ਕੇਂਦਰ ਸਰਕਾਰ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਵਾਪਿਸ ਲਿਆਉਣ ਲਈ ਯਤਨ ਕਰੇ : ਅਮਨ ਅਰੋੜਾ
ਸੁਨਾਮ, 1 ਜਨਵਰੀ (ਪੰਜਾਬੀ ਸਹਿਜ ਟਾਈਮਜ਼) : ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਲ 2026 ਦੇ ਪਹਿਲੇ ਦਿਨ ਆਪਣੇ ਵਿਧਾਨ ਸਭਾ ਹਲਕਾ ਸੁਨਾਮ ਨੂੰ 54.40 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ ਦਿੱਤਾ। ਇਹਨਾਂ ਵਿਕਾਸ ਕਾਰਜਾਂ ਵਿੱਚ ਸ਼ਹੀਦ ਊਧਮ ਸਿੰਘ ਸ਼ਹੀਦੀ ਯਾਦਗਾਰ ਦਾ ਨਵੀਨੀਕਰਨ, ਦੋ ਸ਼ਹੀਦੀ ਗੇਟ, ਸੁਨਾਮ ਸ਼ਹਿਰ ਦੇ 3500 ਦੇ ਕਰੀਬ ਘਰਾਂ ਨੂੰ ਸੀਵਰੇਜ ਸਹੂਲਤ ਨਾਲ ਜੋੜਨ ਤੋਂ ਇਲਾਵਾ ਹੋਰ ਕਈ ਵਿਕਾਸ ਕਾਰਜ ਸ਼ਾਮਿਲ ਹਨ। ਸ਼ਹੀਦ ਊਧਮ ਸਿੰਘ ਸ਼ਹੀਦੀ ਯਾਦਗਾਰ ਵਿਖੇ ਸ਼ਹੀਦ ਊਧਮ ਸਿੰਘ ਨੂੰ ਨਤਮਸਤਕ ਹੋਣ ਅਤੇ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਯਾਦਗਾਰ ਦੀ ਮੁਕੰਮਲ ਕਾਇਆ ਕਲਪ ਕੀਤੀ ਜਾਣੀ ਹੈ। ਜਿਸ ਉੱਤੇ 21.17 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਇਲਾਕੇ ਵਿੱਚ ਦੋ ਵਿਸ਼ਾਲ ਗੇਟ ਉਸਾਰੇ ਜਾਣਗੇ। ਸ਼ਹੀਦੀ ਯਾਦਗਾਰ ਦੇ ਨਵੀਨੀਕਰਨ ਤਹਿਤ ਜਿੱਥੇ ਇਸ ਵਿੱਚ ਬੁਨਿਆਦੀ ਢਾਂਚੇ ਦਾ ਵਾਧਾ ਕੀਤਾ ਜਾਵੇਗਾ ਉਥੇ ਹੀ ਮੁਕੰਮਲ ਸੁੰਦਰੀਕਰਨ ਵੀ ਕੀਤਾ ਜਾਵੇਗਾ। ਇਸੇ ਤਰ੍ਹਾਂ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਦੋ ਵਿਸ਼ਾਲ ਗੇਟ ਲੋਕਾਂ ਦੀ ਇੱਛਾ ਅਨੁਸਾਰ ਬਣਾਏ ਜਾਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਹਮੇਸ਼ਾਂ ਚੇਤਿਆਂ ਵਿੱਚ ਰੱਖਣ ਦੇ ਨਾਲ ਨਾਲ ਸਮਝਣ ਅਤੇ ਮਹਿਸੂਸ ਕਰਨ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਬਰਤਾਨੀਆ ਵਿੱਚ ਪਈਆਂ ਆਖਰੀ ਵਸਤਾਂ/ਨਿਸ਼ਾਨੀਆਂ ਨੂੰ ਭਾਰਤ ਵਾਪਿਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਸ ਬਾਰੇ ਬਰਤਾਨੀਆ ਸਰਕਾਰ ਨਾਲ ਗੱਲ ਕੀਤੀ ਜਾਵੇ। ਉਹ ਹੁਣ ਫੇਰ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਕਿ ਇਹਨਾਂ ਵਸਤਾਂ/ਨਿਸ਼ਾਨੀਆਂ ਨੂੰ ਭਾਰਤ ਵਾਪਿਸ ਲਿਆਂਦਾ ਜਾਵੇ। ਤਾਂ ਜੋ ਇਹਨਾਂ ਵਸਤਾਂ/ਨਿਸ਼ਾਨੀਆਂ ਨੂੰ ਸ਼ਹੀਦੀ ਯਾਦਗਾਰ ਵਿਖੇ ਸਤਿਕਾਰ ਸਹਿਤ ਰੱਖਿਆ ਜਾ ਸਕੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਮੇਨ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ, ਮਾਸਟਰ ਕੇਹਰ ਸਿੰਘ ਜੋਸ਼ਨ, ਗਿਆਨੀ ਜੰਗੀਰ ਸਿੰਘ ਰਤਨ , ਮਨਿੰਦਰ ਸਿੰਘ ਲਖਮੀਰਵਾਲਾ, ਮਨਪ੍ਰੀਤ ਸਿੰਘ ਨੀਲੋਵਾਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।