Thursday, May 09, 2024
BREAKING NEWS
ਬਿਹਾਰ ’ਚ ਬਿਜਲੀ ਡਿੱਗਣ ਨਾਲ ਦੋ ਮੌਤਾਂਸਿਸੋਦੀਆਂ ਦੀ ਜ਼ਮਾਨਤ ਪਟੀਸ਼ਨ ’ਤੇ 13 ਮਈ ਨੂੰ ਸੁਣਵਾਈ ਹੋਵੇਗੀਭਾਰਤੀਆਂ ਨੂੰ ਰੂਸ ਯੂਕਰੇਨ ਜੰਗ ’ਚ ਭੇਜਣ ਵਾਲੇ 4 ਦੋਸ਼ੀ ਗ੍ਰਿਫ਼ਤਾਰਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲਹਾਕੀ ਦੀ ਨੈਸ਼ਨਲ ਖਿਡਾਰਨ ਨੇ ਦਿੱਤੀ ਜਾਨ, ਭਰਾ-ਭਾਬੀ ‘ਤੇ ਲੱਗੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮਕਾਂਗਰਸ ਨੂੰ ਝਟਕਾ, ਚੁਸ਼ਪਿੰਦਰਬੀਰ ਸਿੰਘ ਚਹਿਲ AAP ‘ਚ ਹੋਏ ਸ਼ਾਮਿਲਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀ

Articles

ਰੱਬ ਦਾ ਵਰਕਾ

December 05, 2023 10:50 AM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਕਾਫੀ ਸਮਾਂ ਪਹਿਲਾਂ ਮੈਨੂੰ ਕਿਸੇ ਹੋਰ ਸਕੂਲ ( ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਸਗਰਾਈਂ ) ਵਿਖੇ ਡਿਊਟੀ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਮੈਂ ਸਕੂਲ ਵਿੱਚ ਪਹੁੰਚ ਕੇ ਪੜ੍ਹਾਈ ਕਰਵਾਉਣ ਤੋਂ ਬਾਅਦ ਬੱਚਿਆਂ ਦੀਆਂ ਕਾਪੀਆਂ ਦਾ  ਕੰਮ ਦੇਖਣ ਲੱਗ ਪਿਆ। ਕੁਝ ਸਮੇਂ ਬਾਅਦ ਇੱਕ ਬੱਚੀ ਆਪਣਾ ਕੰਮ ਮੈਨੂੰ ਦਿਖਾਉਣ ਲਈ ਲਿਆਈ। ਅੱਜ ਉਸ ਨੇ ਆਪਣਾ ਕੰਮ ਇੱਕ ਨਵੀਂ ਕਾਪੀ 'ਤੇ ਕੀਤਾ ਹੋਇਆ ਸੀ। ਉਸਨੇ ਬੜੇ ਚਾਅ ਨਾਲ ਮੈਨੂੰ ਦੱਸਿਆ ,  " ਸਰ ਜੀ ! ਕੱਲ੍ਹ ਮੇਰੇ ਪਾਪਾ ਮੇਰੇ ਲਈ ਇਹ ਨਵੀਂ ਕਾਪੀ ਲਿਆਏ । "  ਉਸ ਬੱਚੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਮੈਂ ਵੀ ਉਸ ਦੀ ਨਵੀਂ ਸੁੰਦਰ ਕਾਪੀ ਦੀ ਦਿਲੋਂ ਤਾਰੀਫ ਕੀਤੀ ਤੇ ਉਸ ਬੱਚੀ ਦੀ ਖੁਸ਼ੀ ਮੈਨੂੰ ਵੀ ਬਹੁਤ ਚੰਗੀ ਲੱਗੀ। ਜਦੋਂ ਉਸ ਨਿੱਕੀ - ਪਿਆਰੀ ਬੱਚੀ ਦੀ ਕਾਪੀ ਖੋਲ ਕੇ ਮੈਂ ਉਸਦਾ ਕੰਮ ਦੇਖਣ ਲੱਗਾ ਤਾਂ ਸਭ ਤੋਂ ਪਹਿਲਾਂ ਮੇਰੀ ਨਜ਼ਰ ਉਸ ਦੀ ਕਾਪੀ ਦੇ ਪਹਿਲੇ ਸਫੇ 'ਤੇ ਪਈ। ਉਸ ਨਿੱਕੀ - ਪਿਆਰੀ ਬੱਚੀ ਨੇ ਉਸ ਪਹਿਲੇ ਸਫੇ 'ਤੇ ਲਿਖਿਆ ਸੀ " ਰੱਬ ਦਾ ਵਰਕਾ "। ਉਸਨੇ ਸਕੂਲ ਦਾ ਕੰਮ ਅਗਲੇ ਸਫੇ ਤੋਂ ਕਰਨਾ ਸ਼ੁਰੂ ਕੀਤਾ ਹੋਇਆ ਸੀ। ਜਦੋਂ ਮੈਂ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਬੜੀ ਮਾਸੂਮੀਅਤ ਅਤੇ ਰੱਬ ਪ੍ਰਤੀ ਆਪਣੀ ਆਸਥਾ ਤੇ ਭਾਵਨਾ ਵਿਅਕਤ ਕਰਦੇ ਹੋਏ ਕਿਹਾ , " ਸਰ ਜੀ !  ਜਦੋਂ ਮੇਰੇ ਪਿਤਾ ਜੀ ਨੂੰ ਕੰਮ ਦੇ ਪੈਸੇ ਮਿਲਦੇ ਹਨ ਤਾਂ ਉਹ ਲੋੜਵੰਦਾਂ ਦੀ ਮਦਦ ਲਈ ਕੁਝ ਪੈਸੇ ਵੱਖਰੇ ਕੱਢ ਲੈਂਦੇ ਹਨ ਤੇ ਜਦੋਂ ਮੇਰੀ ਮੰਮੀ ਰੋਟੀ ਬਣਾਉਂਦੀ ਹੈ ਤਾਂ ਪਹਿਲੀ ਰੋਟੀ ਰੱਬ ਲਈ ਕੱਢ ਦਿੰਦੀ ਹੈ। ਇਸੇ ਤਰ੍ਹਾਂ ਮੇਰੇ ਸਰ ਜੀ ( ਸ਼੍ਰੀ ਪਵਨ ਕੁਮਾਰ ਬ੍ਰਹਮਪੁਰੀ ਜੀ ) ਨੇ ਵੀ ਮੈਨੂੰ ਲੋਕਾਂ ਦੀ ਭਲਾਈ ਕਰਨ ਲਈ ਸਮਝਾਇਆ ਹੈ। "   ਜਦੋਂ ਮੈਂ ਉਸ ਨਿੱਕੀ ਪਿਆਰੀ ਬੱਚੀ ਨੂੰ ਉਸਦੇ ਜਮਾਤ ਇੰਚਾਰਜ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਨੂੰ ਸ਼੍ਰੀ ਪਵਨ ਕੁਮਾਰ ਬ੍ਰਹਮਪੁਰੀ ਜੀ ਅਧਿਆਪਕ ਪੜਾਉਂਦੇ ਹਨ ਅਤੇ ਮੇਰੇ ਸਕੂਲ ਮੁਖੀ ਸ਼੍ਰੀ ਸੁਰਿੰਦਰ ਕੁਮਾਰ ਕਾਲੀਆ ਜੀ ਹਨ। ਇਸ ਦੇ ਨਾਲ ਹੀ ਉਸਨੇ ਮਾਸੂਮੀਅਤ ਭਰੀ ਮਿੱਠੀ ਤੇ ਪਿਆਰੀ ਆਵਾਜ਼ ਵਿੱਚ ਮੈਨੂੰ ਕਿਹਾ , "  ਸਰ ਜੀ ! ਮੈਂ ਅਜੇ ਪੈਸੇ ਨਹੀਂ ਕਮਾਉਂਦੀ। ਫਿਰ ਹੁਣ ਜਦੋਂ ਮੇਰੇ ਪਾਪਾ ਮੇਰੇ ਲਈ ਨਵੇਂ ਕਾਪੀ ਲੈ ਕੇ ਆਏ ਤਾਂ ਮੈਂ ਇਸ ਕਾਪੀ ਦਾ ਪਹਿਲਾ ਵਰਕਾ ( ਸਫਾ ) ਰੱਬ ਜੀ ਲਈ ਰੱਖ ਦਿੱਤਾ ਹੈ। "  ਐਨੀ ਛੋਟੀ ਉਮਰ ਵਿੱਚ ਉਸ ਨਿੱਕੀ - ਪਿਆਰੀ ਬੱਚੀ ਨੂੰ ਉਸਦੇ ਸਤਿਕਾਰਯੋਗ ਅਧਿਆਪਕਾਂ , ਸਕੂਲ ਸਟਾਫ ਅਤੇ ਉਸਦੇ ਮਿਹਨਤੀ ਤੇ ਆਸਤਿਕ ਪਰਿਵਾਰ ਵੱਲੋਂ ਮਿਲੇ ਵਡਮੁੱਲੇ ਸੰਸਕਾਰ ਅਤੇ ਉਸ ਬੱਚੀ ਦੀ ਪਰਮਾਤਮਾ ਪ੍ਰਤੀ ਆਸਥਾ , ਸ਼ਰਧਾ , ਪਰਉਪਕਾਰ ਅਤੇ ਮਾਸੂਮੀਅਤ ਤੇ ਕੋਮਲ ਜਿਹੀ ਭਾਵਨਾ ਦੇਖ ਕੇ ਮੈਂ ਵੀ ਪ੍ਰਭਾਵਿਤ ਹੋਏ ਬਿਨ੍ਹਾਂ ਨਹੀਂ ਰਹਿ ਸਕਿਆ। ਅੱਜ ਵੀ ਉਸ ਕੋਮਲ ਤੇ ਪਿਆਰੀ ਜਿਹੀ ਨਿੱਕੀ ਬੱਚੀ ਦੁਆਰਾ ਕਾਪੀ ਦੇ ਪਹਿਲੇ ਸਫੇ ਤੇ ਲਿਖੇ ਸ਼ਬਦ "  ਰੱਬ ਦਾ ਵਰਕਾ "  ਅਤੇ ਉਸ ਬੱਚੀ ਦਾ ਆਸਥਾ ਭਰਪੂਰ ਚਿਹਰਾ ਅੱਜ ਵੀ ਮੇਰੇ ਮਨ - ਮਸਤਕ ਪਟਲ 'ਤੇ ਘੁੰਮਦਾ ਰਹਿੰਦਾ ਹੈ ਤੇ ਮੈਂ ਉਸ ਪਿਆਰੀ ਜਿਹੀ ਬੱਚੀ ਦੇ ਸਮਰਪਣ ਨੂੰ , ਉਸਦੇ ਅਧਿਆਪਕਾਂ ਨੂੰ ( ਸ੍ਰੀ ਪਵਨ ਕੁਮਾਰ ਬ੍ਰਹਮਪੁਰੀ ਜੀ ਅਤੇ ਸ੍ਰੀ ਸੁਰਿੰਦਰ ਕੁਮਾਰ ਕਾਲੀਆ ਜੀ ) ਅਤੇ ਉਸਦੇ ਮਾਤਾ - ਪਿਤਾ ਜੀ ਨੂੰ ਵੀ ਦਿਲੋਂ ਸਲਾਮ ਕਰਦਾ ਹਾਂ। ਸੱਚਮੁੱਚ ! ਅਧਿਆਪਕਾਂ , ਮਾਪਿਆਂ ਅਤੇ ਪਰਿਵਾਰ ਵੱਲੋਂ ਦਿੱਤੇ ਗਏ ਸੰਸਕਾਰ ਤੇ ਚੰਗੀਆਂ ਸਿੱਖਿਆਵਾਂ ਇਹਨਾਂ ਨਿੱਕੇ ਬੱਚਿਆਂ ਦੇ ਕੋਮਲ ਮਨ 'ਤੇ ਬਹੁਤ ਗਹਿਰਾ ਤੇ ਚੰਗਾ ਪ੍ਰਭਾਵ ਪਾਉਂਦੇ ਹਨ ; ਜੋ ਕਿ ਭਵਿੱਖ ਵਿੱਚ ਚੰਗੇ ਸਮਾਜ ਦੀ ਸਿਰਜਣਾ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਦੇਸ਼ ਨੂੰ ਚੰਗੇ ਨਾਗਰਿਕ ਪ੍ਰਦਾਨ ਕਰਦੇ ਹਨ।

 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
( ਪ੍ਰਸਿੱਧ ਲੇਖਕ - ਸ੍ਰੀ ਅਨੰਦਪੁਰ ਸਾਹਿਬ )
 ਸਾਹਿਤ ਵਿੱਚ ਕੀਤੇ ਗਏ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ  ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 

Have something to say? Post your comment