ਸੁਨਾਮ : ਸ਼ਿਲਪਕਲਾ ਦੇ ਮੋਢੀ ਅਤੇ ਕਿਰਤ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੁੱਧਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡਾਂ ਸਮੇਤ ਸੁਨਾਮ ਸ਼ਹਿਰ ਅੰਦਰ ਆਯੋਜਿਤ ਧਾਰਮਿਕ ਸਮਾਰੋਹਾਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਮੀਡੀਆ ਵੱਲੋਂ ਭ੍ਰਿਸ਼ਟਾਚਾਰ ਬਾਬਤ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਸਬੰਧੀ ਜ਼ੀਰੋ ਟਾਲਰੈਂਸ ਨੀਤੀ ਹੈ ਤੇ ਜਿਹੜਾ ਵੀ ਵਿਅਕਤੀ, ਚਾਹੇ ਉਹ ਕੋਈ ਵੱਡਾ ਅਧਿਕਾਰੀ ਹੋਵੇ, ਚਾਹੇ ਛੋਟਾ, ਕਿਸੇ ਵੀ ਹਾਲ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਨੇ ਉਭਾਵਾਲ, ਦੁੱਗਾਂ, ਲੌਂਗੋਵਾਲ, ਸ਼ਾਹਪੁਰ ਕਲਾਂ, ਚੀਮਾਂ, ਚੌਵਾਸ ਅਤੇ ਸੁਨਾਮ ਵਿਖੇ ਹੋਏ ਧਾਰਮਿਕ ਪ੍ਰੋਗਰਾਮਾਂ ਵਿੱਚ ਭਾਗ ਲੈਂਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਦਾ ਪਹਿਲਾ ਇੰਜਨੀਅਰ, ਵਿਗਿਆਨਕ ਅਤੇ ਕਾਰੀਗਰ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ, ਨਿਸ਼ਠਾ ਅਤੇ ਕੌਸ਼ਲ ਦੇ ਆਧਾਰ 'ਤੇ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਮਨੁੱਖਤਾ ਨੂੰ ਤਕਨੀਕ ਅਤੇ ਸ੍ਰਿਜਨਾਤਮਕਤਾ ਦੇ ਰਾਹ 'ਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਹਰ ਮਿਹਨਤੀ ਵਿਅਕਤੀ, ਕਾਰੀਗਰ, ਇੰਜਨੀਅਰ, ਅਤੇ ਤਕਨੀਕੀ ਵਰਗ ਦੇ ਲੋਕ ਉਨ੍ਹਾਂ ਦੀ ਸਿੱਖਿਆ ਦੇ ਪ੍ਰਤੀਕ ਹਨ। ਭਗਵਾਨ ਵਿਸ਼ਵਕਰਮਾ ਜੀ ਦੀ ਜੈਯੰਤੀ ਮਿਹਨਤ, ਇਮਾਨਦਾਰੀ ਅਤੇ ਰਚਨਾਤਮਕਤਾ ਦਾ ਪ੍ਰਤੀਕ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋਕੇ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਕੌਸ਼ਲ ਵਿਕਾਸ ਤੇ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਯੁਵਕ ਸਿਰਫ਼ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣ ਸਕਣ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਮਿਹਨਤੀ ਵਰਗ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ। ਉਦਯੋਗਿਕ ਖੇਤਰਾਂ ਦੇ ਵਿਸਥਾਰ, ਨਵੇਂ ਕੌਸ਼ਲ ਕੇਂਦਰਾਂ ਦੀ ਸਥਾਪਨਾ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਅਧੁਨੀਕੀਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।