ਗ੍ਰਹਿ ਮੰਤਰੀ ਅਮਿੱਤ ਸ਼ਾਹ ਕਰਨਗੇ ਸ਼ਿਰਕਤ
ਸੁਨਾਮ : ਸੂਬੇ ਅੰਦਰ ਵਿਧਾਨ ਸਭਾ ਚੋਣਾਂ ਵਿੱਚ ਬੇਸ਼ੱਕ ਅਜੇ ਇੱਕ ਸਾਲ ਬਾਅਦ ਹੋਣਗੀਆਂ ਲੇਕਿਨ ਰਾਜਨੀਤਕ ਪਾਰਟੀਆਂ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਭਾਜਪਾ ਦੀ 14 ਮਾਰਚ ਨੂੰ ਮੋਗਾ ਦੇ ਪਿੰਡ ਕਿਲੀ ਚਹਿਲਾਂ ਵਿਖੇ ਹੋਣ ਵਾਲੀ " ਬਦਲਾਅ" ਰੈਲੀ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਰੈਲੀ ਦੀਆਂ ਤਿਆਰੀਆਂ ਨੂੰ ਲੈਕੇ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਜ਼ਿਲ੍ਹਾ ਸੰਗਰੂਰ -2 ਦੀ ਪ੍ਰਧਾਨ ਦਾਮਨ ਬਾਜਵਾ ਸਮੇਤ ਹੋਰਨਾਂ ਆਗੂਆਂ ਨਾਲ ਮੀਟਿੰਗ ਕੀਤੀ। ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਮੋਗਾ ਰੈਲੀ ਨੂੰ ਲੈਕੇ ਪਾਰਟੀ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ -2 ਵਿੱਚੋਂ 100 ਦੇ ਕਰੀਬ ਬੱਸਾਂ ਦਾ ਕਾਫ਼ਲਾ ਮੋਗਾ ਰੈਲੀ ਲਈ ਰਵਾਨਾ ਹੋਵੇਗਾ। ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਤੋਂ ਇਲਾਵਾ ਹੋਰ ਲੀਡਰਸ਼ਿਪ ਵੀ ਸੰਬੋਧਨ ਕਰੇਗੀ। ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਮੋਗਾ ਦੇ ਪਿੰਡ ਕਿਲੀ ਚਹਿਲਾਂ ਵਿਖੇ ਭਾਰਤੀ ਜਨਤਾ ਪਾਰਟੀ ਦੀ ਹੋਣ ਵਾਲੀ ਬਦਲਾਅ ਰੈਲੀ ਪੰਜਾਬ ਵਿੱਚ ਰਾਜਨੀਤਕ ਤਬਦੀਲੀ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ । ਉਨ੍ਹਾਂ ਆਖਿਆ ਕਿ ਸੂਬੇ ਦੀ ਜਨਤਾ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਡਬਲ ਇੰਜਨ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਦਾਮਨ ਬਾਜਵਾ ਨੇ ਆਖਿਆ ਕਿ ਝੂਠ ਬੋਲਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਅਣਗੌਲਿਆਂ ਕੀਤਾ ਹੈ। ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਵਰਗ ਨੂੰ ਹੱਕੀ ਮੰਗਾਂ ਲਈ ਧਰਨੇ ਦੇਣੇ ਪੈ ਰਹੇ ਹਨ। ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਨਿੱਤ ਦਿਨ ਕਤਲ ਡਕੈਤੀਆਂ ਹੋ ਰਹੀਆਂ ਹਨ। ਨਸ਼ਿਆਂ ਨੂੰ ਰੋਕਣ ਵਿਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਜਨਤਾ ਨੂੰ ਹੁਣ ਭਾਜਪਾ ਤੋਂ ਹੀ ਉਮੀਦਾਂ ਹਨ ਜਿਹੜੀ ਪੰਜਾਬ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਇਸ ਮੌਕੇ ਦਿਆਲ ਸੋਢੀ, ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ, ਰਾਂਝਾ ਬਖਸ਼ੀ, ਜ਼ਿਲ੍ਹਾ ਜਨਰਲ ਸਕੱਤਰ ਸ਼ੇਰਵਿੰਦਰ ਸਿੰਘ ਧਾਲੀਵਾਲ ਤੇ ਹੋਰ ਆਗੂ ਹਾਜ਼ਰ ਸਨ।