ਕਿਹਾ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ 50 ਸਾਲਾਂ ਤੋਂ ਵੱਧ ਉਮਰ ਦੇ ਵਸਨੀਕਾਂ ਦਾ ਰੱਖਿਆ ਜਾ ਰਿਹਾ ਹੈ ਖਾਸ ਧਿਆਨ
ਏ.ਡੀ.ਸੀਜ, ਐਸ.ਡੀ.ਐਮਜ ਦੀ ਨਿਗਰਾਨੀ ਹੇਠ ਨਗਰ ਨਿਗਮ ਤੇ ਸੀਵਰੇਜ ਤੇ ਜਲ ਸਪਲਾਈ ਇੰਜੀਨੀਅਰ ਅਲੀਪੁਰ ਤੇ ਨੇੜਲੇ ਇਲਾਕਿਆਂ ਦੀ ਕਰ ਰਹੇ ਨੇ ਮੋਨੀਟਰਿੰਗ
ਜਦੋਂ ਤੱਕ ਨਗਰ ਨਿਗਮ ਨਾ ਕਹੇ, ਲੋਕ ਟੂਟੀਆਂ ਦਾ ਪਾਣੀ ਨਾ ਪੀਣ-ਪਰਮਵੀਰ ਸਿੰਘ
ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਲੈ ਰਹੀਆਂ ਨੇ ਜਾਇਜ਼ਾ-ਡਾ. ਜਗਪਾਲਇੰਦਰ ਸਿੰਘ
ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਵੇਰੇ ਉਲਟੀਆਂ ਤੇ ਦਸਤ ਰੋਗ ਪ੍ਰਭਾਵਤ ਅਲੀਪੁਰ ਅਰਾਈਆਂ ਵਿਖੇ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ, ਏ.ਡੀ.ਸੀਜ, ਐਸ.ਡੀ.ਐਮਜ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਡਾਇਰੀਆ ਦੀ ਸਥਿਤੀ ਦਾ ਮੁਲਕੰਣ ਕੀਤਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਨਗਰ ਨਿਗਮ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੀਆਂ ਟੀਮਾਂ ਵੱਲੋਂ 24 ਘੰਟੇ ਪੂਰੀ ਚੌਕਸੀ ਵਰਤਦੇ ਹੋਏ ਆਪਸੀ ਤਾਲਮੇਲ ਨਾਲ ਸਥਿਤੀ ਨਾਲ ਨਜਿੱਠਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੇ ਸਰੋਤ, ਲੀਕੇਜ, ਗੰਦੇ ਪਾਣੀ ਦੀ ਮਿਕਸਿੰਗ, ਮਰੀਜਾਂ ਦੀ ਪਛਾਣ ਕਰਕੇ ਪੂਰੇ ਇਲਾਕੇ ਦੀ ਮੈਪਿੰਗ ਕੀਤੀ ਗਈ ਹੈ ਤਾਂ ਕਿ ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕਿ ਉਸਨੂੰ ਤੁਰੰਤ ਠੀਕ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਲੀਪੁਰ ਵਿਖੇ ਸਥਿਤੀ ਕੰਟਰੋਲ ਹੇਠ ਹੈ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਤਿਆਦ ਵਜੋਂ ਇਕੱਲੇ ਪਟਿਆਲਾ ਸ਼ਹਿਰ ਹੀ ਨਹੀਂ ਬਲਕਿ ਸਾਰੇ ਜ਼ਿਲ੍ਹੇ ਵਿੱਚ ਵੀ ਸੰਵੇਦਨਸ਼ੀਲ ਹੌਟਸਪੌਟ ਇਲਾਕਿਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 50 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਉਲਟੀਆਂ ਤੇ ਦਸਤ ਦੇ ਕਿਸੇ ਵੀ ਉਮਰ ਦੇ ਮਰੀਜ ਦੇ ਮਾਮਲੇ 'ਚ ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਅਲੀਪੁਰ ਸਮੇਤ ਨੇੜਲੇ ਇਲਾਕਿਆਂ, ਅਰਸ਼ ਨਗਰ, ਖ਼ਾਲਸਾ ਕਲੋਨੀ ਵਿਖੇ ਏ.