ਇਹ ਮੇਰਾ ਮਨਪਸੰਦ ਖਾਣਾ ਸੀ ਜੋ ਬਹੁਤ ਦੇਰ ਬਾਦ ਖਾਣਾ ਨਸੀਬ ਹੋਇਆ ਸੀ। ਇੱਥੇ 90 ਪ੍ਰਤੀਸ਼ਤ ਆਬਾਦੀ ਮੁਸਲਮਾਨਾਂ ਦੀ ਹੈ ਪਰ ਸ਼ਰਾਬ ਤੇ ਬੀਅਰ ਹਰ ਖਾਣ ਪੀਣ ਵਾਲੀ ਦੁਕਾਨ ਤੋਂ ਮਿਲ ਜਾਂਦੀ ਹੈ ਪਰ ਹੈ ਬਹੁਤ ਮਹਿੰਗੀ। ਜ਼ਿਆਦਾਤਰ ਸੈਰ-ਸਪਾਟੇ ਲਈ ਆਏ ਲੋਕ ਹੀ ਖ਼ਰੀਦਦੇ ਨੇ ਤੇ ਇਸ ਪੈਸੇ ਨਾਲ ਗੌਰਮਿੰਟ ਨੂੰ ਬੜਾ ਆਰਥਕ ਲਾਭ ਮਿਲਦਾ ਹੈ। ਮਿਸਰ, ਸੀਰੀਆ, ਲਿਬਨਾਨ, ਗਰੀਸ ਜਾਣੀ ਦੁਨੀਆਂ ਦੇ ਬਹੁਤ ਸਾਰੇ ਮੁਸਲਿਮ ਦੇਸ਼ਾਂ ਵਿੱਚ ਸ਼ਰਾਬ ਹਰ ਖਾਣ ਪੀਣ ਵਾਲੀ ਦੁਕਾਨ ਤੋ ਮਿਲ ਜਾਂਦੀ ਹੈ। ਪੰਜਾਬ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਪਈ ਹੁਣ ਦੁਕਾਨ ਤੋਂ ਸ਼ਰਾਬ ਵਿਕਿਆ ਕਰੇਗੀ ਤੇ ਲੋਕਾਂ ਨੇ ਬੜਾ ਰੌਲਾ ਪਾਇਆ। ਫਿਰ ਅਸੀਂ ਫ਼ਲਾਂ ਵਾਲੀ ਦੁਕਾਨ ਤੇ ਗਏ ਤਾਂ ਦੇਖਿਆ ਕਿ ਖਾਣ-ਪੀਣ ਵਾਲੀਆਂ ਚੀਜ਼ਾਂ, ਫਲ-ਸਬਜ਼ੀਆਂ ਬਹੁਤ ਹੀ ਸਸਤੀਆਂ ਸੀ।
ਇੱਥੇ ਵੀ ਹਰ ਚੀਜ਼ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚਦੇ ਨੇ। ਸਬਜ਼ੀਆਂ ਤੇ ਫ਼ਲ 12 ਤੋਂ 15 ਤੋਂ ਤੁਰਕਿਸ਼ ਲੀਰੇ ਦੇ ਕਿੱਲੋ ਦੀ ਰੇਂਜ ਵਿੱਚ ਸਨ ਜੋ ਅਮਰੀਕੀ ਇੱਕ ਡਾਲਰ ਤੋਂ ਵੀ ਘੱਟ ਸਨ। ਇਕ ਗੱਲ ਮੈਨੂੰ ਚੰਗੀ ਲੱਗੀ ਕਿ ਮੰਗਤਾ ਕੋਈ ਨਜ਼ਰ ਨਹੀਂ ਆਇਆ। ਇੱਕ ਦੋ ਨਜ਼ਰ ਵੀ ਆਏ ਤਾਂ ਪਤਾ ਲੱਗਾ ਕਿ ਇਹ ਤੁਰਕੀ ਨਹੀਂ ਸੀਰੀਆ ਤੋਂ ਆਏ ਰਿਫਊਜੀ ਹਨ। ਤੁਰਕਾਂ ਦੇ ਧਰਮ ਵਿੱਚ ਮੰਗ ਕੇ ਖਾਣਾ ਹਰਾਮ ਹੈ। ਵੈਸੇ ਸੀਰੀਆ ਦੇ ਰਫ਼ਿਊਜੀਆ ਨੇ ਇੰਗਲੈਂਡ, ਕਨੈਡਾ,ਫਰਾਂਸ ਵਿੱਚ ਗੰਦ ਪਾਇਆ ਹੋਇਆ। ਆਪਣੇ ਮੁਲਕਾਂ ਵਿੱਚ ਕੁੜੀਆਂ ਬੁਰਕੇ ਪਾ ਕੇ ਰੱਖਦੀਆਂ ਹਨ ਤੇ ਇਧਰ ਆ ਕੇ ਅੱਗੇ ਪਿੱਛੇ ਨੰਗੇ ਜਿਸਮ ਦਿਖਾ ਕੇ ਮੰਗਦੀਆਂ ਹਨ।
ਵੈਸੇ ਸਭ ਤੋਂ ਜਿਆਦਾ ਮੰਗਤੇ ਭਾਰਤ ਵਿੱਚ ਹਨ। 35 ਕੁ ਪਰਸੈਂਟ ਕੰਮਕਾਰ ਕਰਦੇ ਹਨ, ਪੈਂਤੀ ਪਰਸੈਂਟ ਮੰਗਕੇ ਖਾਂਦੇ ਨੇ ਤੇ 20 ਪਰਸੈਂਟ ਬਾਬੇ,ਚੇਲੇ,ਵਿਹਲੜ ਸਾਧ, ਪੰਡਤ ਲੋਕਾਂ ਨੂੰ ਲੁੱਟਕੇ ਖਾਂਦੇ ਨੇ। ਇਹ ਲੋਕ ਦੇਸ਼ ਦੀ ਤਰੱਕੀ ਵਿੱਚ ਵੀ ਰੋਕ ਪਾਉਂਦੇ ਨੇ ਤੇ ਧਰਤੀ ਤੇ ਵੀ ਭਾਰ ਹਨ। ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ । ਦਸ ਕੁ ਪਰਸੈਂਟ ਠੱਗ ਚੋਰ, ਉਚੱਕੇ, ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਕੋਲੋਂ ਉਧਾਰ ਲੈ ਕੇ ਨਾ ਮੋੜਨ ਵਾਲੇ ਵੀ ਮਿਲ਼ਦੇ ਨੇ। ਇਹਨਾਂ ਦਾ ਵੱਸ ਚੱਲੇ ਤਾਂ ਇਹ ਰੱਬ ਨੂੰ ਵੀ ਵੇਚਕੇ ਖਾ ਜਾਣ। ਬਜ਼ਾਰ ਘੁੰਮਣ ਤੋਂ ਬਾਅਦ ਟੈਕਸੀ ਵਾਲਾ ਸਾਨੂੰ 7R1N4 21Z1R ਇੱਕ ਬਹੁਤ ਸਾਰੇ ਵੱਡੇ ਪਲ਼ਾਜੇ ਵਿੱਚ ਲੈ ਗਿਆ । ਉੱਥੇ ਅਸੀਂ ਕੋਈ ਤਿੰਨ ਕੁ ਘੰਟੇ ਘੁੰਮੇ ਫਿਰੇ ਕੁੱਝ ਸੌਗਾਤਾਂ ਵਗੈਰਾ ਖਰੀਦੀਆਂ। ਕੋਈ ਪੰਜ ਹਜ਼ਾਰ ਦੇ ਕਰੀਬ ਛੋਟੀਆਂ-ਮੋਟੀਆਂ ਦੁਕਾਨਾਂ ਹਨ। ਬਹੁਤ ਹੀ ਵਧੀਆ ਮਾਰਕਿਟ ਤੁਹਾਨੂੰ ਦੁਨੀਆਂ ਦੀ ਹਰ ਚੀਜ਼ ਸਸਤੇ ਭਾਅ ਤੇ ਮਿਲ ਜਾਂਦੀ ਹੈ। ਤਕਰੀਬਨ ਹਰ ਮੁਲਕ ਦੇ ਘੁੰਮਣ ਫ਼ਿਰਨ ਆਏ ਲੋਕੀਂ ਤੁਹਾਨੂੰ ਮਿਲ ਜਾਂਦੇ ਹਨ। ਇਸ ਕਰਕੇ ਦੁਕਾਨਾਂ ਵਾਲੇ ਤੁਹਾਡੀ ਚੰਗੀ ਤਰਾਂ ਛਿੱਲ ਲਾਹੁਣ ਵਿੱਚ ਮਾਹਰ ਹਨ। ਉਹ ਤੁਹਾਨੂੰ ਚੀਜ਼ ਦਾ ਮੁੱਲ ਡਾਲਰ ਵਿੱਚ ਦਸਦੇ ਹਨ। ਮੈਂ ਆਪਣੀ ਜ਼ਨਾਨੀ ਨੂੰ ਕਿਹਾ ਕਿ ਜੋ ਚੀਜ਼ ਤੂੰ ਲੈਣੀ ਹੋਵੇ, ਉਸੇ ਦੁਕਾਨ ਤੇ ਖੜ੍ਹੀਂ ਨਹੀਂ ਤਾਂ ਉਹ ਇੰਡੀਆ ਵਾਂਗੂੰ ਤੁਹਾਡੇ ਪਿੱਛੇ ਹੀ ਪੈ ਜਾਂਦੇ ਨੇ ਤੇ ਤੁਹਾਨੂੰ ਆਪਣਾ ਮਾਲ ਜਿਆਦਾ ਨਹੀਂ ਤਾਂ ਥੋੜ੍ਹਾ ਵੇਚਣ ਵਿੱਚ ਕਾਮਯਾਬ ਹੋ ਹੀ ਜਾਂਦੇ ਨੇ। ਇੰਡੀਆ ਦੇ ਦੁਕਾਨਦਾਰਾਂ ਵਾਂਗੂੰ ਦੁਕਾਨ ਦੇ ਅੰਦਰ ਵੜਦਿਆਂ ਹੀ ਚਾਹ ਦਾ ਕੱਪ ਫੜਾ ਦਿੰਦੇ ਹਨ ਬਦੋ-ਬਦੀ। ਫ਼ਿਰ ਸ਼ਰਮੋ ਬੇਸ਼ਰਮੀ ਕੁੱਝ ਨਾ ਕੁੱਝ ਖਰੀਦਣਾ ਹੀ ਪੈਂਦਾ ਹੈ। ਚਾਹ ਦੇ ਵੱਡੇ ਪਤੀਲੇ ਤਕਰੀਬਨ ਹਰ ਦੁਕਾਨਦਾਰ ਨੇ ਬਣਾਕੇ ਤਿਆਰ ਰੱਖੇ ਹੁੰਦੇ ਨੇ। ਵੈਸੇ ਤੁਰਕੀ ਦੀ ਚਾਹ ਦਾ ਵੀ ਆਪਣਾ ਵੱਖਰਾ ਹੀ ਸੁਆਦ ਹੈ।
ਇੱਕ ਛੋਟੀ ਜਿਹੀ ਮਿਸਾਲ ਦੇਵਾਂ ਕਿ ਅਸੀਂ ਪਰਸ ਦਾ ਰੇਟ ਪੁੱਛਿਆ ਤਾਂ ਕਹਿੰਦਾ 650 ਤੁਰਕਿਸ਼ ਲੀਰਾ। ਮੇਰੀ ਤੀਵੀਂ ਕਹਿੰਦੀ 200 ਲੈਣਾ ਤਾਂ ਲੈ ਲੈ। ਕਹਿ ਕਿ ਅਸੀਂ ਤੁਰ ਪਏ। ਉਹ ਪਰਸ ਲੈ ਕੇ ਸਾਡੇ ਮਗਰ ਭੱਜਿਆ ਕਹਿੰਦਾ, ਚਲੋ 250 ਹੀ ਦੇ ਦਿਉ। ਥੋੜ੍ਹੀ ਬਹੁਤ ਨਾਂਹ ਨੁੱਕਰ ਤੋਂ ਬਾਦ ਉਹ 200 ਵਿੱਚ ਹੀ ਮੰਨ ਗਿਆ । ਜਰਾ ਸੋਚੋ ਕਿੰਨੀ ਠੱਗੀ, 200 ਵਿੱਚ ਵੀ ਉਹਨੇ ਮੁਨਾਫਾ ਕਮਾਇਆ ਈ ਹੋਊ ? ਕਿੱਥੇ 650 ਤੇ ਕਿੱਥੇ ਦੋ 200
ਮਠਿਆਈ ਉੱਥੇ ਦੀ ਬਹੁਤ ਸਵਾਦੀ ਹੈ, ਕਾਜੂ ਬਾਦਾਮ ਕਿਸ਼ਮਿਸ਼, ਅਖਰੋਟ, ਮੁਨੱਕੇ, ਖਜੂਰਾਂ ਆਦਿ ਸੁੱਕੇ ਮੇਵੇ ਪਾ ਕੇ ਬਣਾਈ ਹੁੰਦੀ ਆ। ਬਦੋ-ਬਦੀ ਤੁਹਾਨੂੰ ਸੈਂਪਲ ਦਿਖਾਈ ਜਾਂਦੇ, ਫਿਰ ਕੁੱਝ ਨਾ ਕੁੱਝ ਲੈਣਾ ਹੀ ਪੈਂਦਾ।
ਕੋਈ ਚਾਰ ਕੁ ਘੰਟੇ ਬਾਦ ਅਸੀਂ ਵਾਪਸ ਆ ਗਏ। ਰਸਤੇ ਵਿੱਚ ਇੱਕ ਬਹੁਤ ਪੁਰਾਣਾ ਕਿਲ੍ਹਾ ਦੇਖਿਆ। ਲੰਬਾਈ ਵਿੱਚ ਕੋਈ ਤਿੰਨ ਕੁ ਮੀਲ ਹੋਵੇਗਾ। ਜਿੱਥੋਂ ਟੁੱਟਿਆ, ਭੱਜਿਆ ਸੀ, ਉਸ ਨੂੰ ਹੀ ਮੁਰੰਮਤ ਕੀਤਾ ਹੋਇਆ ਸੀ, ਬਾਕੀ ਦਾ ਹਿੱਸਾ ਉਵੇਂ ਹੀ ਸੀ ਨਿੱਕੀਆਂ ਇੱਟਾਂ ਦਾ ਬਣਿਆ ਹੋਇਆ। ਕੋਈ 12ਵੀਂਂ ਸਦੀ ਦਾ ਬਣਿਆ ਹੋਇਆ ਸੀ। ਇਹ ਲੋਕੀਂ ਸਾਡੇ ਵਾਂਗੂੰ ਪਰਾਣੀ ਵਿਰਾਸਤ ਨੂੰ ਖ਼ਤਮ ਨਹੀਂ ਕਰਦੇ ਸਗੋਂ ਉਸੇ ਤਰਾਂ ਸਾਂਭ ਕੇ ਰੱਖਦੇ ਨੇ। ਹੁਣ ਅਸੀਂ ਥੱਕੇ ਟੁੱਟੇ ਆਪਣੇ ਹੋਟਲ ਵਿੱਚ ਆ ਗਏ। ਟੈਕਸੀ ਵਾਲੇ ਨੂੰ ਦੂਸਰੇ ਦਿਨ ਲਈ ਬੁੱਕ ਕਰ ਲਿਆ। ਸਭ ਤੋਂ ਪਹਿਲਾਂ ਉਹ ਸਾਨੂੰ ਕੈਮਲੀਕਾ ਟਾਵਰ ਪਹਾੜੀ ਤੇ ਲੈ ਗਿਆ। ਇੱਕ ਜਣੇ ਦੀ ਫ਼ੀਸ ਸੀ 20 ਡਾਲਰ, ਅਸੀਂ ਜਮ੍ਹਾਂ ਕਰਾਈ ਤੇ ਟਾਵਰ ਦੀ ਆਖਰੀ ਮੰਜ਼ਿਲ ਤੇ ਚਲੇ ਗਏ। ਬਹੁਤ ਸਾਰੇ ਹੋਰ ਯਾਤਰੀ ਵੀ ਆਏ ਹੋਏ ਸੀ। ਕਾਫੀ ਰੌਣਕਾਂ ਸਨ ਚਾਰ ਚੁਫੇਰੇ।
