ ਨੇੜਲੇ ਪਿੰਡ ਸ਼ੇਰੋਂ ਵਿਖੇ ਪੁਲਿਸ ਨਾਲ ਤਿੱਖੀ ਬਹਿਸ ਹੋਈ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ, ਜਗਤਾਰ ਸਿੰਘ ਲੱਡੀ, ਰਣਜੀਤ ਸਿੰਘ ਲੌਂਗੋਵਾਲ ਅਤੇ ਹਰਪਾਲ ਸਿੰਘ ਹੈਪੀ ਸ਼ੇਰੋਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਪਿੰਡ ਸ਼ੇਰੋਂ ਦੀ ਸਰਬ ਸਾਂਝੀ ਧਰਮਸ਼ਾਲਾ ਵਿੱਚ ਇਕੱਠੇ ਹੋਏ। ਪੁਲਿਸ ਨੇ ਕਿਸਾਨਾਂ ਨੂੰ ਪਹਿਲਾਂ ਧਰਮਸ਼ਾਲਾ ਵਿੱਚ ਰੋਕੀ ਰੱਖਿਆ ਲੇਕਿਨ ਜਦੋਂ ਕਿਸਾਨ ਬਠਿੰਡਾ ਧਰਨੇ ਵਿੱਚ ਸ਼ਾਮਲ ਹੋਣ ਲਈ ਜਾਣ ਲੱਗੇ ਤਾਂ ਧਰਮਸ਼ਾਲਾ ਤੋਂ ਬਾਹਰ ਆਉਂਦਿਆਂ ਹੀ ਪੁਲਿਸ ਨਾਲ ਤਿੱਖੀ ਬਹਿਸ ਹੋਈ। ਖ਼ਾਸ ਗੱਲ ਇਹ ਰਹੀ ਕੁੱਝ ਇੱਕ ਕਿਸਾਨ ਆਗੂ ਭੇਸ ਬਦਲ ਕੇ ਆਏ ਸਨ ਉਹ ਸ਼ੇਰੋਂ ਤੋਂ ਪੁਲਿਸ ਨੂੰ ਝਕਾਨੀ ਦੇਕੇ ਨਿਕਲਣ ਵਿੱਚ ਸਫ਼ਲ ਰਹੇ ਅਤੇ ਫਿਰ ਜਖੇਪਲ ਵਿਖੇ ਦਿੱਤੇ ਧਰਨੇ ਵਿੱਚ ਜਾਕੇ ਸ਼ਾਮਿਲ ਹੋ ਗਏ। ਬੀਕੇਯੂ ਉਗਰਾਹਾਂ ਦੇ ਨੌਜਵਾਨ ਆਗੂ ਗਗਨਦੀਪ ਸਿੰਘ ਚੱਠਾ ਨਨਹੇੜਾ ਨੇ ਦੱਸਿਆ ਕਿ ਪੁਲਿਸ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਬਹਾਲ ਸਿੰਘ ਢੀਂਡਸਾ, ਗੁਰਸ਼ਰਨਦੀਪ ਸਿੰਘ ਰਟੋਲਾਂ, ਜਸਵੀਰ ਕੌਰ ਉਗਰਾਹਾਂ, ਰਣਦੀਪ ਕੌਰ ਰਟੋਲਾਂ, ਸੁਖਵਿੰਦਰ ਕੌਰ ਚੱਠਾ ਸਮੇਤ ਦਰਜਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਕੇ ਵੱਖ ਵੱਖ ਥਾਣਿਆਂ ਵਿੱਚ ਲੈ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਸੁਖਪਾਲ ਸਿੰਘ ਮਾਣਕ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਤਾਨਾਸ਼ਾਹੀ ਤੇ ਉਤਰ ਆਈ ਹੈ। ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਪੁਲਸੀਆ ਜ਼ਬਰ ਰਾਹੀਂ ਧਰਨਿਆਂ ਵਿੱਚ ਜਾਣ ਤੋਂ ਰੋਕਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਧਰਨਿਆਂ ਵਿੱਚੋਂ ਜਨਮੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਖੌਤੀ ਇਨਕਲਾਬ ਦਾ ਚਿਹਰਾ ਜਨਤਾ ਵਿੱਚ ਬੇਨਕਾਬ ਹੋ ਗਿਆ ਹੈ। ਜਥੇਬੰਦੀ ਦੇ ਆਗੂਆਂ ਦਰਬਾਰਾ ਸਿੰਘ ਛਾਜਲਾ ਅਤੇ ਜਸਵੰਤ ਸਿੰਘ ਤੋਲਾਵਾਲ ਨੇ ਆਖਿਆ ਕਿ ਪੁਲਿਸ ਨੇ ਚਾਉਕੇ ਆਦਰਸ਼ ਸਕੂਲ ਦੇ ਸੰਘਰਸ਼ ਦੌਰਾਨ ਬਲਦੇਵ ਸਿੰਘ ਚਾਉਕੇ ਅਤੇ ਸਗਨਦੀਪ ਸਿੰਘ ਜਿਉਂਦ ਤੇ ਕਥਿਤ ਤੌਰ ਤੇ ਝੂਠੇ ਮੁੱਕਦਮੇ ਦਰਜ਼ ਕਰਕੇ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਜਥੇਬੰਦੀ ਉਨ੍ਹਾਂ ਕਿਸਾਨ ਆਗੂਆਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖੇਗੀ।
** ਡੱਬੀ
ਬਠਿੰਡਾ ਵਿਖੇ ਦਿੱਤੇ ਜਾਣ ਵਾਲੇ ਧਰਨੇ ਨੂੰ ਅਸਫ਼ਲ ਬਣਾਉਣ ਲਈ ਬੁੱਧਵਾਰ ਨੂੰ ਤੜਕਸਾਰ ਪੁਲਿਸ ਦੀਆਂ ਟੀਮਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਦਰਜਨਾਂ ਹੋਰ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਲੇਕਿਨ ਕੋਈ ਵੀ ਆਗੂ ਪੁਲਿਸ ਦੇ ਹੱਥ ਨਹੀਂ ਆਇਆ। ਦੱਸਿਆ ਗਿਆ ਹੈ ਕਿ ਕਿਸਾਨ ਪਹਿਲਾਂ ਹੀ ਆਪਣੇ ਘਰ ਛੱਡਕੇ ਕਿਤੇ ਹੋਰ ਰੂਪੋਸ਼ ਹੋ ਗਏ, ਅੱਧੀ ਦਰਜਨ ਤੋਂ ਵਧੇਰੇ ਜਥੇਬੰਦੀ ਦੇ ਕੱਦਾਵਰ ਆਗੂ ਸ਼ੇਰੋਂ ਪਹੁੰਚਣ ਵਿੱਚ ਸਫ਼ਲ ਰਹੇ।