Saturday, May 10, 2025

Articles

ਰੱਬ

October 23, 2023 11:40 AM
Amarjeet Cheema (Writer from USA)

ਲਉ ਬਈ ਦੋਸਤੋ ਅੱਜ ਫਿਰ ਮਿਲਦੇ ਆਂ ਸੱਪ,ਖੋਤੇ ਤੇ ਕੁੱਤੇ ਨੂੰ। ਸੱਪ ਮੈਨੂੰ ਬੈਠਦੇ  ਸਾਰ ਹੀ ਪੁੱਛਣ ਲੱਗਾ, ਚੀਮੇਂ ਬਈ ਰੱਬ ਬਾਰੇ ਤੇਰਾ ਕੀ ਖ਼ਿਆਲ ਆ, ਹੈਗਾ ਕਿ ਨਹੀਂ ? ਇਹ ਸੁਣਕੇ ਖੋਤਾ ਵੀ ਹੀਂਗਣ ਲੱਗ ਪਿਆ ਤੇ ਕੁੱਤੇ ਨੇ ਵੀ ਤਿੰਨ ਵਾਰ ਬਹੂੰ ਬਹੂੰ ਕਰਕੇ ਹਾਮੀ ਭਰ ਦਿੱਤੀ। ਤਿੰਨੇ ਮੇਰੇ ਦੋਸਤ ਹੋ, ਇਸ ਲਈ ਤੁਹਾਨੂੰ ਇੱਕ ਹੱਡ ਬੀਤੀ ਸੁਣਾਉਂਦਾ ਹਾਂ। ਤਿੰਨੇ ਜਣੇ ਮੇਰੀਆਂ ਗੱਲ ਧਿਆਨ ਨਾਲ ਸੁਣਨ ਲੱਗੇ। ਮੈਂ ਕਿਹਾ ਖੋਤਿਆ ਜਦੋਂ ਕਿਸੇ ਦੇ ਰੱਬ ਦੀ ਲਾਠੀ ਵੱਜਦੀ ਹੈ ਤਾਂ ਫੇਰ ਉਹਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਹੈ ਜਾਂ ਨਹੀਂ। ਜਿਸ ਬੰਦੇ ਨੇ ਤਾਂ ਹਰਾਮ ਦੀ ਕਮਾਈ ਖਾਣੀ ਆਂ,ਭੈਣ ਭਰਾਵਾਂ ਨਾਲ ਠੱਗੀਆਂ ਮਾਰਨੀਆਂ, ਕਿਸੇ ਤੋਂ ਉਧਾਰੇ ਪੈਸੇ ਲੈ ਕੇ ਨਹੀਂ ਮੋੜਨੇ, ਹਰ ਵੇਲੇ ਸ਼ੈਤਾਨੀਆਂ ਕਰਨੀਆਂ। ਉਨ੍ਹਾਂ ਸ਼ੈਤਾਨਾਂ ਲਈ ਤਾਂ ਰੱਬ ਹੈ ਨਹੀਂ। ਪਰ ਜਿਹੜੇ ਲੋਕ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਂਦੇ ਆਂ, ਕਿਸੇ ਦਾ ਹੱਕ ਨਹੀਂ ਮਾਰਦੇ, ਉਨ੍ਹਾਂ ਲਈ ਰੱਬ ਹੈਗਾ। ਸੱਪ ਤੇ ਕੁੱਤਾ ਫਿਰ ਪੁੱਛਣ ਲੱਗੇ ਕਿ ਕੋਈ ਮਿਸਾਲ ਪੇਸ਼ ਕਰ ਯਾਰ, ਐਵੇਂ ਜੱਭਲੀਆਂ ਨਾ ਮਾਰ। ਮੈਂ ਕਿਹਾ ਖੋਤਿਆ ਮੈਂ ਉਦੋਂ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ। ਮੇਰਾ ਸਭ ਤੋਂ ਵੱਡਾ ਭਰਾ ਪ੍ਰਚੂਨ ਵਿੱਚ ਅਫ਼ੀਮ ਵੇਚਦਾ ਹੁੰਦਾ ਸੀ। ਉਹ ਹਫ਼ਤੇ ਕੁ ਬਾਦ ਪਿੰਡ  ਗੰਡੀਵਿੰਡ, ਨੇੜੇ ਝਬਾਲ ਤੋਂ 5-6 ਕਿੱਲੋ ਅਫ਼ੀਮ ਲੈ ਆਉਂਦਾ ਸੀ ਤੇ ਹਫ਼ਤੇ ਵਿੱਚ ਵਿੱਕ ਜਾਂਦੀ ਸੀ। ਜਿਸ ਦਿਨ ਉਹ ਮਾਲ ਲੈਣ ਜਾਂਦਾ ਸੀ ਤਾਂ ਵੇਚਣ ਦੀ ਜ਼ਿੰਮੇਵਾਰੀ ਮੈਨੂੰ ਦੇ ਦਿੰਦਾ ਸੀ।

ਮੈਨੂੰ ਉਹਨੇ 20 ਰੁਪਏ ਦਿਹਾੜੀ ਦੇ ਦੇ ਦੇਣੇ ਤੇ ਮੇਰਾ ਖਰਚਾ ਖੁੱਲ੍ਹਾ ਚੱਲਣ ਲੱਗ ਪਿਆ। ਮੈਂ ਹਫ਼ਤੇ ਦਾ ਕਿੱਲੋ ਘਿਉ ਖਾ ਜਾਇਆ ਕਰਦਾ ਸੀ। ਬੜੀਆਂ ਡੰਡ ਬੈਠਕਾਂ ਮਾਰਨੀਆਂ, ਦੌੜਾਂ ਲਾਉਣੀਆਂ, ਘੋਲ ਕਰਨੇ ਸਾਥੀਆਂ ਨਾਲ ਤੇ ਹਫ਼ਤੇ ਵਿੱਚ ਇੱਕ ਵਾਰੀ ਸੋਢਲ ਮੰਦਰ ਜਲੰਧਰ ਵਿੱਚ ਜਾਣਾ। ਉੱਥੇ ਹਰ ਐਤਵਾਰ ਨੂੰ ਘੋਲ਼ ਕਰਾਏ ਜਾਂਦੇ ਸਨ। ਪ੍ਰਬੰਧਕਾਂ ਵਲੋਂ  ਢਾਉਣ ਵਾਲੇ ਨੂੰ 10 ਰੁਪਏ ਤੇ ਢਹਿਣ ਵਾਲੇ ਨੂੰ ਪੰਜ ਰੁਪਏ ਦਿੱਤੇ ਜਾਂਦੇ ਸਨ। ਉਦੋਂ ਕਰਤਾਰਪੁਰ ਤੋਂ ਜਲੰਧਰ ਦਾ ਕਿਰਾਇਆ 25 ਪੈਸੇ ਹੁੰਦਾ ਸੀ। ਬੜੀ ਮੌਜ ਲੱਗੀ ਰਹਿਣੀ। ਭਰਾ ਮੈਨੂੰ ਫੀਮ ਤੋਲਕੇ ਦੇ ਜਾਂਦਾ ਸੀ ਤੇ ਨਾਲ ਤੋਲਣ ਲਈ ਕੰਡੀ (ਛੋਟੀ ਤੱਕੜੀ) ਦੇ ਜਾਂਦਾ ਸੀ।  ਹੌਲੀ ਹੌਲੀ ਮੈਨੂੰ ਲਾਲਚ ਹੋ ਗਿਆ। ਮੈਂ ਕੁੱਝ ਗੁੜ ਸਾੜਕੇ ਵਿੱਚ ਆਟਾ ਮਿਲਾ ਦੇਣਾ ਤੇ ਸਰ੍ਹੋਂ ਦੇ ਤੇਲ ਨਾਲ ਅਫ਼ੀਮ ਗੁੰਨ੍ਹ ਲੈਣੀ। ਕੋਈ ਪੰਜ ਕੁ-ਤੋਲੇ ਭਾਰ ਵਧ ਜਾਂਦਾ ਸੀ। ਉਦੋਂ ਅਫ਼ੀਮ ਅੱਠ ਰੁਪਏ ਤੋਲਾ ਹੁੰਦੀ ਸੀ। ਚਾਲੀ ਰੁਪਏ ਫ਼ੀਮ ਦੀ ਕਮਾਈ +20 ਰੁਪਏ ਭਰਾ ਤੋਂ ਤੇ ਪੰਜ ਜਾਂ 10 ਰੁਪਏ ਸੋਢਲ ਮੰਦਰ ਤੋਂ। ਪੈਂਠ,ਸੱਤਰ ਰੁਪਏ ਮਹੀਨੇ ਚੇ ਹਫ਼ਤੇ ਦੇ ਬਣ ਜਾਣੇ।  ਇਸ ਤਰ੍ਹਾਂ ਵਧੀਆ ਕੰਮ ਚੱਲਦਾ ਰਿਹਾ। ਸਕੂਲੇ ਚਾਰ ਪੰਜ ਦੋਸਤ  ਖਾਣ ਪੀਣ ਵਾਲੇ ਰਲ਼ ਜਾਣੇ ਤੇ ਬੱਸ ਅੱਡੇ ਕੋਲ ਬਿਸ਼ੰਭਰ ਹਲਵਾਈ ਦੀ ਦੁਕਾਨ ਤੋਂ ਕਿੱਲੋ ਬਰਫ਼ੀ ਤੇ ਚਾਰ ਕੱਪ ਦੁੱਧ ਦੇ ਵਿੱਚ ਪੱਤੀ ਪੁਆ ਕੇ ਪੀ ਜਾਣੇ। 

ਉਦੋਂ 8 ਰੁਪਏ ਕਿੱਲੋ ਬਰਫ਼ੀ ਹੁੰਦੀ ਸੀ ਤੇ 4 ਆਨੇ ਦਾ ਦੁੱਧ ਦਾ ਕੱਪ। ਦੋ ਕੁ ਸਾਲ ਵਿੱਚ ਸ਼ਰੀਰ ਝੋਟੇ ਵਾਂਗੂੰ ਸਖ਼ਤ ਹੋ ਗਿਆ। ਲੋਕਾਂ ਨੂੰ ਡੌਲੇ ਦਿਖਾਉਣ ਲਈ ਅੱਧੀ  ਬਾਹਾਂ ਦੀ ਕਮੀਜ਼ ਪਾਉਣੀ ਤੇ ਪੂਰੀ ਟੌਹਰ ਤੇ ਕਾਲਜ ਦੀਆਂ ਕੁੜੀਆਂ ਨੇ ਮੇਰੇ ਤੇ ਲਾਈਨਾਂ ਮਾਰਨੀਆਂ ਤੇ ਮੈਨੂੰ ਪਿਉ ਵਲੋਂ ਹਿਦਾਇਤ ਸੀ ਪਈ ਜੇ ਤੂੰ ਭਲਵਾਨੀ ਕਰਨੀ ਚਾਹੁੰਨਾ ਤਾਂ  ਕੁੜੀਆਂ ਦੇ ਚੱਕਰ ਤੋਂ ਬਚਕੇ ਰਹੀਂ। ਹਰਾਮ ਦਾ ਪੈਸਾ ਸੀ ਤੇ ਕਿਤੇ ਕਿਤੇ ਠੇਕੇ ਤੋਂ ਦਾਰੂ ਦੀ ਬੋਤਲ ਵੀ ਲੈਣ ਲੱਗ ਪਿਆ ਉਦੋਂ ਰਸਭਰੀ 8 ਰੁਪਏ ਦੀ ਤੇ ਸੌਂਫ਼ੀਆ ਦਸ ਰੁਪਏ ਦੀ ਹੁੰਦੀ ਸੀ।

ਮੇਰੇ ਫੋੜੇ ਨਿੱਕਲਣ ਲੱਗ ਪਏ, ਵੱਡੇ ਵੱਡੇ ਗੁੰਮ ਲਾਲ ਮੂੰਹ ਵਾਲੇ। ਬੜਾ ਦਰਦ ਹੋਣਾ, ਉਤੇ ਖਾਰਸ਼ ਹੋਣੀ, ਜੇ ਖਾਜ ਕਰਨੀ ਤਾਂ ਉਹਤੋਂ ਵੀ ਜ਼ਿਆਦਾ ਤਕਲੀਫ਼।  ਤਿੰਨ ਕੁ-ਹਫ਼ਤੇ ਬਾਦ ਉਹ ਫ਼ੋੜਾ ਪੀਕ ਨਾਲ ਭਰਕੇ ਫਟ ਜਾਣਾ। ਹਫ਼ਤਾ ਕੁ ਜ਼ਖ਼ਮ ਹਰਾ ਰਹਿਣਾ ਤੇ ਪੀਕ ਰਿਸਦੀ ਰਹਿਣੀ ਤੇ ਰਾਤਾਂ ਨੂੰ ਨੀਂਦ ਵੀ ਚੱਜ ਨਾਲ ਨਾ ਆਉਣੀ ਗੁੰਮ ਨਿਕਲਣੇ ਵੀ ਚੱਡਿਆਂ ਵਿੱਚ ਜਾਂ ਪਿਛਲੇ ਪਾਸੇ  ਚਿੱਤੜਾਂ ਤੇ ਜਿੱਥੋਂ ਕਿਸੇ ਹਕੀਮ ਨੂੰ ਦਿਖਾਉਣ ਤੋਂ ਵੀ ਸ਼ਰਮ ਹੋਣੀ, ਇੱਕ ਤੋਂ ਆਰਾਮ ਆਉਣਾ ਤਾਂ ਦੂਜਾ ਹੋਰ ਨਵਾਂ ਨਿਕਲ ਆਉਣਾ  ਹਰ ਕਿਸੇ ਨੇ ਆਪਣੇ ਦੇਸੀ ਇਲਾਜ ਦੱਸਣੇ। ਬੜੇ ਔਹੜ ਪੋਹੜ ਕਰਨੇ। ਕਿਸੇ ਨੇ ਕਹਿਣਾ ਪਿੱਪਲ ਦਾ ਸੱਕ ਪਾਣੀ ਵਿੱਚ ਘਿਸਾ ਕੇ ਗੁੰਮ ਉਤੇ ਲਾ। ਪਿੱਪਲ ਦਾ ਸੱਕ ਖੁਸ਼ਕ ਹੁੰਦਾ, ਉਹਦੇ ਨਾਲ  ਫੋ਼ੜੇ ਉੱਤੇ ਕੱਸ ਜਿਹੀ ਪੈਂਦੀ ਸੀ ਤੇ ਉਹਦੇ ਨਾਲ ਹੋਰ ਦਰਦ ਤੇਜ਼ ਹੋ ਜਾਣਾ। ਕਿਉਂਕਿ ਫੋ਼ੜਾ ਅਜੇ ਲਾਲ ਮੂੰਹ ਵਾਲਾ ਕੱਚਾ ਹੁੰਦਾ ਸੀ ਤੇ ਕੱਚੇ ਵਿੱਚ ਪੀਕ ਨਹੀਂ ਪਈ ਹੁੰਦੀ ਸੀ। ਵੇਸੇ ਪੱਕੇ ਹੋਏ ਫੋ਼ੜੇ  ਲਈ ਤਾਂ ਇਹ ਨੁਸਖਾ ਠੀਕ ਸੀ। ਕਿਸੇ ਨੇ ਕਹਿਣਾ ਚਾਸਕੂ ਰਗੜ ਕੇ ਉੱਤੇ ਲਾਉ, ਜੋ ਕਿਸੇ ਨੇ ਕਹਿਣਾ ਕਰੀ ਜਾਣਾ। ਸੰਗਦੇ ਨੇ ਕਿਸੇ ਵੈਦ ਕੋਲ਼ ਵੀ ਨਾ ਜਾਣਾ, ਜੇ ਕਦੇ ਚਲੇ ਵੀ ਜਾਣਾ ਤਾਂ ਉਹਨਾਂ ਦੀਆਂ ਪੁੜੀਆਂ ਨਾਲ ਕੋਈ ਨਤੀਜਾ ਨਾ ਆਉਣਾ। ਫਾਲਤੂ ਪੈਸੇ ਦੀ ਬਰਬਾਦੀ। ਇਸੇ ਤਰਾਂ ਕਰਦੇ ਕਰਾਉਂਦੇ ਸੱਤ ਅੱਠ ਮਹੀਨੇ ਲੰਘ ਗਏ। ਫਿਰ ਇੱਕ ਸਾਡੇ ਘਰ ਇੱਕ ਪੜ੍ਹਿਆ ਲਿਖਿਆ ਪ੍ਰਾਹੁਣਾ ਆਇਆ ਤੇ ਮੈਨੂੰ ਚੱਡੇ ਚੌੜੇ ਕਰਕੇ ਪਏ ਨੂੰ ਦੇਖਕੇ ਪੁੱਛਣ ਲੱਗਾ,"ਪਈ ਇਸ ਤਰਾਂ ਕਿਉਂ ਪਿਆ ? ਮੈਂ ਉਹਨੂੰ ਚੰਗੀ ਤਰਾਂ ਦਿਖਾਇਆ ਤੇ ਉਹ ਕਹਿੰਦਾ ਪਈ ਐੱਸ ਐਫ ਟੈਰਾਮਾਈਸਨ ਦੇ ਕੈਪਸੂਲ ਖਾ, ਉਹਨਾਂ ਨਾਲ ਤੈਨੂੰ ਆਰਾਮ ਆ ਜਾਊ। ਮੈਂ ਉਸੇ ਵੇਲੇ ਸਾਈਕਲ ਚੁੱਕਿਆ ਤੇ ਕਰਤਾਰਪੁਰ ਗੁਪਤਾ ਮੈਡੀਕਲ ਦੀ ਦੁਕਾਨ ਤੇ ਗਿਆ ਤੇ ਇੱਕ ਪੂਰਾ ਪੱਤਾ ਖਰੀਦ ਲਿਆਇਆ। 

