Wednesday, May 08, 2024
BREAKING NEWS
ਬਿਹਾਰ ’ਚ ਬਿਜਲੀ ਡਿੱਗਣ ਨਾਲ ਦੋ ਮੌਤਾਂਸਿਸੋਦੀਆਂ ਦੀ ਜ਼ਮਾਨਤ ਪਟੀਸ਼ਨ ’ਤੇ 13 ਮਈ ਨੂੰ ਸੁਣਵਾਈ ਹੋਵੇਗੀਭਾਰਤੀਆਂ ਨੂੰ ਰੂਸ ਯੂਕਰੇਨ ਜੰਗ ’ਚ ਭੇਜਣ ਵਾਲੇ 4 ਦੋਸ਼ੀ ਗ੍ਰਿਫ਼ਤਾਰਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲਹਾਕੀ ਦੀ ਨੈਸ਼ਨਲ ਖਿਡਾਰਨ ਨੇ ਦਿੱਤੀ ਜਾਨ, ਭਰਾ-ਭਾਬੀ ‘ਤੇ ਲੱਗੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮਕਾਂਗਰਸ ਨੂੰ ਝਟਕਾ, ਚੁਸ਼ਪਿੰਦਰਬੀਰ ਸਿੰਘ ਚਹਿਲ AAP ‘ਚ ਹੋਏ ਸ਼ਾਮਿਲਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀ

Articles

ਆਓ ! ਡਰਾਇਵਰ ਭਰਾਵਾਂ ਦਾ ਦਿਲੋਂ ਸਤਿਕਾਰ ਕਰੀਏ

November 28, 2023 02:38 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
" ਜ਼ਿੰਦਗੀ ਕੇ ਹਰ ਮੋੜ ਪਰ ਹਰ ਵਖਤ ਅਕੇਲੇ ਹੈਂ ਹਮ ,
ਫਿਰ ਭੀ ਹਰ ਗਮ ਹੰਸ ਕੇ ਸਹਿ ਲੇਤੇ ਹੈਂ ਹਮ..."
ਵਿਅਕਤੀ ਆਪਣੇ ਰੋਟੀ-ਟੁੱਕ ਦੇ ਲਈ ਕਈ ਤਰ੍ਹਾਂ ਦੇ ਕੰਮ-ਧੰਦੇ ਅਪਣਾਉਂਦਾ ਹੈ। ਕਿੱਤਾ ਕੋਈ ਵੀ ਮਾੜਾ, ਨੀਵਾਂ, ਛੋਟਾ, ਵੱਡਾ ਜਾਂ ਬੁਰਾ ਨਹੀਂ ਹੁੰਦਾ। ਹਰ ਕਿੱਤਾ ਸਾਡੇ ਸਭ ਦੇ ਜੀਵਨ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ। ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਡਰਾਇਵਰੀ ਕਿੱਤੇ ਦੀ ਤੇ ਡਰਾਇਵਰ ਭਰਾਵਾਂ ਦੀ। ਸਾਡੇ ਸੱਭਿਅਕ ਸਮਾਜ ਵਿੱਚ ਜ਼ਰੂਰੀ ਵਸਤਾਂ, ਮਨੁੱਖ ਤੇ ਹੋਰ ਸਮਾਨ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਵਿੱਚ ਡਰਾਇਵਰ ਭਰਾਵਾਂ ਦਾ ਅਹਿਮ ਰੋਲ ਹੈ। ਵੈਸੇ ਤਾਂ ਸਾਰੇ ਡਰਾਈਵਰ ਭਰਾਵਾਂ ਦਾ ਸਮਾਜ ਵਿੱਚ ਯੋਗਦਾਨ ਬਹੁਤ ਵਡਮੁੱਲਾ ਹੈ। ਪਰ ਅੱਜ ਵਿਸ਼ੇਸ਼ ਤੌਰ 'ਤੇ ਮੈਂ ਟਰੱਕ, ਟੈਂਕੀਆਂ ਤੇ ਟਰਾਲਾ ਡਰਾਈਵਰ ਭਰਾਵਾਂ ਦੀ ਗੱਲ ਕਰਨ ਜਾ ਰਿਹਾ ਹਾਂ। ਪਿਆਰੇ ਪਾਠਕੋ ! ਟਰੱਕ ਡਰਾਇਵਰੀ ਇੱਕ ਅਜਿਹਾ ਕਿੱਤਾ ਹੈ ਜੋ ਹਮੇਸ਼ਾ 24 ਘੰਟੇ ਦੇ ਸਮਰਪਿਤ ਸਮੇਂ ਦੀ ਮੰਗ ਕਰਦਾ ਹੈ। ਟਰੱਕ ਡਰਾਇਵਰ ਹਮੇਸ਼ਾ ਚੰਗੇ-ਮਾੜੇ ਮੌਸਮ, ਤੱਤੀਆਂ ਧੁੱਪਾਂ, ਵਰਖਾ, ਹਨੇਰੀਆਂ, ਝੱਖੜ, ਤੂਫਾਨ, ਬਰਫਵਾਰੀ, ਖਰਾਬ ਤੇ ਉਬੜ-ਖਾਬੜ ਰਸਤਿਆਂ, ਨਦੀਆਂ, ਪਹਾੜਾਂ, ਚੜਾਈਆਂ-ਉਤਰਾਈਆਂ, ਤਿੱਖੇ ਮੋੜਾਂ, ਜਮਾਅ ਦੇਣ ਵਾਲ਼ੀ ਠੰਢ, ਕੱਕਰ ਰੇਤ ਆਦਿ ਅਸਹਿਣਯੋਗ ਜਿਹੀਆਂ ਸਥਿਤੀਆਂ ਦਾ ਸਾਹਮਣਾ ਹਮੇਸ਼ਾ ਦਿਨ-ਰਾਤ ਕਰਦੇ ਹਨ। ਟਰੱਕ ਡਰਾਇਵਰ ਨੀਂਦ, ਸੱਟ-ਚੋਟ, ਦੁਰਘਟਨਾਵਾਂ, ਰੋਟੀ-ਪਾਣੀ, ਬਦਨਾਮੀ ਅਤੇ ਜਾਨੀ-ਮਾਲੀ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਦਿਨ-ਰਾਤ ਜਾਗ ਕੇ ਸਾਡੇ ਸਭਨਾਂ ਦੀਆਂ ਜਰੂਰਤਾਂ ਦੀ ਪੂਰਤੀ ਜਾਨ ਤਲ਼ੀ 'ਤੇ ਧਰਕੇ ਕਰਦੇ ਹਨ। ਡਰਾਇਵਰਾਂ ਦਾ ਰਹਿਣ-ਸਹਿਣ ਤੇ ਖਾਣ-ਪੀਣ ਆਮ ਲੋਕਾਂ ਨਾਲੋਂ ਕੁਝ ਵੱਖਰਾ ਹੁੰਦਾ ਤੇ ਇਨ੍ਹਾਂ ਦਾ ਜੀਵਨ ਕਾਫ਼ੀ ਵਿਅਸਤ ਹੁੰਦਾ ਹੈ। ਇਹ ਆਮ ਕਹਾਵਤ ਹੈ ਕਿ ਟਰੱਕ ਡਰਾਇਵਰਾਂ ਦੀ ਸਵੇਰ ਦੀ ਚਾਹ ਗੁਜਰਾਤ ਵਿੱਚ, ਲੰਚ ਮਹਾਰਾਸ਼ਟਰ ਵਿੱਚ ਤੇ ਡਿਨਰ ਕਰਨਾਟਕ ਵਿੱਚ ਹੁੰਦਾ ਹੈ। ਕੱਚੇ ਮਾਲ(ਅੰਗੂਰ, ਕੇਲੇ, ਅਨਾਰ ਆਦਿ) ਨੂੰ ਸਮੇਂ ਤੇ ਥਾਂ ਸਿਰ ਪਹੁੰਚਾਣਾ ਅਤੇ ਉਸ 'ਤੇ ਰੱਖਿਆ ਇਨਾਮ ਪ੍ਰਾਪਤ ਕਰਨਾ ਇਹਨਾਂ ਲਈ ਬਹੁਤ ਵੱਡੀ ਸਿਰ ਦਰਦੀ ਤੇ ਜਿੰਮੇਵਾਰੀ ਹੁੰਦੀ ਹੈ। ਇਸਦੇ ਲਈ ਉਹ ਕਈ ਵਾਰ ਦੋ-ਤਿੰਨ ਦਿਨ ਤੱਕ ਲਗਾਤਾਰ ਸਿਰੜ ਰੱਖ ਕੇ ਡਰਾਇਵਰੀ ਕਰਦੇ ਹਨ। ਵਿਸ਼ੇਸ਼ ਗੱਲ ਇਹ ਵੀ ਹੈ ਕਿ ਬਹੁਤ ਵਾਰ ਕਾਫੀ ਘੱਟ ਤਨਖਾਹ/ਆਮਦਨ 'ਤੇ ਵੀ ਇਹ ਐਨਾ ਸਭ ਕੁਝ ਸਾਡੇ ਲਈ ਜੀਅ-ਜਾਨ ਲਾ ਕੇ ਕਰਦੇ ਰਹਿੰਦੇ ਹਨ। ਸਾਰੇ ਟਰੱਕ ਡਰਾਇਵਰ ਭਰਾ ਮਾਸਾਹਾਰੀ ਨਹੀਂ ਹੁੰਦੇ, ਬਹੁਤ ਸਾਰੇ ਵੈਸ਼ਨੋ ਵੀ ਹੁੰਦੇ ਹਨ, ਬਹੁਤ ਸਾਰੇ ਅੰਮ੍ਰਿਤਧਾਰੀ ਹੁੰਦੇ ਹਨ ਅਤੇ ਕਈਆਂ ਨੇ ਆਪਣੀ ਸ਼ਰਧਾ ਅਨੁਸਾਰ ਕਿਸੇ ਗੁਰੂ, ਪੀਰ-ਫਕੀਰ ਤੋਂ ਨਾਮ ਦਾਨ ਵੀ ਲਿਆ ਹੋਇਆ ਹੁੰਦਾ ਹੈ। ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਟਰੱਕ ਡਰਾਇਵਰ ਪਰਮਾਤਮਾ 'ਤੇ ਬਹੁਤ ਜਿਆਦਾ ਵਿਸ਼ਵਾਸ ਕਰਦੇ ਹਨ। ਇਹ ਜਦੋਂ ਵੀ ਆਪਣੀ ਗੱਡੀ 'ਤੇ ਚੜਦੇ ਹਨ ਤਾਂ ਗੱਡੀ ਨੂੰ ਮੱਥਾ ਟੇਕ ਕੇ ਸੀਟ 'ਤੇ ਬੈਠਦੇ ਹਨ ਅਤੇ ਸਟੇਅਰਿੰਗ ਨੂੰ ਵੀ ਮੱਥਾ ਟੇਕਦੇ ਹਨ। ਆਪਣੇ ਗੱਡੀ ਨੂੰ ਵੀ ਨਵੀਂ ਵਿਆਹੀ ਹੋਈ ਲਾੜੀ ਵਾਂਗ ਹਾਰ-ਸ਼ਿੰਗਾਰ ਕੇ ਰੱਖਦੇ ਹਨ। ਆਪਣੀ ਗੱਡੀ ਨੂੰ ਮੁਸੀਬਤਾਂ-ਸੰਕਟਾਂ ਜਾਂ ਨਜ਼ਰ ਲੱਗਣ ਆਦਿ ਤੋਂ ਬਚਾਉਣ ਲਈ ਸਾਧੂ-ਸੰਤਾਂ ਤੋਂ ਲਿਆਏ ਹੋਏ ਧਾਗੇ-ਤਵੀਤ, ਧੂਪ ਜਾਂ ਧਾਰਮਿਕ ਸਥਾਨ ਦਾ ਜਲ ਆਦਿ ਵੀ ਗੱਡੀ ਵਿੱਚ ਰੱਖਦੇ ਹਨ ਅਤੇ ਇਹਨਾਂ ਦੀ ਵਰਤੋਂ ਵੀ ਰੋਜਾਨਾ ਕਰਦੇ ਹਨ। ਕਈ ਟਰੱਕ ਡਰਾਇਵਰ ਭਰਾ ਗੱਡੀ 'ਤੇ ਟੁੱਟਿਆ ਛਿੱਤਰ, ਨਜ਼ਰ ਬੱਟੂ ਜਾਂ ਨਿੰਬੂ-ਮਿਰਚਾਂ ਆਦਿ ਵੀ ਗੱਡੀ ਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਟੰਗ ਲੈਂਦੇ ਹਨ। ਕਈਆਂ ਨੇ ਸ਼ਰਧਾ ਅਨੁਸਾਰ ਗੱਡੀ 'ਤੇ ਬਾਂਦਰ ਵੀ ਬੰਨ ਕੇ ਰੱਖਿਆ ਹੁੰਦਾ ਹੈ। ਟਰੱਕ ਡਰਾਇਵਰ ਅਕਸਰ ਆਪਣੇ ਖਾਣ-ਪੀਣ ਵਿੱਚ ਤੇਜ ਮਿਰਚਾਂ, ਚਾਹ, ਸਪੈਸ਼ਲ ਤੜਕਾ ਲੱਗੀ ਹੋਈ ਦਾਲ, ਰੋਟੀ, ਦਹੀ, ਮੱਖਣ, ਪਨੀਰ, ਖੀਰ, ਪਰਾਂਠਾ, ਦੇਸੀ ਘਿਓ, ਮਲਾਈ, ਕਾਜੂ, ਬਦਾਮ, ਪਿਸਤੇ, ਸੌਗੀ ਆਦਿ ਦੀ ਵਰਤੋਂ ਕਰਦੇ ਹਨ। ਡਰਾਇਵਰ ਰੋਟੀ ਦੇ ਨਾਲ ਕੱਟੇ ਹੋਏ ਪਿਆਜ ਦੀ ਵਰਤੋਂ ਬੜੀ ਖੁਸ਼ੀ ਨਾਲ ਕਰਦੇ ਹਨ। ਡਰਾਈਵਰਾਂ ਨੇ ਅਕਸਰ ਕੁੰਢੀਆਂ ਮੁੱਛਾਂ ਰੱਖੀਆਂ ਹੋਈਆਂ ਹੁੰਦੀਆਂ ਹਨ। ਵਿਹਲੇ ਸਮੇਂ ਡਰਾਇਵਰ-ਕੰਡਕਟਰ ਆਦਿ ਅਕਸਰ ਸ਼ੇਅਰੋ-ਸ਼ਾਇਰੀ  ਤੇ ਗੀਤ-ਸੰਗੀਤ ਵੀ ਕਰਦੇ ਹਨ। ਚਾਹ ਅਤੇ ਲੱਸੀ ਦੇ ਇਹ ਕਾਫੀ ਸ਼ੌਕੀਨ ਵੀ ਹੁੰਦੇ ਹਨ। ਢਾਬਿਆਂ ਆਦਿ 'ਤੇ ਚਾਹ ਪੀਣ ਸਮੇਂ ਟਰੱਕ ਡਰਾਇਵਰ ਰੋਅਬ ਨਾਲ ਕਹਿੰਦੇ ਹਨ, "ਪੱਤੀ ਠੋਕ ਕੇ ਤੇ ਖੰਡ ਰੋਕ ਕੇ।" ਜਦੋਂ ਕਿੱਧਰੇ ਇਹਨਾਂ ਦੀ ਨਜ਼ਰ ਗੋਲ-ਗੱਪਿਆਂ ਦੀ ਰੇਹੜੀ ਜਾਂ ਜੂਸ ਦੀ ਰੇਹੜੀ 'ਤੇ ਪੈ ਜਾਵੇ ਤਾਂ ਇਹ ਉੱਥੇ ਕੁਝ ਪਲ ਖੜ ਕੇ ਗੋਲ ਗੱਪੇ, ਜੂਸ ਤੇ ਆਇਸ ਕਰੀਮ ਦਾ ਅਨੰਦ ਵੀ ਲੈਂਦੇ ਹਨ। ਟਰੱਕ ਡਰਾਇਵਰ ਆਪਣੇ ਉਸਤਾਦ ਦੀ ਬਹੁਤ ਜਿਆਦਾ ਇੱਜਤ ਕਰਦੇ ਹਨ। ਇਹਨਾਂ ਨੇ ਆਪਣੇ ਮੋਢੇ 'ਤੇ ਅਕਸਰ ਪਰਨਾ ਵੀ ਰੱਖਿਆ ਹੋਇਆ ਹੁੰਦਾ ਹੈ। ਟਰੱਕ ਡਰਾਇਵਰਾਂ ਨੂੰ ਹਿੰਦੀ ਗੀਤ,ਫਿਲਮੀ ਗੀਤ, ਪੰਜਾਬੀ ਗੀਤ, ਅਤੇ ਚੱਕਮੇ ਡਰਾਇਵਰੀ ਪੰਜਾਬੀ ਗੀਤ ਬਹੁਤ ਪਸੰਦ ਹੁੰਦੇ ਹਨ ਤੇ ਡਰਾਇਵਰੀ ਕਰਦੇ ਸਮੇਂ ਗੀਤ ਲਾ ਕੇ ਇਹਨਾਂ ਦਾ ਅਨੰਦ ਖੂਬ ਮਾਣਦੇ ਹਨ। ਸਾਡੇ ਦੇਸ਼-ਸਮਾਜ ਵਿੱਚ ਡਰਾਇਵਰੀ ਇੱਕ ਅਜਿਹਾ ਮੁੱਖ ਕੀਤਾ ਹੈ ਜਿਸ ਨਾਲ ਕਰੋੜਾਂ ਲੋਕਾਂ ਦਾ ਰੁਜ਼ਗਾਰ ਸਿੱਧੇ ਅਤੇ ਅਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ। ਹੁਣ ਤਾਂ ਲੜਕੀਆਂ ਵੀ ਬੇਝਿਜਕ ਹੋ ਕੇ ਡਰਾਇਵਰੀ ਕਿੱਤੇ ਨਾਲ ਜੁੜ ਰਹੀਆਂ ਹਨ। ਟਰੱਕ ਡਰਾਇਵਰ ਆਪਣੀਆਂ ਗੱਡੀਆਂ 'ਤੇ ਲਿਖੀਆਂ ਹੋਈਆਂ ਤੁੱਕਾਂ ਰਾਹੀਂ ਦੇਸ਼-ਭਗਤੀ, ਪਰਮਾਤਮਾ, ਵਾਤਾਵਰਣ ਅਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਜਾਗਰੂਕਤਾ ਵੀ ਅਕਸਰ ਸਮੁੱਚੇ ਦੇਸ਼ ਵਿੱਚ ਫੈਲਾਉਂਦੇ ਹਨ ਜੋ ਕਿ ਇੱਕ ਬਹੁਤ ਵੱਡੀ ਇਹਨਾਂ ਦੀ ਸੇਵਾ ਹੈ। ਇਹ ਆਪਣੀ ਗੱਡੀ ਨੂੰ ਮਿੱਟੀ-ਘੱਟਾ ਪੈਣ ਨਹੀਂ ਦਿੰਦੇ। ਟਰੱਕ ਡਰਾਇਵਰ ਜਦੋਂ ਆਪਣੇ ਘਰ-ਪਿੰਡ ਪਹੁੰਚਦੇ ਹਨ ਤਾਂ ਕਿਸੇ ਧਾਰਮਿਕ ਸਥਾਨ 'ਤੇ ਗੱਡੀ ਲੈ ਕੇ ਪਿੰਡ ਦੀ ਸੰਗਤ ਲੈ ਕੇ ਜਾਂਦੇ ਹਨ ਅਤੇ ਸੁੱਖੀ ਹੋਈ ਸੁਖਨਾ ਵੀ ਪੂਰੀ ਕਰਦੇ ਹਨ। ਇਹਨਾਂ ਦਾ ਪਹਿਰਾਵਾ ਅਕਸਰ ਪੰਜਾਬੀ ਜੁੱਤੀ, ਕੁੜਤਾ-ਪਜਾਮਾ, ਪਗੜੀ, ਤੁਰਲੇਦਾਰ ਪਗੜੀ ਆਦਿ ਹੁੰਦਾ ਹੈ। ਡਰਾਇਵਰਾਂ ਨਾਲ ਸੰਬੰਧਿਤ ਸਾਡੇ ਸੱਭਿਆਚਾਰ, ਲੋਕ ਗੀਤਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਤੁੱਕਾਂ, ਗੀਤ ਅਤੇ ਬਾਤਾਂ ਅਕਸਰ ਦੇਖਣ ਸੁਣਨ ਨੂੰ ਮਿਲ ਜਾਂਦੀਆਂ ਹਨ। ਹੁਣ ਤਾਂ ਵਿਆਹਾਂ ਵਿੱਚ ਵੀ ਲੋਕ ਬਹੁਤ ਖੁਸ਼ੀ ਦੇ ਨਾਲ ਡਰਾਇਵਰਾਂ ਦੀ ਪਸੰਦ ਦੇ ਗੀਤ ਲਗਵਾ ਕੇ ਸੁਣਦੇ ਤੇ ਉਹਨਾਂ 'ਤੇ ਖੂਬ ਨੱਚਦੇ ਵੀ ਹਨ। ਬਹੁਤ ਸਾਰੇ ਟਰੱਕ ਡਰਾਇਵਰ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ(ਦਸ਼ਾਂਸ਼ /ਦਸਬੰਧ)ਕੱਢਦੇ ਹਨ ਅਤੇ ਉਹਨਾਂ ਨੇ ਦਸਬੰਧ ਕੱਢਣ ਲਈ ਆਪਣੇ ਗੱਡੀ ਵਿੱਚ ਇੱਕ ਬਕਸਾ ਵੀ ਰੱਖਿਆ ਹੋਇਆ ਹੁੰਦਾ ਹੈ। ਜਦੋਂ ਇਨਾਂ ਦੀ ਨਿਗਾਹ ਕਿਸੇ ਗਰੀਬ ਬਸਤੀ ਦੇ ਬੱਚਿਆਂ, ਜਰੂਰਤਮੰਦ  ਇਨਸਾਨ ਜਾਂ ਕਿਸੇ ਹੋਰ ਲੋੜਵੰਦ ਪ੍ਰਾਣੀ 'ਤੇ ਪੈਂਦੀ ਹੈ ਤਾਂ ਇਹ ਉਸਦੀ ਮਦਦ ਕਰਨ ਲਈ ਰੁਕ ਜਾਂਦੇ ਹਨ। ਹਰੇਕ ਟਰੱਕ ਡਰਾਇਵਰ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਗੱਡੀ ਪਾਵੇ ਜਾਂ ਇੱਕ ਵਾਰ ਵਿਦੇਸ਼ ਦਾ ਗੇੜਾ ਲਾ ਕੇ ਆਵੇ। ਗੱਡੀਆਂ ਦੇ ਨੰਬਰਾਂ ਸੰਬੰਧੀ ਵੀ ਇਹਨਾਂ ਵਿੱਚ ਕਈ ਤਰ੍ਹਾਂ ਦੇ ਵਿਸ਼ਵਾਸ ਹੁੰਦੇ ਹਨ। ਟਰੱਕ ਡਰਾਇਵਰ ਜਦੋਂ ਦਿਨ-ਰਾਤ ਆਪਣੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਵੀ ਸਮਾਜ ਦੀ ਸੇਵਾ ਕਰਨ ਵਿੱਚ ਜੁਟੇ ਹੋਏ ਹੁੰਦੇ ਹਨ ਤਾਂ ਇਹਨਾਂ ਦਾ ਧਿਆਨ ਹਮੇਸ਼ਾ ਆਪਣੇ ਪਰਿਵਾਰ, ਪਤਨੀ, ਬੱਚਿਆਂ, ਮਾਤਾ-ਪਿਤਾ, ਪਿੰਡ, ਪਿੰਡ ਦਿਆਂ ਰੁੱਖਾਂ, ਪਿੱਪਲਾਂ, ਬੋਹੜਾਂ, ਪਿੰਡ ਦੇ ਸਕੂਲ ਤੇ ਪਿੰਡ ਦੀਆਂ ਗੱਲਾਂ ਵਿੱਚ ਰਹਿੰਦਾ ਹੈ, ਭਾਵੇਂ ਇਹਨਾਂ ਦਾ ਜੀਵਨ ਸੜਕਾਂ 'ਤੇ ਹੀ ਬਤੀਤ ਹੁੰਦਾ ਹੈ। ਬਹੁਤ ਵੱਡੀ ਗੱਲ ਇਹ ਵੀ ਹੈ ਕਿ ਟਰੱਕ ਡਰਾਇਵਰ ਜਿਆਦਾ ਕਰਕੇ ਆਪਣੇ ਦਿਨ-ਤਿਉਹਾਰ ਗੱਡੀਆਂ 'ਤੇ ਰਹਿ ਕੇ ਸੜਕਾਂ 'ਤੇ ਹੀ ਬਿਤਾਉਂਦੇ ਮਨਾਉਂਦੇ ਹਨ। ਬੰਬਈ, ਗੁਹਾਟੀ, ਦਿੱਲੀ, ਬੰਗਲੌਰ, ਮੇਰਠ, ਇੰਦੌਰ, ਨਾਗਪੁਰ, ਖੜਾ ਪੱਥਰ ਆਦਿ ਟਰੱਕ ਡਰਾਇਵਰਾਂ ਦੇ ਪ੍ਰਸਿੱਧ ਲੰਬੇ ਰੂਟ ਹੁੰਦੇ ਹਨ। ਹਰੇਕ ਟਰੱਕ ਡਰਾਇਵਰ ਨੂੰ ਕਮਾਈ ਕਰਕੇ ਗੱਡੀ ਲੈ ਕੇ ਆਪਣੇ ਪਿੰਡ ਆਪਣੇ ਘਰ ਜਾਣ ਦੀ ਬਹੁਤ ਹੀ ਉਮੰਗ, ਤਰੰਗ ਤੇ ਖੁਸ਼ੀ ਹੁੰਦੀ ਹੈ। ਟਰੱਕ, ਟਰਾਲੇ ਤੇ ਟੈੰਕੀਆਂ 'ਤੇ ਡਰਾਈਵਰਾਂ ਨੇ ਖੁਸ਼ੀ-ਖੁਸ਼ੀ ਕਈ ਪ੍ਰਕਾਰ ਦੀਆਂ ਤੁੱਕਾਂ ਇਨ੍ਹਾਂ 'ਤੇ ਲਿਖਵਾਈਆਂ ਹੋਈਆਂ ਹੁੰਦੀਆਂ ਹਨ, ਜਿਵੇਂ "ਨਜ਼ਰ ਲਾਵੇਂਗਾ ਛਿੱਤਰ ਖਾਵੇਂਗਾ, ਬੁਰੀ ਨਜ਼ਰ ਵਾਲੇ 13 ਮੂੰਹ ਕਾਲਾ, ਪੈਂਦੇ ਸੱਪਾਂ ਦੇ ਸਿਰੀ ਤੋਂ ਨੋਟ ਚੁੱਕਣੇ ਸੌਖੀ ਨੀ  ਡਰਾਇਵਰੀ ਬਿੱਲੋ, ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, 80  20 ਤੇਰੇ ਦਿਲ ਵੀ 13, ਹੁਸਨ ਪਹਾੜੋਂ ਕਾ, ਪਹਾੜੋਂ ਕੀ ਰਾਨੀ,  ਲੋਕੀਂ ਬਦਨਾਮ ਕਰਦੇ ਮਾੜੇ ਹੁੰਦੇ ਨੀੰ ਟਰੱਕਾਂ ਵਾਲੇ, ਚੰਦਰੇ ਨੋਟਾਂ ਨੇ ਮੇਰਾ ਚੰਨ ਪਰਦੇਸੀ ਕੀਤਾ, ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਿਲ ਨਾਲ, ਰੋਡਾਂ ਉੱਤੇ ਡਰਾਇਵਰ ਚੌਂਕਾਂ ਵਿੱਚ ਸਿਪਾਹੀ ਬੰਬੇ ਸ਼ਹਿਰ ਦੀਆਂ ਕੁੜੀਆਂ ਪੁੱਛਣ 1651 ਕਿਉਂ ਨਹੀਂ ਆਈ, 22 ਜੀ ਜੁੱਤੀ ਝਾੜ ਕੇ, ਸਾਨੂੰ ਟੇਢੀ-ਟੇਢੀ ਤੱਕਦੀ ਤੂੰ, ਨੋ ਗਰਲ ਫਰੈਂਡ ਨੋ ਟੈੰਨਸ਼ਨ, ਜੈ ਜਵਾਨ ਜੈ ਕਿਸਾਨ ਆਦਿ-ਆਦਿ। ਕਈ ਟਰੱਕ ਡਰਾਇਵਰਾਂ ਨੇ ਕਲਾਕਾਰਾਂ ਤੇ ਗੀਤਕਾਰਾਂ ਦੀਆਂ ਤਸਵੀਰਾਂ ਵੀ ਟਰੱਕਾਂ ਪਿੱਛੇ ਬਣਵਾਈਆਂ ਹੋਈਆਂ ਹੁੰਦੀਆਂ ਹਨ। ਟਰੱਕ ਡਰਾਇਵਰਾਂ ਵਿੱਚ ਅਕਸਰ ਇੱਕ ਸ਼ੇਅਰ ਮਸ਼ਹੂਰ ਹੈ,"ਮੂੰਗੀ ਦੀ ਦਾਲ ਦਾ ਸਵਾਦ ਅੱਧਾ ਰਹਿ ਜਾਂਦਾ, ਕੱਟੇ ਖਾਣ ਨੂੰ ਨਾਲ ਜਦ ਗੰਢੇ ਨਹੀਂ ਹੁੰਦੇ, ਜਿਹੜੀਆਂ ਕਹਿੰਦੀਆਂ ਟਰੱਕ ਡਰਾਇਵਰਾਂ ਨਾਲ ਵਿਆਹ ਨਹੀਂ ਕਰਵਾਉਣਾ, ਉਹਨਾਂ ਨੂੰ ਕੋਈ ਪੁੱਛੇ ਕਿ ਟਰੱਕਾਂ ਆਲੇ ਕਿਆ ਬੰਦੇ ਨੀਂ ਹੁੰਦੇ "ਟਰੱਕ ਡਰਾਇਵਰਾਂ ਦੀ ਬਹਾਦਰੀ ਮਿਹਨਤ, ਸਿਰੜ-ਸਿਦਕ ਤੇ ਸਮਾਜ ਨੂੰ ਜੋ ਦੇਣ ਹੈ ਉਸ ਬਾਰੇ ਕਲਮ ਰਾਹੀਂ ਜਾਂ ਬੋਲ ਕੇ ਵਿਅਕਤ ਕਰਨਾ ਬਹੁਤ ਜਿਆਦਾ ਔਖਾ ਹੈ। ਇਹਨਾਂ ਟਰੱਕ, ਟੈੰਕਰ ਤੇ ਟਰਾਲਿਆਂ ਡਰਾਇਵਰ ਭਰਾਵਾਂ ਸਦਕਾ ਅੱਜ ਸਾਨੂੰ ਘਰ ਵਿੱਚ ਤੇ ਨਜ਼ਦੀਕ ਹਰ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਬਹੁਤ ਆਸਾਨੀ ਨਾਲ ਮਿਲਦੀਆਂ ਹਨ।  ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਪ੍ਰਤੀ ਆਪਣੀ ਸਹੀ , ਸਾਰਥਕ ਤੇ ਉਸਾਰੂ ਸੋਚ ਅਪਣਾਈਏ, ਇਹਨਾਂ ਨਾਲ ਸਹੀ ਵਿਵਹਾਰ ਕਰੀਏ ਤੇ ਇਹਨਾਂ ਦਾ ਦਿਲੋਂ ਸਤਿਕਾਰ ਕਰੀਏ। ਟਰੱਕ, ਟੈੰਕਰ ਤੇ ਟਰਾਲਿਆਂ ਦੇ ਡਰਾਇਵਰ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਉਹ ਜਦੋਂ ਵੀ ਗੱਡੀ ਚਲਾਉਣ ਤਾਂ ਸਹੀ ਰਫਤਾਰ ਵਿੱਚ ਚਲਾਉਣ ਅਤੇ ਆਪਣੇ ਕਾਗਜ-ਪੱਤਰ ਇੰਸ਼ੋਰੈੰਸ/ਬੀਮਾ ਆਦਿ ਸਭ ਮੁਕੰਮਲ ਹੀ ਰੱਖਣ ਤੇ ਓਵਰਲੋਡ ਤੋਂ ਬਚਣ, ਜੋ ਕਿ ਉਹਨਾਂ ਦੇ ਲਈ ਹੀ ਫਾਇਦੇਮੰਦ ਹੈ। ਸਾਰੇ ਸਤਿਕਾਰਯੋਗ ਮਿਹਨਤੀ ਤੇ ਸਿਦਕੀ ਡਰਾਇਵਰਾਂ ਨੂੰ ਪ੍ਰਣਾਮ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ (ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ ) ਪੰਜਾਬ । ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ। 9478561356 
 
 

Have something to say? Post your comment