ਇਸ ਤੋਂ ਬਾਦ ਇੱਕ ਹੋਰ ਉੱਚੀ ਸਾਰੀ ਪਹਾੜੀ ਤੇ ਲੈ ਗਿਆ ਉੱਥੇ ਸਾਰੇ ਸ਼ਹਿਰ ਦੀ ਨਜ਼ਾਰੇ ਦੇਖਣ ਵਾਲੇ ਸਨ। ਉਥੋਂ ਉਹ ਲੇਕ ਜੋ ਤੁਰਕੀ ਨੂੰ ਏਸ਼ੀਆ ਤੇ ਯੂਰੋਪ ਵਿੱਚ ਵੰਡਦਾ, ਦੇਖਣ ਦੀ ਬੜੀ ਤਮੰਨਾ ਸੀ। ਕੋਈ ਚਾਲੀ ਕੁ ਸਾਲ ਪਹਿਲਾਂ ਮੈਂ ਭੁੱਖਾਂ ਕੱਟਦਾ, ਜਦੋਂ ਇੱਕ ਡੰਗ ਦੀ ਰੋਟੀ ਵੀ ਮਸਾਂ ਨਸੀਬ ਹੁੰਦੀ ਸੀ, ਇੱਥੇ ਆਇਆ ਸੀ ਤਾਂ ਲੇਕ ਦਾ ਦੁਸਰਾ ਕਿਨਾਰਾ ਦੇਖਣ ਦੀ ਖਾਹਿਸ਼ ਪੂਰੀ ਨਾ ਹੋਈ, ਕਿਉਂਕਿ ਜੇਬ ਵਿੱਚ ਪੈਸਾ ਨਹੀਂ ਸੀ ਤੇ ਦੂਸਰੇ ਕਿਨਾਰੇ ਜਾਣ ਲਈ ਕਿਸ਼ਤੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਤਾਂ ਬਹੁਤ ਵੱਡਾ ਸਾਰਾ ਪੁਲ਼ ਬਣਾ ਦਿੱਤਾ ਗਿਆ ਹੈ ਤੇ ਅੰਡਰ ਗਰਾਊਂਡ ਸੁਰੰਗ ਵੀ ਬਣ ਗਈ ਹੈ। ਮੈਂ ਡਰਾਈਵਰ ਨੂੰ ਕਿਹਾ ਕਿ ਪਹਿਲਾਂ ਸਾਨੂੰ ਪੁਲ਼ ਉੱਪਰ ਦੀ ਲੈ ਜਾ ਤੇ ਵਾਪਸ ਆਉਂਦੇ ਹੋਏ ਸਾਨੂੰ ਸੁਰੰਗ ਥਾਣੀ ਲੈ ਆਵੀਂ। ਕੋਈ ਅੱਧੀ ਕੁ ਦਿਹਾੜੀ ਅਸੀਂ ਘੁੰਮਦੇ ਰਹੇ। ਬੜਾ ਨਜ਼ਾਰਾ ਆਇਆ ਤੇ ਮੇਰੀ ਖਾਹਿਸ਼ ਪੂਰੀ ਹੋ ਗਈ। ਆਉਂਦੀ ਹੋਏ ਉਹ ਸਾਨੂੰ ਸ਼ਾਹਲੂਜ਼ਾ
ਮਸਜਿਦ ਵਿੱਚ ਲੈ ਗਿਆ। ਇਹ ਮਸੀਤ ਕੋਈ ਪੰਦਰਾਂ ਸੌ ਸਾਲ ਪੁਰਾਣੀ ਬਣੀ ਹੋਈ ਸੀ ਤੇ 6500 ਦੇ ਕਰੀਬ ਲੋਕੀਂ ਨਮਾਜ਼ ਪੜ੍ਹ ਸਕਦੇ ਸਨ। ਕਾਫੀ ਵੱਡੀ ਤੇ ਸੰਗਮਰਮਰ ਦੀ ਬਣੀ ਹੋਈ ਸੀ। ਆਪਾਂ ਤਾਜ ਮਹਿਲ ਦੀ ਗੱਲ ਕਰਦੇ ਹਾਂ ਤਾਂ ਇਹ ਮਸੀਤ ਮੂਹਰੇ ਕੁਝ ਵੀ ਨਹੀਂ। ਫਿਰ ਅਸੀਂ ਯੂਬਾ ਸੁਲਤਾਨ ਬਾਜ਼ਾਰ ਦੇਖਣ ਗਏ ਬਹੁਤ ਰੌਣਕ ਸੀ। ਕਾਫੀ ਹਨੇਰਾ ਹੋ ਗਿਆ ਸੀ ਤੇ ਅਸੀਂ ਵਾਪਸ ਹੋਟਲ ਵਿੱਚ ਆ ਗਏ।