ਡੀ.ਸੀਜ ਨਵਰੀਤ ਕੌਰ ਸੇਖੋਂ ਤੇ ਅਮਰਿੰਦਰ ਸਿੰਘ ਟਿਵਾਣਾ, ਪਟਿਆਲਾ ਤੇ ਦੂਧਨ ਸਾਧਾਂ ਦੇ ਐਸ.ਡੀ.ਐਮਜ ਸਾਰੇ ਖੇਤਰ ਨੂੰ ਬਲਾਕਾਂ ਵਿੱਚ ਵੰਡਕੇ ਨਿਗਰਾਨੀ ਕਰ ਰਹੇ ਹਨ। ਇਨ੍ਹਾਂ ਅਧਿਕਾਰੀਆਂ ਦੇ ਨਾਲ ਜਲ ਸਪਲਾਈ ਤੇ ਸੀਵਰੇਜ ਬੋਰਡ ਸਮੇਤ ਨਗਰ ਨਿਗਮ ਦੇ ਤਕਨੀਕੀ ਇੰਜੀਨੀਅਰਿੰਗ ਟੀਮਾਂ ਵੱਲੋਂ ਪਾਣੀ ਸਪਲਾਈ ਤੇ ਸੀਵਰੇਜ ਲਾਇਨਾਂ ਨੂੰ ਤਕਨੀਕੀ ਤੇ ਮੈਡੀਕਲ ਤੌਰ 'ਤੇ ਚੈਕ ਕੀਤਾ ਜਾ ਰਿਹਾ ਹੈ ਤਾਂ ਕਿ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਨਾ ਮਿਲੇ। ਇਸ ਮੌਕੇ ਉਨ੍ਹਾਂ ਨੇ ਮਰੀਜਾਂ ਨਾਲ ਵੀ ਗੱਲਬਾਤ ਕੀਤੀ ਤੇ ਚੱਲ ਰਹੀ ਡਿਸਪੈਂਸਰੀ ਦਾ ਵੀ ਜਾਇਜ਼ਾ ਲਿਆ।
ਮੌਕੇ 'ਤੇ ਮੌਜੂਦ ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਅਲੀਪੁਰ ਅਰਾਈਆਂ ਵਿਖੇ ਪਾਣੀ ਸਪਲਾਈ ਲਈ 10 ਟੈਂਕਰ ਲਗਾਏ ਗਏ ਹਨ। ਲੋਕਾਂ ਨੂੰ ਵੀ ਅਪੀਲ ਹੈ ਕਿ ਜਦੋਂ ਤੱਕ ਨਗਰ ਨਿਗਮ ਵੱਲੋਂ ਨਹੀਂ ਕਿਹਾ ਜਾਂਦਾ, ਉਸ ਸਮੇਂ ਤੱਕ ਆਪਣੇ ਘਰਾਂ ਵਿੱਚ ਪਾਣੀ ਦੀ ਟੂਟੀ ਤੋਂ ਪੀਣ ਲਈ ਪਾਣੀ ਨਾ ਵਰਤਣ ਅਤੇ ਪਾਣੀ ਦੇ ਗ਼ੈਰ ਕਾਨੂੰਨੀ ਕੁਨੈਕਸ਼ਨ ਨਾ ਚਲਾਉਣ। ਉਨ੍ਹਾਂ ਦੱਸਿਆ ਕਿ ਜਿੱਥੇ ਕਿਤੇ ਗੰਦਾ ਪਾਣੀ ਮਿਲਣ ਦਾ ਸ਼ੱਕ ਸੀ, ਉਹ ਸਾਰੇ ਲੀਕੇਜ ਪੁਆਇੰਟ ਬੰਦ ਕਰ ਦਿੱਤੇ ਗਏ ਹਨ ਤੇ ਹੁਣ ਦੁਬਾਰਾ ਸੈਂਪਲਿੰਗ ਚੱਲ ਰਹੀ ਹੈ।
ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਅਲੀਪੁਰ ਵਿਖੇ 24 ਦਿਨ ਤੇ ਸ਼ਾਮ ਦੀ ਡਿਸਮੈਂਸਰੀ ਚੱਲ ਰਹੀ ਹੈ, 3 ਐਸ.ਐਮ.ਓਜ ਤੇ ਐਪੀਡੋਮੋਲੋਜਿਸਟ ਸਮੇਤ ਉਹ ਖ਼ੁਦ ਨਿਗਰਾਨੀ ਕਰ ਰਹੇ ਹਨ। ਸਿਹਤ ਵਿਭਾਗ ਦੀਆਂ 22 ਟੀਮਾਂ ਘਰ-ਘਰ ਜਾਕੇ ਸਰਵੇ ਕਰਨ ਸਮੇਤ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਉਹ ਦੂਸ਼ਿਤ ਪਾਣੀ ਪੀਣ ਤੋਂ ਬਚਣ ਲਈ ਕਲੋਰੀਨ ਦੀਆਂ ਗੋਲੀਆਂ ਵਾਲਾ ਅਤੇ ਉਬਲਿਆ ਪਾਣੀ ਪੀਣ ਨੂੰ ਹੀ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਉਲਟੀਆਂ ਜਾਂ ਦਸਤ ਦੇ ਕੋਈ ਲੱਛਣ ਆਉਂਦੇ ਹਨ ਤਾਂ ਉਹ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਤੋਂ ਮੈਡੀਕਲ ਸਹਾਇਤਾ ਲੈਣ।