ਮੋਹਾਲੀ : ਪੰਜਾਬ ਦੇ ਸੋਹਾਣਾ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਕਬੱਡੀ ਕੱਪ ਦੌਰਾਨ ਗੋਲੀਆਂ ਚੱਲੀਆਂ ਹਨ। ਬੈਦਵਾਣ ਸਪੋਰਟਸ ਕਲੱਬ ਸੋਹਾਣਾ ਵੱਲੋਂ ਚਾਰ ਰੋਜ਼ਾ ਮੈਚ ਕਰਵਾਇਆ ਜਾ ਰਿਹਾ ਸੀ ਕਿ ਇਸ ਦੌਰਾਨ ਮੋਟਰਸਾਈਕਲ ‘ਤੇ ਆਏ ਅਣਪਛਾਤਿਆਂ ਨੇ ਕੋਚ ‘ਤੇ ਫਾਇਰਿੰਗ ਕੀਤੀ। ਇਸ ਪ੍ਰੋਗਰਾਮ ਵਿਚ ਗਾਇਕ ਮਨਕੀਰਤ ਔਲਖ ਵੀ ਪਹੁੰਚਣ ਵਾਲੇ ਸਨ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਫਾਇਰਿੰਗ ਹੋ ਗਈ ਤੇ ਜ਼ਖਮੀ ਨੂੰ ਇਲਾਜ ਲਈ ਫੋਰਟਿਸ ‘ਚ ਦਾਖਲ ਕਰਵਾਇਆ ਗਿਆ ਹੈ ਤੇ ਮੌਕੇ ‘ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਕ ਪਾਸੇ ਮੁਕਾਬਲਾ ਚੱਲ ਰਿਹਾ ਸੀ ਕਿ ਅਚਾਨਕ ਗੋਲੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੋਚ ਰਾਣਾ ਬਲਾਚੌਰੀਆ ਜਦੋਂ ਬਾਹਰ ਨਿਕਲੇ ਤਾਂ ਉਨ੍ਹਾਂ ‘ਤੇ ਬਾਈਕ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ। ਉਥੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਕਿ ਕੋਚ ਨੂੰ ਗਰਾਊਂਡ ਤੋਂ ਬਾਹਰ ਜਾਂਦੇ ਹੋਏ ਫੋਟੋ ਖਿੱਚਣ ਦੇ ਬਹਾਨੇ ਰੋਕਿਆ ਗਿਆ ਤੇ ਬਾਈਕ ਸਵਾਰਾਂ ਵਿਚੋਂ ਇਕ ਨੇ ਕੋਚ ਦੇ ਮੂੰਹ ‘ਤੇ ਕੱਪੜਾ ਪਾਇਆ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।