ਕੁਤੇਬੀਆਂ ਬਾਜ ਦੀ ਬਹੁਤ ਕੁੱਟਮਾਰ ਕੀਤੀ। ਕਹਿਣ ਇਹ ਸਰਮੂਤ (ਕੰਜਰ) ਜਾਣ ਬੁੱਝ ਕੇ ਸਾਨੂੰ ਕੁਝ ਨਹੀਂ ਦੇ ਰਿਹਾ। ਉਹਨਾਂ ਸਾਡੇ ਵੀ ਚਪੇੜਾਂ ਜੜ ਦਿੱਤੀਆਂ ਕਹਿੰਦੇ ਤੁਸੀਂ ਇਹਨੂੰ ਕਹੋ ਕਿ ਪੈਸੇ ਕੱਢੇ। ਅਸੀਂ ਉਨ੍ਹਾਂ ਨੂੰ ਕਿਹਾ ਕਿ ਇਹ ਕੰਮ ਨਹੀਂ ਕਰਦਾ, ਪੈਸੇ ਕਿੱਥੋਂ ਦੇਵੇ। ਜੇ ਕੰਮ ਨਹੀਂ ਕਰਨਾ ਤਾਂ ਇੱਥੇ ਕੀ ਲੈਣ ਆਇਆ। ਮਸੀਂ ਮਿੰਨਤਾਂ ਤਰਲੇ ਕਰਕੇ ਛੁੱਟੇ। ਫਿਰ ਕੁੜੀਆਂ ਦੀ ਵਾਰੀ ਆ ਗਈ। ਉਨ੍ਹਾਂ ਚਹੁੰਆਂ ਜਾਣੀਆਂ ਦੀਆਂ ਬਾਹਾਂ ਬੰਨ੍ਹ ਕੇ ਇੱਕ ਵੱਡੇ ਸਾਰੇ ਪਲਾਈ ਬੋਰਡ ਦੇ ਮੰਜੇ ਤੇ ਮੁਧੀਆਂ ਪਾ ਲਈਆਂ ਤੇ ਸਾਨੂੰ ਕਹਿੰਦੇ ਅੱਖਾਂ ਬੰਦ ਕਰਕੇ, ਕੰਧ ਵੱਲ ਨੂੰ ਮੂੰਹ ਕਰਕੇ ਥੱਲੇ ਬਹਿ ਜਾਉ। ਕੋਈ ਪੌਣਾ ਘੰਟਾ ਉਨ੍ਹਾਂ ਨੇ ਚਹੁੰਆਂ ਨਾਲ ਦੋ ਦੋ ਵਾਰੀ ਗਲਤ ਕੰਮ ਕੀਤਾ। ਉਹ ਬਥੇਰਾ ਧਰਮ ਦਾ ਵਾਸਤਾ ਪਾਉਣ ਕਿ ਅਸੀਂ ਵੀ ਕਰਿਸਚੀਅਨ ਹਾਂ। ਬਹੁਤ ਯਾ ਆਦਰਾ, ਯਾ ਆਦਰਾ ਕਹਿ ਕੇ ਚੀਕਣ ਪਰ ਕਿਸੇ ਗੁੰਡੇ ਨੂੰ ਤਰਸ ਨਹੀਂ ਆਇਆ। ਆਦਰਾ ਕਰਿਸਚੀਅਨਾਂ ਦੀ ਕੋਈ ਦੇਵੀ ਹੈ ਪਰ ਸ਼ੈਤਾਨ ਦਾ ਕੋਈ ਧਰਮ ਨਹੀਂ ਹੁੰਦਾ। ਅਸੀਂ ਸੋਚੀਏ ਇਹਦੇ ਨਾਲੋਂ ਤਾਂ ਮਰ ਜਾਣਾ ਚੰਗਾ ਪਰ ਕੀ ਕਰੀਏ ਪਰਦੇਸ ਸੀ, ਖਾਲੀ ਹੱਥੀਂ ਤੇ ਉਨ੍ਹਾਂ ਕੋਲ ਸਟੇਨ ਗੰਨਾਂ। ਜਦੋਂ ਉਹ ਚਲੇ ਗਏ ਤਾਂ ਫਿਰ ਅਸੀਂ ਉਨ੍ਹਾਂ ਕੁੜੀਆਂ ਦੇ ਹੱਥ ਖੋਲ੍ਹੇ ਪਰ ਸਾਰੀ ਰਾਤ ਨੀਂਦ ਨਾ ਆਈ ਪਈ ਕੀ ਕੀਤਾ ਜਾਵੇ। ਵਾਪਸ ਇੰਡੀਆ ਜਾ ਕੇ ਵੀ ਕੀ ਕਰਾਂਗੇ, ਵੱਡੀ ਗੱਲ ਕਿ ਸਾਡੇ ਪਾਸਪੋਰਟ ਵੀ ਚੋਰੀ ਹੋ ਗਏ ਸਨ, ਮਰਦੇ ਕੀ ਨਾ ਕਰਦੇ। ਸਕੀਮ ਮੁਤਾਬਕ ਅਸੀਂ ਚਾਰੇ ਜਣੇ ਟੈਕਸੀ ਲੈ ਕੇ ਜੌਨੀ ਸ਼ਹਿਰ ਦੀ ਬੰਦਰਗਾਹ ਤੇ ਚਲੇ ਗਏ, ਸਾਰਾ ਦਿਨ ਉੱਥੇ ਗੁਜ਼ਾਰਿਆ ਤੇ ਰਾਤ ਨੂੰ ਘਰ ਵਾਪਸ ਆ ਗਏ।
ਅਸੀਂ ਰਸਤੇ ਵਿੱਚ ਬਾਜ ਦੀਆਂ ਗੱਲਾਂ ਕਰਦੇ ਆ ਰਹੇ ਸੀ ਪਈ ਭੈਣ ਕੋਲੋਂ ਪੈਸੇ ਉਧਾਰ ਲੈ ਕੇ ਬਾਹਰ ਆਇਆ ਤੇ ਇੱਥੇ ਕੰਮ ਨਹੀਂ ਕਰਦਾ। ਇਹਦੇ ਕਰਕੇ ਸਾਡੇ ਰਾਤੀਂ ਜੁੱਤੀਆਂ ਪਈਆਂ। ਜਦੋਂ ਘਰ ਆਏ ਤਾਂ ਦੇਖਿਆ ਬਾਜ ਕਿਸੇ ਹੋਰ ਕਮਰੇ ਵਿੱਚ ਡੱਬਾ ਵਜਾ ਰਿਹਾ ਤੇ ਸ਼ਰਾਬ ਪੀਤੀ ਹੋਈ। ਮੈਂ ਕਿਹਾ ਇਹ ਕਿਸ ਤਰਾਂ ਦਾ ਬੇਸ਼ਰਮ ਬੰਦਾ ਹੈ। ਹੱਟਾ ਕੱਟਾ ਤੇ ਕੰਮ ਨਹੀਂ ਕਰਦਾ। ਇਹਦੀ ਭੈਣ ਤੇ ਕੀ ਬੀਤਦੀ ਹੋਵੇਗੀ ਜਦੋਂ ਇਹਦਾ ਜੀਜਾ ਇਹਦੀ ਭੈਣ ਦੀ ਬੇਇਜ਼ਤੀ ਕਰਦਾ ਹੋਵੇਗਾ ਕਿ ਤੇਰੇ ਭਰਾ ਨੇ ਮੇਰੇ ਪੈਸੇ ਨਹੀਂ ਮੋੜੇ। ਅਸੀਂ ਚਾਰੇ ਉਸ ਕਮਰੇ ਵਿੱਚ ਪਹੁੰਚ ਗਏ ਤੇ ਅੱਗੋਂ ਉਹ ਬੇਸ਼ਰਮਾ ਵਾਂਗੂੰ ਹੱਸਕੇ ਕਹਿੰਦਾ, ਤਾਇਆ ਆ ਗਏ ਸੈਰ ਕਰਕੇ ? ਮੈਨੂੰ ਗੁੱਸਾ ਆ ਗਿਆ, ਮੈਂ ਕਿਹਾ, ਤੇਰੀ ਐਸੀ ਕੀ ਤੈਸੀ! ਰਾਣੇ ਤੇ ਸ਼ੇਰ ਨੂੰ ਕਿਹਾ ਇਹਨੂੰ ਮੂਧੇ ਮੂੰਹ ਪਾ ਲਉ ਤੇ ਦੋਨੋਂ ਜਣੇ ਇਹਦੀਆਂ ਲੱਤਾਂ ਘੁੱਟ ਕੇ ਫੜ ਲਵੋ। ਬਿੰਦਰ ਨੂੰ ਕਿਹਾ ਕਿ ਤੂੰ ਇਹਦੀ ਧੌਣ ਤੇ ਗੋਡਾ ਰੱਖ। ਮੇਰੇ ਹੱਥ ਆ ਗਈ ਗੈਂਡੇ ਦੀ ਬਣੀ ਚੱਪਲ। ਮੈਂ ਕਿਹਾ ਤੈਨੂੰ ਮਾਂ ਪਿਉ ਨੇ ਜੰਮਿਆ, ਠਾਹ ਚੱਪਲ। ਤੈਨੂੰ ਪਾਲਿਆ, ਪਲੋਸਿਆ, ਵੱਡਾ ਕੀਤਾ, ਠਾਹ ਚੱਪਲ। ਤੇਰਾ ਨਾਂ ਰੱਖਿਆ ਬਾਜ ਸਿੰਘ, ਠਾਹ ਚੱਪਲ। ਕੰਮ ਤੇਰੇ ਕਾਲੇ ਕਾਵਾਂ ਵਰਗੇ ਠਾਹ ਚੱਪਲ। ਭੈਣ ਤੋਂ ਉਧਾਰ ਲੈ ਕੇ ਵਾਪਸ ਨਹੀਂ ਮੋੜਿਆ ਠਾਹ ਚੱਪਲ। ਇੱਕ ਲਾਹਨਤ ਤੇ ਨਾਲ ਚੱਪਲ। ਮੂਧਾ ਅਸੀਂ ਇੰਜ ਪਾਇਆ ਸੀ, ਜਿਵੇਂ ਸੁਧਾਰ ਕਮੇਟੀ ਵਾਲੇ ਗ੍ਰੰਥੀ ਸਿੰਘਾਂ ਨੂੰ ਸੋਧਾ ਲਾਉਂਦੇ ਨੇ ਜੋ ਜਠੇਰਿਆਂ, ਮੜ੍ਹੀਆਂ ਤੇ ਜਾ ਕੇ ਅਖੰਡ ਪਾਠ ਸਾਹਿਬ ਦਾ ਪਾਠ ਕਰਦੇ ਨੇ।
ਗੈਂਡੇ ਦੀ ਚੱਪਲ ਪੁਲਸ ਦੇ ਪਟੇ ਨਾਲੋਂ ਘੱਟ ਕੰਮ ਨਹੀਂ ਸੀ ਕਰਦੀ। ਜਿਸ ਤੇ ਲਿਖਿਆ ਹੁੰਦਾ, ਦੁੱਧ ਪੀ ਲੈ ਬਾਲਮਾ! ਜਾਂ ਲਿਖਿਆ ਹੁੰਦਾ ਆਣ ਮਿਲੋ ਸੱਜਣਾ। ਇੱਕ ਚੱਪਲ ਪਵੇ ਤਾਂ ਉਤਾਂਹ ਨੂੰ ਬੁੱੜ੍ਹਕੇ। ਕਹਿੰਦਾ ਤਾਇਆ, ਮੇਰੀ ਤੌਬਾ, ਅੱਜ ਮੈਨੂੰ ਛੱਡਦੇ, ਮੈਂ ਕੱਲ੍ਹ ਤੋਂ ਕੰਮ ਤੇ ਜਾਵਾਂਗਾ, ਸ਼ਰਾਬ ਨਹੀਂ ਪੀਵਾਂਗਾ ਤੇ ਆਪਣੀ ਭੈਣ ਦੇ ਪੈਸੇ ਵਾਪਸ ਕਰਾਂਗਾ ਤੇ ਆਪਣੇ ਮਾਪਿਆਂ ਦੀ ਗ਼ਰੀਬੀ ਦੂਰ ਕਰਾਂਗਾ। ਬੜੇ ਵਾਸਤੇ ਪਾਉਣ ਤੇ ਉਹਨੂੰ ਛੱਡ ਦਿੱਤਾ। ਸਵੇਰੇ ਜਦੋਂ ਅਸੀਂ ਕੰਮ ਜਾਣ ਲਈ ਤਿਆਰ ਹੋਏ ਤਾਂ ਬਾਜ ਸਭ ਤੋਂ ਪਹਿਲਾਂ ਕੱਪੜੇ ਪਾ ਕੇ ਤਿਆਰ ਖੜ੍ਹਾ ਸੀ। ਕੰਮ ਤੇ ਗਏ ਤਾਂ ਫੋਰਮੈਨ ਬਾਜ ਨੂੰ ਦੇਖ ਕੇ ਹੱਸਿਆ ਤੇ ਕਹਿੰਦਾ ਕਿ ਅੱਜ ਮੈਂ ਕੀ ਦੇਖ ਰਿਹਾਂ ? ਮੂੰਹ ਅੱਖਾਂ ਸੁੱਜੀਆਂ ਪਈਆਂ ਤੇ ਤੂੰ ਕੰਮ ਤੇ ? ਅੱਗੇ ਤਾਂ ਹਫ਼ਤੇ ਵਿੱਚ ਇੱਕ ਵਾਰੀ ਤੇਰੇ ਦਰਸ਼ਨ ਹੁੰਦੇ ਨੇ । ਫਿਰ ਅਸੀਂ ਫੋਰਮੈਨ ਨੂੰ ਦੱਸਿਆ ਪਈ ਪਰਸੋਂ ਰਾਤੀਂ ਕੁਤੇਬੀਏ ਆ ਕੇ ਇਹਦੀ ਸਰਵਿਸ ਕਰ ਗਏ ਸਨ ਤੇ ਰਾਤੀਂ ਰਹਿੰਦੀ ਖੂੰਹਦੀ ਕਸਰ ਅਸੀਂ ਪੂਰੀ ਕਰ ਦਿੱਤੀ। ਫੋਰਮੈਨ ਖੁਸ਼ ਹੋਇਆ ਤੇ ਉਹਨੂੰ ਕਹਿੰਦਾ ਕਿ ਹਰ ਰੋਜ਼ ਕੰਮ ਤੇ ਆਇਆ ਕਰ । ਅਸੀਂ ਫੋਰਮੈਨ ਨੂੰ ਕਿਹਾ ਕਿ ਇਹਦਾ ਵੀ ਔਵਰਟਾਇਮ ਲਗਾਇਆ ਕਰੋ। ਉਹ ਸਹਿਮਤ ਹੋ ਗਿਆ ਕਿ ਜਿੰਨਾ ਮਰਜ਼ੀ ਚਾਹੇ ਔਵਰਟਾਇਮ ਲਾਵੇ। ਇਹ ਦਿਨ ਜਾਵੇ ਤੇ ਅੱਜ ਦਾ ਆਵੇ, ਬਾਜ ਨੇ ਕਦੇ ਦਿਹਾੜੀ ਨਹੀਂ ਭੰਨੀ। ਸਗੋਂ ਐਤਵਾਰ ਸ਼ਨੀਵਾਰ ਵੀ ਸਾਡੇ ਨਾਲ ਮੋਢਾ ਜੋਡ਼ਕੇ ਕੰਮ ਕਰਦਾ ਰਿਹਾ ।
ਅਸੀਂ ਨਾਲ ਹੀ ਫੋਰਮੈਨ ਨੂੰ ਦੱਸ ਦਿੱਤਾ ਪਈ ਪਰਸੋਂ ਰਾਤੀਂ ਚੋਰ ਆਏ ਸੀ ਤੇ ਸਾਨੂੰ ਲੁੱਟਕੇ ਲੈ ਗਏ ਤੇ ਨਾਲੇ ਸਾਨੂੰ ਕੁੱਟਿਆ ਤੇ ਕੁੜੀਆਂ ਦੀ ਬੇਇੱਜ਼ਤੀ ਵੀ ਕੀਤੀ। ਸਾਡੀ ਰੱਖਿਆ ਦਾ ਕੋਈ ਇੰਤਜ਼ਾਮ ਕਰੋ ਨਹੀਂ ਤਾਂ ਅਸੀਂ ਕੰਮ ਛੱਡਕੇ ਕਿਤੇ ਹੋਰ ਚਲੇ ਜਾਣਾ। ਫੋਰਮੈਨ ਨੇ ਕੰਪਨੀ ਨਾਲ ਗੱਲ ਕਰਕੇ ਸਾਡੇ ਲਈ ਪਹਿਰੇਦਾਰਾਂ ਦਾ ਇੰਤਜ਼ਾਮ ਕਰ ਦਿੱਤਾ। ਦੋ ਭਰਾ ਕੁਤੇਬੀਏ ਸੀ, ਪਾਰਟ ਟਾਈਮ ਜੋਨੀ ਦਫ਼ਤਰ ਵਿੱਚ ਡਿਊਟੀ ਦੇਣ ਜਾਂਦੇ ਸੀ। ਆਉਂਦੇ ਵੇਲੇ ਇੱਕ ਭਰਾ ਰਾਤ ਨੂੰ ਪਹਿਰਾ ਦਿੰਦਾ ਸੀ ਤੇ ਦੂਸਰੇ ਦਿਨ ਦੂਸਰਾ ਭਰਾ। ਇਸ ਤਰ੍ਹਾਂ ਸਾਡੇ ਦਿਨ ਵਧੀਆ ਲੰਘਣ ਲੱਗ ਪਏ। ਰਾਤ ਨੂੰ ਚੋਰਾਂ ਦਾ ਡਰ ਘਟ ਗਿਆ। ਦੋ ਹਫ਼ਤੇ ਬਾਦ ਜਦੋਂ ਬਾਜ ਨੂੰ ਤਨਖਾਹ ਮਿਲੀ ਤਾਂ ਬੜਾ ਖੁਸ਼ ਸੀ,ਕਹਿੰਦਾ ਤਾਇਆ ਤੁਸੀਂ ਤਾਂ ਮੇਰੀ ਜ਼ਿੰਦਗੀ ਬਦਲਕੇ ਰੱਖ ਦਿੱਤੀ। ਅਸੀਂ ਖਰਚਾ ਕੱਢ ਕੇ, ਉਹਦੀ ਤਨਖਾਹ ਤੇ ਨਾਲ ਚਹੁੰ ਜਣਿਆਂ ਨੇ ਥੋੜੇ ਥੋੜੇ ਪੈਸੇ ਪਾ ਕੇ ਇੱਕ ਮਹੀਨੇ ਦੀ ਤਨਖ਼ਾਹ ਉਹਦੀ ਭੈਣ ਨੂੰ ਪਾ ਦਿੱਤੀ। ਮਹੀਨੇ ਕੁ- ਬਾਦ ਉਹਦੀ ਭੈਣ ਦੀ ਚਿੱਠੀ ਆਈ ਤੇ ਬਹੁਤ ਧੰਨਵਾਦ ਕੀਤਾ ਬਾਜ ਦਾ। ਬਾਜ ਨੇ ਵਾਪਿਸ ਚਿੱਠੀ ਭੈਣ ਨੂੰ ਪਾਈ ਧੰਨਵਾਦ ਕਰਨਾ ਤਾਂ ਤਾਏ ਹੁਣਾਂ ਦਾ ਕਰ, ਜਿਹਨੇ ਮੈਨੂੰ ਅਕਲ ਦਿੱਤੀ। ਮਹੀਨੇ ਕੁ ਬਾਦ ਉਹਦੀ ਭੈਣ ਦਾ ਸਾਨੂੰ ਖ਼ਤ ਆਇਆ ਕਿ ਵੀਰੇ ਤੁਹਾਡਾ ਧੰਨਵਾਦ ਬਹੁਤ ਬਹੁਤ। ਜੇ ਏਹੋ ਅਕਲ ਇਹਨੂੰ ਸਵਾ ਸਾਲ ਪਹਿਲਾਂ ਦੇ ਦਿੰਦੇ ਤਾਂ ਅੱਜ ਨੂੰ ਮੇਰੇ ਪੈਸੇ ਤੇ ਮੇਰੇ ਮਾਪਿਆਂ ਦੀ ਗ਼ਰੀਬੀ ਦੂਰ ਹੋ ਜਾਂਦੀ। ਤੁਹਾਡੀ ਮਿਹਰਬਾਨੀ ਨਹੀਂ ਤਾਂ ਇਸੇ ਕਰਕੇ ਮੇਰਾ ਵੀ ਛੱਡ ਛੱਡਾਈਆ ਹੋ ਜਾਣਾ ਸੀ, ਮੇਰੇ ਘਰਵਾਲੇ ਨਾਲ ....
ਲੇਖਕ- ਅਮਰਜੀਤ ਚੀਮਾਂ
+1(716)908-3631