ਸਰਦੀ ਦਾ ਮੌਸਮ ਲਗਾਤਾਰ ਆਪਣੇ ਸਿਖਰ ਵੱਲ ਵੱਧਦਾ ਜਾ ਰਿਹਾ ਹੈ ਅਤੇ ਸਰਦੀ ਕਰਕੇ ਹਰ ਕੋਈ ਮਨੁੱਖ , ਜੀਵ - ਜੰਤੂ ਤੇ ਪੰਛੀ - ਪਰਿੰਦਾ ਪ੍ਰਭਾਵਿਤ ਜਰੂਰ ਹੁੰਦਾ ਹੈ ਅਤੇ ਹਰ ਕਿਸੇ ਦੇ ਜੀਵਨ ਵਿੱਚ ਮੌਸਮ ਦਾ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਸਰਦੀਆਂ ਦੇ ਮੌਸਮ ਦੇ ਦੌਰਾਨ ਪੰਛੀ - ਪਰਿੰਦਿਆਂ ਨੂੰ ਪਹਿਲਾਂ ਵਾਂਗ ਲਗਾਤਾਰ ਭੋਜਨ ਪ੍ਰਾਪਤ ਹੁੰਦੇ ਰਹਿਣ ਵਿੱਚ ਦਿੱਕਤ ਆਉਂਦੀ ਹੈ। ਭੋਜਨ ਦੀ ਘਾਟ ਵਿੱਚ ਉਹ ਕਈ ਵਾਰ ਵਿਆਕੁਲ ਹੋ ਉਠਦੇ ਹਨ। ਕੀੜੇ - ਮਕੌੜੇ ਵੀ ਸਰਦੀ ਦੇ ਮੌਸਮ ਵਿੱਚ ਕਾਫੀ ਘੱਟ ਜਾਂਦੇ ਹਨ , ਜੋ ਕਿ ਪੰਛੀ - ਪਰਿੰਦਿਆਂ ਦਾ ਮੁੱਖ ਆਹਾਰ ਹੈ। ਕੁਦਰਤ ਦੀ ਲੀਲਾ , ਕੁਦਰਤ ਦੀ ਵਿਚਿੱਤਰਤਾ ਤੇ ਕੁਦਰਤ ਦੀ ਮਹਾਨਤਾ ਦੀ ਸਿਫ਼ਤ ਲਿਖ ਕੇ ਜਾਂ ਬੋਲ ਕੇ ਤਾਂ ਨਹੀਂ ਕੀਤੀ ਜਾ ਸਕਦੀ ਅਤੇ ਕੁਦਰਤ ਹੈ ਵੀ ਬਹੁਤ ਵਿਸ਼ਾਲ ਤੇ ਹੈ ਵੀ ਬਹੁਤ ਮਹਾਨ ਅਤੇ ਹਰ ਪ੍ਰਾਣੀ ਲਈ ਕੁਝ ਨਾ ਕੁਝ ਹੀਲਾ - ਵਸੀਲਾ ਜ਼ਰੂਰ ਕਰਦੀ ਵੀ ਹੈ। ਪਰ ਜਦੋਂ ਠੰਡ ਦੇ ਮੌਸਮ ਵਿੱਚ ਇਹਨਾਂ ਪੰਛੀਆਂ ਨੂੰ ਭੋਜਨ ਦੀ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਇਨਸਾਨੀਅਤ ਦੇ ਤੌਰ 'ਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕੁਦਰਤ ਦੇ ਇਨ੍ਹਾਂ ਨੰਨੇ - ਮੁੰਨੇ ਪਿਆਰੇ - ਪਿਆਰੇ ਬਚਿੱਤਰ ਰੰਗ - ਰੂਪਾਂ ਵਾਲੇ ਰੰਗੀਲੇ ਪੰਛੀ - ਪਰਿੰਦਿਆਂ ਲਈ ਆਪਣੇ ਘਰ ਦੇ ਨਜ਼ਦੀਕ ਜਾਂ ਕੁਝ ਦੂਰ ਜੰਗਲਾਂ ਵਿੱਚ ਭੋਜਨ - ਪਾਣੀ , ਚਾਵਲ , ਬਾਜਰਾ ਆਦਿ ਦਾ ਪ੍ਰਬੰਧ ਕਰ ਦੇਈਏ ਤਾਂ ਜੋ ਕੁਦਰਤ ਦੇ ਇਹ ਅਨਮੋਲ ਤੇ ਬਚਿੱਤਰ ਪ੍ਰਾਣੀ ਜੋ ਕਿ ਸਾਡੇ ਮਿੱਤਰ ਹਨ , ਸਾਡੇ ਸਭ ਦੇ ਹਿਤੈਸ਼ੀ ਹਨ ਅਤੇ ਸਾਨੂੰ ਸਭ ਨੂੰ ਆਪਣੀਆਂ ਸੁਰੀਲੀਆਂ ਆਵਾਜ਼ਾਂ ਅਤੇ ਮਨਮੋਹਕ ਰੰਗ - ਰੂਪਾਂ ਨਾਲ ਮੋਹ ਲੈਂਦੇ ਹਨ ਤੇ ਹਰ ਕਿਸੇ ਦੇ ਮਨ ਨੂੰ ਭਾਉਂਦੇ ਹਨ ; ਇਹਨਾਂ ਲਈ ਭੋਜਨ - ਪਾਣੀ ਦਾ ਪ੍ਰਬੰਧ ਕਰ ਦੇਈਏ ਤਾਂ ਕਿ ਇਹਨਾਂ 'ਤੇ ਸਰਦੀ ਦਾ ਪ੍ਰਕੋਪ ਤੇ ਮਾਰੂ ਅਸਰ ਨਾ ਪੈ ਸਕੇ। ਹੁਣ ਨਵੰਬਰ ਮਹੀਨੇ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਸਾਡੇ ਸਭ ਕੋਲ ਲਗਾਤਾਰ ਕਾਫੀ ਸਮਾਂ ਪੰਛੀ - ਪਰਿੰਦਿਆਂ ਦੀ ਸੇਵਾ ਕਰਨ ਲਈ ਹੈ। ਸਾਨੂੰ ਆਪਣੀ ਨੇਕ ਕਮਾਈ ਵਿੱਚੋਂ ਕੁਝ ਹਿੱਸਾ ਕੱਢ ਕੇ ਇਨ੍ਹਾਂ ਦੀ ਸੇਵਾ ਇਸ ਸਮੇਂ ਜ਼ਰੂਰ ਕਰਨੀ ਚਾਹੀਦੀ ਹੈ।ਇਸ ਦੇ ਨਾਲ਼ - ਨਾਲ਼ ਇਹਨਾਂ ਪੰਛੀਆਂ ਤੇ ਵਾਤਾਵਰਣ ਦੀ ਰੱਖਿਆ ਲਈ ਸਾਨੂੰ ਆਪਣੇ ਦਿਨਾਂ - ਤਿਉਹਾਰਾਂ , ਜਨਮ - ਦਿਨਾਂ , ਵਿਆਹਾਂ ਅਤੇ ਵਰਖਾ ਰੁੱਤ ਦੌਰਾਨ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ ਤਾਂ ਕਿ ਇਹ ਪੰਛੀ ਆਪਣੇ ਰੈਣ - ਬਸੇਰੇ ਵਧੀਆ ਢੰਗ ਨਾਲ਼ ਸਾਡੇ ਆਲੇ - ਦੁਆਲੇ ਸਾਡੇ ਵਾਤਾਵਰਨ ਵਿੱਚ ਬਣਾ ਸਕਣ ਅਤੇ ਇਹਨਾਂ ਪੌਦਿਆਂ ਤੋਂ ਸਾਨੂੰ ਸਭ ਨੂੰ ਸ਼ੁੱਧ ਆਕਸੀਜਨ ਵੀ ਮਿਲਦੀ ਰਹੇ। ਜੇਕਰ ਅਸੀਂ ਇਸ ਛੋਟੀ ਜਿਹੀ ਗੱਲ ਵੱਲ ਰਲ਼ - ਮਿਲ ਕੇ ਹੰਭਲਾ ਮਾਰੀਏ ਤਾਂ ਕੁਦਰਤ ਹੋਰ ਵੀ ਖੂਬਸੂਰਤ ਤੇ ਹੋਰ ਵੀ ਮਨਮੋਹਕ ਹੋ ਜਾਵੇਗੀ ਅਤੇ ਸਾਨੂੰ ਹੀ ਸਭ ਨੂੰ ਇਸ ਦਾ ਲਾਭ ਮਿਲੇਗਾ ਅਤੇ ਇਹਨਾਂ ਪੰਛੀਆਂ ਦੀ ਸੇਵਾ ਵੀ ਸਾਡੇ ਭਾਗਾਂ ਵਿੱਚ ਜੁੜ ਜਾਵੇਗੀ। ਸੋ ਆਓ ! ਹੁਣ ਨਵੰਬਰ ਮਹੀਨੇ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਦੇ ਸਮੇਂ ਦੇ ਦੌਰਾਨ ਇਹਨਾਂ ਪੰਛੀਆਂ ਲਈ ਰੋਜਾਨਾ ਆਪਣੇ ਘਰ ਅਤੇ ਨੇੜੇ ਦੇ ਜੰਗਲਾਂ ਵਿੱਚ ਚਾਵਲ , ਬਾਜਰਾ ਤੇ ਪਾਣੀ ਪਾ ਕੇ ਨਿਰੰਤਰ ਕੁਦਰਤ ਦੀ ਸੇਵਾ ਕਰੀਏ। ਪੰਛੀ ਸਾਡੇ ਸਭ ਦੇ ਮਿੱਤਰ ਹਨ , ਪੰਛੀ ਕੁਦਰਤ ਦੀ ਨਿਆਮਤ ਹਨ ਤੇ ਕੁਦਰਤ ਦਾ ਅਨਮੋਲ ਖਜ਼ਾਨਾ ਹਨ। ਇਹਨਾਂ ਮਨਮੋਹਕ ਪੰਛੀ - ਪਰਿੰਦਿਆਂ ਨਾਲ ਹੀ ਸਾਡਾ ਸੰਸਾਰ ਸੁੰਦਰ ਲੱਗਦਾ ਹੈ। ਇਸ ਸੁੰਦਰਤਾ ਨੂੰ ਬਰਕਰਾਰ ਰੱਖਣਾ ਸਾਡੇ ਸਭ ਦੇ ਹੱਥ ਵਿੱਚ ਹੀ ਹੈ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ , ਸ੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356