ਉਦੋਂ 50 ਪੈਸੇ ਦਾ ਇੱਕ ਕੈਪਸੂਲ ਹੁੰਦਾ ਸੀ। ਮੈਂ ਸਾਰਾ ਪੱਤਾ ਖਾ ਲਿਆ। ਫਿਰ ਜਾ ਕੇ ਕੁਝ ਅਸਰ ਹੋਇਆ। ਛੋਟੇ ਫੋ਼ੜੇ ਤਾਂ ਜੰਮਦੇ ਹੀ ਸੁੱਕ ਜਾਂਦੇ ਸੀ ਤੇ ਵੱਡੇ ਗੁੰਮ ਨੂੰ ਸੁੱਕਣ ਵਿੱਚ ਟਾਈਮ ਲੱਗਦਾ ਸੀ। ਹੁਣ  ਦਰਦ ਤੋਂ ਕੁਝ ਆਰਾਮ ਸੀ। ਮੈਂ ਰੋਜ਼ਾਨਾ ਦੋ ਕੈਪਸੂਲ ਖਾਂਦਾ ਸੀ ਤੇ ਫੋੜਿਆਂ ਤੋਂ ਰਾਹਤ ਮਿਲ ਗਈ। ਫੋੜਿਆਂ ਤੋਂ ਬਾਦ ਅੱਖਾਂ ਦੇ ਕੰਢੇ ਤੇ ਛੋਟੀਆਂ ਛੋਟੀਆਂ ਗੁੰਮੀਆਂ ਜਿਹੀਆਂ ਨਿੱਕਲਣ ਲੱਗ ਪਈਆਂ, ਜਿਹਨਾਂ ਨੂੰ ਸਾਡੇ ਵੱਲ ਗੁਆਂਢਣੀ ਕਹਿੰਦੇ ਨੇ। ਉਹ ਵੀ ਬੜੀ ਦਰਦ ਹੁੰਦੀ ਸੀ, ਬੜੀ ਖਾਰਸ਼ ਹੋਣੀ ਜੇ ਛੇੜਨਾ ਤਾਂ ਬੜੀ ਦਰਦ ਹੋਣੀ। ਫਿਰ ਇੱਕ ਗੁਆਂਢਣੀ ਦਾ ਤਾਂ ਵੱਡਾ ਸਾਰਾ ਗੁੰਮ ਬਣ ਗਿਆ। ਮੇਰੀ ਅੱਖ ਸੁੱਜ ਗਈ ਤੇ ਦਿਸਣੋਂ ਵੀ ਬੰਦ ਹੋ ਗਿਆ। ਮਹੀਨੇ ਕੁ  ਬਾਦ ਜਾ ਕੇ ਉਹ ਫਿੱਸ ਗਈ ਤੇ ਕੁਝ ਆਰਾਮ ਮਿਲਿਆ। ਪਰ ਅੱਖ ਪੂਰੇ ਦੋ ਮਹੀਨੇ ਰਿੱਸਦੀ ਰਹੀ। ਹਰ ਵਕਤ ਹੱਥ ਵਿੱਚ ਰੁਮਾਲ ਰੱਖਣਾ ਪੈਂਦਾ, ਪਾਣੀ ਨੂੰ ਸੁਕਾਉਣ ਲਈ। ਮੈਂ ਪੀਰਾਂ ਦੀਆਂ ਕਬਰਾਂ ਤੇ ਮੱਥੇ ਟੇਕੇ, ਪ੍ਰਸ਼ਾਦ ਸੁੱਖੇ, ਦੇਗਾਂ ਚੜ੍ਹਾਈਆਂ ਫਿਰ ਕਿਤੇ ਜਾ ਕੇ ਛੁਟਕਾਰਾ ਹੋਇਆ। ਕੁੱਤਾ ਫਿਰ ਬਹੂੰ ਬਹੂੰ ਕਰਕੇ ਭੌਂਕਿਆ, ਕਹਿੰਦਾ ਇਹਦੇ ਵਿੱਚ ਰੱਬ ਦੀ ਹੋਂਦ ਦੀ ਜਾਂ ਨਾ ਹੋਂਦ ਦੀ ਕਿਹੜੀ ਗੱਲ ਆ ?  ਮੈਂ ਕਿਹਾ ਖੋਤਿਆ, ਸੱਪਾ ਸਾਰੇ ਸੁਣੀ ਜਾਇਉ, ਅਜੇ ਗੱਲ ਖ਼ਤਮ ਨਹੀਂ ਹੋਈ।

ਇੱਕ ਦਿਨ ਮੇਰਾ ਭਰਾ ਕਹਿੰਦਾ ਤੂੰ ਭੜਾਕੂ ਮੁੰਡਾ ਆਂ ਤੇ ਤੇਰੇ ਤੇ ਕਿਸੇ ਨੇ ਸ਼ੱਕ ਵੀ ਨਹੀਂ ਕਰਨੀ ਤੇ ਤੂੰ ਇੱਕ ਵਾਰ ਮੇਰੇ ਨਾਲ ਚੱਲ ਅਫ਼ੀਮ ਲਿਆਉਣ ਨੂੰ, ਤੈਨੂੰ ਸਾਰੇ ਰਸਤੇ ਦਾ ਪਤਾ ਲੱਗ ਜਾਊ  ਤੇ ਹੁਣ ਤੂੰ ਫੇਰਾ ਲਾ ਆਇਆ ਕਰੀਂ। ਉਹਨੀਂ ਦਿਨੀਂ ਬੱਸ ਦਾ ਸਫਰ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ  ਸੀ। ਤੜਕੇ ਉੱਠ ਕੇ ਸਾਈਕਲ ਤੇ ਕਰਤਾਰਪੁਰ, ਤੇ ਉਥੋਂ ਅੰਮ੍ਰਿਤਸਰ ਦੀ ਬੱਸ ਤੇ ਉਥੋਂ ਝਬਾਲ ਦੀ ਤੇ ਝਬਾਲ ਤੋਂ ਗੰਡੀਵਿੰਡ ਦੀ।  ਝਬਾਲ ਇੱਕ ਰੇਹੜੀ ਵਾਲਾ ਆਲੂ ਛੋਲਿਆਂ ਦੀ ਸਬਜ਼ੀ ਨਾਲ ਤੰਦੂਰੀ ਪਰਾਂਠੇ ਬਣਾਇਆ ਕਰਦਾ ਸੀ। ਅਸੀਂ ਉਸ ਕੋਲੋਂ ਇੱਕ ਰੁਪਏ ਵਿੱਚ ਤੰਦੂਰੀ ਪਰਾਂਠਾ ਤੇ ਸਬਜ਼ੀ ਖਾਧੀ। ਧਰਮ ਨਾਲ ਸੁਆਦ ਹੀ ਆ ਗਿਆ।  ਫਿਰ ਮੈਨੂੰ ਹਰ ਵਾਰੀ ਇਹ ਆਦਤ ਹੀ ਪੈ ਗਈ। ਮਾਲ ਲੈ ਕੇ  ਆਉਣਾ, ਕਰਤਾਰਪੁਰ ਬੱਸ ਚੋਂ ਉੱਤਰ ਕੇ ਗਿਆਨੀ ਦੀ ਦੁਕਾਨ ਤੋਂ ਸਾਈਕਲ ਚੁੱਕਣਾ ਤੇ ਠੇਕੇ ਤੋਂ ਅਧੀਆ ਲੈਣਾ ਤੇ  ਨਾਲ ਹੀ ਢਾਬਾ ਸੀ। ਬੱਕਰੇ ਦਾ ਮੀਟ ਉਹ ਬਹੁਤ ਵਧੀਆ ਬਣਾਉਂਦਾ ਸੀ। ਮੀਟ ਦੀ ਪਲੇਟ ਤੇ ਨਾਲ ਤਿੰਨ-ਚਾਰ ਤੰਦੂਰੀ ਰੋਟੀਆਂ। ਬਿਲਕੁਲ ਹੀ ਸਵਾਦ ਆ ਜਾਣਾ। ਖਾ ਪੀ ਕੇ ਪਿੰਡ ਵੱਲ ਨੂੰ ਚਾਲੇ ਪਾ ਦੇਣੇ। ਇੱਕ ਜੇਤੂ ਦੀ ਤਰਾਂ, ਜਿਵੇਂ ਕੋਈ ਮੈਚ ਜਾਂ ਕੁਸ਼ਤੀ ਜਿੱਤ ਕੇ ਆਇਆ ਹੋਵਾਂ!

