ਮੈਂ ਆਪਣੇ ਬੇਟੇ ਨੂੰ ਕਿਹਾ ਕਿ ਤਿੰਨ ਟਿਕਟਾਂ ਤੁਰਕੀ ਦੀਆਂ ਬੁੱਕ ਕਰਦੇ ਤੇ ਹੋਟਲ ਬੁੱਕ ਕਰਦੇ ਪੰਜ ਸਟਾਰ ਲੇਕ ਦੇ ਕੰਡੇ ਤੇ। ਮੈਂ ਮੇਰੀ ਤੀਵੀਂ ਤੇ ਬੱਚਾ ਤਿੰਨੋਂ ਜਣੇ ਬੱਫ਼ਲੋ ਏਅਰਪੋਰਟ ਤੋਂ, ਨਿਊਜਰਸੀ, ਨਿਊਜਰਸੀ ਤੋਂ ਜਰਮਨੀ ਤੇ ਜਰਮਨੀ ਤੋਂ ਇਸਤੰਬੋਲ ਲਈ ਰਵਾਨਾ ਹੋ ਗਏ। ਰਾਤ ਦੇ 10 ਕੁ-ਵਜੇ ਅਸੀਂ ਇਸਤੰਬੋਲ ਏਅਰਪੋਰਟ ਤੇ ਉੱਤਰੇ ਤਾਂ ਦਿਲ ਬਾਗੋ ਬਾਗ ਹੋ ਗਿਆ। ਇੰਨਾ ਸੋਹਣਾ ਏਅਰਪੋਰਟ ਮੈਂ ਪਹਿਲਾਂ ਕਦੇ ਨਹੀਂ ਦੇਖਿਆ। ਇੰਡੀਆ ਵਾਲੇ ਕਹਿੰਦੇ ਹੁੰਦੇ ਸੀ ਕਿ ਦਿੱਲੀ ਦਾ ਏਅਰਪੋਰਟ ਦੁਨੀਆਂ ਦਾ ਨੰਬਰ ਇੱਕ ਏਅਰਪੋਰਟ ਹੈ ਪਰ ਸਭ ਝੂਠ ਹੈ, ਆਮ ਦੀ ਤਰਾਂ। ਇੰਡੀਆ ਵਾਲੇ ਤਾਂ ਢੇਰਾਂ ਤੇ ਸੁੱਤਿਆਂ ਹੋਇਆਂ ਨੂੰ ਵੀ ਕਹਿੰਦੇ ਨੇ ਕਿ ਤੂੰ ਸਵੱਰਗਾਂ ਵਿੱਚ ਰਹਿ ਰਿਹਾਂ। ਕਿਤੇ ਬਾਹਰ ਨਿੱਕਲ ਕੇ ਦੇਖੋ, ਦੁਨੀਆਂ ਕਿੱਥੇ ਪਹੁੰਚ ਗਈ ਪਰ ਅਸੀਂ ਅਜੇ ਵੀ 15ਵੀਂ ਸਦੀ ਵਿੱਚ ਜੀ ਰਹੇ ਹਾਂ। ਇਮੀਗ੍ਰੇਸ਼ਨ ਕਾਊਂਟਰ ਤੇ ਗਏ ਤਾਂ ਸਾਡਾ ਅਮਰੀਕਨ ਪਾਸਪੋਰਟ ਦੇਖਕੇ ਝੱਟ ਮੋਹਰ ਲਾ ਦਿੱਤੀ ਤੇ ਵੀਜ਼ੇ ਬਾਰੇ ਵੀ ਕੁੱਝ ਨਹੀਂ ਪੁੱਛਿਆ। ਹਾਲਾਂਕਿ ਅਸੀਂ ਆਨ ਲਾਈਨ ਵੀਜ਼ੇ ਲੈ ਕੇ ਗਏ ਸੀ। ਸਟਾਫ਼ ਇੰਨਾ ਮਨਮੋਹਣਾ ਕਿ ਜੀ ਆਇਆਂ ਨੂੰ,ਜੀ ਆਇਆਂ ਨੂੰ ਕਹਿੰਦੇ ਥੱਕੇ ਨਾ। ਸਾਡਾ ਖਿੜੇ ਮੱਥੇ ਸੁਆਗਤ ਕੀਤਾ ਤੇ ਲੱਖਾਂ ਸਾਰੀਆਂ ਮੁਸ਼ਕਰਾਹਟਾਂ ਦਿੱਤੀਆਂ। ਇਸ ਦੇ ਉਲਟ ਆਪਣੇ ਮੁਲਕ ਵਿੱਚ ਆਉ ਤਾਂ ਇੰਝ ਲੱਗਦਾ ਇਮੀਗ੍ਰੇਸ਼ਨ ਆਲੇ ਨੂੰ ਕੋਈ ਸੱਪ ਸੁੰਘ ਗਿਆ ? ਇੰਝ ਲੱਗਦਾ ਜਿਵੇਂ ਕਿਸੇ ਕਮਾਦ ਦੇ ਖੇਤ ਨੂੰ ਅੱਗ ਲੱਗ ਗਈ ਹੋਵੇ ਤੇ ਵਿੱਚੋਂ ਸੜੇ ਜਲੇ ਮਸੀਂ ਬਾਹਰ ਭੱਜ ਕੇ ਆਏ ਹੋਣ। ਪਾਸਪੋਰਟ ਨੂੰ ਵਾਰ-ਵਾਰ ਵਰਕੇ ਥੱਲੀ ਜਾਣਗੇ ਕੇ ਕੋਈ ਨੁਕਸ ਲੱਭੇ ਤਾਂ ਸਹੀਂ, ਇਹਨਾਂ ਦੀ ਮਾਂਜੀ ਲਾਹੀਏ। ਸਾਡੇ ਇੱਥੇ ਦੇ ਜੰਮਿਆ ਲਈ ਵੀਜ਼ਾ ਚਾਹੀਦਾ ਹੈ, ਇਨ੍ਹਾਂ ਨੂੰ ਕੋਈ ਪੁੱਛੇ ਪਈ ਅਸੀਂ ਇੱਥੇ ਆ ਕੇ ਕਿਹੜੀ ਕਮਾਈ ਕਰਨੀ ਆ। ਤੁਹਾਨੂੰ ਤੇ ਤੁਹਾਡੇ ਮੁਲਕ ਨੂੰ ਕੁਝ ਦੇ ਕੇ ਹੀ ਜਾਵਾਂਗੇ। ਕੰਮ ਤੇ ਇੱਥੇ ਵੱਸਣ ਵਾਲੀ ਜਨਤਾ ਨੂੰ ਵੀ ਨਹੀ ਮਿਲਦਾ । ਸੱਚੀ ਅਸੀਂ ਕਦੇ ਵੀ ਦਿੱਲੀ ਵਾਲਿਆਂ ਦੇ ਮੱਥੇ ਨਾ ਲੱਗੀਏ ਜੇ ਕਿਤੇ ਸਿੱਧੀਆਂ ਉੜਾਨਾਂ ਅੰਮ੍ਰਿਤਸਰ ਸ਼ਹਿਰ ਨੂੰ ਜਾਣ ਲੱਗ ਪੈਣ।
ਪੰਜਾਬੀਆਂ ਦਾ ਪੈਸਾ ਪੰਜਾਬ ਵਿੱਚ ਖ਼ਰਚਿਆ ਜਾਵੇ ਤਾਂ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣ ਸਕਦਾ ਹੈ ਪਰ ਇਹ ਦਿੱਲੀ ਚਾਹੁੰਦੀ ਨਹੀਂ। ਲੁੱਟਣਾ ਵੀ ਪੰਜਾਬੀਆਂ ਨੂੰ ਤੇ ਕੁੱਟਣਾ ਵੀ ਪੰਜਾਬੀਆਂ ਨੂੰ। ਖੈਰ ਅਸੀਂ ਡਿਊਟੀ ਫਰੀ ਤੋਂ ਆਪਣਾ ਖਾਣ-ਪੀਣ ਦਾ ਸਾਮਾਨ ਲੈ ਕੇ, ਟੈਕਸੀ ਕਰਕੇ ਆਪਣੇ ਪੰਜ ਤਾਰਾ ਹੋਟਲ ਪਿੱਕ, ਮੂਵ ਵਿੱਚ ( move ,r pick) ਆ ਗਏ। ਟੈਕਸੀ ਵਾਲੇ ਨੇ ਸਾਮਾਨ ਉਤਾਰਿਆ, ਹੋਟਲ ਦੇ ਕਮਰੇ ਵਿੱਚ ਛੱਡ ਕੇ ਆਇਆ ਪਰ ਬਖਸ਼ੀਸ਼ ਦੀ ਕੋਈ ਮੰਗ ਨਾ ਕੀਤੀ ਜਿਵੇਂ ਇੰਡੀਆ ਦੇ ਵਿੱਚ ਵਧਾਈਆਂ ਮੰਗਦੇ ਨੇ। ਮੈਂ ਜਾਂਦੇ ਹੋਏ ਨੂੰ ਅਵਾਜ਼ ਮਾਰਕੇ ਬਖਸ਼ਿਸ਼ ਦਿੱਤੀ ਤੇ ਉਹ ਬੜਾ ਖੁਸ਼ ਹੋਇਆ। ਇੰਡੀਆ ਵਿੱਚ ਤਾਂ ਦਿੱਲੀਉਂ ਜਾਂਦੇ ਕਿਸੇ ਢਾਬੇ ਵਿੱਚ ਖਾਣਾ ਖਾ ਕੇ ਬਾਥਰੂਮ ਵਿੱਚ ਪਿਸ਼ਾਬ ਕਰਨ ਜਾਈਏ ਤਾਂ ਸਫ਼ਾਈ ਕਰਨ ਵਾਲੇ ਵੀ ਮੰਗਤੇ ਦੇ ਠੂਠੇ ਵਰਗਾ ਮੂੰਹ ਬਣਾ ਕੇ ਬਖਸ਼ਿਸ਼ ਮੰਗਣਗੇ। ਹਾਲਾਂਕਿ ਇਹਨਾਂ ਨੂੰ ਪੂਰੀਆਂ ਤਨਖਾਹਾਂ ਮਿਲਦੀਆਂ ਨੇ ਪਰ ਪਰਮਾਤਮਾ ਵਲੋਂ ਹੀ ਇਹਨਾਂ ਨੂੰ ਮੰਗਣ ਦੀ ਆਦਤ ਪਈ ਹੋਈ ਆ। ਮੈਂ ”25R ਤੇ ਕੋਈ ਵਿਸ਼ਵਾਸ ਨਹੀਂ ਕਰਦਾ ਜੋ ਕਿ ਮੇਰਾ ਬੇਟਾ ਕਹਿ ਰਿਹਾ ਸੀ ਕਿ ਡੈਡੀ ਆਪਾਂ ਊਬਰ ਕਰਕੇ ਘੁੰਮ ਲਵਾਂਗੇ ਜੋ ਟੈਕਸੀ ਨਾਲੋਂ ਸਸਤੀ ਮਿਲਦੀ ਆ ਪਰ ਮੈਂ ਕਿਹਾ ਨਹੀਂ ਪੁੱਤਰਾ ਮੈਂ ਵੀ ਟੈਕਸੀ ਚਲਾਉਂਦਾ ਹਾਂ ਬੱਫ਼ਲੋ ਏਅਰਪੋਰਟ ਤੇ ਮੈਂ ਇਹ ਪੈਸਾ ਕਿਸੇ ਟੈਕਸੀ ਡਰਾਈਵਰ ਨੂੰ ਹੀ ਦਿਆਂਗਾ। ਟੈਕਸੀ ਵਾਲਿਆਂ ਦੇ ਵੀ ਬਹੁਤ ਖਰਚੇ ਹੁੰਦੇ ਨੇ ਤੇ ਊਬਰ ਵਾਲੇ ਮੁਫਤ ਵਿੱਚ ਹੀ ਟੈਕਸੀ ਵਾਲਿਆਂ ਦੀ ਜੇਬ ਕਤਰੀ ਜਾਂਦੇ ਨੇ। ਮੈਂ ਟੈਕਸੀ ਵਾਲੇ ਨੂੰ ਰੇਟ ਪੁੱਛਿਆ ਤੇ ਉਹ ਕਹਿੰਦਾ ਜੀ 150 ਡਾਲਰ ਸਾਰੇ ਦਿਨ ਦੇ, ਜਿੱਥੇ ਮਰਜ਼ੀ ਕਹੋਗੇ ਘੁਮਾਕੇ ਲਿਆਵਾਂਗਾ ਤੇ ਤੁਹਾਡੇ ਨਾਲ ਹੀ ਰਹਿ ਕੇ ਘੁਮਾਵਾਂਗਾ। ਮੈ ਉਹਨੂੰ ਅਗਲੇ ਦਿਨ ਲਈ ਬੁੱਕ ਕਰ ਲਿਆ।
ਦੂਸਰੇ ਦਿਨ ਅਸੀਂ ਖਾ ਪੀ ਕੇ ਹੋਟਲ ਦੇ ਬਾਹਰ ਆ ਗਏ ਤੇ ਟੈਕਸੀ ਵਾਲਾ ਬਾਹਰ ਸਾਡੀ ਉਡੀਕ ਕਰ ਰਿਹਾ ਸੀ। ਨਾਂ ਸੀ ਉਸਦਾ ਅਬਦੁੱਲ, ਮੈਂ ਕਿਹਾ ਅਬਦੁੱਲ ਜਿੰਨੀਆਂ ਵੀ ਥਾਵਾਂ ਦੇਖਣ ਵਾਲੀਆਂ ਹਨ, ਸਾਨੂੰ ਦਿਖਾ ਦੇ। ਮੈਂ ਇੱਕ ਬੇਨਤੀ ਕੀਤੀ ਕਿ ਸਾਨੂੰ ਲੋਕਲ ਗਲੀਆਂ ਵਿੱਚ ਦੀ ਘੁਮਾਈਂ, ਹਾਈਵੇ ਤੋਂ ਗੁਰੇਜ਼ ਕਰੀਂ। ਕਿਉਂਕਿ ਲੋਕਲ ਗਲੀਆਂ ਵਿੱਚੋਂ ਗੁਜ਼ਰ ਕੇ ਤੁਹਾਨੂੰ ਆਮ ਲੋਕਾਂ ਦੀ ਜਿੰਦਗੀ ਬਾਰੇ ਜਾਣਕਾਰੀ ਮਿਲਦੀ ਹੈ। ਬਹੁਤ ਹੀ ਸ਼ਾਨਦਾਰ ਸ਼ਹਿਰ ਹੈ ਇਸਤੰਬੋਲ ਤੇ ਲੋਕੀਂ ਵੀ ਬੜੇ ਮਿਲਣਸਾਰ ਹਨ। ਪਹਾੜੀ ਏਰੀਆਂ ਹੋਣ ਕਰਕੇ ਗਲੀਆਂ ਉੱਚੀਆਂ ਨੀਵੀਆਂ, ਕਈ ਥਾਵਾਂ ਤੋਂ ਤੰਗ ਹਨ ਜਿਵੇਂ ਆਪਾਂ ਨੈਣਾ ਦੇਵੀ ਮੰਦਰ ਜਾਈਏ। ਜਦੋਂ ਅਸੀਂ ਬਾਜ਼ਾਰ ਵਿੱਚੋਂ ਦੀ ਲੰਘੇ ਤਾਂ ਮੈਂ ਟੈਕਸੀ ਰੋਕ ਲਈ ਤੇ ਤੁਰ ਕੇ ਬਾਜ਼ਾਰ ਘੁੰਮਣ ਲੱਗ ਪਿਆ। ਕਿਤੇ ਨਵੀਂ ਥਾਂ ਤੇ ਜਾਵਾਂ ਤਾਂ ਮੇਰੀ ਖਾਹਿਸ਼ ਹੁੰਦੀ ਹੈ ਲੋਕਾਂ ਨਾਲ ਗੱਲਬਾਤ ਕਰਕੇ ਇੱਥੋਂ ਦੇ ਜੀਵਨ ਬਾਰੇ, ਖਾਣ ਪੀਣ ਬਾਰੇ ਜਾਣਕਾਰੀ ਲਈ ਜਾਵੇ। ਥੋੜੀ ਭੁੱਖ ਵੀ ਲੱਗ ਗਈ ਸੀ। ਮੈਂ ਇੱਕ ਵੱਡੀ ਸਾਰੀ ਬੇਕਰੀ ਵਿੱਚ ਗਿਆ। ਇੱਥੇ ਤਾਜ਼ੇ ਤਾਜ਼ੇ ਤਰਾਂ-ਤਰਾਂ ਦੇ ਬਰੈੱਡ ਬਣੀ ਜਾ ਰਹੇ ਸਨ ਤੇ ਲੋਕੀਂ ਲਾਈਨਾਂ ਵਿੱਚ ਲੱਗ ਕੇ ਖਰੀਦੀ ਜਾ ਰਹੇ ਸਨ। ਨਾਲ ਹੀ ਉਹ ਮੀਟ ਵਾਲੇ ਸੈਂਡਵਿੱਚ ਵੀ ਬਣਾ ਰਹੇ ਸਨ। ਉਹ ਮੀਟ ਦੇ ਕੀਮੇ ਵਿੱਚ ਮਸਾਲੇ ਵਗੈਰਾ ਲਾ ਕੇ ਇੱਕ ਲੋਹੇ ਦੀ ਸਲਾਖ ਵਿੱਚ ਲਗਾ ਕੇ ਇੱਕ ਘੁੰਮਣ ਵਾਲੀ ਮਸ਼ੀਨ ਤੇ ਲਾ ਦੇਂਦੇ ਨੇ ਤੇ ਆਲੇ ਦੁਆਲੇ ਤੇਜ਼ ਅੱਗ ਦਾ ਸੇਕ ਤੇ ਵਿਚਾਲੇ ਉਹ ਸਲਾਖ ਘੁੰਮਦੀ ਹੈ। ਨਾਲੋ ਨਾਲ ਮੀਟ ਭੁੰਨ ਹੋ ਰਿਹਾ ਹੈ ਤੇ ਨਾਲੋ-ਨਾਲ ਬੜੀਆਂ ਤੇਜ਼ ਛੁਰੀਆਂ ਨਾਲ ਕੱਟ ਕੇ ਸੈਂਡਵਿੱਚ ਬਣਾ ਦਿੰਦੇ ਨੇ । ਖਾਣ ਨੂੰ ਬਹੁਤ ਸੁਆਦੀ ਤੇ ਸਿਹਤਮੰਦ ਖਾਣਾ ਹੈ ਕਿਉਂਕਿ ਤੇਜ਼ ਅੱਗ ਨਾਲ ਮੀਟ ਵਿੱਚੋਂ ਚਰਬੀ ਸੜ ਕੇ ਚੋਂਦੀ ਰਹਿੰਦੀ ਹੈ। ਗਰੀਸ ਵਿੱਚ ਇਹਨੂੰ “ਜ਼ਅਰੋ”ਕਹਿੰਦੇ ਨੇ ਤੇ ਲਿਬਨਾਨ ਵਿੱਚ “ਲਾਹਮੇ”। ਨਾਲ ਲਈ ਇੱਕ ਠੰਢੀ ਬੀਅਰ, ਮਿੱਤਰੋ ਸੁਰਗਾਂ ਦੇ ਨਜ਼ਾਰੇ ਆ ਜਾਂਦੇ ਨੇ।