ਮਾਲੇਰਕੋਟਲਾ (ਮਹਿਬੂਬ, ਡਾ. ਸ਼ਹਿਬਾਜ਼) : ਪੰਜਾਬ ਦੀ ਸਿਆਸਤ ਨਾਲ ਜੁੜਿਆ ਇਕ ਭਾਵਨਾਤਮਕ ਮਾਮਲਾ ਫਿਰ ਤੋਂ ਸੁਰਖੀਆਂ ’ਚ ਹੈ। ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਮ੍ਰਿਤਕ ਆਕਿਲ ਅਖਤਰ ਆਪਣੇ ਮਾਪਿਆਂ, ਭੈਣ ਅਤੇ ਪਤਨੀ ਤੋਂ ਮੁਆਫੀ ਮੰਗਦਾ ਨਜ਼ਰ ਆ ਰਿਹਾ ਹੈ। ਉੱਕਤ ਵੀਡੀਓ ਜਦੋਂ ਕੱਲ ਸੋਸ਼ਲ ਮੀਡਿਆ ਤੇ ਵਾਇਰਲ ਹੋਈ ਤਾਂ ਮਰਹੂਮ ਆਕਿਲ ਅਖ਼ਤਰ ਦੀ ਮੌਤ ਤੇ ਸਿਆਸਤ ਕਰਕੇ ਸਸਤੀ ਸ਼ੋਹਰਤ ਹਾਸਲ ਵਾਲਿਆਂ ਨੂੰ ਜੀਵੇਂ ਸੱਪ ਹੀ ਸੁੰਘ ਗਿਆ ਹੋਵੇ ਤੇ ਵੱਖ ਵੱਖ ਲੋਕਾਂ ਵੱਲੋਂ ਉਹਨਾਂ ਨੂੰ ਲਾਹਨਤਾਂ ਭੇਜੀਆਂ ਜਾ ਰਹੀਆਂ ਹਨ।ਇਹ ਵੀ ਚਰਚਾ ਹੈ ਇਹ ਆਕਿਲ ਅਖ਼ਤਰ ਦੀ ਮੌਤ ਤੋਂ ਬਾਅਦ ਇੱਕ ਗਿਣੀ ਮਿਥੀ ਸਾਜਿਜ਼ ਤੇ ਤਹਿਤ ਮਾਲੇਰਕੋਟਲਾ ਸ਼ਹਿਰ ਦੇ ਇੱਕ ਗਰੁੱਪ ਨੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਦੋਂ ਕਿ ਆਕਿਲ ਦੀ ਮੌਤ ਤੇ ਅਫਸੋਸ ਕਰਨ ਲਈ ਮਾਲੇਰਕੋਟਲਾ ਸਮੇਤ ਪੂਰੇ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਹਾਰਾਨਪੁਰ ਉਹਨਾਂ ਦੇ ਜੱਦੀ ਪਿੰਡ ਲਗਾਤਾਰ ਪਹੁੰਚ ਰਹੇ ਹਨ।
ਜਾਣਕਾਰੀ ਅਨੁਸਾਰ ਆਕਿਲ ਅਖਤਰ ਦੀ ਮੌਤ ਬੀਤੇ ਵੀਰਵਾਰ ਨੂੰ ਅਚਾਨਕ ਹੋਈ ਸੀ। ਜਵਾਨ ਬੇਟੇ ਨੂੰ ਗੁਆਉਣ ਦਾ ਦੁੱਖ਼ ਕਿਸੇ ਵੀ ਮਾਤਾ-ਪਿਤਾ ਲਈ ਅਸਹਿ ਹੁੰਦਾ ਹੈ। ਦੁੱਖ਼ ਦੀ ਗੱਲ ਇਹ ਹੈ ਕਿ ਕੁਝ ਲੋਕ ਹੁਣ ਉਸ ਦੀ ਪੁਰਾਣੀ ਵੀਡੀਓ ਵਾਇਰਲ ਕਰਕੇ ਪਰਿਵਾਰ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਲੇਰਕੋਟਲਾ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਕਿਲ ਲਗਭਗ ਦੋ ਦਹਾਕਿਆਂ ਤੋਂ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਸੀ। ਪਰਿਵਾਰ ਨੇ ਉਸ ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ ਤੋਂ ਲੈ ਕੇ ਕਈ ਨਿੱਜੀ ਹਸਪਤਾਲਾਂ ’ਚੋਂ ਕਰਵਾਇਆ ਸੀ। ਮਾਹਿਰਾਂ ਦੇ ਅਨੁਸਾਰ ਉਹ ਬੁਰੀਆਂ ਆਦਤਾਂ ਕਾਰਨ ‘ਸਾਈਕੋਟਿਕ’ ਮਾਨਸਿਕ ਸਥਿਤੀ ’ਚ ਚਲਾ ਗਿਆ ਸੀ
8 ਅਕਤੂਬਰ ਨੂੰ ਬਣਾਈ ਗਈ ਇਕ ਨਵੀਂ ਵੀਡੀਓ ’ਚ ਆਕਿਲ ਕਹਿ ਰਿਹਾ ਹੈ ਕਿ ਉਸ ਦਾ ਪਰਿਵਾਰ ਬਹੁਤ ਚੰਗਾ ਹੈ, ਜੇ ਕੋਈ ਹੋਰ ਹੁੰਦਾ ਤਾਂ ਉਸ ਨੂੰ ਕਦੋਂ ਤੋਂ ਘਰੋਂ ਬਾਹਰ ਕੱਢ ਦਿੰਦਾ। ਉਸ ਨੇ ਪਹਿਲਾਂ ਵਾਇਰਲ ਹੋਈ ਵੀਡੀਓ ’ਚ ਆਪਣੇ ਪਰਿਵਾਰ ’ਤੇ ਲਾਏ ਗਏ ਦੋਸ਼ਾਂ ਨੂੰ ‘ਪਾਗਲਪਨ’ ਕਿਹਾ ਅਤੇ ਆਪਣੇ ਕੰਮਾਂ ਲਈ ਪਛਤਾਵਾ ਪ੍ਰਗਟ ਕੀਤਾ। ਵੀਡੀਓ ’ਚ ਉਸ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ 27 ਅਗਸਤ ਨੂੰ ਬਣਾਈ ਵੀਡੀਓ ਨੂੰ ‘ਇਕ ਸਾਲ ਪੁਰਾਣੀ’ ਦੱਸ ਰਿਹਾ ਹੈ। ਇਸ ਲਈ, ਜੋ ਲੋਕ ਇਸ ਦੁੱਖਦਾਈ ਘਟਨਾ ’ਤੇ ਸਿਆਸਤ ਕਰ ਰਹੇ ਹਨ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਜਿਹਾ ਸਮਾਂ ਕਿਸੇ ਨਾਲ ਵੀ ਆ ਸਕਦਾ ਹੈ।