ਉਹ ਹਮੇਸ਼ਾ ਮੂੰਗੀ ਮਸਰੀ ਦੀ ਦਾਲ ਬਣਾਇਆ ਕਰਦਾ ਸੀ। ਉਹ ਵੀ ਹਫ਼ਤੇ ਵਿੱਚ ਇੱਕ ਵਾਰੀ ਤੇ ਸਾਰਾ ਹਫ਼ਤਾ ਬੇਹੀ ਦਾਲ ਖਾਂਦਾ ਸੀ। ਉਸ ਦਿਨ ਤਾਜ਼ੀ ਦਾਲ ਬਣਾ ਕੇ ਕੰਮ ਤੇ ਚਲੇ ਗਿਆ। ਮੈਂ ਕੀ ਕੀਤਾ ਲੂਣ ਦੀ ਮੁੱਠ ਭਰਕੇ ਵਿਚ ਪਾ ਦਿੱਤੀ। ਕੰਮ ਤੋਂ ਆਕੇ ਜਦੋਂ ਰੋਟੀ ਖਾਣ ਲੱਗਾ ਤਾਂ ਮੂੰਹ ਐਦਾਂ ਬਣਾਈ ਫਿਰੇ ਜਿਵੇਂ ਕੁਨੈਣ ਖਾਧੀ ਹੁੰਦੀ ਆ। ਸਾਨੂੰ ਸੁਣਾ ਕੇ ਦੂਸਰੇ ਮੁੰਡਿਆਂ ਨੂੰ ਕਹਿੰਦਾ ਫਿਰੇ ਯਾਰ ਅੱਜ ਕੋਈ ਮੇਰਾ ਬਹੁਤ ਵੱਡਾ ਫ਼ਾਇਦਾ ਕਰ ਗਿਆ। ਮੇਰੀ ਦਾਲ ਵਿੱਚ ਲੂਣ ਪਾ ਗਿਆ ਤੇ ਮੈਂ ਵਿੱਚ ਹੋਰ ਪਾਣੀ ਮਿਲਾ ਕੇ ਉਬਾਲਾ ਦੁਆ ਲਿਆ, ਪਹਿਲਾਂ ਮੇਰਾ ਇੱਕ ਹਫ਼ਤਾ ਲੰਘਣਾ ਸੀ ਹੁਣ ਦੋ ਹਫ਼ਤੇ ਲੰਘ ਜਾਣੇ ਆਂ। ਮੈਂ ਸੋਚਿਆ ਮਨਾਂ ਇਹ ਤਾਂ ਬੇਸ਼ਰਮ ਦੇ ਰੁੱਖ ਜੰਮਣ ਵਾਲੀ ਗੱਲ ਹੋ ਗਈ, ਬਾਹਲਾ ਹੀ ਬੇਸ਼ਰਮ ਬੰਦਾ। ਕੁੱਝ ਬੰਦੇ ਦੁਨੀਆਂ ਤੇ ਆਉਂਦੇ ਨੇ ਜੂਨ ਭੋਗਣ। ਨਹੀਂ ਤਾਂ ਬੰਦਾ ਸੋਚੀਂ ਪਈ ਕਮਾਈ ਕਰਨੀ ਤਾਂ ਆਪਣਾ ਕਰਮ ਹੈ ਪਰ ਖਾਣਾ ਪੀਣਾ ਵੀ ਤਾਂ ਚਾਹੀਦਾ। ਥੋੜ੍ਹੀ ਦੇਰ ਬਾਦ ਉਹ ਕਿਸੇ ਹੋਰ ਜਗ੍ਹਾ ਕੰਮ ਤੇ ਚਲੇ ਗਿਆ। ਲੁਧਿਆਣੇ ਵਿੱਚ ਇੱਕ ਪਿੰਡ ਹੈ, ਕੁਲਾਰਾਂ। ਉੱਥੇ ਦਾ ਇੱਕ ਮੁੰਡਾ, ਜਿਹਨੇ ਸ੍ਰੀਲੰਕਾਂ ਦੀ ਜ਼ਨਾਨੀ ਰੱਖੀ ਹੋਈ ਸੀ। ਵੈਸੇ ਤਾਂ ਬਹੁਤ ਸਾਰੇ ਪੰਜਾਬੀਆਂ ਨੇ ਸ੍ਰੀਲੰਕਾ ਦੀਆਂ ਕੁਡ਼ੀਆਂ ਰੱਖੀਆਂ ਹੋਈਆਂ ਸਨ। ਦਿਨੇ ਉਹ ਸ਼ੇਖਾਂ ਦੇ ਕੰਮ ਕਰਦੀਆਂ ਸਨ ਤੇ ਰਾਤ ਨੂੰ ਆਪੋ ਆਪਣੇ ਦੋਸਤਾਂ ਨਾਲ ਰਹਿੰਦੀਆਂ ਸਨ। ਮੂੰਗੀ ਮਸਰੀ ਦੇ ਭਾਅ ਹੀ ਮਿਲ ਜਾਂਦੀਆਂ ਸਨ।

ਉਂਗਲਾਂ ਵਿੱਚ ਮੁੰਦਰੀਆਂ ਤੇ ਸੋਹਣੇ ਕੱਪੜੇ ਪਾ ਕੇ ਰੱਖਿਆ ਕਰਦਾ ਸੀ।
ਉਹਨੂੰ ਕੁ਼ਲਾਰ ਕਹਿਕੇ ਹੀ ਬੁਲਾਉਂਦੇ ਸਨ। ਗਲੇ ਵਿੱਚ ਸੋਨੇ ਦੀ ਗਾਨੀ, ਉਂਗਲਾਂ ਵਿੱਚ ਮੁੰਦਰੀਆਂ ਤੇ ਸੋਹਣੇ ਕੱਪੜੇ ਪਾ ਕੇ ਰੱਖਿਆ ਕਰਦਾ ਸੀ। ਕੰਮ ਕਦੇ ਦੋ ਹਫ਼ਤੇ ਕਰ ਲਿਆ ਤੇ ਦੋ ਹਫ਼ਤੇ ਛੁੱਟੀ ਮਾਰ ਲੈਣੀ। ਵੈਸੇ ਫੁਕਰੀਆਂ ਬਹੁਤ ਮਾਰਦਾ ਸੀ। ਮੈਨੂੰ ਕਹਿੰਦਾ ਯਾਰ ਅੱਜ ਮੇਰੇ ਕਮਰੇ ਵਿੱਚ ਆਈ ਆਪਾਂ ਦੋਨੋਂ ਭਰਾ ਇਕੱਠੇ ਰੋਟੀ ਖਾਵਾਂਗੇ। ਮੈਂ ਚਲੇ ਗਿਆ, ਸ਼ਰਾਬ ਲਿਬਨਾਨ ਵਿੱਚ ਆਮ ਚਲਦੀ ਸੀ, ਤੇ ਸਸਤੀ ਵੀ ਬਹੁਤ ਸੀ। ਦਸ ਲੀਰੇ ਦੀ ਇੱਕ ਬੋਤਲ ਮਿਲ ਜਾਂਦੀ ਸੀ ਤੇ ਬੰਦਾ ਦਿਹਾੜੀ ਦੇ ਸੌ- ਲੀਰੇ ਇੱਕ ਸੌ ਪੱਚੀ ਦਿਹਾੜੀ ਬਣਾ ਲੈਂਦਾ ਸੀ। ਸਾਡੇ ਕਮਰੇ ਵਿੱਚ ਸਾਰੇ ਮੁੰਡੇ ਖਾਣ ਪੀਣ ਵਾਲੇ ਹੀ ਸਨ। ਛੁੱਟੀ ਵਾਲੇ ਦਿਨ ਸਾਡੇ ਕਮਰੇ ਵਿੱਚ ਚਾਹ ਨਹੀਂ ਸੀ ਬਣਦੀ। ਰਾਤ ਨੂੰ ਬੀਅਰਾਂ ਠੰਢੀਆਂ ਰੱਖ ਦੇਣੀਆਂ ਤੇ ਜਿਹਦੀ ਜਿਹਦੀ ਵੀ ਸਵੇਰੇ ਅੱਖ ਖੁੱਲ੍ਹਣੀ ਉਹਨੇ ਫਰਿੱਜ ਖੋਲ੍ਹਣੀ ਤੇ 24 ਔਂਸ ਦੀ ਲਜ਼ੀਜਾ ਦੀ ਬੋਤਲ ਖੋਲ੍ਹਣੀ ਤੇ ਵਿੱਚ ਲੂਣ ਪਾ ਕੇ ਘੁੱਟ ਘੁੱਟ ਕਰਕੇ ਪੀਈ ਜਾਣੀ। ਕਿਉਂਕਿ ਚਾਹ ਬਣਾਉ ਸੋ ਸਿਆਪੇ, ਕਿਹੜਾ ਬਣਾਉਂਦਾ ਰਹੇ ਤੇ ਫਿਰ ਭਾਂਡੇ ਮਾਂਜਦਾ ਫਿਰੇ।ਜਦੋਂ ਦੋ ਚਾਰ ਪੈੱਗ ਲਾਏ ਤਾਂ ਆਪਣੀ ਸ੍ਰੀਲੰਕਣ ਨੂੰ ਕਹਿੰਦਾ ਡਾਰਲਿੰਗ ਇੱਧਰ ਆ, ਦੇਖ ਤੇਰਾ ਦਿਉਰ ਘਰ ਆਇਆ, ਇਹਨੂੰ ਕੋਈ ਮੀਟ ਵਗੈਰਾ ਲਿਆਕੇ ਦੇ। ਸ੍ਰੀਲੰਕਾ ਵਾਲੀਆਂ ਸਾਡੀ ਆਮ ਪੰਜਾਬੀ ਸਮਝਦੀਆਂ ਸਨ। ਉਹ ਮੀਟ ਪਲੇਟ ਵਿੱਚ ਪਾ ਕੇ ਲੈ ਆਈ, ਮੀਟ ਦਾ ਦੇਗੀ ਮਿਰਚ ਦਾ ਰੰਗ ਦੇਖ ਕੇ, ਤਿੰਨ ਚਾਰ ਪੀਸ ਸੁਆਦ ਸੁਆਦ ਵਿੱਚ ਖਾ ਗਿਆ।

ਮੈਂ ਕੁਲਾਰ ਨੂੰ ਪੁੱਛਿਆ ਇਹ ਕੀ ਬਣਾਇਆ ਵਈ ?
ਜਿਹੜੀ ਸੰਘਣੀ ਜਿਹੀ ਤਰੀ ਉਹਨੇ ਬਣਾਈ ਸੀ, ਵਾਕਈ ਕਾਬਿਲ-ਏ ਤਾਰੀਫ਼ ਸੀ। ਮੈਂ ਕੁਲਾਰ ਨੂੰ ਪੁੱਛਿਆ ਇਹ ਕੀ ਬਣਾਇਆ ਵਈ ? ਬੱਕਰਾ ਜਾਂ ਭੇਡੂ ? ਹੱਸਕੇ ਕਹਿੰਦਾ ਹੁਣਾ ਕੋਈ ਢੱਠਾ ਢੁੱਠਾ। ਤੂੰ ਕੀ ਲੈਣਾ, ਆਨੰਦ ਕਰ। ਕਹਿੰਦਾ ਤੁਸੀਂ ਦਿਉਰ ਭਰਜਾਈ ਬੈਠੋ ਤੇ ਮੈਂ ਕੁਝ ਸਾਮਾਨ ਲੈ ਕੇ ਆਇਆ। ਉਸ ਕੁੜੀ ਨੇ ਵੀ ਦੋ ਪੈੱਗ ਮਾਰ ਲਏ ਤੇ ਮੇਰੇ ਕੋਲ ਬਹਿ ਗਈ ਤੇ ਲੱਗ ਪਈ ਸ਼ਰਾਰਤਾਂ ਕਰਨ। ਮੈਂ ਬਥੇਰਾ ਕਿਹਾ ਪਈ ਸਾਡੇ ਸੱਭਿਆਚਾਰ ਵਿੱਚ ਇਸ ਤਰ੍ਹਾਂ ਨਹੀਂ ਚੱਲਦਾ। ਉਹਨੇ ਕਰਦੀ ਕਰਦੀ ਨੇ ਮੇਰੀ ਜੇਬ ਵਿੱਚ ਹੱਥ ਪਾ ਲਿਆ ਤੇ ਕੋਈ ਪੰਦਰਾਂ ਕੁ- ਸੌ ਲੀਰਾ ਸੀ, ਕਿਉਂਕਿ ਤਨਖਾਹ ਉਸੇ ਦਿਨ ਹੀ ਮਿਲੀ ਸੀ। ਉਹਨੇ ਕੱਢ ਲਿਆ ਤੇ ਮੈਂ ਸਮਝ ਗਿਆ ਕਿ ਇਹਦੇ ਪਿੱਛੇ ਵੀ ਕੋਈ ਚਾਲ ਹੈ ਮੈਨੂੰ ਇੱਕ ਪੈੱਗ ਹੋਰ ਪਾ ਦਿੱਤਾ ਤੇ ਕਹਿੰਦੀ ਜੇ ਤੂੰ ਕੁਲਾਰ ਨੂੰ ਦੱਸਿਆ ਤਾਂ ਮੈਂ ਰੌਲਾ ਪਾ ਦੇਵਾਂਗੀ ਕਿ ਤੂੰ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਆਪਣੀ ਜੇਬ ਕਟਵਾ ਕੇ ਘਰ ਆ ਗਿਆ ਪਈ ਕੱਲ੍ਹ ਗੱਲ ਕਰਾਂਗੇ। ਦੂਸਰੇ ਦਿਨ ਕੁਲਾਰ ਨਾਲ ਸਾਡੇ ਸਾਰੇ ਕਮਰੇ ਵਾਲਿਆਂ ਗੱਲ ਕੀਤੀ ਤਾਂ ਹੱਸਕੇ ਕਹਿੰਦਾ ਯਾਰ ਇਸ ਤਰ੍ਹਾਂ ਨਹੀਂ ਹੋ ਸਕਦਾ, ਉਹ ਮਜ਼ਾਕ ਕਰਦੀ ਹੋਣੀ ਆਂ ਪਰ ਜੇ ਇਹ ਗੱਲ ਸਹੀ ਵੀ ਹੋਈ ਤਾਂ ਪੈਸੇ ਮੈਂ ਦੇ ਦਿਆਂਗਾ। ਅਗਲੀ ਤਨਖ਼ਾਹ ਤੇ ਤਾਂ ਨਹੀਂ ਪਰ ਮਹੀਨੇ ਤੱਕ ਜ਼ਰੂਰ ਮੋੜ ਦਿਆਂਗਾ। ਦੂਜੇ ਮਹੀਨੇ ਦੀ ਤਨਖ਼ਾਹ ਤੋਂ ਪਹਿਲਾਂ ਹੀ ਕਿਤੇ ਬੈਰੂਤ ਵੱਲ ਚਲੇ ਗਿਆ ਤੇ ਮੁੜ ਕਦੇ ਨਜ਼ਰ ਨਹੀਂ ਆਇਆ।

ਐਤਵਾਰ ਅਸੀਂ ਕਤੀਨ ਸ਼ਹਿਰ ਘੁੰਮ ਫਿਰ ਕੇ ਆਵਾਂਗੇ।
ਮੈਂ ਸਬਰ ਕਰਕੇ ਬੈਠ ਗਿਆ। ਦੋ ਕੁ ਮਹੀਨੇ ਬਾਦ ਅਸੀਂ ਚੌਹਾਂ ਨੇ ਸਲਾਹ ਬਣਾਈ ਅਗਲੇ ਐਤਵਾਰ ਅਸੀਂ ਕਤੀਨ ਸ਼ਹਿਰ ਘੁੰਮ ਫਿਰ ਕੇ ਆਵਾਂਗੇ। ਪਹਾੜੀਆਂ ਦੇ ਵਿਚਕਾਰ ਕੁੱਲੂ ਮੀਨਾਲੀ ਵਰਗਾ ਇੱਕ ਛੋਟਾ ਜਿਹਾ ਸ਼ਹਿਰ ਜੋ ਗਰਮੀ ਦੇ ਮੌਸਮ ਵਿਚ ਟੂਰਿਸਟਾਂ ਦੇ ਘੁੰਮਣ ਫਿਰਨ ਲਈ ਬੜਾ ਹੀ ਖ਼ੂਬਸੂਰਤ ਨਜ਼ਾਰੇ ਵਾਲਾ ਸ਼ਹਿਰ ਸੀ। ਉੱਥੇ ਮੇਰੇ ਭਰਾ ਦੇ ਸਹੁਰਿਆਂ ਵੱਲੋਂ ਇਕ ਰਿਸ਼ਤੇਦਾਰ ਰਹਿੰਦਾ ਸੀ। ਅਸੀਂ ਸੋਚਿਆ ਚਲੋ ਨਾਲੇ ਘੁੰਮ ਫਿਰ ਆਵਾਂਗੇ ਤੇ ਨਾਲੇ ਉਹਨੂੰ ਮਿਲ ਆਵਾਂਗੇ। ਅਸੀਂ ਸਵੇਰੇ ਸਵੇਰੇ ਪਹੁੰਚ ਗਏ, ਜੁਲਾਈ ਦਾ ਮਹੀਨਾ, ਉੱਥੇ ਗਰਮੀ ਤਾਂ ਸੀ ਪਰ ਪਹਾੜੀ ਠੰਡੀਆਂ ਹਵਾਵਾਂ ਦੇ ਨਜ਼ਾਰੇ ਵਿੱਚ ਮਾਲੂਮ ਨਹੀਂ ਸੀ ਹੁੰਦੀ। ਉਸਦਾ ਨਾਂ ਸੀ ਬੱਗਾ ਤੇ ਅਸੀਂ ਉਸ ਨੂੰ ਚਾਚਾ ਬੱਗਾ ਕਹਿ ਕੇ ਬੁਲਾਉਂਦੇ ਸੀ। ਉਸਨੇ ਸਾਨੂੰ ਛਾਹ ਵੇਲੇ ਦੀ ਰੋਟੀ ਖੁਆਈ ਤੇ ਸਾਡੇ ਨਾਲ ਟੈਕਸੀ ਵਿੱਚ ਬਹਿ ਗਿਆ ਤੇ ਅਸੀਂ ਇੱਕ ਪਾਰਕ ਵਿੱਚ ਘੁੰਮਣ ਚਲੇ ਗਏ। ਸ੍ਰੀਲੰਕਾ ਦੀ ਇੱਕ ਫੰਡਰ ਮੱਝ ਵਰਗੀ ਜ਼ਨਾਨੀ ਉਸ ਨੇ ਵੀ ਰੱਖੀ ਹੋਈ ਸੀ। ਵੈਸੇ ਉਹਦੀਆਂ ਸ਼ਰਾਰਤਾਂ ਬਾਰੇ ਮੈਂ ਸੁਣਿਆ ਸੀ ਪਈ ਜਦੋਂ ਰੇਲਗੱਡੀ ਪਿੰਡ ਕੋਲੋਂ ਲੰਘਦੀ ਹੁੰਦੀ ਸੀ ਤਾਂ ਉਹਦੀ ਰਫਤਾਰ ਘੱਟ ਹੋ ਜਾਂਦੀ ਸੀ, ਕਿਉਂਕਿ ਸਟੇਸ਼ਨ ਤੇ ਗੱਡੀ ਨੇ ਰੁਕਣਾ ਹੁੰਦਾ। ਇਹ ਚਾਚਾ ਕਿੱਕਰਾਂ ਦੀ ਲੰਮੀ ਸਾਰੀ ਟਹਿਣੀ ਲੈ ਕੇ ਡੱਬੇ ਦੇ ਨਾਲ ਬਾਰੀ ਨੂੰ ਲਗਾ ਛੱਡਦਾ ਸੀ। ਕਈਆਂ ਦੇ ਸਿਰ ਡੱਬੇ ਤੋਂ ਬਾਹਰ ਹੁੰਦੇ ਸਨ ਤਾਂ ਉਹਨਾਂ ਦੀਆਂ ਪੱਗਾਂ ਕੰਡਿਆਂ ਨਾਲ ਖਹਿ ਕੇ ਡਿੱਗ ਪੈਂਦੀਆਂ ਸਨ ਤਾਂ ਫਿਰ ਇਹ ਚੁੱਕ ਕੇ ਘਰ ਨੂੰ ਲੈ ਆਉਂਦਾ ਸੀ।
ਲੇਖਕ - ਅਮਰਜੀਤ ਚੀਮਾਂ
+1(716)908-3631