ਇਸੇ ਤਰਾਂ 4-5 ਮਹੀਨੇ ਗੁਜ਼ਰ ਗਏ। ਜਿਹੜੇ 40 ਰੁਪਏ (5 ਤੋਲੇ ਅਫੀਮ) ਆਟਾ ਗੁੜ ਰਲਾਕੇ ਕਮਾਈਦੇ ਸੀ। ਉਹਦਾ ਤਰੀਕਾ ਵੀ ਮੈਂ ਲੱਭ ਲਿਆ। ਪੈਸੇ  ਤਾਂ ਮੇਰੇ ਕੋਲ ਹੁੰਦੇ ਹੀ ਸੀ। ਮੈਂ ਅੱਧਾ ਕੁ ਪਾਈਆ ਆਪਣੀ ਵੱਖਰੀ ਅਫ਼ੀਮ ਲਿਆਉਣੀ ਸ਼ੁਰੂ ਕਰ ਦਿੱਤੀ।  ਤੇ ਕੁੱਝ ਜਿਹੜੇ ਅਮਲੀ ਮੈਨੂੰ ਜਾਣਦੇ ਸੀ, ਉਹਨਾਂ ਨੂੰ ਆਪ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਕੋਈ ਪੰਜ ਕੁ ਮਹੀਨੇ ਬਾਦ ਇੱਕ ਘਟਨਾ ਵਾਪਰੀ, ਮੈਂ ਅਫੀਮ ਵਾਲਾ ਝੋਲਾ ਬੱਸ ਦੀ ਸੀਟ ਥੱਲੇ ਰੱਖਕੇ ਬੈਠਾ ਸੀ ਤੇ ਸ਼ੀਸ਼ੇ ਵਿੱਚੋਂ ਆਉਂਦੀ ਠੰਢੀ ਹਵਾ ਨਾਲ ਨੀਂਦ ਦੇ ਝਟਕੇ ਆਉਣੇ ਸ਼ੁਰੂ ਹੋ ਗਏ। ਅਫ਼ੀਮ ਬੜੀ ਖਰੀ ਸੀ ਤੇ ਉਹਦੀ ਮਹਿਕ ਦੂਰ ਦੂਰ ਤੱਕ ਜਾਂਦੀ ਸੀ। ਮੇਰੇ ਪਿੱਛੇ ਬੈਠਾ ਇੱਕ ਜੋੜਾ ਮੇਰੀ ਉਨੀਂਦ ਦੀ ਉਡੀਕ ਵਿੱਚ ਸੀ। ਪਿੱਛੇ ਬੈਠੀ ਜ਼ਨਾਨੀ  ਮੇਰੀ ਪਿੱਠ ਤੇ ਹੱਥ ਫੇਰਕੇ ਦੇਖ ਰਹੀ ਸੀ ਕਿ ਮੈਂ ਸੌਂ ਗਿਆ ਕਿ ਨਹੀਂ ? ਹੁਣ ਜਦੋਂ ਇਸ ਤਰਾਂ ਦੀ ਚੀਜ਼ ਕੋਲ ਹੋਵੇ ਤਾਂ ਨੀਂਦ ਵੀ ਕਿਹੜੀ ਆਉਂਦੀ ਆ। ਮੈਂ ਘੜੀ ਮੁੜੀ ਸੀਟ ਥੱਲੇ ਹੱਥ ਮਾਰਕੇ ਚੈੱਕ ਕਰੀ ਜਾਂਦਾ ਸੀ ਪਈ ਮੇਰਾ ਮਾਲ ਹੈਗ੍ਹਾ ? ਕਦੇ ਕਦੇ ਮੈਂ ਪਿੱਛੇ ਸੀਟ ਤੇ ਨਿਗ੍ਹਾ ਮਾਰਕੇ ਚੈਕ ਵੀ ਕਰੀ ਜਾਂਦਾ ਸੀ। ਇੱਕ ਲਾਲ ਚੁੰਨੀ ਵਾਲੀ ਜਨਾਨੀ ਤੇ ਨਾਲ ਉਹਦੇ ਸੀ ਕੱਟੀ ਦਾੜ੍ਹੀ ਵਾਲਾ ਅੱਧਖੜ ਉਮਰ ਦਾ ਬੰਦਾ।  ਰਈਏ ਦੇ ਬੱਸ ਅੱਡੇ ਜਦੋਂ ਬੱਸ ਰੁਕੀ ਤਾਂ ਮੇਰੀ ਅੱਖ ਲੱਗ ਗਈ ਸੀ, ਜਦੋਂ ਤਰੱਬਕ ਕੇ ਉੱਠਿਆ ਤੇ ਸੀਟ ਥੱਲੇ ਹੱਥ ਮਾਰਿਆਂ ਤਾਂ ਮੇਰੇ ਤੋਤੇ ਉੱਡ ਗਏ। ਮੇਰਾ ਝੋਲਾ ਗਾਇਬ ਸੀ। ਬੱਸ ਅਜੇ ਦੋ ਕੁ ਸੌ ਗਜ਼  ਤੇ ਤੁਰੀ ਹੋਵੇਗੀ, ਮੈਂ ਕੰਡੱਕਟਰ ਨੂੰ ਕਿਹਾ ਬੱਸ ਰੋਕ, ਬੱਸ ਰੋਕ,। ਉਹ ਕਹਿੰਦਾ ਕਿਉਂ ਵੱਜ ਗਈ ?  ਮੈਂ ਕਿਹਾ  ਹਾਂ ਤੂੰ ਬੱਸ ਰੋਕਦੇ। ਸ਼ਾਇਦ ਉਹਨੂੰ ਵੀ ਪਤਾ ਸੀ ਕਿ ਮੇਰੇ ਕੋਲ ਅਫ਼ੀਮ ਸੀ।

ਮੈਂ ਭੱਜਕੇ ਪਿੱਛੇ ਬੱਸ ਅੱਡੇ ਵਲ ਗਿਆ ਤਾਂ ਉਹ ਜਨਾਨੀ ਆਪਣੀ ਗੱਠੜੀ ਜਿਹੀ ਬੰਨ੍ਹੀ ਬੈਠੀ ਸੀ ਤੇ ਬੜੀ ਖੁਸ਼। ਉਹਦਾ ਆਦਮੀ ਫ਼ਲਾਂ ਵਾਲੀ ਰੇਹੜੀ ਤੋਂ ਕੇਲੇ ਤੇ ਸੇਬ ਖਰੀਦ ਰਿਹਾ ਸੀ। ਮੈਂ ਇੰਤਜਾਰ ਵਿੱਚ ਸੀ  ਕਿ ਕਦੋਂ ਉਹੋ ਗੱਠੜੀ ਖੋਹਲੇ। ਆਦਮੀ ਜਦੋਂ ਫ਼ਲ ਖਰੀਦ ਕੇ ਆਇਆ ਤਾਂ ਜਨਾਨੀ ਨੇ ਗੱਠੜੀ ਖੋਹਲੀ ਫ਼ਲ ਵਿੱਚ ਰੱਖਣ ਲਈ। ਜਦੋਂ ਹੀ ਮੇਰੀ ਨਿਗ੍ਹਾ ਮੇਰੇ ਝੋਲੇ ਤੇ ਪਈ ਤਾਂ ਮੈਂ ਬਾਜ ਵਾਂਗੂੰ ਝੋਲੇ ਤੇ ਝਪਟ ਪਿਆ ਤੇ ਜਨਾਨੀ ਦੇ ਇੱਕ ਥੱਪੜ ਮਾਰਿਆ ਤੇ ਝੋਲਾ ਖੋਹ ਲਿਆ ਤੇ ਮੇਰੀ ਜਾਨ ਵਿੱਚ ਜਾਨ ਆਈ। ਖੋਤਾ ਕਹਿੰਦਾ ਯਾਰ ਤੂੰ ਉਹਨੂੰ ਚੰਗੀ ਤਰਾਂ ਫੈਂਟਣਾ ਸੀ। ਮੈਂ ਕਿਹਾ ਖੋਤਿਆ, ਰਿਹਾ ਨਾ ਖੋਤੇ ਦਾ ਖੋਤਾ ?  ਮੇਰੇ ਕੋਲ  ਦੋ ਨੰਬਰ ਦਾ ਮਾਲ ਸੀ, ਸਾਹਮਣੇ ਅੱਡੇ ਤੇ ਥਾਣਾ ਸੀ।  ਮੈਂ ਉੱਥੇ ਫ਼ਸਣਾ ਸੀ ?  ਮੈਂ ਭੱਜ ਕੇ ਸੜਕ ਤੇ ਗਿਆ ਤੇ ਵਿੱਚਕਾਰ ਖੜ੍ਹਕੇ ਬੱਸ ਵਾਲੇ ਨੂੰ ਦੋਨੇ ਹੱਥ ਚੁੱਕਕੇ ਰੁਕਣ ਲਈ ਕਿਹਾ। ਡਰਾਇਵਰ ਨੇ ਬੱਸ ਤਾਂ ਰੋਕ ਲਈ ਪਰ ਮੈਨੂੰ ਕੰਡੱਕਟਰ ਗੁੱਸੇ ਨਾਲ ਬੋਲਿਆ ?  ਕਿਉਂ ਮਰਨ ਦਾ ਇਰਾਦਾ ? ਇਹ ਬੱਸ ਛੋਟੇ ਅੱਡਿਆਂ ਤੇ ਨਹੀਂ ਰੁਕਦੀ।  ਮੈਂ ਕਿਹਾ ਭਾਈ ਛੇਤੀ ਛੇਤੀ ਬੱਸ ਤੋਰ ਮੈਨੂੰ ਡਰ ਸੀ ਪਈ ਇਹ ਜਨਾਨੀ  ਕਿਸੇ ਪੁਲਸ ਵਾਲੇ ਨੂੰ ਦੱਸਕੇ ਮੇਰੇ ਮਗਰ ਪੁਲੀਸ ਹੀ ਨਾ ਲਗਾ ਦੇਵੇ। ਮੈਂ ਰੱਬ ਦਾ ਸ਼ੁਕਰ ਕਰ ਰਿਹਾ ਸੀ ਕਿ ਮਾਲ ਮੇਰੇ ਹੱਥ ਲੱਗ ਗਿਆ। ਇਹ ਕੋਈ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ।  ਕੋਈ ਚਾਰ ਹਜਾਰ  ਰੁਪਏ ਦਾ ਮਾਲ ਬੱਚ ਗਿਆ। ਨਹੀਂ ਤਾਂ ਮੇਰਾ ਭਰਾ ਕੀ ਸੋਚਦਾ ? ਸ਼ਾਇਦ ਮੇਰਾ ਛੋਟਾ ਭਰਾ ਪੈਸੇ ਖਾ ਗਿਆ ? ਮੇਰੇ ਨਾਲ ਹੇਰਾਫ਼ੇਰੀ ਕਰ ਗਿਆ ?

