ਸਵੇਰੇ ਮੈਂ ਚਾਚੇ ਦੇ ਟੱਬਰ ਵਿੱਚੋਂ ਭਤੀਜੇ ਲੱਗਦੇ ਨੂੰ ਦੱਸਿਆ ਪਈ ਇਸ ਤਰ੍ਹਾਂ ਚਾਚਾ ਪੈਸੇ ਮੰਗਦਾ। ਉਹ ਕਹਿੰਦਾ ਬਈ ਆਪਣੀ ਮਰਜ਼ੀ ਨਾਲ ਦੇਵੀਂ। ਮੁੜਕੇ ਸਾਨੂੰ ਨਾ ਕਹਿੰਦਾ ਫਿਰੀ, ਇਹਦਾ ਰਿਕਾਰਡ ਕੁਝ ਚੰਗਾ ਨਹੀਂ। ਮੈਂ ਰਾਣੇ ਨੂੰ ਕਿਹਾ ਕਿ ਮੈਨੂੰ ਬਚਾ ਕਿਸੇ ਤਰਾਂ। ਉਹ ਕਹਿੰਦਾ ਤੂੰ ਕਹਿ ਦੇ ਕਿ ਮੈਂ ਕਿਸੇ ਨੂੰ ਉਧਾਰੇ ਦਿੱਤੇ ਆ। ਮੈਂ ਕਿਹਾ ਜੇ ਉਹਨੇ ਕਿਹਾ ਪਈ ਚਲੋ ਮੈਂ ਨਾਲ ਚੱਲਦਾ। ਫਿਰ ਰਾਣਾ ਕਹਿੰਦਾ ਇੱਕ ਦੋ ਯਾਰਾਂ ਦੋਸਤਾਂ ਕੋਲ ਚਲਦੇ ਹਾਂ, ਉਹਨਾਂ ਨੂੰ ਗੱਲ ਸਮਝਾ ਦੇਵਾਂਗੇ। ਇਹ ਆਪੇ ਖੱਜਲ ਹੋ ਕੇ ਆਪਣੇ ਘਰ ਚਲੇ ਜਾਊ। ਅਸੀਂ ਸਵੇਰੇ ਟੈਕਸੀ ਕੀਤੀ ਤੇ ਚਲੇ ਗਏ। ਆਪਣੇ ਦੋਸਤ ਨੂੰ ਸਾਰੀ ਗੱਲ ਸਮਝਾਈ। ਉਸ ਨੇ ਸਾਡੀ ਬਹੁਤ ਸੇਵਾ ਕੀਤੀ ਤੇ ਉਸ ਨੇ ਅੱਗੇ ਕਿਸੇ ਦੋਸਤ ਨੂੰ ਚਾਚੇ ਸਾਹਮਣੇ ਕਹਿਕੇ ਤੋਰ ਦਿੱਤਾ ਪਈ ਸਾਨੂੰ ਪੈਸੇ ਦੀ ਜ਼ਰੂਰਤ ਹੈ। ਸ਼ਾਮ ਨੂੰ ਅਸੀਂ ਖਾਲੀ ਹੱਥ ਆ ਗਏ। ਚਾਚਾ ਸਾਡੇ ਨਾਲ ਗੁੱਸੇ ਹੋ ਗਿਆ। ਉਸ ਰਾਤ ਸਾਡੇ ਕੋਲ ਰੋਟੀ ਨਹੀਂ ਖਾਧੀ ਤੇ ਗੁਵਾਢੀਆਂ ਕਮਰੇ ਵਿੱਚ ਬੈਠਾ ਉੱਚੀ ਉੱਚੀ ਸੁਣਾਕੇ ਗੱਲਾਂ ਕਰੇ ਪਈ ਯਾਰ ਦੋਸਤ ਦਿਲ ਦੇ ਚੰਗੇ ਹੋਣੇ ਚਾਹੀਦੇ ਆ। ਸਕਿਆਂ ਦਾ ਕਿਹੜਾ ਸੱਕ ਲਾਹੁਣਾ ਹੁੰਦਾ। ਮੈਂ ਸੋਚਿਆ ਕਿ ਹੁਣ ਤੇਰਾ ਦਾਅ ਨਹੀਂ ਲੱਗਾ ਨਹੀਂ ਤਾਂ ਖੱਲ ਲਾਹੁਣ ਤੋਂ ਕਸਰ ਤਾਂ ਤੂੰ ਕੋਈ ਨਹੀਂ ਛੱਡੀ।
ਜ਼ਿੰਦਗੀ ਵਿੱਚ ਏਹੋ ਜਿਹੇ ਦੋ-ਤਿੰਨ ਠੱਗਾਂ ਤੋਂ ਬਚਿਆ ਹੋਵਾਂਗਾ
ਜ਼ਿੰਦਗੀ ਵਿੱਚ ਏਹੋ ਜਿਹੇ ਦੋ-ਤਿੰਨ ਠੱਗਾਂ ਤੋਂ ਬਚਿਆ ਹੋਵਾਂਗਾ ਪਰ ਬਾਕੀ ਦੇ ਧੋਬੀ ਪੱਟੜਾ ਮਾਰ ਹੀ ਗਏ। ਤਿੰਨ ਚਾਰ, ਦੋ ਲੱਖ ਤੇ ਲੱਖ ਵਾਲਿਆਂ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ। ਇੱਕ ਪੰਜਾਹ ਲੱਖ ਦੀ ਠੱਗੀ ਮਾਰਨ ਵਾਲਾ, ਵੱਡੇ ਢਿੱਡ ਵਾਲਾ ਵੀ ਇੰਡੀਆ ਬੈਠਾ। ਜਿਸ ਤੋਂ ਮੈਨੂੰ ਕੋਈ ਉਮੀਦ ਨਹੀਂ। ਹਰ ਵੇਲੇ ਦਿਲ ਵਿੱਚੋਂ ਇਹੀ ਆਵਾਜ਼ਾਂ ਆਉਂਦੀਆਂ, ਯਾਰ ਤੂੰ ਏਨਾ ਬੇਵਕੂਫ਼ ਕਿਵੇਂ ਬਣ ਗਿਆ। ਫਿਰ ਸੋਚਦਾ ਹਾਂ ਜੇ ਸੱਪ ਜ਼ਹਿਰ ਉਗਲਣੀ ਬੰਦ ਨਹੀਂ ਕਰ ਸਕਦਾ ਤਾਂ ਮੈਂ ਆਪਣੀ ਆਦਤ ਕਿਵੇਂ ਬਦਲ ਸਕਦਾ। ਸੋ ਮੈਂ ਭਲੇ ਦੇ ਕੰਮ ਕਰੀ ਜਾਣਾ, ਕਿਸੇ ਲੋੜਵੰਦ ਦੀ ਮਦਦ ਕਰੀ ਹੀ ਜਾਣਾ,ਚਾਹੇ ਅੱਗੇ ਵਾਲਾ ਸ਼ੈਤਾਨੀ ਖੇਡ ਰਿਹਾ ਹੋਵੇ। ਮੇਰਾ ਹੁਦਾਰ ਮਾਰਨ ਵਾਲੇ ਇਹ ਨਾ ਸੋਚਣ ਕਿ ਰੱਬ ਕਿਹੜਾ ਹਿਸਾਬ ਕਿਤਾਬ ਵਾਲੀ ਡਾਇਰੀ ਲਈ ਫਿਰਦਾ। ਸਵੱਰਗ ਨਰਕ ਇੱਥੇ ਹੀ ਆ। ਉੱਪਰ ਜਾ ਕੇ ਕਿਸਨੇ ਦੇਖਿਆ। ਸਾਡੇ ਨਾਲ ਦੇ ਕਮਰੇ ਵਿੱਚ ਇੱਕ ਮੁੰਡਾ ਸੀ, ਨਾਂ ਸੀ ਉਹਦਾ ਮੱਖਣ। ਉਹਦੀ ਕਿਸੇ ਕੁਤਬੀਏ ਨਾਲ ਯਾਰੀ ਪੈ ਗਈ। ਉਹਨੇ ਡਿਊਟੀ ਤੋਂ ਆਉਂਦੇ ਨੇ ਸ਼ਾਮ ਜਿਹੀ ਨੂੰ ਕਮਰੇ ਵਿੱਚ ਆ ਜਾਣਾ। ਸ਼ਰਾਬ ਪੀਣੀ, ਰੋਟੀ ਵੀ ਖਾ ਲੈਣੀ ਤੇ ਕਾਫੀ ਦੇਰ ਤੱਕ ਬੈਠੇ ਰਹਿਣਾ। ਕਦੇ ਕਿਸੇ ਦੀ ਪੱਗ ਚੁੱਕ ਕੇ ਆਪਣੇ ਸਿਰ ਤੇ ਸਜਾ ਲੈਣੀ ਤੇ ਕਹਿਣਾ ਕਿ ਮੈਂ ਵੀ ਸਿੰਘ ਹਾਂ। ਮੇਰੇ ਕੋਲੋਂ ਚਾਂਦੀ ਦਾ ਕੜਾ ਲੁਹਾ ਲਿਆ ਕਹਿੰਦਾ ਮੈਂ ਵੀ ਸਿੰਘ ਬਣਨਾ ਹੈ। ਮੈਨੂੰ ਉਹਦੀਆਂ ਕਰਤੂਤਾਂ ਵਿੱਚ ਸ਼ੈਤਾਨੀ ਲੱਗਦੀ ਸੀ।
ਉਹ ਸਾਰੇ ਕਮਰਿਆਂ ਦਾ ਭੇਤੀ ਹੋ ਗਿਆ।
ਮੈਂ ਮੱਖਣ ਨੂੰ ਕਹਿਣਾ ਕਿ ਦੇਖ ਇਹ ਪੁਲਿਸ ਵਾਲਿਆਂ ਦੀ ਯਾਰੀ ਵੀ ਮਾੜੀ ਹੁੰਦੀ ਆ ਤੇ ਦੁਸ਼ਮਣੀ ਵੀ। ਤੂੰ ਇਹਨੂੰ ਏਨਾ ਮੂੰਹ ਨਾ ਲਾਇਆ ਕਰ। ਉਹਨੇ ਹੂੰ ਹਾਂ ਕਰ ਛੱਡਣੀ। ਉਹ ਸਾਰੇ ਕਮਰਿਆਂ ਦਾ ਭੇਤੀ ਹੋ ਗਿਆ। ਇੱਕ ਰਾਤ ਕਿਸੇ ਕਮਰੇ ਚੇ ਰੋਟੀ ਖਾਣੀ ਤੇ ਇੱਕ ਕਿਸੇ ਹੋਰ ਵਿੱਚ। ਸ਼ਨੀਵਾਰ ਸਾਨੂੰ ਤਨਖ਼ਾਹ ਮਿਲਦੀ ਹੁੰਦੀ ਸੀ ਤੇ ਉਸੇ ਰਾਤ ਨੂੰ ਕੋਈ 6 -7 ਕਤੇਬੀਏ ਆ ਧਮਕੇ ਕੋਈ ਤੜਕੇ ਦੇ ਦੋ ਵਜੇ। ਚੋਰੀ ਦੀ ਇਹ ਘਟਨਾ ਸਾਡੇ ਨਾਲ ਪਹਿਲੀ ਵਾਰੀ ਹੋਈ ਸੀ। ਸਾਡੇ ਕਮਰੇ ਚੋਂ ਸਾਰਿਆਂ ਨੂੰ ਅੱਖਾਂ ਮਲਦਿਆਂ ਨੂੰ ਇੱਕ ਵੱਡੇ ਸਾਰੇ ਮੇਨ ਕਮਰੇ ਵਿੱਚ ਇਕੱਠੇ ਕਰ ਲਿਆ। ਮੈਂ ਇੱਕ ਦਮ ਸਮਝ ਗਿਆ ਕਿ ਇਹ ਬੋਰੀਆਂ ਭਰਾਉਣ ਵਾਲੇ ਕੁੱਤੇਬੀਏ ਨਹੀਂ, ਇਹ ਤਾਂ ਚੋਰ ਹਨ। ਮੈਂ ਫ਼ਟਾ ਫ਼ਟ ਆਪਣੀ ਜੇਬੀ ਚੋਂ ਪੈਸੇ ਕੱਢ ਕੇ ਵੱਡੇ ਸਾਰੇ ਮੰਜੇ ਥੱਲੇ ਸੁੱਟ ਦਿੱਤੇ। ਉਹ ਬਚ ਗਏ ਤੇ ਬਾਕੀ ਦਿਆਂ ਸਾਰਿਆਂ ਕੋਲੋਂ ਜੋ ਕੁਝ ਸੀ, ਕਢਵਾ ਲਿਆ ਤੇ ਮੰਜੇ ਬਿਸਤਰੇ ਫੋਲਕੇ ਪੈਸੇ ਕੱਢ ਲਏ। ਪੈਸੇ ਅਸੀਂ ਘਰ ਹੀ ਲੁਕੋ ਕੇ ਰੱਖਦੇ ਸੀ, ਸਾਡੀਆਂ ਕਿਹੜੀਆਂ ਉਸ ਵੇਲੇ ਬੈਂਕਾਂ ਵਿੱਚ ਅਕਾਉਂਟ ਸਨ। ਮੇਰੀ ਸੋਨੇ ਦੀ ਚੈਨੀ ਖਿੱਚਕੇ ਲਾ ਲਈ। ਉਹਨਾਂ ਕੁਤੇਬੀਆਂ ਵਿੱਚ ਉਹ ਕੁਤੇਬੀਆ ਵੀ ਸੀ, ਨਾਂ ਸੀਂ ਉਸਦਾ ਫ਼ੈਰਿਸ। ਅਸੀਂ ਉਸ ਦੀ ਤੋਰ ਤੋਂ ਤੇ ਅੱਖਾਂ ਤੋਂ ਪਹਿਚਾਣ ਲਿਆ, ਕਿਉਂਕਿ ਮੂੰਹ ਤਾਂ ਉਹਨਾਂ ਨੇ ਕੱਪੜੇ ਨਾਲ ਢਕੇ ਹੋਏ ਸਨ। ਸਾਡੇ ਨਾਲ ਉਸ ਰਾਤ ਚਾਰ ਕੁੜੀਆਂ ਸ੍ਰੀਲੰਕਾ ਦੀਆਂ ਵੀ ਸਨ, ਉਨ੍ਹਾਂ ਤੋਂ ਵੀ ਡਰਾ ਧਮਕਾ ਕੇ ਪੈਸੇ ਕਢਾ ਲਏ ਤੇ ਸੋਨੇ ਦੇ ਗਹਿਣੇ ਵਗੈਰਾ ਉਹ ਵੀ ਲਾਹ ਲਏ ।
ਉਹ ਸਾਡੇ ਕੋਲੋਂ ਹੀ ਪੜ੍ਹਾਉਂਦਾ ਹੁੰਦਾ ਸੀ।
ਸਾਡੇ ਵਿੱਚ ਇੱਕ ਮੁੰਡਾ ਸੀ, ਨਾਂ ਸੀ ਉਹਦਾ ਬਾਜ਼। ਉਹ ਕੰਮ ਕਦੇ ਘੱਟ ਹੀ ਕਰਦਾ ਸੀ, ਆਪਣੀ ਸ਼ਰਾਬ ਜੋਗੇ ਪੈਸੇ ਬਣਾ ਲੈਣੇ ਤੇ ਰੋਟੀ ਰਾਤ ਨੂੰ ਕਿਸੇ ਕਮਰੇ ਚੇ ਤੇ ਕਦੇ ਕਿਸੇ ਦੇ ਕਮਰੇ ਚੇ ਖਾ ਲੈਣੀ। ਘਰੋਂ ਆਈਆਂ ਚਿੱਠੀਆਂ ਵੀ ਉਹ ਸਾਡੇ ਕੋਲੋਂ ਹੀ ਪੜ੍ਹਾਉਂਦਾ ਹੁੰਦਾ ਸੀ। ਜ਼ਿਆਦਾ ਚਿੱਠੀਆਂ ਉਹਦੀ ਭੈਣ ਹੀ ਲਿਖਦੀ ਹੁੰਦੀ ਸੀ ਕਿ ਵੀਰਾ ਮੇਰੇ ਪੈਸੇ ਮੋੜਦੇ ਕਿਉਂਕਿ ਮੇਰੇ ਸਹੁਰੇ ਮੈਨੂੰ ਬਹੁਤ ਤੰਗ ਕਰਦੇ ਨੇ। ਉਹ ਪੈਸੇ ਆਪਣੀ ਭੈਣ ਤੋਂ ਲੈ ਕੇ ਆਇਆ ਸੀ, ਬਾਹਰ ਆਉਣ ਲਈ। ਅਸੀਂ ਉਹਨੂੰ ਬਹੁਤ ਵਾਰੀ ਲਾਹਣਤਾਂ ਪਾਉਣੀਆਂ ਕਿ ਬਾਜ਼ ਕੰਮ ਕਰਿਆ ਕਰ ਤੇ ਆਪਣੀ ਭੈਣ ਦੇ ਪੈਸੇ ਉਤਾਰ। ਉਹਨੇ ਉੱਚੀ ਉੱਚੀ ਹੱਸਕੇ ਕਹਿਣਾ, ਤਾਇਆ ਕਿਹੜੇ ਪੈਸਿਆਂ ਦੀ ਗੱਲ ਕਰਦਾ, ਆਪੇ ਘਾਟੇ ਪੂਰੇ ਹੁੰਦੇ ਰਹਿਣਗੇ, ਪਹਿਲਾਂ ਆਪਣੀ ਐਸ਼, ਫਿਰ ਕਿਸੇ ਹੋਰ ਦਾ ਕੈਸ਼! ਉੱਥੇ ਸਾਰੇ ਮੁੰਡੇ ਮੈਨੂੰ ਸਿਆਣੀ ਗੱਲ ਕਰਨ ਕਰਕੇ ਤਾਇਆ ਹੀ ਕਹਿੰਦੇ ਸਨ। ਕੰਮ ਕੀ ਸੀ ਉਹਨੇ ਇੱਕ ਖਾਲੀ ਘਿਉ ਦਾ ਡੱਬਾ ਲੈ ਕੇ, ਉਸਦੀ ਢੋਲਕੀ ਬਣਾ ਲੈਣੀ ਤੇ ਕਦੇ ਕਿਸੇ ਦੇ ਕਮਰੇ ਚੇ ਤੇ ਕਦੇ ਕਿਸੇ ਦੇ ਕਮਰੇ ਚ ਮਹਿਫ਼ਲ ਲਾ ਦੇਣੀ। ਚਮਕੀਲੇ ਦੇ ਗੀਤ ਗੋਰੇ ਪਿੰਡੇ ਉੱਤੇ ਪਾਣੀ ਜਦੋਂ ਪਾਵਾਂ ਤੇ ਗੱਭਰੂ ਵਜਾਉਣ ਸੀਟੀਆਂ। ਗੋਰੇ ਪਿੰਡੇ ਦੀ ਜਗ੍ਹਾ ਕੋਈ ਹੋਰ ਹੀ ਅਸ਼ਲੀਲ ਜਿਹੀ ਜਗ੍ਹਾ ਦਾ ਨਾਂ ਲੈਂਦਾ ਹੁੰਦਾ ਸੀ। ਸਾਰੀ ਮੁੰਡੀਰ ਤੇ ਕੀ ਸਿਆਣੇ ਬੜੇ ਮਜ਼ੇ ਨਾ ਸੁਣਦੇ ਹੁੰਦੇ ਸਨ। ਬਾਕੀ ਸਾਰਿਆਂ ਕੋਲੋਂ ਤਾਂ ਕੁਝ ਨਾ ਕੁਝ ਮਿਲ ਗਿਆ ਪਰ ਬਾਜ਼ ਕੋਈ ਪੈਸਾ ਨਾ ਦੇ ਸਕਿਆ ਜਦ ਜੇਬ ਹੀ ਖਾਲੀ ਸੀ ਤਾਂ ਉਹਨਾਂ ਨੂੰ ਕੀ ਦੇ ਸਕਦਾ ਸੀ।
ਲੇਖਕ - ਅਮਰਜੀਤ ਚੀਮਾਂ
+1(716)908-3631