ਮੋਗਾ : ਦੁਖ ਭੰਜਣ ਸੇਵਾ ਸੁਸਾਇਟੀ ਖੁਖਰਾਣਾ ਵਿਖੇ ਅੱਜ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਹੜ੍ਹਾਂ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਜਿਸ ਕਰਕੇ ਮਾਝਾ ਦੁਆਬਾ ਅਤੇ ਮਾਲਵਾ ਦੇ ਕਈ ਇਲਾਕੇ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ ਅਜੇ ਵੀ ਪਿੱਛੋਂ ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਡੈਮਾਂ ਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾ ਵੱਧਦੀ ਦਿਖਾਈ ਦੇ ਰਹੀ ਹੈ। ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਕਿਹਾ ਕਿ ਇਸ ਲਈ ਸਾਨੂੰ ਅੱਜ ਸਾਰਿਆਂ ਨੂੰ ਇਸ ਸੰਕਟ ਦੀ ਘੜੀ ਵਿੱਚ ਇਕਜੁੱਟ ਹੋ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਜ਼ਰੂਰਤਮੰਦ ਲੋਕਾਂ ਦੀ ਸੇਵਾ ਦੇ ਵਿੱਚ ਜੁੱਟ ਜਾਣਾ ਚਾਹੀਦਾ ਹੈ। ਅਸੀਂ ਹੜਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਆਏ ਹਾਂ ਲੋਕ ਬਹੁਤ ਵਧੀਆ ਤਰੀਕੇ ਨਾਲ਼ ਰਸਦਾਂ ਖਾਣ ਪੀਣ ਦਾ ਸਮਾਨ ਡੰਗਰਾਂ ਲਈ ਤੂੜੀ ਅਚਾਰ ਦੀ ਸੇਵਾ ਕਰ ਰਹੇ ਹਨ ਜੋ ਸਾਡਾ ਸਭ ਦਾ ਫਰਜ਼ ਵੀ ਬਣਦਾ ਹੈ ਇਸ ਲਈ ਅਸੀਂ ਵੀ ਨੌਜਵਾਨਾਂ ਦੀ ਟੀਮ ਨਾਲ ਮਿਲ ਕੇ ਇਸ ਅਤਿ ਪੁੰਨ ਦੇ ਕਾਰਜ ਵਿੱਚ ਯੋਗਦਾਨ ਪਾਉਣ ਲਈ 9 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਪਿੰਡ ਖੁਖਰਾਣਾ ਤੋਂ ਚਾਲੇ ਮਾਰਨੇ ਨੇ ਇਸ ਵਾਸਤੇ ਹਰੇਕ ਮਾਈ ਭਾਈ ਨੂੰ ਬੇਨਤੀ ਕਰਦੇ ਹਾਂ ਕਿ ਇਸ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ। ਉਨ੍ਹਾਂ ਕਿਹਾ ਕਿ ਦੁਖ ਭੰਜਣ ਸੇਵਾ ਸੁਸਾਇਟੀ ਖੁਖਰਾਣਾ ਵਿਖੇ ਤੁਸੀਂ ਸਮਾਨ ਸੌਦਾ ਤੂੜੀ ਅਚਾਰ ਜਾਂ ਮਾਇਆ ਦੀ ਸੇਵਾ ਵੀ ਕਰ ਸਕਦੇ ਹੋ।