ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ-ਜਖੇਪਲ ਸੜਕ ਤੋਂ ਸ੍ਰੀ ਸਤੀ ਸ਼ਿਵਾਲਾ ਮੰਦਿਰ ਤੱਕ ਬਣਨ ਵਾਲੀ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਦੇ ਨਿਰਮਾਣ 'ਤੇ ₹13.78 ਲੱਖ ਦੀ ਲਾਗਤ ਆਵੇਗੀ। ਇਸ ਮੌਕੇ ਆਯੋਜਿਤ ਕੀਤੇ ਸਮਾਗਮ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਨਵੇਂ ਵਿਕਾਸ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਧਾਰਮਿਕ ਸਥਾਨਾਂ ਨੂੰ ਜਾਂਦੇ ਰਸਤਿਆਂ ਨੂੰ ਪੱਕੇ ਕਰਨ ਲਈ ਯਤਨਸ਼ੀਲ ਹੈ। ਸੁਨਾਮ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਸ਼ਹਿਰ ਦੇ ਹਰ ਹਿੱਸੇ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਾਰਜ ਜਾਰੀ ਹਨ। ਸ਼ਹਿਰ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸਤੀ ਸ਼ਿਵਾਲਾ ਮੰਦਿਰ ਕਮੇਟੀ ਦੇ ਪ੍ਰਧਾਨ ਠੇਕੇਦਾਰ ਨਰਿੰਦਰ ਸਿੰਘ ਕਣਕਵਾਲ ਨੇ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ। ਇਸ ਮੌਕੇ ਰਮੇਸ਼ ਕੁਮਾਰ ਠੇਕੇਦਾਰ, ਮੇਘ ਰਾਜ ਛਾਜਲੀ, ਗੋਪਾਲ ਸ਼ਰਮਾ, ਨਰਿੰਦਰਪਾਲ ਸ਼ਰਮਾ, ਰਾਜੀਵ ਕੌਸ਼ਿਕ ਸਮੇਤ ਹੋਰ ਕਮੇਟੀ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਸਨ।