Saturday, May 10, 2025

Articles

ਪਰਦੇਸ (ਭਾਗ -17)

October 07, 2023 01:05 PM
Amarjeet Cheema (Writer from USA)

ਹੁਣ ਜਦੋਂ ਸਾਡੀ ਗੱਲ ਹੋਈ ਕੰਪਨੀ ਨਾਲ ਸਾਡੀ ਸੁਰੱਖਿਆ ਦੀ ਤਾਂ ਉਹਨਾਂ ਦੋ ਕੁਤੇਬ ਵਾਲੇ ਬੰਦੇ  ਹੀ ਰਾਤ ਨੂੰ ਸਾਡੀ ਰੱਖਿਆ ਲਈ ਰੱਖ ਲਏ ਦੋ ਭਰਾ ਸੀ ਪਾਰਟ ਟਾਈਮ ਕੁਤੇਬ  ਦੇ ਦਫਤਰ ਵੀ ਜਾਂਦੇ ਸੀ ਤੇ ਰਾਤ ਨੂੰ ਵਾਰੋ ਵਾਰੀ ਪਹਿਰਾ ਵੀ ਦਿੰਦੇ ਸੀ। ਗੱਡੀ ਫਿਰ ਲੀਹ ਤੇ ਚੱਲਣ ਲੱਗੀ। ਅਮਰੀਕ ਦਾ ਸਾਡੇ ਕਮਰਿਆਂ ਵਿੱਚ ਆਉਣਾ ਜਾਣਾ ਵੱਧ ਗਿਆ। ਉਹਦਾ  ਕੰਮ ਵੀ ਹੁਣ ਕਾਫ਼ੀ ਘਟ ਗਿਆ ਸੀ। ਕਾਫ਼ੀ ਡੌਂਕੀ ਲਵਾਉਣ ਵਾਲੇ ਬਾਰਡਰ ਤੇ ਫੜੇ ਗਏ। ਜਿਹਨਾਂ ਚੈੱਕ ਪੋਸਟਾਂ ਰਾਹੀਂ ਸਾਨੂੰ ਭੇਡਾਂ ਦੱਸ ਕੇ ਲਿਆਉਂਦੇ ਸੀ, ਉੱਥੇ ਵੀ ਕੁਝ ਏਜੰਟ ਫੜੇ ਗਏ।  ਉਹ ਫੜੇ ਗਏ ਮੁੰਡਿਆਂ ਨੂੰ ਤਾਂ ਦੋ-ਚਾਰ ਥੱਪੜ ਮਾਰ ਕੇ ਛੱਡ ਦਿੰਦੇ ਸਨ ਪਰ ਏਜੰਟ ਦੀਆਂ ਲੱਤਾਂ ਬਾਹਾਂ ਤੋੜ ਦਿੰਦੇ ਸਨ। ਇਸ ਲਈ ਹੁਣ ਕੋਈ ਡਰਦਾ ਇਹ ਕੰਮ ਨਹੀਂ ਸੀ ਕਰਦਾ। ਇੱਕ ਦਿਨ  ਉਹ ਸਾਡੇ ਕਮਰਿਆਂ ਵਿੱਚ ਆਇਆ ਤੇ ਕਹਿੰਦਾ ਜਿਹਨੇ ਜਿਹਨੇ ਪੈਸੇ ਬੈਂਕ ਰਾਹੀਂ ਭੇਜਣੇ ਨੇ, ਮੈਨੂੰ ਦੇ ਦਿਉ ਮੈਂ ਕੱਲ ਸਵੇਰੇ ਸਵੇਰੇ ਜਾ ਕੇ ਭੇਜ ਆਵਾਂਗਾ। ਸਾਰਿਆਂ ਨੇ ਕੁਝ  ਕੁ- ਪੈਸੇ ਜਿੰਨੇ ਕਿਸੇ ਕੋਲ ਸੀ ਦੇ ਦਿੱਤੇ। ਕਾਫੀ ਵੱਡੀ ਰਕਮ ਇਕੱਠੀ ਹੋ ਗਈ। ਉਹਨੀਂ ਦਿਨੀਂ ਚਿੱਠੀਆਂ ਰਾਹੀਂ ਹੀ ਪਤਾ ਲੱਗਦਾ ਸੀ ਕਿ ਪੈਸੇ ਮਿਲੇ ਜਾਂ ਨਹੀਂ। ਦੂਜੀ ਤਨਖਾਹ ਤੇ ਉਹ ਫਿਰ ਆ ਗਿਆ  ਪਈ ਮੈਨੂੰ ਐਮਰਜੈਂਸੀ ਇੰਡੀਆ ਜਾਣਾ ਪੈਣਾ, ਭੈਣ ਦਾ ਵਿਆਹ ਕਰਨਾ ਤੇ ਮੈਂ ਤਿੰਨ ਹਫ਼ਤੇ ਵਿੱਚ ਵਾਪਸ ਆ ਜਾਣਾ ਤੇ ਜੇ ਕਿਸੇ ਨੇ ਆਪਣੇ ਘਰ ਕੋਈ ਸੁਨੇਹਾ ਦੇਣਾ  ਜਾਂ ਲੀੜਾ ਕੱਪੜਾ ਜਾਂ ਪੈਸੇ ਭੇਜਣੇ ਹਨ  

