ਅਮਰੀਕ ਨੇ ਪੰਜਾਬ ਜਾ ਕੇ ਵਧੀਆ ਘਰ ਬਣਾ ਲਿਆ। ਕਿਉਂਕਿ 80 ਬੰਦਿਆਂ ਦੇ ਪੈਸੇ ਲੁੱਟੇ, ਕਈਆਂ ਕੁੜੀਆਂ ਦੇ ਗਹਿਣੇ ਲੁੱਟੇ, ਕਈਆਂ ਆਪਣੇ ਪਰਿਵਾਰਾਂ ਲਈ ਲੀੜੇ ਕੱਪੜੇ ਦਿੱਤੇ ਸੀ, ਉਹ ਲੁੱਟੇ। ਸੋ ਲੁੱਟ ਦਾ ਮਾਲ ਸੀ ਜੋ ਮਰਜ਼ੀ ਬਣਾ ਸਕਦਾ ਸੀ। ਇਲਾਕੇ ਵਿੱਚ ਚਾਰੇ ਪਾਸੇ ਉਹਦੀ ਜੈ ਜੈ ਕਾਰ ਸੀ। ਦੋ ਚਾਰ ਬਦਮਾਸ਼, ਟੁੱਕੜ ਬੋਚ ਉਹਦੇ ਨਾਲ ਰਹਿੰਦੇ ਸੀ, ਖਾਣ ਦੇ ਕੁੱਤੇ। ਕੋਈ ਮਾੜਾ ਮੋਟਾ ਉਸ ਨੂੰ ਹੱਥ ਨਹੀਂ ਸੀ ਪਾ ਸਕਦਾ। ਉਸਦਾ ਵਿਆਹ ਹੋ ਗਿਆ। ਘਰਵਾਲੀ ਗਰਭਵਤੀ ਹੋ ਗਈ। ਕੋਈ ਅੱਠਵਾਂ ਮਹੀਨਾ ਚੱਲ ਰਿਹਾ ਸੀ, ਘਰਵਾਲੀ ਨੇ ਬਹੁਤ ਰੋਕਿਆ ਪਰ ਅਮਰੀਕ ਨਸ਼ੇ ਦੀ ਲੋਰ ਵਿੱਚ ਮਸਤ ਸੀ, ਘਰਵਾਲੀ ਨਾਲ ਛੇੜਖਾਨੀ ਕਰਦਾ ਰਿਹਾ। ਹੋਣ ਵਾਲਾ ਬੱਚਾ ਗਰਭ ਵਿੱਚ ਹੀ ਮਰ ਗਿਆ। ਜਦੋਂ ਵੱਡਾ ਆਪਰੇਸ਼ਨ ਹੋਇਆ ਤਾਂ ਜਨਾਨੀ ਦੀ ਮੌਤ ਵੀ ਹੋ ਗਈ। ਪੈਸਾ ਵੀ ਬੜਾ ਖਰਚ ਕੀਤਾ ਪਰ ਹੱਥ ਪੱਲੇ ਕੁਝ ਵੀ ਨਾ ਪਿਆ। ਪੈਸਾ ਬਥੇਰਾ ਸੀ, ਅਗਲੇ ਸਾਲ ਹੋਰ ਵਿਆਹ ਕਰਾ ਲਿਆ। ਬੱਚੇ ਨੇ ਜਨਮ ਲਿਆ, ਵੱਡਾ ਹੋਇਆ। ਜਦੋਂ ਅੱਠ ਕੁ ਸਾਲ ਦਾ ਹੋਇਆ ਤਾਂ ਨਾ ਮੁਰਾਦ ਬਿਮਾਰੀ ਕੈਂਸਰ ਨੇ ਘੇਰ ਲਿਆ। ਫਿਰ ਸਿਲਸਿਲਾ ਸ਼ੁਰੂ ਹੋ ਗਿਆ, ਨਵੇਂ ਟੈਸਟ, ਨਵੀਆਂ ਦਵਾਈਆਂ। ਕੋਈ ਫ਼ਾਇਦਾ ਨਾ ਹੋਇਆ। ਰੋਜ਼ ਨਵੇਂ ਨਵੇਂ ਡਾਕਟਰਾਂ ਕੋਲ ਜਾਣਾ, ਵਧੀਆ ਤੋਂ ਵਧੀਆ ਇਲਾਜ ਕਰਾਉਣੇ। ਹੌਲੀ ਹੌਲੀ ਸਾਰੇ ਪੈਸੇ ਮੁੱਕ ਗਏ। ਇੱਕ ਦਿਨ ਬੱਚੇ ਨੂੰ ਗਲ਼ ਲਾ ਕੇ ਉੱਚੀ ਉੱਚੀ ਰੋਣ ਲੱਗ ਪਿਆ।
ਕਹਿੰਦਾ ਪੁੱਤਰਾ ਤੇਰੇ ਇਲਾਜ ਤੇ ਸਾਰਾ ਪੈਸਾ ਖਰਚ ਹੋ ਗਿਆ। ਸੋਹਣਾ ਘਰ ਬਣਾਇਆ ਸੀ, ਉਹ ਵੀ ਗਿਰਵੀ ਹੋ ਗਿਆ। ਯਾਰ ਦੋਸਤ, ਰਿਸ਼ਤੇਦਾਰ ਵੀ ਮਿਲਣੋਂ ਗਿਲਣੋਂ ਹੱਟ ਗਏ। ਅੱਜ ਤੁਹਾਨੂੰ ਪਤਾ ਹੀ ਹੈ, ਯਾਰ ਦੋਸਤ ਮਿੱਤਰ ਵੀ ਖਾਂਦਿਆਂ ਪੀਂਦਿਆਂ ਦੇ ਹੀ ਹੁੰਦੇ ਨੇ। ਜਦੋਂ ਮਾੜੇ ਦਿਨ ਆਉਂਦੇ ਨੇ ਤਾਂ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਪੈਸੇ ਮੁੱਕ ਗਏ ਤਾਂ ਬੱਚੇ ਨੂੰ ਘਰ ਲੈ ਆਂਦਾ। ਕੁੱਝ ਦਿਨ ਪਾ ਕੇ ਬੱਚੇ ਦੀ ਮੌਤ ਹੋ ਗਈ। ਫਿਰ ਤਾਂ ਅਮਰੀਕ ਪਾਗਲ ਹੋ ਗਿਆ। ਲੋਕਾਂ ਕੋਲੋਂ ਸ਼ਰਾਬ ਪੀਣ ਲਈ ਪੈਸੇ ਮੰਗਣ ਲੱਗ ਪਿਆ। ਸ਼ਰਾਬ ਪੀ ਕੇ ਉੱਚੀ ਉੱਚੀ ਰੋਇਆ ਕਰੇ ਤੇ ਨਾਲੇ ਲੋਕਾਂ ਨੂੰ ਦੁਹਾਈਆਂ ਦਿੰਦਾ ਫਿਰੇ ਪਈ ਕਦੇ ਕਿਸੇ ਦੇ ਹੱਕ ਦੇ ਪੈਸੇ ਨਾ ਮਾਰੋ। ਮੈਂ ਬਹੁਤ ਲੋਕਾਂ ਦੇ ਹੱਕ ਦੇ ਪੈਸੇ ਮਾਰੇ ਸੀ ਤੇ ਸਾਰੇ ਦੇ ਸਾਰੇ ਡਾਕਟਰਾਂ ਦੇ ਢਿੱਡੀਂ ਪੈ ਗਏ। ਪਾਗਲ ਹੋਇਆ ਸਾਰਾ ਦਿਨ ਪਿੰਡ ਦੇ ਦੁਆਲੇ ਚੱਕਰ ਕੱਢਦਾ ਰਹਿੰਦਾ। ਘਰ ਵੀ ਅਗਲਿਆਂ ਸਾਂਭ ਲਿਆ, ਜਿਹਨਾਂ ਕੋਲ ਗਹਿਣੇ ਰੱਖਿਆ ਸੀ। ਪਿੰਡੋਂ ਬਾਹਰ ਇੱਕ ਫਕੀਰ ਦੀ ਦਰਗਾਹ ਤੇ ਡੇਰਾ ਲਾ ਲਿਆ। ਲੋਕੀਂ ਕੁਝ ਨਾ ਕੁਝ ਖਾਣ ਨੂੰ ਦੇ ਦਿੰਦੇ ਸੀ ਤੇ ਸ਼ਰਾਬ ਲਈ ਪੈਸੇ ਲੋਕਾਂ ਕੋਲੋਂ ਮੰਗ ਲਿਆ ਕਰਦਾ ਸੀ। ਲੋਕੀਂ ਤਰਸ ਵਜੋਂ 5 ਰੁਪਏ ਦਸ ਰੁਪਏ ਦੇ ਦਿੰਦੇ ਸਨ। ਆਖ਼ਰ ਭੁੱਖੀ ਮਰਦੀ ਜਨਾਨੀ ਵੀ ਛੱਡਕੇ ਪੇਕੇ ਚਲੇ ਗਈ। ਇੱਕ ਦਿਨ ਪੂਰੀ ਬੋਤਲ ਪੀ ਕੇ ਪਾਗ਼ਲ ਹੋਏ ਨੇ ਖੂਹ ਵਿੱਚ ਛਾਲ ਮਾਰ ਦਿੱਤੀ ਤੇ ਮਰ ਗਿਆ। ਕਹਿੰਦੇ ਨੇ ਅੰਤ ਭਲੇ ਦਾ ਭਲਾ ਤੇ ਬੁਰੇ ਦਾ ਬੁਰਾ।
ਕਦੇ ਵੀ ਕਿਸੇ ਦਾ ਦਿਲ ਨਾ ਦੁਖਾਉ। ਆਪਣੀ ਹੱਕ ਦੀ ਕਰਕੇ ਖਾਉ। ਕਿਸੇ ਦਾ ਹੱਕ ਨਾ ਮਾਰੋ। ਸਵੱਰਗ ਨਰਕ ਇੱਥੇ ਹੀ ਹਨ। ਰੱਬ ਬੰਦੇ ਨੂੰ ਕੀਤੇ ਦੀ ਸਜ਼ਾ ਇੱਥੇ ਹੀ ਦੇ ਦਿੰਦਾ। ਅਮਰੀਕ ਵਾਲੀ ਅਖੀਰਲੀ ਕਹਾਣੀ ਮੈਨੂੰ ਉਸ ਦੇ ਪਿੰਡ ਦੇ ਮੁੰਡੇ ਨੇ ਦੱਸੀ, ਜਿਸਨੇ ਮੈਨੂੰ ਫੇਸਬੁੱਕ ਤੋਂ ਲੱਭ ਲਿਆ। ਉਹ ਵੀ ਵਿਚਾਰਾ ਮੇਰੇ ਵਾਂਗੂੰ ਧੱਕੇ ਖਾਂਦਾ ਕੈਨੇਡਾ ਆ ਗਿਆ ਸੀ। ਸੋ ਇਸ ਤਰਾਂ ਹੁੰਦਾ ਬੇਈਮਾਨ ਬੰਦੇ ਦਾ ਅੰਤ।
ਮੈਂ ਫਿਰ ਸਭ ਨੂੰ ਇਹੋ ਬੇਨਤੀ ਕਰਦਾ ਕਿ ਕੱਲੀਆਂ ਧੀਆਂ ਭੈਣਾਂ ਨੂੰ ਪਰਦੇਸ ਨਾ ਭੇਜੋ। ਭਾਵੇਂ ਕੁੜੀਆਂ ਸਟੂਡੈਂਟ ਵੀਜ਼ੇ ਤੇ ਵੀ ਆਉਂਦੀਆਂ ਹਨ ਪਰ ਫਿਰ ਵੀ ਉਹ ਸੁਰੱਖਿਅਤ ਨਹੀਂ। ਕੁੜੀ ਸਟੂਡੈਂਟ ਵੀਜ਼ੇ ਤੇ ਆਉਂਦੀ ਹੈ, ਉਹਨੂੰ ਰਹਿਣ ਲਈ ਵੀ ਜਗ੍ਹਾ ਚਾਹੀਦੀ ਆ। ਇੱਥੇ 1700 ਡਾਲਰ ਘੱਟੋ ਘੱਟ ਬੇਸਮੈਂਟ ਦਾ ਰੈਂਟ ਹੈ ਮਹੀਨੇ ਦੇ। ਫਿਰ ਖਾਣ ਨੂੰ ਵੀ ਚਾਹੀਦਾ, ਲੀੜਾ ਕੱਪੜਾ, ਬੱਸਾਂ ਦੇ ਕਿਰਾਏ, ਸਕੂਲ ਦੀ ਪੜ੍ਹਾਈ ਦਾ ਖਰਚਾ। ਸਾਰੇ ਮਾਂ ਪਿਉਂ ਏਨੇ ਅਮੀਰ ਨਹੀਂ ਹੁੰਦੇ ਕਿ ਉਹ ਆਪਣੀ ਧੀ ਨੂੰ ਸਾਰਾ ਖਰਚਾ ਦੇ ਸਕਣ। ਕੁੜੀ ਨੂੰ ਸਿਰਫ਼ 20 ਘੰਟੇ ਹਫ਼ਤੇ ਦੀ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਤੇ ਇਸ ਨਾਲ ਗੁਜ਼ਾਰਾ ਨਹੀਂ ਹੁੰਦਾ। ਸਟੂਡੈਂਟ ਨੂੰ ਮੁੰਡਾ ਹੋਵੇ ਜਾਂ ਕੁੜੀ ਰੈਸਟੋਰੈਂਟਾਂ ਵਿੱਚ ਜਾਂ ਪ੍ਰਾਈਵੇਟ ਛੋਟੇ ਮੋਟੇ ਸਟੋਰਾਂ ਵਿੱਚ ਅੱਧੀ ਤਨਖਾਹ ਤੇ ਕੰਮ ਕਰਨਾ ਪੈਂਦਾ ਹੈ।
ਆਪਣੇ ਸਟੋਰਾਂ, ਰੈਸਟੋਰੈਂਟਾਂ ਵਾਲੇ ਇਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਹਨ। ਬਹੁਤੀ ਵਾਰੀ ਘਰਾਂ ਦੇ ਮਾਲਕ ਜੋ ਬੇਸਮੈਂਟਾਂ ਕਿਰਾਏ ਤੇ ਦਿੰਦੇ ਨੇ ਉਹ ਵੀ ਸ਼ੋਸ਼ਣ ਕਰਦੇ ਨੇ। ਇੰਨੇ ਖਰਚੇ ਤੇ ਰਹਿਣ ਦਾ ਪ੍ਰਬੰਧ ਕਰਨਾ ਔਖਾ ਹੁੰਦਾ ਹੈ। ਫਿਰ ਇਹ ਸੱਤ-ਸੱਤ ਅੱਠ-ਅੱਠ ਮੁੰਡੇ ਕੁੜੀਆਂ ਇਕੋ ਬੇਸਮੈਂਟ ਵਿੱਚ ਰਹਿਣ ਲਈ ਮਜਬੂਰ ਹੁੰਦੇ ਹਨ। ਸਾਰੇ ਜਣੇ ਥੋੜੇ ਥੋੜੇ ਪੈਸੇ ਪਾ ਕੇ ਕਿਰਾਇਆ ਪੂਰਾ ਕਰਦੇ ਹਨ। ਪਿੱਛੇ ਪਿੰਡ ਨੂੰ ਜਾ ਨਹੀਂ ਸਕਦੇ ਤੇ ਇੱਥੇ ਔਕੜਾਂ ਭਰਿਆ ਜੀਵਨ ਬਤੀਤ ਕਰਦੇ ਹਨ। ਕੁੱਝ ਸਮਾਂ ਪਹਿਲਾਂ ਤਾਂ ਇਹਨਾਂ ਤੇ ਗੁਰੂ ਘਰਾਂ ਵਿੱਚ ਜਾਣ ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਹੁਣ ਤੁਸੀਂ ਦੱਸੋ ਜੇ ਅੱਠ ਮੁੰਡੇ ਕੁੜੀਆਂ ਇੱਕ ਕਮਰੇ ਵਿੱਚ ਰਹਿਣਗੇ ਤਾਂ ਕੋਈ ਨਾ ਕੋਈ ਗ਼ਲਤ ਕੰਮ ਜ਼ਰੂਰ ਹੋਵੇਗਾ। ਉਹ ਜਾਣ ਬੁੱਝ ਕੇ ਨਹੀਂ ਕਰਦੇ, ਮਜਬੂਰੀ ਵੱਸ ਕਰਨਾ ਹੀ ਪੈਂਦਾ ਹੈ। ਮੇਰਾ ਮਤਲਬ ਸਾਰੇ ਮੁੰਡੇ, ਕੁੜੀਆਂ ਇੱਕੋ ਜਿਹੇ ਨਹੀਂ ਹੁੰਦੇ ਪਰ ਬਹੁਤਿਆਂ ਵਾਰੇ ਦੇਖਣ, ਸੁਣਨ ਨੂੰ ਮਿਲਦਾ ਹੈ। ਕੈਨੇਡਾ ਵਿੱਚ ਇਨ੍ਹਾਂ ਦੀ ਕਾਫੀ ਬਦਨਾਮੀ ਹੋਈ ਹੈ। ਸੋ ਇਸ ਕਰਕੇ ਧੀਆਂ ਭੈਣਾਂ ਨੂੰ ਪਰਦੇਸ ਇੱਕਲੀਆਂ ਨੂੰ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸਮਾਪਤ 🙏🙏🙏🙏🙏
ਲੇਖਕ - ਅਮਰਜੀਤ ਚੀਮਾਂ
+1(716)908-3631