ਅਸੀਂ ਟੈਕਸੀ ਵਾਲੇ ਨੂੰ ਅਗਲੇ ਦਿਨ ਫਿਰ ਬੁੱਕ ਕਰ ਲਿਆ। ਦੂਸਰੇ ਦਿਨ ਉਹ ਸਾਨੂੰ ਮਿਸ਼ਰੀ ਬਜ਼ਾਰ ਵਿੱਚ ਲੈ ਗਿਆ। ਮਿਸਰ ਦੀਆਂ ਬਣੀਆਂ ਪੇਂਟਿੰਗ, ਉੱਥੇ ਦੇ ਪਹਿਰਾਵੇ ਵਾਲੇ ਕੱਪੜੇ, ਖਾਣੇ, ਮਠਿਆਈਆਂ ਜਾਣੀ ਖਾਣ ਪੀਣ ਵਾਲੀਆਂ ਸਾਰੀਆਂ ਵਸਤਾਂ। ਉੱਥੋਂ ਦੇ ਸੈਂਡਵਿੱਚ ਬੜੇ ਮਸ਼ਹੂਰ ਨੇ ਜਿਨ੍ਹਾਂ ਨੂੰ ਫਲਾਫਿਲ ਕਹਿੰਦੇ ਨੇ। ਇਸ ਬਜ਼ਾਰ ਨੇ ਸਾਨੂੰ ਮਿਸਰ ਦੀ ਪੁਰਾਣੀ ਯਾਦ ਤਾਜਾ ਕਰਾ ਦਿੱਤੀ। ਘੁੰਮਦਿਆਂ ਫ਼ਿਰਦਿਆਂ ਦੁਪਿਹਰ ਹੋ ਗਈ। ਅਸੀਂ ਹੋਟਲ ਵਲ ਚਾਲੇ ਪਾ ਦਿੱਤੇ ਹੋਟਲ ਵਾਪਸ ਆ ਕੇ ਮੈ ਡਰਾਈਵਰ ਨੂੰ ਕਿਹਾ ਸਾਨੂੰ ਨੂਰ ਹੋਟਲ ਵਿੱਚ ਲੈ ਜਾ ਤੇ ਅਸੀਂ ਇੱਕ ਰਾਤ ਉੱਥੇ ਰਹਾਂਗੇ ਤੇ ਉੱਥੇ ਹੀ ਰਾਤ ਦਾ ਖਾਣਾ ਖਾਵਾਂਗੇ। ਹੁਣ ਮੈਂ ਚਾਲੀ ਸਾਲ ਪਹਿਲਾਂ ਉਸ ਹੋਟਲ ਵਿਚ ਠਹਿਰਿਆ ਸੀ ਤੇ ਭੁੱਖਾਂ ਕੱਟੀਆਂ ਸਨ। ਅੱਜ ਉਸ ਹੋਟਲ ਵਿੱਚ ਜਾਵਾਂਗੇ। ਟੈਕਸੀ ਵਾਲਾ ਕਹਿੰਦਾ ਸਰ ਉਹ ਹੀ ਜਗਾ ਜਿਸ ਹੋਟਲ ਵਿਚ ਤੁਸੀਂ ਰਹਿ ਰਹੇ ਹੋ। ਕੋਈ 7 ਕੁ ਸਾਲ ਪਹਿਲਾਂ ਨੂਰ ਹੋਟਲ ਨੂੰ ਢਾਹ ਦਿੱਤਾ ਗਿਆ ਸੀ। ਕਿਉਂਕਿ ਕਾਫ਼ੀ ਪੁਰਾਣਾ ਸੀ ਤੇ ਉਸਦੀ ਹਾਲਤ ਕਾਫ਼ੀ ਖਸਤਾ ਸੀ। ਇਸ ਤੇ ਹੁਣ ਪੰਜ ਤਾਰਾ ਹੋਟਲ ‘ਮੂਵ ਐਂਡ ਪਿੱਕ’ ਬਣਾ ਦਿੱਤਾ ਗਿਆ ਹੈ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੈਂ ਕਿਹਾ ਵਾਹਿਗੁਰੂ ਤੂੰ ਅੱਜ ਸੱਚ ਹੀ ਮੇਰੀ ਖ਼ਾਹਿਸ਼ ਪੂਰੀ ਕਰ ਦਿੱਤੀ ਹੈ।
ਫਿਰ ਮੈਂ ਟੈਕਸੀ ਵਾਲੇ ਨੂੰ ਕਿਹਾ ਕਿ ਹੋਟਲ ਤੋਂ ਅੱਧਾ ਕੁ ਮੀਲ ਅੱਗੇ ਜਾ ਕੇ ਅਬਦੁੱਲਾ ਖੱਰਾਥ ਨਾਂ ਦੀ ਚਾਹ ਦੀ ਦੁਕਾਨ ਹੈ ਤੇ ਉੱਥੇ ਚੱਲਣਾ। ਅੱਧਾ ਕੁ ਮੀਲ ਟੈਕਸੀ ਚਲਾ ਕੇ ਉਹਨੇ ਸਾਈਡ ਤੇ ਪਾਰਕ ਕਰ ਦਿੱਤੀ ਤੇ ਅਸੀਂ ਚਾਰੇ ਜਾਣੇ ਤੁਰਕੇ ਚੱਲਣ ਲੱਗੇ। ਟੈਕਸੀ ਵਾਲੇ ਨੇ ਥਾਂ-ਥਾਂ ਇਸ ਦੁਕਾਨ ਬਾਰੇ ਪੁੱਛਿਆ ਤਾਂ ਛੇਤੀ ਹੀ ਅਸੀਂ ਉਸੇ ਦੁਕਾਨ ਤੇ ਪਹੁੰਚ ਗਏ। ਦੁਕਾਨ ਭਾਵੇਂ ਢਾਹ ਕੇ ਨਵੀਂ ਬਣਾਈ ਹੋਈ ਸੀ ਪਰ ਨਾਂ ਪਹਿਲਾਂ ਵਾਲਾ ਹੀ ਸੀ ਅਬਦੁਲ ਖੱਰਾਥ। ਅਸੀਂ ਅੰਦਰ ਗਏ ਤਾਂ ਕਉਂਟਰ ਤੇ ਬੈਠੇ ਬੰਦੇ ਨਾਲ ਗੱਲ ਕੀਤੀ ਕਿ ਅਸੀਂ ਬੜਾ ਪੁੱਛਦੇ ਪਛਾਉਂਦੇ ਇਸ ਦੁਕਾਨ ਤੇ ਆਏ ਹਾਂ। ਉਹ ਕਹਿੰਦਾ ਕਿ ਐਸੀ ਵੀ ਕਿਹੜੀ ਖ਼ਾਸੀਅਤ ਹੈ ਸਾਡੀ ਦੁਕਾਨ ਵਿੱਚ ਜੋ ਤੁਸੀਂ ਪੁੱਛਦੇ ਪੁਛਾਉਂਦੇ ਆਏ ਹੋ ? ਰਸਤੇ ਵਿੱਚ 100 ਚਾਹ ਦੀਆਂ ਦੁਕਾਨਾਂ ਹਨ, ਸਾਡੇ ਹੀ ਕਿਉਂ ? ਮੈਂ ਕਿਹਾ 40 ਸਾਲ ਪਹਿਲਾਂ ਮੈਂ ਇਸ ਦੁਕਾਨ ਤੇ ਆਇਆ ਸੀ। ਅਸੀਂ ਚਾਰ ਮੁੰਡੇ ਸੀ, ਮਸੀਂ ਚਾਹ ਜੋਗੇ ਪੈਸੇ ਏਜੰਟ ਕੋਲੋਂ ਮੰਗ ਕੇ ਲਿਆਏ ਸੀ ਪਰ ਇਸ ਦੁਕਾਨ ਤੇ ਬੈਠੇ ਇੱਕ ਭਲੇ ਪੁਰਸ਼ ਨੇ ਸਾਡੀ ਚਾਹ ਦੇ ਪੈਸੇ ਦੇ ਦਿੱਤੇ ਤੇ ਕਹਿੰਦਾ ਤੁਸੀਂ ਸਾਡੇ ਮਹਿਮਾਨ ਹੋ। ਚਾਰ ਕੁ-ਦਿਨਾਂ ਬਾਅਦ ਫ਼ਿਰ ਅਸੀਂ ਚਾਹ ਪੀਣ ਆਏ। ਅਸੀਂ ਭੁੱਖ ਦੇ ਮਾਰੇ ਸੀ, ਦਿਹਾੜੀ ਵਿੱਚ ਇੱਕ ਵਾਰ ਸੁੱਕੇ ਬਰੈੱਡ ਏਜੰਟ ਦੇ ਦਿੰਦਾ ਸੀ ਤੇ ਅਸੀਂ ਪਾਣੀ ਵਿੱਚ ਭਿਉਂਕੇ ਖਾ ਕੇ ਗੁਜਾਰਾ ਕਰ ਲੈਦੇ ਸੀ।
ਅਸੀਂ ਚਾਹ ਪੀਤੀ ਤੇ ਖੰਡ ਜੋ ਡਲੀਆਂ ਵਿੱਚ ਇੱਕ ਸਾਂਝੇ ਮੇਜ਼ ਤੇ ਪਈ ਹੁੰਦੀ ਸੀ, ਸਾਰੇ ਗਾਹਕਾਂ ਲਈ, ਅਸੀਂ ਭੁੱਖ ਦੇ ਮਾਰੇ ਸਾਰੀ ਖਾ ਗਏ। ਪੰਜ ਕੁ-ਦਿਨਾਂ ਬਾਦ ਅਸੀਂ ਏਜੰਟ ਦੇ ਫਿਰ ਤਰਲੇ ਕੀਤੇ ਕਿ ਯਾਰ ਚਾਹ ਪੀਣ ਜੋਗੇ ਪੈਸੇ ਤਾਂ ਦੇ ਦੇਹ। ਪੰਜਾਬ ਵਿੱਚ ਤਾਂ ਅਸੀਂ ਦਿਹਾੜੀ ਵਿੱਚ ਪੰਜ ਪੰਜ ਵਾਰ ਚਾਹ ਪੀਂਈਦੀ ਸੀ। ਉਹਨੇ ਫਿਰ ਕੰਜੂਸੀ ਨਾਲ ਪੈਸੇ ਦਿੱਤੇ ਤੇ ਅਸੀਂ ਚਾਰੇ ਮਿੱਤਰ ਚਾਹ ਪੀਣ ਤੁਹਾਡੀ ਦੁਕਾਨ ਤੇ ਆ ਗਏ ਤੇ ਤੁਹਾਡੇ ਪਿਉਂ ਨੇ ਬੇਰੰਗ ਚਿੱਠੀ ਵਾਂਗੂੰ ਵਾਪਿਸ ਭੇਜ ਦਿੱਤੇ। ਇਸ ਲਈ ਮੈਂ ਪਰਮਾਤਮਾ ਅੱਗੇ ਇੱਕ ਅਰਦਾਸ ਕੀਤੀ ਸੀ ਕਿ ਰੱਬਾ ਮੈਨੂੰ ਇੰਨੇ ਜੋਗਾ ਕਰੀਂ ਕਿ ਮੈਂ ਫਿਰ ਇਸ ਦੁਕਾਨ ਤੇ ਆਕੇ ਟੋਹਰ ਨਾਲ ਚਾਹ ਪੀ ਸਕਾਂ। ਸੋ ਰੱਬ ਨੇ ਮੇਰੀ ਇਹ ਖ਼ਾਹਿਸ਼ ਪੂਰੀ ਕਰ ਦਿੱਤੀ ਹੈ ਤੇ ਮੈਂ ਤੁਹਾਡੀ ਦੁਕਾਨ ਤੋਂ ਚਾਹ ਤੇ ਮਠਿਆਈਆਂ ਖਾ ਕੇ ਜਾਵਾਂਗਾ। ਮੇਜ਼ ਤੇ ਬਹਿਣ ਤੋਂ ਪਹਿਲਾਂ ਹੀ ਉਹਨਾਂ ਨੇ ਚਾਹ ਦੇ ਕੱਪ ਮੇਜ਼ ਤੇ ਲਿਆ ਰੱਖੇ ਤੇ ਤਿੰਨੇ ਭਰਾ ਸਾਡੇ ਨਾਲ ਬਹਿ ਕੇ ਚਾਹ ਪੀਣ ਲੱਗ ਪਏ। ਕਹਿੰਦੇ ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਸਾਨੂੰ ਸਾਡੇ ਪਿਉ ਦੀ ਚਾਲੀ ਸਾਲ ਪਹਿਲਾਂ ਦੀ ਯਾਦ ਤਾਜ਼ੀ ਕਰਵਾ ਦਿੱਤੀ। ਉਹਨਾਂ ਸਾਨੂੰ ਤਰਾਂ-ਤਰਾਂ ਦੀਆਂ ਮਠਿਆਈਆਂ ਦੇ ਸੁਆਦ ਖਾਣ ਨੂੰ ਦਿੱਤੇ। ਫ਼ਿਰ ਦੂਸਰਾ ਮੁੰਡਾ ਚਾਹ ਦੇ ਕੱਪ ਲੈ ਕੇ ਆ ਗਿਆ। ਉਸ ਤੋਂ ਬਾਦ ਤੀਸਰਾ ਮੁੰਡਾ ਚਾਹ ਦੇ ਕੱਪ ਲੈ ਕੇ ਆ ਗਿਆ।
ਸਾਡੇ ਨਾਲ ਉਹਨਾਂ ਫੋਟੋ ਵੀ ਖਿਚਾਈ, ਅਗਲੀ ਪੋਸਟ ਵਿੱਚ ਮੈਂ ਜਰੂਰ ਸ਼ੇਅਰ ਕਰਾਂਗਾ। ਸਾਨੂੰ ਜਾਣ ਲੱਗਿਆ ਉਹਨਾਂ ਮਠਿਆਈ ਦੇ ਡੱਬੇ ਵੀ ਦਿੱਤੇ ਪਰ ਅਸੀਂ ਮੁਫ਼ਤ ਵਿੱਚ ਲੈਣੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਚਾਹ ਦੇ ਪੈਸੇ ਨਹੀ ਲਏ ਤੇ ਮਠਿਆਈ ਦੇ ਪੈਸੇ ਅਸੀਂ ਦੇ ਦਿੱਤੇ। ਸੋ ਦੋਸਤੋ ਇਹ ਹੈ ਪਰਮਾਤਮਾ ਦੀ ਬਖਸ਼ਿਸ਼ ਜੋ ਉਸੇ ਬੰਦੇ ਨੂੰ ਨਸੀਬ ਹੁੰਦੀ ਹੈ ਜੋ ਉਹਦੇ ਹੁਕਮਾਂ ਨੂੰ ਮੰਨਦਾ ਹੈ। ਜਦੋਂ ਮੈਂ ਆਪਣੀ ਖਾਹਿਸ਼ ਦੀ ਅਰਦਾਸ ਕੀਤੀ ਸੀ ਤਾਂ ਮੈਨੂੰ ਮੇਰੇ ਧੁਰ ਅੰਦਰੋਂ ਅਵਾਜ ਆਈ ਸੀ ਕਿ ਕਿਸੇ ਨਾਲ ਹੇਰਾਫੇਰੀ ਨਹੀਂ ਕਰਨੀ। ਪੈਸਾ ਉਧਾਰ ਲੈਕੇ ਮਾਰਨਾ ਨਹੀਂ। ਕਿਸੇ ਨਾਲ ਵੀ ਧੋਖਾ ਨਹੀਂ ਕਰਨਾ। ਹਮੇਸ਼ਾ ਗਰੀਬ ਦੀ ਮਦਦ ਕਰਨੀ। ਤਕੜੇ ਨਾਲ ਨਹੀਂ ਖੜ੍ਹਨਾ, ਮਾੜੇ ਦੀ ਮਦਦ ਕਰਨੀ। ਮੈਂ ਉਸ ਅਰਦਾਸ ਨੂੰ ਨਿਭਾਇਆ। ਵਿੱਚ ਕਦੇ ਕਦੇ ਦਿਲ ਬੇਈਮਾਨ ਵੀ ਹੋਇਆ ਕਿ ਵਾਹਿਗੁਰੂ ਜੋ ਮੇਰੇ ਨਾਲ ਬੇਈਮਾਨੀ ਕਰਦੇ ਨੇ, ਉਹਨਾਂ ਨਾਲ ਤਾਂ ਕਰ ਲਵਾਂ ਪਰ ਅੰਦਰੋਂ ਅਵਾਜ ਆਉਂਦੀ ਕਿ ਨਹੀਂ।