 

ਤਾਂ ਦੇ ਦਿਉ, ਮੈਂ ਤੁਹਾਡੇ ਸਾਰਿਆਂ ਦੇ ਘਰੋ ਘਰੀ ਤੁਹਾਡੇ ਲੀੜੇ ਕੱਪੜੇ, ਪੈਸੇ ਦੇ ਆਵਾਂਗਾ। ਕੁੜੀਆਂ ਕੋਲੋਂ ਵੀ ਗਹਿਣਾ ਗੱਟਾ ਲੈ ਲਿਆ ਕਿ ਮੈਂ ਭੈਣ ਦੇ ਵਿਆਹ ਮੌਕੇ ਬੱਸ ਦਿਖਾਵੇ ਲਈ ਹੀ ਪਾਉਣਾ ਤੇ ਵਾਪਸ ਆ ਕੇ ਤੁਹਾਨੂੰ ਮੋਡ਼ ਦਿਆਂਗਾ। ਬਹੁਤ ਸਾਰੇ ਮੁੰਡਿਆਂ ਨੇ ਚਾਵਾਂ ਨਾਲ ਆਪੋ ਆਪਣੇ ਭੈਣਾਂ, ਭਰਾਵਾਂ, ਮਾਂ ਪਿਉ ਲਈ ਸੂਟ, ਕਮੀਜ਼ਾਂ ਵਗੈਰਾ ਕੱਪੜੇ ਖਰੀਦ ਕੇ ਅਮਰੀਕ ਨੂੰ ਦੇ ਦਿੱਤੇ। ਉਹਦੇ ਕੋਈ ਦੋਹਾਂ ਭਰਾਵਾਂ ਦੇ ਛੇ ਵੱਡੇ ਵੱਡੇ ਅਟੈਚੀ ਭਰ ਗਏ। ਬਹੁਤ ਖੁਸ਼ ਨਜ਼ਰ ਆ ਰਿਹਾ ਸੀ, ਕਹਿੰਦਾ ਯਾਰੋ ਮੈਥੋਂ ਆਪਣਾ ਕੱਪੜਾ ਲੱਤਾ ਤਾਂ ਕੋਈ ਲੈ ਨਹੀਂ ਹੋਇਆ, ਹੁਣ ਤੁਹਾਡੇ ਯਾਰਾਂ ਦੋਸਤਾਂ ਨੂੰ ਨਾਂਹ ਕਿਵੇਂ ਕਰ ਸਕਦਾ।  ਆਪਣੇ ਲਈ ਮੈਂ ਕੱਪੜੇ ਇੰਡੀਆ ਜਾ ਕੇ ਖ਼ਰੀਦ ਲਵਾਂਗਾ। ਅਗਲੇ ਹਫ਼ਤੇ ਉਹਨੇ ਟੈਕਸੀ ਵਿੱਚ ਸਾਰਾ ਸਾਮਾਨ ਰਖਾਇਆ ਤੇ ਸਾਰਿਆਂ ਨੂੰ ਮੀਟ ਤੇ ਸ਼ਰਾਬ ਰਜਾਕੇ ਪਿਲਾਈ ਤੇ ਕਹਿੰਦਾ ਬੱਸ ਯਾਰ ਉਦਾਸ ਨਾ ਹੋਇਉ ਸਿਰਫ 3 ਹਫ਼ਤੇ ਦੀ ਹੀ ਤਾਂ ਗੱਲ ਆ, ਮੈਂ ਇੰਜ ਗਿਆ ਤੇ ਇੰਜ ਆਇਆ। ਇੰਜ ਡੇਢ ਕੁ ਮਹੀਨਾ ਬੀਤ ਗਿਆ। ਜਿਹਨਾਂ ਮੁੰਡਿਆਂ ਨੇ ਪੈਸੇ ਕੱਪੜੇ ਦਿੱਤੇ ਸਨ, ਉਹਨਾਂ ਆਪਣੇ  ਘਰ ਚਿੱਠੀਆਂ ਵੀ ਪਾਈਆਂ ਸਨ ਕਿ ਪੈਸੇ ਮਿਲ ਗਏ ਜਾਂ ਨਹੀਂ ?

