ਚਲੋ ਬਈ ਦੋਸਤੋ ਅੱਜ ਫਿ਼ਰ ਮਿਲਦੇ ਆਂ ਸੱਪ, ਖੋਤੇ ਤੇ ਕੁੱਤੇ ਨੂੰ। ਮੈਂ ਸਤਿ ਸ੍ਰੀ ਅਕਾਲ ਬੁਲਾ ਕੇ, ਉਹਨਾਂ ਦੇ ਕੋਲ ਬੈਠ ਗਿਆ। ਮੇਰੇ ਵਲ ਨੂੰ ਤਿੰਨੇ ਜਣੇ ਲਲਚਾਈਆਂ ਨਜ਼ਰਾਂ ਨਾਲ ਦੇਖਣ ਲੱਗ ਪਏ। ਮੈਂ ਉਹਨਾਂ ਦੇ ਇਸ਼ਾਰੇ ਨੂੰ ਸਮਝ ਗਿਆ ਪਈ ਖਾਣ ਪੀਣ ਦੇ ਸਮਾਨ ਬਾਰੇ ਕੁੱਝ ਸਮਝਾ ਰਹੇ ਨੇ। ਮੈਂ ਕਿਹਾ ਦੋਸਤੋ, ਤੁਸੀਂ ਹੀ ਮੇਰੇ ਸੱਚੇ ਦੋਸਤ ਹੋ, ਤੁਹਾਡੇ ਤੋਂ ਕਾਹਦਾ ਪੜਦਾ। ਆਹ ਲਉ ਤੁਹਾਡਾ ਰਾਸ਼ਣ ਪਾਣੀ ਮੈਂ ਲੈ ਕੇ ਆਇਆ। ਖੋਤੇ ਨੇ ਮੂੰਹ ਨਾਲ ਲੁਹਾਂਡਾ ਮੇਰੇ ਵੱਲ ਨੂੰ ਕਰ ਦਿੱਤਾ ਤੇ ਕੁੱਤੇ ਨੇ ਆਪਣਾ ਪਾਣੀ ਪੀਣ ਵਾਲਾ ਕਉਲਾ ਮੇਰੇ ਮੂਹਰੇ ਕਰ ਦਿੱਤਾ। ਸੱਪ ਕਿਹੜਾ ਘੱਟ ਸੀ, ਉਹਨੇ ਵੀ ਆਪਣਾ ਦੁੱਧ ਪੀਣ ਵਾਲਾ ਛੰਨਾ ਮੇਰੇ ਮੂਹਰੇ ਵਲ ਖਿਸਕਾ ਦਿੱਤਾ। ਮੈਂ ਸਾਰਿਆਂ ਨੂੰ ਹਾੜਾ ਹਾੜਾ ਪਾਇਆ ਤੇ ਪੀ ਕੇ ਸਰੂਰ ਵਿੱਚ ਆ ਗਏ। ਮੈਨੂੰ ਕਹਿੰਦੇ ਪਈ ਅੱਜ ਕੋਈ ਹੋਰ ਗੱਲ ਸੁਣਾ ਯਾਰ। ਮੈਂ ਕਿਹਾ ਦੋਸਤੋ ਅੱਜ ਗੱਲ ਕਰਦੇ ਹਾਂ ‘ਮੋੜ’ ਦੀ। ਤਿੰਨੋਂ ਜਣੇ ਮੇਰੇ ਤੇ ਹੱਸਣ ਲੱਗ ਪਏ ਤੇ ਕਹਿੰਦੇ ਯਾਰ ਕਿਹੜੇ ਮੋੜ ਦੀ ਗੱਲ ਕਰਦਾਂ ? ਮੋੜ ਤਾਂ ਕਈ ਆਉਂਦੇ ਨੇ। ਜਿਵੇਂ ਤੁਹਾਡੀ ਮਾਰੂ ਵਾਲੀ ਜ਼ਮੀਨ ਵੱਲ ਜਾਂਦੇ ਤਿੰਨ ਚਾਰ ਮੋੜ ਆ ਜਾਂਦੇ ਨੇ। ਇੱਕ ਮੋੜ ਉਹ ਵੀ ਆ ਲੁਹਾਰਾਂ ਦੇ ਚੌਂਕ ਵਾਲਾ, ਜਿੱਥੇ ਤੁਸੀਂ ਅੱਧੀ ਰਾਤ ਤੱਕ ਮਿੱਤਰਾਂ ਦੋਸਤਾਂ ਨਾਲ ਗੱਪਾਂ ਮਾਰਦੇ ਹੁੰਦੇ ਸੀ। ਮੈਂ ਕਿਹਾ ਖੋਤਿਆ, ਕੁੱਤਿਆਂ ਤੇ ਸੱਪਾ, ਇਹ ਮੋੜ ਦੇ ਵੀ ਬੜੇ ਵੱਖ ਵੱਖ ਅਰਥ ਨੇ।
ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਪੰਜਾਬੀ ਦੇ ਹਰ ਸ਼ਬਦ ਦੇ ਪੰਜ ਮਤਲਬ ਨਿਕਲਦੇ ਨੇ। ਦੋ ਤਿੰਨ ਤਾਂ ਆਮ ਬੰਦੇ ਨੂੰ ਵੀ ਪਤਾ ਹੁੰਦੇ ਨੇ। ਵਿਦਵਾਨ ਲੋਕ ਇਹਦੇ ਪੰਜ ਵੱਖਰੇ ਵੱਖਰੇ ਮਤਲਬ ਕੱਢ ਲੈਂਦੇ ਨੇ। ਹੋਇਆ ਇਹ ਕਿ ਇੱਕ ਵਾਰੀ ਇਕ ਅੰਗਰੇਜ਼ ਜੱਟ ਕੋਲੋਂ ਪੰਜਾਬੀ ਸਿੱਖਣ ਗਿਆ। ਜੱਟ ਕਹਿੰਦਾ ਪਈ ਚੱਕ ਜਿੰਦਾ ਤੇ ਕਢਾ ਮੇਰੇ ਨਾਲ ਵੱਟ। ਗਰਮੀ ਨਾਲ ਮੁੜ੍ਹਕਾ ਆ ਗਿਆ ਤੇ ਜੱਟ ਕਹਿੰਦਾ ਯਾਰ ਅੱਜ ਬੜਾ ਵੱਟ ਲੱਗਦਾ। ਫ਼ਿਰ ਜੱਟ ਬੇੜੇ ਵੱਟਣ ਲੱਗ ਗਿਆ ਤੇ ਅੰਗਰੇਜ਼ ਨੂੰ ਕਹਿੰਦਾ, ਚੱਲ ਚਾੜ੍ਹ ਵੱਟ। ਅੰਗਰੇਜ਼ ਹੰਭ ਗਿਆ ਤੇ ਜੱਟ ਕਹਿੰਦਾ ਕੋਈ ਨੀਂ,ਬੱਸ ਥੋੜ੍ਹੀ ਜਿਹੀ ਦੜ ਵੱਟ ਛੇਤੀ ਕੰਮ ਸਮਝ ਜਾਵੇਂਗਾ। ਫ਼ਿਰ ਜੱਟ ਦਾ ਕੋਈ ਦੋਸਤ ਆ ਗਿਆ ਤੇ ਅੰਗਰੇਜ਼ ਕਹਿੰਦਾ, ਇਹ ਕੌਣ ਆਂ ਤੇ ਜੱਟ ਕਹਿੰਦਾ ਇਹ ਮੇਰਾ ਪੱਗ ਵੱਟ ਭਰਾ ਆ। ਅੰਗਰੇਜ਼ ਨੇ ਗੁੱਸੇ ਵਿੱਚ ਸੁੱਟਿਆ ਬੇੜੇ ਦੇ ਵੱਟ ਚਾੜ੍ਹਨ ਵਾਲਾ ਡੰਡਾ ਤੇ ਕਹਿੰਦਾ ਜੱਟ ਸਾਹਿਬ, ਮੈਂ ਨਹੀਂ ਸਿੱਖਣੀ ਪੰਜਾਬੀ। ਏਥੇ ਤਾਂ ਮੈਨੂੰ ਸਾਲ਼ੇ ਵੱਟ ਸ਼ਬਦ ਦਾ ਮਤਲਬ ਹੀ ਸਮਝ ਨਹੀਂ ਆਇਆ। ਸੋ ਇਸ ਤਰਾਂ ਖੋਤਿਆ, ਸੱਪਾ, ਤੇ ਕੁੱਤਿਆ ਜ਼ਿੰਦਗੀ ਦੇ ਰਸਤੇ ਤੇ ਚਲਦਿਆਂ ਅਨੇਕਾਂ ਮੋੜ ਆਉਂਦੇ ਨੇ ।