ਮੈਂ ਉਸੇ ਦਿਨ ਘਰ ਆ ਕੇ ਵੱਡੇ ਭਰਾ ਨੂੰ ਸਾਰੀ ਕਹਾਣੀ ਦੱਸੀ ਤੇ ਕਿਹਾ ਕਿ ਹੁਣ ਮੈਂ ਮਾਲ ਲਿਆਉਣ ਨਹੀਂ ਜਾਣਾ। ਕਿਉਂਕਿ ਅੱਜ ਜੇ ਮੇਰੀ ਅਫ਼ੀਮ ਚੋਰੀ ਹੋ ਜਾਂਦੀ ਤਾਂ ਤੂੰ ਮੇਰੇ ਤੇ ਸ਼ੱਕ ਕਰਨੀ ਸੀ ਕਿ ਸ਼ਾਇਦ ਮੈਂ ਬੇਈਮਾਨ ਹੋ ਗਿਆ ਸੀ ਪੈਸੇ ਲਈ? ਉਹਨਾਂ ਦਿਨਾਂ ਵਿੱਚ ਚਾਰ ਹਜ਼ਾਰ ਦੀ ਰਕਮ ਬਹੁਤ ਵੱਡੀ ਹੁੰਦੀ ਸੀ। ਉਹ ਕਹਿੰਦਾ ਚਲ ਠੀਕ ਹੈ, ਮੈਂ ਚਲੇ ਜਾਇਆ ਕਰੂੰ, ਤੇ ਤੂੰ  ਫ਼ਿਰ ਅੱਗੇ ਵਾਂਗ ਮੇਰੀ ਜਗਾਹ ਫ਼ੀਮ ਵੇਚੀ ਜਾਈਂ। ਇਹਨਾਂ ਫ਼ੋੜਿਆਂ ਤੋਂ ਥੋੜਾ ਛੁਟਕਾਰਾ ਤਾਂ ਮਿਲ ਗਿਆ, ਕੈਪਸੂਲ ਖਾਣ ਨਾਲ ਪਰ ਹੁਣ ਇੱਕ ਨਵੀਂ ਬੀਮਾਰੀ ਸ਼ੁਰੂ ਹੋ ਗਈ। ਮੇਰੇ ਹੱਥਾਂ ਦੀਆਂ ਉਂਗਲਾਂ ਵਿਚਾਲੇ ਇੱਕ ਵੱਖਰੀ ਕਿਸਮ ਦੀ ਬੀਮਾਰੀ ਸ਼ੁਰੂ ਹੋ ਗਈ। ਉਂਗਲਾਂ ਵਿਚਾਲੇ ਪੀਕ ਪੈ ਜਾਣੀ। ਲੋਕਾਂ ਬਥੇਰੀਆਂ ਆਪਣੀਆਂ ਦਲੀਲਾਂ ਦੇਣੀਆਂ ਤੇ ਕਹਿਣਾ ਕਿ ਇਹ ਤਾਂ ਕਰੋਹੀਆਂ ਨੇ। ਦਾਤੀ ਅੱਗ ਵਿੱਚ ਗਰਮ ਕਰਕੇ ਉਂਗਲਾਂ ਵਿਚਾਲੇ ਫ਼ੇਰਿਆ ਕਰ। ਮੈਂ ਉਸੇ ਤਰਾਂ ਕਰੀ ਜਾਣਾ ਪਰ ਕੰਮ ਬੜਾ ਔਖਾ, ਬੜਾ ਸਾੜ ਪੈਣਾ ਜਦੋਂ ਗਰਮ ਗਰਮ ਦਾਤਰੀ ਉਂਗਲਾਂ ਵਿੱਚਕਾਰ ਫੇਰਨੀ। ਹੌਲੀ ਹੌਲੀ ਇਹ ਰੋਗ ਮੇਰੇ ਗੁਪਤ ਅੰਗ ਦੇ ਆਲ਼ੇ ਦੁਆਲ਼ੇ ਸ਼ੁਰੂ ਹੋ ਗਿਆ। ਖਾਰਸ਼ ਆਉਣੀ, ਜੇ ਕਰਨੀ ਤਾਂ ਬਹੁਤ ਦਰਦ ਹੋਣੀ, ਜੇ ਨਾ ਕਰਨੀ ਤਾਂ ਉਹਦੇ ਤੋਂ ਵੀ ਭੈੜਾ ਹਾਲ। ਹੁਣ ਕੀਤਾ ਕੀ ਜਾਵੇ, ਉਹ ਗੁਪਤ ਅੰਗਾਂ ਨੂੰ ਕਿਸੇ ਹਕੀਮ ਜਾਂ ਡਾਕਟਰ ਨੂੰ ਦਿਖਾਉਣ ਤੋਂ ਵੀ ਬੜੀ ਸੰਗ ਆਉਣੀ। ਇਸੇ ਤਰਾਂ  ਤਿੰਨ ਚਾਰ ਮਹੀਨੇ ਲੰਘ ਗਏ ਪਰ ਜ਼ਿੰਦਗੀ ਇੱਕ ਤਰਾਂ ਨਰਕ ਬਣ ਗਈ। ਖਾਣਾ ਪੀਣਾ ਤਾਂ ਚੰਗਾ, ਵਧੀਆ ਤੇ ਰੱਜਕੇ ਪਰ ਮਨ ਨੂੰ ਸ਼ਾਂਤੀ ਨਾ ਮਿਲਣੀ। ਨਾ ਦਿਨੇ ਚੈਨ ਨਾ ਰਾਤੀਂ ਨੀਂਦ, ਕਿਉਂਕਿ ਖੁਰਕ ਹੋਈ ਜਾਣੀ, ਕਦੇ ਪਾਸਾ ਇੱਧਰ ਨੂੰ ਵੱਟ ਲੈਣਾ ਤੇ ਕਦੇ ਇੱਧਰ ਨੂੰ।....

ਇਸੇ ਤਰਾਂ ਦਿਨ ਬੀਤਦੇ ਗਏ। ਇੱਕ ਦਿਨ ਫ਼ੀਮ ਵੇਚਣ ਦੀ ਵਾਰੀ ਮੇਰੀ ਸੀ। ਮੈਂ ਆਪਣੇ ਕਮਾਦ ਵਿੱਚ ਆਪਣਾ ਪਾਪ ਕਮਾ ਰਿਹਾ ਸੀ। ਜਾਣੀ ਅਫ਼ੀਮ ਵਿੱਚ ਗੁੜ ਆਟਾ ਮਿਕਸ ਕਰ ਰਿਹਾ ਸੀ। ਮੈਂ ਬਾਹਰ ਝਾਕ ਕੇ ਦੇਖਿਆ ਤਾਂ ਕੋਈ ਅਮਲੀ ਅਫ਼ੀਮ ਖਰੀਦਣ ਵਾਲਾ ਲੱਗ ਰਿਹਾ ਸੀ। ਮੇਰੇ ਹੱਥ ਲਿੱਬੜੇ ਸੀ ਤੇ ਮੈਂ ਬਾਹਰ ਆ ਕੇ ਪੁੱਛਿਆ ਪਈ ਕਿੰਨੇ ਤੋਲੇ ਅਫ਼ੀਮ ਚਾਹੀਦੀ ਆ ? ਉਹ ਕਹਿੰਦਾ ਅਫ਼ੀਮ ਲੈਣ ਹੀ ਤਾਂ ਮੈਂ ਆਇਆ ਸੀ ਪਰ ਹੁਣ ਨਹੀਂ ਲੈਣੀ, ਕਿਸੇ ਹੋਰ ਥਾਂ ਤੋਂ ਖਰੀਦ ਲਊਂ। ਮੈਂ ਕਿਹਾ ਕੀ ਗੱਲ ? ਕਹਿੰਦਾ ਤੇਰੇ ਹੱਥ ਲਿੱਬੜੇ ਪਏ ਨੇ ਤੇ ਤੂੰ ਅਫ਼ੀਮ ਵਿੱਚ ਮਿਲਾਵਟ ਕਰ ਰਿਹਾ ਸੀ।  ਮੈਂ ਸ਼ਰਮ ਦਾ ਮਾਰਾ ਚੁੱਪ ਹੋ ਗਿਆ। ਉਸਨੇ ਪਿੱਛਾ ਵੱਟ ਲਿਆ ਅਤੇ ਜਾਂਦਾ ਜਾਂਦਾ ਕਹਿਣ ਲੱਗਾ, ਕਾਕਾ ਸੁਣ ਗੱਲ ਮੇਰੀ ਧਿਆਨ ਨਾਲ! ਅਮਲੀਆਂ ਦੇ ਪੈਸੇ ਹੱਕ ਹਲਾਲ ਦੀ ਕਮਾਈ ਦੇ ਹੁੰਦੇ ਆ। ਕੋਈ ਵਿਚਾਰਾ ਖੇਤੀਬਾਡ਼ੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਆਪਣੀ ਫ਼ਸਲ ਘਰਦਿਆਂ ਤੋਂ ਚੋਰੀ ਕਰਕੇ ਵੇਚਦਾ, ਕੋਈ ਆਪਣੀ ਘਰਵਾਲੀ ਦੇ ਗਹਿਣੇ ਚੋਰੀ ਵੇਚਦਾ। ਕੋਈ ਆਪਣੇ ਬੱਚਿਆਂ ਦਾ ਗਲ਼ ਘੁੱਟ ਕੇ, ਆਪਣੀ ਕਮਾਈ ਉਹਨਾਂ ਨੂੰ ਨਾ ਦੇ ਕੇ, ਅਫ਼ੀਮ ਖਰੀਦਦਾ। ਆਪਣੇ ਪਰਿਵਾਰ ਦੀਆਂ ਖੁਹਾਇਸ਼ਾਂ ਮਾਰਕੇ ਆਪਣੇ ਲਈ ਅਫ਼ੀਮ  ਖਰੀਦਦਾ ਤੇ ਤੂੰ ਉਹਨਾਂ ਨੂੰ ਗੁੜ ਆਟਾ ਅਫ਼ੀਮ ਦੇ ਭਾਅ ਵੇਚਦਾ ?  