 ਸਾਰਿਆਂ ਘਰਾਂ ਦੇ ਇਹੀ ਜੁਆਬ ਸਨ ਕਿ ਸਾਡੇ ਕੋਲ ਕੋਈ ਨਹੀਂ ਆਇਆ ਤੇ ਕੋਈ ਪੈਸਾ ਬੈਂਕ ਵਿੱਚ ਨਹੀਂ ਆਇਆ। ਮੈਨੂੰ ਸ਼ੱਕ ਹੋ ਗਈ ਤੇ ਮੈਂ ਅਮਰੀਕ ਨੂੰ  ਚਿੱਠੀ ਲਿਖੀ ਪਈ ਯਾਰ ਤੂੰ ਕਦੋਂ ਵਾਪਸ ਆ ਰਿਹਾ ?  ਨਾਲੇ ਸਾਡੇ ਘਰ ਵੀ ਨਹੀਂ ਗਿਆ ਤੇ ਨਾਲੇ ਪੈਸੇ ਵੀ ਘਰ ਨਹੀਂ ਪਹੁੰਚੇ, ਜਿਹੜੇ ਤੈਨੂੰ ਬੈਂਕ ਰਾਹੀਂ  ਭੇਜਣ ਨੂੰ ਦਿੱਤੇ ਸੀ। ਤਿੰਨ ਚਾਰ ਮੁੰਡੇ ਅਮਰੀਕ ਦੇ ਪਿੰਡਾਂ ਦੇ ਨਾਲ ਦੇ ਵੀ ਸਨ । 

 

