ਨਵੀਂ ਦਿੱਲੀ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਮੰਗਲੌਰ ਰੀਜ਼ਨਲ ਯੂਨਿਟ ਨੇ ਖ਼ੂਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਦਿੱਲੀ ਤੋਂ ਬੰਗਲੁਰੂ ਜਾ ਰਹੀ ਰੇਲ ਗੱਡੀ ਰਾਹੀਂ ਯਾਤਰਾ ਕਰ ਰਹੇ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿੱਤ ਮੰਤਰਾਲੇ ਦੇ ਅਨੁਸਾਰ ਯਾਤਰੀ ਦੇ ਟਰਾਲੀ ਬੈਗ਼ ਦੀ ਪੂਰੀ ਜਾਂਚ ਤੋਂ ਬਾਅਦ ਤਿੰਨ ਪੈਕੇਟ ਬਰਾਮਦ ਹੋਏ ਜਿਨ੍ਹਾਂ ਵਿੱਚ 5.753 ਕਿਲੋਗ੍ਰਾਮ ਚਿੱਟਾ ਕ੍ਰਿਸਟਲਿਨ ਪਦਾਰਥ ਸੀ ਜੋ ਕਿ ਮੇਥਾਮਫ਼ੇਟਾਮਾਈਨ (ਕ੍ਰਿਸਟਲ ਮੇਥ) ਹੋਣ ਦਾ ਸ਼ੱਕ ਹੈ। ਸ਼ੱਕੀ ਨਸ਼ੀਲੇ ਪਦਾਰਥ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ.ਡੀ.ਪੀ.ਐਸ.) ਐਕਟ 1985 ਦੇ ਉਪਬੰਧਾਂ ਤਹਿਤ ਜ਼ਬਤ ਕੀਤਾ ਗਿਆ ਸੀ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹਤੇ ਬਾਅਦ ਵਿੱਚ ਐਨ.ਡੀ.ਪੀ.ਐਸ. ਅਦਾਲਤ ਨੇ ਉਸਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਮੇਥਾਫ਼ੇਟਾਮਾਈਨ ਜਿਸਨੂੰ ਆਮ ਤੌਰ ’ਤੇ ਕ੍ਰਿਸਟਲ ਮੇਥ ਜਾਂ ਆਈਸ ਕਿਹਾ ਜਾਂਦਾ ਹੈ, ਇਕ ਸ਼ਕਤੀਸ਼ਾਲੀ, ਬਹੁਤ ਜ਼ਿਆਦਾ ਨਸ਼ਾ ਕਰਨ ਵਾਲਾ ਸਿੰਥੈਟਿਕ ਮਨੋਉਤੇਜਕ ਹੈ ਜੋ ਕੇਂਦਰੀ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਮਾਮਲੇ ਵਿੱਚ ਜ਼ਬਤ ਕੀਤੀ ਗਈ 5.753 ਕਿਲੋਗ੍ਰਾਮ ਮਾਤਰਾ ਮੇਥਾਮਫੇਟਾਮਾਈਨ ਲਈ 50 ਗ੍ਰਾਮ ਦੀ ਸੂਚਿਤ ਵਪਾਰਕ ਮਾਤਰਾ ਤੋਂ ਬਹੁਤ ਜ਼ਿਆਦਾ ਹੈ ਅਤੇ ਇਸ ਲਈ 10-20 ਸਾਲ ਦੀ ਸਖ਼ਤ ਕੈਦ ਅਤੇ 1-2 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।