ਇਹ ਭਾਈ ਲਾਲੋ ਤੇ ਮਲਿਕ ਭਾਗੋ ਦੀ ਕਮਾਈ ਵਾਂਗ ਹੈ। ਭਾਈ ਲਾਲੋ ਦੀ ਕਮਾਈ ਕਰਨੀ ਸਿੱਖ। ਮਲਿਕ ਭਾਗੋ ਦੀ ਕਮਾਈ ਵਿੱਚ ਗਰੀਬਾਂ ਦਾ ਖੂਨ ਸੀ, ਇਸ ਕਰਕੇ ਸਾਡੇ ਬਾਬੇ ਗੁਰੂ ਨਾਨਕ  ਜੀ ਨੇ 36 ਪ੍ਰਕਾਰ ਦੇ ਸੁਆਦੀ ਭੋਜਨ ਛੱਡਕੇ ਭਾਈ ਲਾਲੋ ਦੀ ਮਿੱਸੀ ਖਾਧੀ ਸੀ। ਉਹ ਬੋਲੀ ਜਾ ਰਿਹਾ ਸੀ ਤੇ ਮੈਂ ਨੀਵੀਂ ਪਾ ਕੇ ਸੁਣ ਰਿਹਾ ਸੀ। ਉਹ ਕਹਿੰਦਾ ਹਰਾਮ ਦੀ ਕਮਾਈ ਹੱਡਾਂ ਵਿੱਚੋਂ ਦੀ ਕੋਹੜ ਬਣਕੇ ਨਿੱਕਲਦੀ ਹੈ। ਐਂਨੀ ਗੱਲ ਕਹਿ ਕੇ ਉਹ ਚਲੇ ਗਿਆ। ਫ਼ਿਰ ਮੈਂ ਸੋਚੀਂ ਪੈ ਗਿਆ ਕਿ ਇਹ ਅਮਲੀ ਸੱਚ ਹੀ ਤਾਂ ਕਹਿ ਰਿਹਾ।  ਇਹ ਜੋ ਮੇਰੀ ਹਾਲਤ ਹੈ ਕੋਹੜੀਆਂ ਤੋਂ ਘੱਟ ਤਾਂ ਨਹੀਂ ?  ਪੰਜਾਹ ਪਰਸੈਂਟ ਤਾਂ ਕੋਹੜ ਹੀ ਹੈ ?  ਜੇ ਮੈਂ ਇਹਨਾਂ ਹਰਕਤਾਂ ਤੋਂ ਨਾ ਹਟਿਆ ਤਾਂ ਸੌਂ ਪਰਸੈਂਟ ਕੋਹੜ ਵੀ ਹੋ ਸਕਦਾ ?  ਮੈਂ ਆਪਣੇ ਆਪ ਵਿੱਚ ਝਾਤ ਮਾਰੀ ਤੇ ਮੈਨੂੰ ਲੱਗਾ ਕਿ ਇਹ ਕੋਈ ਰੱਬ ਦਾ ਬੰਦਾ ਮੈਨੂੰ ਜ਼ਰੂਰੀ ਸੁਨੇਹਾ ਦੇਣ ਆਇਆ ਹੋਵੇ।  ਮੈਂ ਝੱਟ ਆਪਣੇ ਮਨ ਵਿੱਚ ਧਾਰ ਲਈ ਕਿ ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰਾਂਗਾ। ਸ਼ਾਮ ਨੂੰ ਜਦੋਂ ਭਰਾ ਘਰ ਆਇਆ ਤਾਂ ਅਫ਼ੀਮ ਤੇ ਕੰਡੀ ਮੈਂ ਉਸਦੇ ਅੱਗੇ ਰੱਖਕੇ ਤੇ ਪੈਸੇ ਜੋ ਬਣਦੇ ਸੀ, ਉਹਨੂੰ ਦੇ ਦਿੱਤੇ ਤੇ ਨਾਲ ਹੀ ਕਿਹਾ ਕਿ ਮੈਂ ਹੁਣ ਇਹ ਕੰਮ ਨਹੀਂ ਕਰਾਂਗਾ। ਉਹ ਕਹਿੰਦਾ ਕਿਉਂ, ਮੈਂ ਕਿਹਾ ਬੱਸ ਮੈਨੂੰ ਕਾਰਨ ਨਾ ਪੁੱਛਿਉ ਪਰ ਮੇਰੀ ਤੌਬਾ,ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰਨਾ। 

ਦੂਸਰੇ ਦਿਨ ਮੈਂ ਨਹਾ ਧੋ ਕੇ ਗੁਰੂਦੁਆਰੇ ਗਿਆ ਤੇ ਪ੍ਰਸ਼ਾਦ ਕਰਾਇਆ। ਹੋਰ ਵੀ ਪੀਰਾਂ ਫ਼ਕੀਰਾਂ ਦੇ ਜਿੱਥੇ ਮੇਰੀ ਸ਼ਰਧਾ ਸੀ, ਅਰਦਾਸਾਂ ਕੀਤੀਆਂ ਤੇ ਸਾਈਕਲ ਚੁੱਕਿਆ ਤੇ ਕਰਤਾਰਪੁਰ ਨੂੰ ਹੋ ਤੁਰਿਆ। ਉਹਨਾਂ ਦਿਨਾਂ ਵਿੱਚ ਕਰਤਾਰਪੁਰ ਵਿੱਚ ਇਕ ਪੜ੍ਹਿਆ ਲਿਖਿਆ ਡਾਕਟਰ ਸੀ, ਨਵਾਂ ਨਵਾਂ ਐੱਮ ਬੀ ਬੀ ਐੱਸ ਦੀ ਪੜਾਈ ਕਰਕੇ ਆਇਆ। ਉਦੋਂ ਕਰਤਾਰਪੁਰ ਵਿੱਚ ਇਹ ਪਹਿਲਾ ਡਾਕਟਰ ਸੀ ਤੇ ਸੀ ਵੀ ਬੜਾ ਮਸ਼ਹੂਰ। ਪਹਿਲਾਂ ਤਾਂ ਬੱਸ ਨੀਮ ਹਕੀਮ ਹੀ ਹੁੰਦੇ ਸਨ ਤੇ ਜਾਂ ਡੰਗ ਟਪਾਊ, ਮੋਗੇ ਵਾਲਾ ਡਾਕਟਰ, ਅੰਮ੍ਰਿਤਸਰੀਆ ਡਾਕਟਰ, ਇਸ ਤਰਾਂ ਦੇ। ਜਿਹਨੂੰ ਵੀ ਕੋਈ ਮਾੜੀ ਮੋਟੀ  ਬਿਮਾਰੀ ਹੋਣੀ, ਉਹਨੂੰ ਲੋਕਾਂ ਇਹੋ ਸਲਾਹ ਦੇਣੀ ਪਈ ਇਹਨੂੰ ਡਾਕਟਰ ਮਸੀਹ ਦੇ ਕੋਲ ਲੈ ਜਾਉ। ਮੈਂ ਵੀ ਸਿੱਧਾ ਮਸੀਹ ਨੂੰ ਹੀ ਮਸੀਹਾ ਮੰਨ ਕੇ ਉਸ ਦੀ ਦੁਕਾਨ ਤੇ ਚਲੇ ਗਿਆ।  ਬੜਾ ਹੱਸਮੁੱਖ ਨੌਜ਼ਵਾਨ, ਹੱਥ ਮਿਲਾਇਆ ਤੇ ਕੁਰਸੀ ਤੇ ਬੈਠਣ ਨੂੰ ਇਸ਼ਾਰਾ ਕੀਤਾ। ਮੈਨੂੰ ਹੱਸਕੇ ਕਹਿੰਦਾ ਹਾਂ ਬਈ ਮੁੰਡਿਆ, ਤੂੰ ਕਿਸ ਤਰਾਂ ਆਇਆਂ, ਚੰਗਾ ਭਲਾ ਤੰਦਰੁਸਤ ਲੱਗਦਾਂ, ਬੜੀ ਵਧੀਆ ਬੋਡੀ ਬਣਾਈ ਆ।  ਮੈਂ ਸ਼ੁਰੂ ਤੋਂ ਫੋੜਿਆਂ ਤੇ ਗੁਆਂਢਣੀਆਂ ਦੀ ਕਹਾਣੀ ਵਿਸਥਾਰ ਵਿੱਚ ਦੱਸ ਦਿੱਤੀ ਤੇ ਫਿਰ ਮੈਂ ਆਪਣੇ ਹੱਥ ਦਿਖਾਏ ਤੇ ਦੱਸਿਆ ਪਈ ਛੇ ਮਹੀਨੇ ਤੋਂ ਇਹ ਕੋਹੜ ਵਰਗੀ ਬਿਮਾਰੀ ਨਾਲ ਜੂਝ ਰਿਹਾਂ। ਮੈਨੂੰ ਚੰਗੀ ਤਰਾਂ ਚੈਕ ਕਰਕੇ  ਕਹਿੰਦਾ ਝੂਠ ਨਾ ਬੋਲੀਂ, ਤੇਰੇ ਗੁਪਤ ਅੰਗਾਂ ਵਿੱਚ ਵੀ ਹੈ ?  ਪਹਿਲਾਂ ਮੈਂ ਸ਼ਰਮ ਦਾ ਮਾਰਾ ਮੁੱਕਰ ਗਿਆ।

ਫਿਰ ਇੱਕ ਰੱਬੀ ਸ਼ਕਤੀ ਨੇ ਮੈਨੂੰ ਤਾਕਤ ਦਿੱਤੀ ਕਿ ਡਾਕਟਰ ਤੇ ਵਕੀਲ ਕੋਲੋਂ ਕੋਈ ਗੱਲ ਛੁਪਾਉਣੀ ਨਹੀਂ ਚਾਹੀਦੀ। ਮੈਂ ਕਿਹਾ,"ਹਾਂ ਡਾਕਟਰ ਜੀ ਮੇਰੇ ਇਹ ਵੀ ਹੈ। ਉਹਨੇ ਚੰਗੀ ਤਰਾਂ ਚੈੱਕ ਕੀਤਾ ਤੇ ਮੈਨੂੰ ਕਿਹਾ ਕਿ ਕਾਫ਼ੀ ਮਹਿੰਗੇ ਟੀਕੇ ਲੱਗਣਗੇ ਪਰ ਆਰਾਮ ਆ ਜਾਵੇਗਾ, ਇਹ ਮੇਰੀ ਗਾਰੰਟੀ ਆ। ਮੈਨੂੰ ਰੱਬ ਵਲੋਂ ਇਹ ਇਹਸਾਸ ਹੋ ਗਿਆ ਸੀ ਕਿ ਜੋ ਪੈਸੇ ਮੈਂ ਹਰਾਮ ਦੀ ਕਮਾਈ ਦੇ ਕਮਾਏ ਸੀ, ਉਹ ਇਸ ਬਿਮਾਰੀ ਤੇ ਲੱਗ ਕੇ ਹੀ ਮੇਰਾ ਕੁੱਝ ਸੁਧਾਰ ਹੋਵੇਗਾ। ਮੈਂ ਬੇ-ਝਿਜਕ ਕਹਿ ਦਿੱਤਾ ਕਿ ਮੈਨੂੰ ਅਰੋਗਤਾ ਚਾਹੀਦੀ ਆ, ਪੈਸੇ ਦੀ ਕੋਈ ਪ੍ਰਵਾਹ ਨਹੀਂ। ਉਹਨੇ ਮੇਰੇ  ਇੱਕ ਟੀਕਾ ਲਾ ਦਿੱਤਾ ਤੇ ਨਾਲ ਕੁਝ ਕੈਪਸੂਲ ਦਿੱਤੇ ਤੇ ਤਿੰਨ ਦਿਨ ਬਾਦ ਫ਼ਿਰ ਚੈੱਕ ਕਰਾਉਣ ਦੀ ਸਲਾਹ ਦਿੱਤੀ। ਹਫ਼ਤੇ ਵਿੱਚ ਦੋ ਵਾਰ ਉਹ ਮੈਨੂੰ ਟੀਕਾ ਲਾਉਂਦਾ ਸੀ ਤੇ ਨਾਲ ਕੈਪਸੂਲ। ਹਰ ਹਫ਼ਤੇ ਬਿਮਾਰੀ ਨੂੰ ਮੋੜ ਪੈਣ ਪੈਣਾ ਸ਼ੁਰੂ ਹੋ ਗਿਆ। ਰਾਤਾਂ ਦੀ ਨੀਂਦ ਜੋ ਹਰਾਮ ਸੀ, ਸੌਖੀ ਹੋ ਗਈ। ਹੁਣ ਮੈਨੂੰ ਆਪਣੇ ਖਰਚੇ ਦਾ ਫ਼ਿਕਰ ਹੋ ਗਿਆ ਪਈ ਇਹ ਕਿਵੇਂ ਚੱਲੂ ?  ਉਦੋਂ ਆਪਣੇ ਕਾਫ਼ੀ  ਮੁੰਡੇ ਸਾਊਦੀ ਅਰਬ ਨੂੰ ਜਾਂਦੇ ਸੀ ਤੇ ਏਜੰਟਾਂ ਵਲੋਂ ਜਾਲ ਬੰਨਣ ਵਾਲਿਆਂ ਦੀ ਬੜੀ ਮੰਗ ਆਉਂਦੀ ਹੁੰਦੀ ਸੀ। ਤੇ ਨਾਲ ਹੀ ਵੈਲਡਰ ਦੀ। ਕਰਤਾਰਪੁਰ ਸਿਨਮੇ ਦੇ ਨੇਡ਼ੇ ਸ਼ਾਪ ਸੀ ਸੁੱਚਾ ਸਿੰਘ ਟਾਹਲੀ ਸਾਹਿਬ ਵਾਲੇ ਦੀ। ਵੈਲਡਿੰਗ  ਦੀ ਟ੍ਰੇਨਿੰਗ ਮੈਂ ਇਥੋਂ ਸ਼ੁਰੂ ਕਰ ਦਿੱਤੀ।

ਪੈਸੇ ਤਾਂ ਉਹ ਕੋਈ ਦਿੰਦਾ ਨਹੀਂ ਸੀ ਪਰ ਕੰਮ ਤੋਂ ਬਾਦ ਦਾਰੂ ਦੇ ਦੋ ਪੈੱਗ ਜ਼ਰੂਰ ਲੁਆ ਦਿੰਦਾ ਸੀ। ਉਸਨੂੰ ਇਨਕਮ ਬਹੁਤ ਹੁੰਦੀ ਸੀ, ਕੰਮ ਬਹੁਤ ਚੱਲਦਾ ਹੁੰਦਾ ਸੀ ਤੇ ਉਹਦੇ ਆਲੇ ਦੁਆਲੇ  ਪੀਣ ਖਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ। ਫ਼ਿਰ ਮੈਂ ਇੱਕ ਸਕੀਮ ਸੋਚੀ, ਦਾਣਾ ਮੰਡੀ ਕਰਤਾਰਪੁਰ ਦੇ ਨਾਲ ਇੱਕ ਮਹਿੰਗਾ ਸਿੰਘ ਲੁਹਾਰ ਦੀ ਦੁਕਾਨ ਹੁੰਦੀ ਸੀ। ਉਹ ਖੇਤੀਬਾੜੀ ਦੇ ਸੰਦ ਹੱਥੀਂ ਤਿਆਰ ਕਰਦਾ ਸੀ।  ਲੋਕਾਂ ਦੇ ਹਲ੍ਹਾਂ ਦੇ ਫ਼ਾਲੇ, ਰੰਬੇ,ਦਾਤਰੀਆਂ, ਕਹੀਆਂ, ਖੁਰਪੇ ਤੇ ਹੋਰ ਖੇਤੀਬਾਡ਼ੀ ਦੇ ਔਜ਼ਾਰ। ਸਾਡੇ ਨੇੜਲੇ  ਪਿੰਡ ਭਤੀਜੇ ਦਾ ਸੀ, ਮੇਰੇ ਪਿਉ ਨੂੰ ਵੀ ਚੰਗੀ ਤਰਾਂ ਜਾਣਦਾ ਸੀ। ਮੈਂ ਉਹਨੂੰ ਕਿਹਾ ਕਿ ਮੈਨੂੰ ਜੇਬ ਖਰਚੇ ਲਈ ਕੰਮ ਦੀ ਜ਼ਰੂਰਤ ਹੈ। ਉਹ ਕਹਿੰਦਾ ਪਈ  ਜਦੋਂ ਮੈਨੂੰ ਤੇਰੀ ਜ਼ਰੂਰਤ ਪਈ ਤਾਂ ਮੈਂ ਤੈਨੂੰ ਬੁਲਾ ਲਿਆ ਕਰਾਂਗਾ। ਕੰਮ ਦੋ ਘੰਟੇ ਹੋਵੇ ਜਾਂ ਚਾਰ ਘੰਟੇ ਪਰ ਦਿਹਾੜੀ ਤੈਨੂੰ ਮੈਂ ਪੂਰੀ 10 ਰੁਪਏ ਦਿਆ ਕਰਾਂਗਾ। ਜਦੋਂ ਕੰਮ ਹੋਣਾ, ਉਹਨੇ ਮੈਨੂੰ ਸੁੱਚੇ ਦੀ ਵਰਕਸ਼ਾਪ ਤੋਂ ਬੁਲਾ ਲੈਣਾ ਤੇ ਕੰਮ ਹੁੰਦਾ ਸੀ ਬਦਾਨ ਵਾਹੁਣ ਦਾ(ਵੱਡਾ ਹਥੋੜਾ ਚਲਾਉਣ) ਉਹਨੇ ਲੋਹਾ ਗਰਮ ਕਰਕੇ ਆਇਰਨ ਤੇ ਰੱਖੀ ਜਾਣਾ ਤੇ ਮੈਂ ਬਦਾਨ ਵਾਹ ਵਾਹ ਕੇ ਉਹਨੂੰ, ਉਹਦੇ ਮੁਤਾਬਕ ਢਾਲੀ ਜਾਣਾ। ਕੰਮ ਤਾਂ ਔਖਾ ਸੀ, ਜਿਹਨੇ ਕਦੀ ਬਦਾਨ ਵਾਹਿਆ ਹੋਵੇ ਉਹਨੂੰ ਪਤਾ ਹੋਵੇਗਾ। ਇਸ ਤਰਾਂ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰੀ ਮੈਨੂੰ ਮਹਿੰਗੇ ਨੇ ਸੱਦ ਲੈਣਾ ਤੇ ਮੇਰੀ ਇਨਕਮ ਵਿੱਚ ਕੋਈ ਖਾਸ ਫ਼ਰਕ ਨਾ ਪਿਆ।

ਪੂਰੇ ਦੋ ਮਹੀਨਿਆਂ ਵਿੱਚ ਮੈਨੂੰ ਪੂਰੀ ਤਰਾਂ ਆਰਾਮ ਆ ਗਿਆ। ਹੁਣ ਮੇਰੀ ਮਿਹਨਤ ਦੇ ਕਮਾਏ ਪੈਸੇ ਵੀ ਦੁਆਈ ਤੇ ਖਰਚ ਹੋਣ ਲੱਗ ਗਏ ਸੀ। ਮੈਨੂੰ ਇਸ ਨਾ-ਮੁਰਾਦ ਕੋਹੜ ਵਰਗੀ  ਬਿਮਾਰੀ ਤੋਂ ਛੁਟਕਾਰਾ ਮਿਲ ਗਿਆ। ਉਸ ਅਮਲੀ ਦਾ ਦਿਲੋਂ ਬਹੁਤ ਧੰਨਵਾਦ ਕਰਦਾ ਸੀ, ਜਿਸ ਨੇ ਮੈਨੂੰ ਠੋਕਰ ਮਾਰਕੇ ਸਿੱਧੇ ਰਸਤੇ ਚੱਲਣ ਦੀ ਆਦਤ ਪਾਈ। ਮੈਨੂੰ ਉਹ ਕਿਸੇ ਦੇਵਤੇ ਨਾਲੋਂ  ਘੱਟ ਨਹੀਂ ਲੱਗਦਾ। ਉਸ ਤੋਂ ਬਾਦ ਮੈਂ ਕਦੇ ਉਸ ਨੂੰ ਨਹੀਂ ਦੇਖਿਆ। ਅੱਜ ਤੱਕ ਮੈਂ ਇਹੀ ਸੋਚਦਾ ਹਾਂ ਕਿ ਵਾਹਿਗੁਰੂ ਪ੍ਰਮਾਤਮਾ ਨੇ ਕੋਈ ਸੁਨੇਹਾ ਮੈਨੂੰ ਉਸਦੇ ਰਾਹੀਂ ਪਹੁੰਚਾਇਆ ਸੀ। ਸੋ ਖੋਤਿਆ, ਸੱਪਾ ਤੇ ਕੁੱਤਿਆ ਤੇ ਮੇਰੇ ਹੋਰ ਦੋਸਤੋ ਮੈਂ ਤਾਂ ਮੰਨਦਾ ਹਾਂ ਕਿ ਰੱਬ ਇਸ ਧਰਤੀ ਤੇ ਹੀ ਹੈ, ਕਿਸੇ ਨੇ ਨਹੀਂ ਮੰਨਣਾ ਤਾਂ ਉਸ ਦੀ ਮਰਜ਼ੀ ਹੈ। ਰੱਬ ਨੂੰ ਕਿਸੇ ਗੁਰੂਦੁਆਰੇ, ਮੰਦਰ, ਮਸੀਤ ਗਿਰਜੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ।  ਉਹ ਹਰ ਥਾਂ, ਹਰ ਚੀਜ਼, ਜ਼ਮੀਨ,ਅਸਮਾਨ, ਹਰ ਜੀਵ ਜੰਤੂ, ਮਨੁੱਖ, ਜਾਨੀ ਕਿ ਦੁਨੀਆਂ ਦੇ ਜ਼ੱਰੇ ਜ਼ੱਰੇ ਵਿੱਚ ਵਸਿਆ ਹੋਇਆ ਹੈ। ਜੋ ਬੰਦਾ ਕਿਸੇ ਬਾਰੇ  ਮਾੜਾ ਸੋਚਦਾ ਹੈ ਉਸਦਾ ਹਮੇਸ਼ਾ ਮਾੜਾ ਹੀ ਹੁੰਦਾ ਹੈ। ਠੀਕ ਆ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਪਰ ਸਜ਼ਾ ਜ਼ਰੂਰ ਮਿਲਦੀ ਹੈ। ਕਹਿੰਦੇ ਨੇ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ। ਜੇਕਰ ਤੁਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਦੇ ਹੋ, ਆਪਣੇ ਹੱਕ ਦੀ ਕਮਾਈ ਕਰਦੇ ਹੋ, ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਵੀ ਨਾ ਕਰੋ। ਤੁਹਾਨੂੰ ਕਿਸੇ ਤੀਰਥ  ਅਸਥਾਨ ਤੇ ਜਾਣ ਦੀ ਲੋੜ ਨਹੀਂ।

ਰੱਬ ਤੁਹਾਡੇ ਅੰਦਰ ਹੀ ਹੈ, ਬੱਸ ਲੋੜ ਹੈ ਆਪਣੇ ਅੰਦਰ ਝਾਤੀ ਮਾਰਨ ਦੀ। ਜਦੋਂ ਤੋਂ ਆਪਣੇ ਹੱਕ ਦੀ ਕਮਾਈ ਕਰਨ ਦੀ ਆਦਤ ਪਾਈ ਹੈ, ਕਿਸੇ ਦੇ ਬੇਗਾਨੇ ਧੰਨ ਤੇ ਦੌਲਤ ਤੇ ਨਜ਼ਰ ਨਹੀਂ ਰੱਖੀ ਉਸੇ ਦਿਨ ਤੋਂ ਰੱਬ ਦੀਆਂ ਬਹੁਤ ਬਹੁਤ ਮੇਹਰਾਂ ਹਨ, ਮੇਰੇ ਤੇ ਮੇਰੇ ਪਰਿਵਾਰ ਤੇ। ਦੁਨੀਆਂ ਦਾ ਕਿਹੜਾ ਸੁੱਖ ਸ਼ਾਂਤੀ ਮੇਰੇ ਕੋਲ ਨਹੀਂ। ਅੱਜ ਤੱਕ ਕਿਸੇ ਸੀਰੀਅਸ ਬੀਮਾਰੀ ਨਾਲ ਪੀੜਿਤ ਨਹੀਂ ਹੋਇਆ। ਰੁੱਤ ਬਦਲਦੀ ਤੇ ਮਾੜਾ ਮੋਟਾ ਬੁਖਾਰ, ਖੰਘ, ਜ਼ਰੂਰ ਹੋ ਜਾਂਦੀ ਹੈ। ਮੈਂ ਕਦੇ ਕਿਸੇ ਡਾਕਟਰ ਕੋਲ ਨਹੀਂ ਗਿਆ। ਦੋ ਚਾਰ ਦਿਨ ਬਾਦ ਬੀਮਾਰੀ ਆਪਣੇ ਆਪ ਬੇਸ਼ਰਮ ਹੋ ਕੇ, ਜਿੱਧਰੋਂ ਆਈ ਉੱਧਰ ਨੂੰ ਚਲੇ ਜਾਂਦੀ ਹੈ। ਸੋ ਮੇਰੇ ਵਲੋਂ ਸਾਰੇ ਮਿੱਤਰਾਂ ਦੋਸਤਾਂ ਨੂੰ ਇਹੀ ਸਲਾਹ ਹੈ ਕਿ ਅੱਜ ਤੋਂ ਆਪਣੀਆਂ ਸਾਰੀਆਂ ਮਾੜੀਆਂ ਆਦਤਾਂ ਨੂੰ ਛੱਡ ਕੇ ਸੱਚ ਦੇ ਰਾਹ ਤੇ ਤੁਰਿਆ ਜਾਵੇ। ਪਰਮਾਤਮਾ ਤੁਹਾਨੂੰ ਸਾਰੀਆਂ ਖੁਸ਼ੀਆਂ ਬਖਸ਼ੇਗਾ। ਜੇ ਤੁਸੀਂ ਕਿਸੇ ਦੀਆਂ ਖੁਸ਼ੀਆਂ ਖੋਹ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਤੁਸੀਂ ਭੁਲੇਖੇ ਵਿੱਚ ਹੋ।  ਸੋ ਖੋਤਿਆ, ਕੁੱਤਿਆ ਤੇ ਸੱਪਾ ਅਗਲੀ ਵਾਰ ਫ਼ਿਰ ਕਿਸੇ ਹੋਰ ਵਿਸ਼ੇ ਤੇ ਗੱਲ ਕਰਾਂਗੇ। ਮੇਰੇ ਵਲੋਂ ਤੁਹਾਨੂੰ ਤੇ ਆਪਣੇ ਹੋਰ ਸਾਰੇ ਮਿੱਤਰਾਂ ਦੋਸਤਾਂ ਨੂੰ ਸਤਿ ਸ੍ਰੀ ਅਕਾਲ।

ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ) 

+1(716)908-3631

Have something to say? Post your comment