ਜੋ ਵਾਹਿਗੁਰੂ ਨੇ ਉਹਨਾਂ ਨੂੰ ਕਰਮ ਦਿੱਤੇ ਹਨ ਤੇ ਉਹ ਕਰ ਰਹੇ ਨੇ। ਤੂੰ ਉਹ ਕਰਮ ਕਰ ਜੋ ਵਾਹਿਗੁਰੂ ਨੇ ਤੈਨੂੰ ਦਿੱਤੇ ਨੇ। ਕਰਮ ਕਰੀ ਜਾ,,,,
ਫ਼ਲ ਕੀ ਇੱਛਾ ਮੱਤ ਕਰ ਐ ਇਨਸਾਨ,
ਜੈਸੇ ਕਰਮ ਕਰੇਗਾ ਵੈਸੇ ਫ਼ਲ ਦੇਗਾ ਭਗਵਾਨ,
ਇਹ ਹੈ ਗੀਤਾ ਕਾ ਗਿਆਨ,
ਸੋ ਮੈਨੂੰ ਫ਼ਲ ਮਿਲ ਗਿਆ, ਮੈਂ ਬੜਾ ਖੁਸ਼ ਹਾਂ ਕਿ ਵਾਹਿਗੁਰੂ ਨੇ ਮੇਰੀ 40 ਸਾਲ ਦੀ ਖ਼ਾਹਿਸ਼ ਪੂਰੀ ਕਰ ਦਿੱਤੀ ਤੇ ਮੇਰੇ ਦੋਸਤੋ ਜੋ ਵੀ ਮੇਰੀ ਕਹਾਣੀ ਨੂੰ ਪੜ੍ਹਦੇ ਨੇ, ਕਿਰਪਾ ਕਰਕੇ ਅਮਲ ਕਰੋ ਤੇ ਪਰਮਾਤਮਾ ਤੁਹਾਡੀਆਂ ਵੀ ਖ਼ਾਹਿਸ਼ਾਂ ਪੂਰੀਆਂ ਕਰੇ।
ਸੱਚ ਦੱਸਾਂ ਮੇਰੀ ਖ਼ਾਹਿਸ਼ ਤਾਂ ਪਰਮਾਤਮਾ ਨੇ 20 ਸਾਲ ਪਹਿਲਾਂ ਹੀ ਕਰ ਦਿੱਤੀ ਸੀ ਭਾਵੇਂ ਸਾਰੀ ਦੁਨੀਆਂ ਘੁੰਮਣ ਚਲੇ ਜਾਂਦਾ ਪਰ ਸਦਕੇ ਜਾਵਾਂ ਆਪਣੇ ਯਾਰਾਂ ਦੋਸਤਾਂ ਦੇ ਤੇ ਰਿਸ਼ਤੇਦਾਰਾਂ ਦੇ। ਜਿਹਨਾਂ ਮੇਰੀਆਂ ਲੱਤਾਂ ਖਿੱਚੀਆਂ ਪਰ ਪਰਮਾਤਮਾ ਦੀ ਮਿਹਰ ਸਦਕਾ ਮੈ ਹਰ ਮੈਦਾਨ ਸਫ਼ਲਤਾ ਪ੍ਰਾਪਤ ਕੀਤੀ। ਜਿਸ ਕਿਸੇ ਨੇ ਵੀ ਉਧਾਰ ਮੰਗਿਆ, ਮੈਂ ਤਨੋਂ ਮਨੋਂ ਮੱਦਦ ਕੀਤੀ ਪਰ ਕਿਸੇ ਨੇ ਵੀ ਉਧਾਰ ਮੋੜਿਆ ਨਹੀਂ।
ਜਿਸ ਕਿਸੇ ਨੇ ਮੰਗੀ ਮੱਦਦ,
ਮੈਥੋਂ ਨਾਂਹ ਨਾ ਹੋਈ।
ਸੱਪ ਵਾਂਗਰਾਂ ਡੰਗ ਮਾਰਿਆ,
ਬਣਿਆ ਨਾ ਮੇਰਾ ਕੋਈ।
ਚਲੋ ਵਾਹਿਗੁਰੂ ਉਹਨਾਂ ਨੂੰ ਏਸੇ ਜੋਗਾ ਹੀ ਰੱਖੇ ਤੇ ਮੈਂ ਪਰਮਾਤਮਾ ਦੀ ਮੇਹਰ ਨਾਲ ਸਫ਼ਲਤਾ ਦੇ ਝੰਡੇ ਗੱਡੀ ਜਾ ਰਿਹਾ,,,,,
ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ!
ਸਮਾਪਤ
+1(716)908-3631