ਮੈਂ ਆਪਣੇ ਘਰ ਨੂੰ ਚਿੱਠੀ ਲਿਖੀ ਤੇ ਮਾਂ ਨੂੰ ਕਿਹਾ ਕਿ ਤੂੰ ਆਪ ਅਮਰੀਕ ਦੇ ਪਿੰਡ ਜਾ ਕੇ ਪੈਸੇ ਤੇ ਕੱਪੜੇ ਲੈ ਕੇ ਆ। ਮਾਂ ਮੇਰੀ ਅਨਪੜ੍ਹ, ਵਿਚਾਰੀ ਨੇ ਪਿੰਡੋਂ ਮੇਰਾ ਯਾਰ ਦੋਸਤ ਲੈ ਕੇ  ਅਮਰੀਕ ਦੇ ਪਿੰਡ, ਘਰ ਚਲੇ ਗਈ। ਜਦ ਕੱਪੜਿਆਂ ਬਾਰੇ ਪੁੱਛਿਆ ਤਾਂ ਜੁਵਾਬ ਸੀ ਪਈ ਭੈਣ ਦੇ ਵਿਆਹ ਤੇ ਦੇਣ ਲੈਣ ਵਿੱਚ ਵਰਤੇ ਗਏ। ਤੁਸੀਂ ਸਮਝੋ ਤੁਹਾਡੀ ਕੁੜੀ ਦਾ ਹੀ ਵਿਆਹ ਸੀ। ਬਾਕੀ ਰਹੀ ਪੈਸਿਆਂ ਦੀ  ਗੱਲ, ਉਹ ਮੈਂ ਲਿਬਨਾਨ ਜਾ ਕੇ ਅਮਰਜੀਤ ਨੂੰ ਆਪੇ ਵਾਪਸ ਕਰ ਦਿਆਂਗਾ। ਮੇਰੀ ਮਾਂ ਥੱਕੀ ਟੁੱਟੀ, ਬੱਸਾਂ ਵਿੱਚ ਧੱਕੇ ਠੇਡੇ ਖਾਂਦੀ ਘਰ ਵਾਪਸ ਆ ਗਈ ਤੇ ਸਭ ਕੁਝ ਚਿੱਠੀ ਵਿੱਚ ਲਿਖ ਦਿੱਤਾ ਮੈਨੂੰ।  ਤਿੰਨ ਕੁ-ਮਹੀਨੇ ਬਾਦ ਅਮਰੀਕ ਦੀ ਚਿੱਠੀ ਆਈ ਕਿ ਮੈਂ ਤਾਂ ਹੁਣ ਵਾਪਿਸ ਲਿਬਨਾਨ ਆਉਣਾ ਨਹੀਂ। ਸਭ ਕੁੱਝ ਭੁੱਲ ਜਾਉ। ਮੇਰੀਆਂ ਫ਼ੋਟੋ ਤੁਹਾਡੇ ਕੋਲ ਹਨ। ਆਪਣੇ ਦਰਵਾਜ਼ੇ ਤੇ ਚਿਪਕਾ ਦਿਉ ਤੇ ਸਵੇਰੇ ਉੱਠਦੇ ਸਾਰ ਪੰਜ ਪੰਜ ਜੁੱਤੀਆਂ ਮਾਰ  ਲਿਆ ਕਰੋ ਤੇ ਤੁਹਾਨੂੰ ਸਬਰ ਆ ਜਾਵੇਗਾ। ਜਦੋਂ ਇਹ ਖਬਰ ਮੈਂ ਸਾਰਿਆਂ ਨੂੰ ਦੱਸੀ ਤਾਂ ਸਾਰੇ ਸਿਰ ਫੜਕੇ ਬੈਠ ਗਏ ਕਿ ਇਹ ਸਾਡੇ ਨਾਲ ਕੀ ਹੋਇਆ। ਸ੍ਰੀਲੰਕਾ ਦੀਆਂ ਕੁਡ਼ੀਆਂ ਧਾਹੀਂ ਰੋਣ ਕੇ ਸਾਡੀ  ਸਾਰੀ ਕਮਾਈ ਲੁੱਟਕੇ ਲੈ ਗਿਆ। ਉਹਦੇ ਪਿੰਡ ਦੇ ਤੇ ਲਾਗੇ ਦੇ ਪਿੰਡ ਦੇ ਮੁੰਡੇ ਕਹਿਣ ਕਿ ਅਸੀਂ ਉਹਨੂੰ ਪੁਲਿਸ ਹਵਾਲੇ ਕਰਾ ਦੇਣਾ  ਜਾਂ ਕਿਸੇ ਬਦਮਾਸ਼ ਕੋਲੋਂ ਮਰਵਾ ਦੇਣਾ। ਲਾਗੇ ਨੇੜੇ ਦੇ ਪਿੰਡ ਵਾਲਿਆਂ ਸਬੰਧਤ ਠਾਣੇ ਦੇ  ਠਾਣੇਦਾਰ ਨਾਲ ਗੱਲ ਕੀਤੀ ਤਾਂ ਉਹ ਟਾਲ ਮਟੋਲ ਕਰ ਦਿਆ ਕਰਨ। ਕਿਉਂਕਿ ਠਾਣੇ ਵਾਲਿਆਂ ਨੂੰ ਅਮਰੀਕ ਨੇ ਪੈਸੇ ਦਿੱਤੇ ਹੋਏ ਸੀ ਕਿ ਜੇ ਕੋਈ ਪਰਚਾ ਦਰਜ ਕਰਨ ਆਵੇ ਤਾਂ ਉਸ ਨੂੰ ਡਰਾ ਧਮਕਾ ਕੇ ਵਾਪਸ ਭੇਜ ਦਿਉ।

 

ਹੁਣ ਲੁਟੇਰਿਆਂ ਨੂੰ ਸਾਡੇ ਤੋਂ ਕਿੜ ਹੋ ਗਈ ਪਈ ਹੁਣ ਸਾਡਾ ਦਾਅ ਨਹੀਂ ਲੱਗਦਾ। ਇੱਕ ਦਿਨ ਸਾਨੂੰ ਪਹਿਰੇਦਾਰਾਂ ਨੇ ਆਪਣੇ ਘਰ ਕੰਮ ਕਰਨ ਲਈ ਸੱਦਿਆ। ਅਸੀਂ ਛੋਟਾ ਟਰੈਕਟਰ ਲੈ ਕੇ ਚਾਰੇ ਜਣੇ ਉਨ੍ਹਾਂ ਦੇ ਘਰ ਕੰਮ ਕਰਨ ਚਲੇ ਗਏ। ਉਹ ਦੋਨੋਂ ਭਰਾ ਬੜੇ ਮਿਲਣਸਾਰ ਸਨ। ਅਸੀਂ ਕਿਹਾ ਕਿ ਤੁਹਾਡੇ ਕੋਲੋਂ ਕੰਮ ਦੇ ਪੈਸੇ ਨਹੀਂ ਲੈਣੇ। ਦੁਪਹਿਰ ਦੀ ਰੋਟੀ ਤੇ ਬੀਅਰਾਂ ਸਾਨੂੰ ਲਿਆ ਦਿਉ। ਕੁਤੇਬੀਆਂ ਦਾ ਦਫ਼ਤਰ ਫੇਤਰੀ (ਸ਼ਹਿਰ) ਦੇ ਚੌਕ ਵਿਚਕਾਰ ਸੀ। ਸ਼ਾਮ ਨੂੰ ਜਦੋਂ ਅਸੀਂ ਕੰਮ ਤੋਂ ਵਾਪਸ ਘਰ ਨੂੰ ਆਏ ਤਾਂ ਚੌਕ ਵਿੱਚ ਖੜੇ ਕੁਤੇਬੀਆਂ ਸਾਨੂੰ ਘੇਰ ਲਿਆ  ਤੇ ਉਤਾਰ ਲਿਆ ਟਰੈਕਟਰ ਤੋਂ। ਕਹਿੰਦੀ ਕਿੱਥੋਂ ਆਏ ਹੋ, ਅਸੀਂ ਕਿਹਾ ਮਾਲਮ ਰੁਬੇਰ ਦੇ ਕੰਮ ਕਰਕੇ ਆਏ ਹਾਂ। ਉਹਨਾਂ ਨੂੰ ਰੁਬੇਰ ਤੇ ਵੀ ਕਿੜ ਸੀ ਪਈ   ਇਹ ਕਿਉਂ ਪਹਿਰਾ ਦਿੰਦੇ ਹਨ। ਉਹਨਾਂ ਰੁਬੇਰ ਨੂੰ ਭੈਣ ਦੀ ਗਾਲ਼ ਕੱਢਕੇ ਅੰਦਰ ਸਫ਼ਾਈ ਦੇ ਕੰਮ ਤੇ ਦਫ਼ਤਰ ਵਿੱਚ ਲੈ ਗਏ। ਸਾਨੂੰ ਝਾੜੂ ਫੜਾ ਦਿੱਤੇ। ਇੱਕ ਕੁਤੇਬੀਆਂ ਅੰਦਰ ਆਇਆ  ਤੇ ਮੇਰੇ ਕੋਲੋਂ ਝਾੜੂ ਲੈ ਕੇ ਮੇਰੇ ਸਿਰ ਵਿੱਚ ਜੜ ਦਿੱਤੇ ਤਿੰਨ ਚਾਰ ਤੇ ਬਾਹਰ ਚਲੇ ਗਿਆ। ਇਹ ਤਿੰਨੇ ਮੂੰਹ ਵਿਚ ਦੰਦੀਆਂ ਕੱਢਣ  ਤੇ ਨਾਲੇ ਕਹਿਣ ਕਿਉਂ ਆਇਆ ਸਵਾਦ ਤੇ ਮਖੌਲ ਕਰਨ।  ਮੈਂ ਦਿਲ ਵਿੱਚ ਸੋਚਾਂ ਪਈ ਇਹ ਬੜੀ ਮਾੜੀ ਹੋਈ। ਇਨ੍ਹਾਂ ਨੇ ਤਾਂ ਘਰ ਜਾ ਕੇ ਦੂਸਰੇ ਮੁੰਡਿਆਂ ਨੂੰ ਦੱਸਕੇ ਮੇਰਾ ਮਜ਼ਾਕ ਉਡਾਉਣਾ। ਥੋੜ੍ਹੀ ਕੁ ਦੇਰ ਬਾਦ ਉਹ ਕੁਤੇਬੀਆਂ ਫਿਰ ਅੰਦਰ ਆਇਆ ਤੇ ਉਹਨੇ ਮੇਰੇ ਕੋਲੋਂ ਝਾਡ਼ੂ ਫਡ਼ਕੇ ਇਹਨਾਂ ਤਿੰਨਾਂ ਦੇ ਵੀ ਵਾਰੋ ਵਾਰੀ ਚਾਰ- ਚਾਰ ਝਾੜੂ ਸਿਰ ਵਿੱਚ ਮਾਰ ਦਿੱਤੇ। ਫਿਰ ਉਹਨਾਂ ਦਾ ਹਾਸਾ ਵੀ ਬੰਦ ਹੋ ਗਿਆ। 

ਲੇਖਕ- ਅਮਰਜੀਤ ਚੀਮਾਂ 

+1(716)908-3631

Have something to say? Post your comment