ਜੇ ਅਸੀਂ ਸਹੀ ਮੋੜ ਤੇ ਮੁੜ ਜਾਈਏ ਤਾਂ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਪਰ ਜੇ ਅਸੀਂ ਗ਼ਲਤ ਮੋੜ ਤੇ ਚਲੇ ਜਾਈਏ ਤਾਂ ਜ਼ਿੰਦਗੀ ਨਰਕ ਬਣ ਜਾਂਦੀ ਹੈ। ਮੈਂ ਉਦੋਂ ਅੱਠਵੀਂ ਜਮਾਤ ਵਿੱਚ ਗੌਰਮਿੰਟ ਹਾਇਰ ਸੈਕੰਡਰੀ ਸਕੂਲ ਕਰਤਾਰਪੁਰ ਵਿੱਚ ਪਡ਼੍ਹਦਾ ਸੀ। ਅੱਲ੍ਹੜ ਉਮਰੇ ਜ਼ਿੰਦਗੀ ਦੇ ਭਵਿੱਖ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਫ਼ਰਵਰੀ ਮਹੀਨੇ ਦੀ ਮੱਠੀ ਮੱਠੀ ਧੁੱਪ, ਪਿੰਡ ਤੋਂ ਤੁਰਕੇ ਆਉਂਦਿਆਂ, ਰਸਤੇ ਵਿੱਚ ਆਲੇ ਦੁਆਲੇ ਦੇ ਖੂਹਾਂ ਤੇ ਰਹਿੰਦੇ ਲੋਕਾਂ ਦੇ ਰੇਡੀਉ ਤੋਂ ਸੁਣਦੇ ਉੱਚੀ ਉੱਚੀ ਹਿੰਦੀ ਗਾਣੇ, ਦਿਲ ਨੂੰ ਮੋਹ ਲੈਂਦੇ ਸਨ। ਦਿਲ ਕਰਦਾ ਸੀ ਕਿ ਰੱਬਾ ਸਾਨੂੰ ਵੀ ਐਕਟਰ ਬਣਾਦੇ, ਗਾਇਕ ਬਣਾਦੇ ਤਾਂ ਕਿ ਲੋਕੀਂ ਵੀ ਸਾਨੂੰ ਇਸੇ ਤਰਾਂ ਸ਼ੌਂਕ ਨਾਲ ਸੁਣਨ। ਤੁਰਦਿਆਂ ਤੁਰਦਿਆਂ ਸਕੂਲ ਨੂੰ ਆ ਜਾਣਾ ਤੇ ਅੰਦਰ ਜਾਣ ਨੂੰ ਦਿਲ ਨਾ ਕਰਨਾ। ਪਤਾ ਹੁੰਦਾ ਸੀ ਪਈ ਫ਼ਲਾਨੇ ਮਾਸਟਰ ਦਾ ਕੰਮ ਨਹੀਂ ਕੀਤਾ, ਅੰਗਰੇਜ਼ੀ ਵਾਲੇ ਦਾ ਨਹੀਂ ਕੀਤਾ। ਨਤੀਜੇ ਵਜੋਂ ਹੱਥਾਂ ਤੇ ਸੋਟੀਆਂ ਵੱਜਣੀਆਂ ਹਨ। ਸਿਆਲ ਦੀ ਠੰਢ ਵਿੱਚ ਜਿਹਨਾਂ ਇਹ ਸੁਆਦ ਚੱਖੇ ਹਨ, ਉਹ ਭਲੀ ਭਾਂਤ ਜਾਣੂ ਹਨ। ਸਾਡੇ ਸਕੂਲ ਦੇ ਮੂਹਰੇ ਦਾਣਾ ਮੰਡੀ ਹੁੰਦੀ ਸੀ ਤੇ ਨਾਲ ਹੀ ਹੁੰਦੀ ਸੀ ਮਿੰਦ੍ਹੇ ਦੀ ਆਟਾ ਪੀਸਣ ਵਾਲੀ ਚੱਕੀ। ਸਾਨੂੰ ਕਈ ਵਾਰੀ ਘਰਦਿਆਂ ਨੇ ਕਣਕ ਜਾਂ ਜਵਾਰ ਦਾ ਆਟਾ ਪੀਸਣ ਲਈ ਦਾਣੇ ਸਾਡੇ ਟੁੱਟੇ ਜਿਹੇ ਸਾਈਕਲ ਤੇ ਲੱਦ ਦੇਣੇ। ਅਸੀਂ ਮਿੰਦ੍ਹੇ ਦੇ ਹਵਾਲੇ ਕਰ ਦੇਣੇ, ਉਹਨੇ ਕੁੱਝ ਦਾਣੇ ਆਪ ਰੱਖ ਲੈਣੇ ਤੇ ਕੁੱਝ ਵਾਧੂ ਰੱਖ ਲੈਣੇ ਸਾਨੂੰ ਚਾਹ ਦਾ ਕੱਪ ਪਿਆਉਣ ਲਈ।
ਲੇਖਕ_ਅਮਰਜੀਤ_ਚੀਮਾਂ_USA