ਚੂੜੀਆਂ ਵਾਲਾ ਬਾਬਾ
ਸਾਡੇ ਘਰ ਵਾਲੀ ਗਲੀ ਵਿੱਚੋਂ ਉੱਚੀ-ਉੱਚੀ ਆਵਾਜ਼ ਆ ਰਹੀ ਸੀ।
‘ਚੂੜੀਆਂ ਲੈ ਲਓ ਭਾਈ ਚੂੜੀਆਂ ਲੈ ਲਓ। ਰੰਗ ਬਰੰਗੀਆਂ ਚੂੜੀਆਂ ਲੈ ਲਓ।
ਲਾਲ, ਹਰੀਆਂ ਪੀਲੀਆਂ ਚੂੜੀਆਂ ਲੈ ਲਓ। ਚੂੜੀਆਂ ਲੈ ਲਓ ਭਾਈ ਚੂੜੀਆਂ ਲੈ ਲਓ।
ਚੂੜੀਆਂ ਵੇਚਣ ਦੀ ਫ਼ੇਰੀ ਲਾਉਣ ਵਾਲੇ ਦਾ ਹੋਕਾ ਸੁਣ ਕੇ ਮੇਰਾ ਚੇਤਾ ਇੱਕਦਮ 5-6 ਸਾਲ ਪਿੱਛੇ ਪਹੁੰਚ ਗਿਆ ਅਤੇ ਮੈਨੂੰ ਸਾਡੇ ਪਿੰਡਾਂ ਵੱਲ ਚੂੜੀਆਂ ਵੇਚਣ ਵਾਲੇ ਉਸ ਬਾਬੇ ਦੀ ਯਾਦ ਆ ਗਈ, ਜੋ ਕਿ ਸਾਈਕਲ ਤੇ ਟਰੰਕ (ਲੋਹੇ ਦੇ ਬਕਸੇ) ’ਚ ਚੂੜੀਆਂ ਵੇਚਣ ਅਕਸਰ ਸਾਡੇ ਪਿੰਡਾਂ ਵੱਲ ਆਉਂਦਾ ਸੀ। ਬਿਰਧ ਅਵਸਥਾ ਦਾ ਹੋਣ ਕਰਕੇ ਸਾਡੇ ਪਿੰਡ ਵਾਲੇ ਉਸਨੂੰ ‘ਚੂੜੀਆਂ ਵਾਲੇ ਬਾਬੇ’ ਦੇ ਨਾਂਅ ਨਾਲ ਹੀ ਜਾਣਦੇ ਸਨ। ਮੇਰੇ ਮਾਤਾ ਜੀ ਅਨੁਸਾਰ ਚੂੜੀਆਂ ਵਾਲਾ ਇਹ ਬਾਬਾ ਕਰੀਬ ਤੀਹ ਪੈਂਤੀ ਸਾਲਾਂ ਤੋਂ ਚੂੜੀਆਂ ਵੇਚਣ ਆ ਰਿਹਾ ਹੈ। ਮੈਨੂੰ ਉਹ ਵਾਕਿਆ ਯਾਦ ਆ ਗਿਆ, ਜਦੋਂ ਤੀਆਂ ਦੇ ਤਿਉਹਾਰ ਵਾਲੇ ਦਿਨ ਚੂੜੀਆਂ ਵਾਲਾ ਬਾਬਾ ਆਪਣੇ ਸਾਈਕਲ ਦੇ ਕੈਰੀਅਰ ਤੇ ਚੂੜੀਆਂ ਵਾਲਾ ਟਰੰਕ ਰੱਖੀਂ ਗਲੀ ’ਚ ਹੋਕਾ ਦੇ ਰਿਹਾ ਸੀ, ‘ਚੂੜੀਆਂ ਲੈ ਲਓ ਭਾਈ ਚੂੜੀਆਂ’। ਤੀਆਂ ਦਾ ਤਿਉਹਾਰ ਹੋਣ ਕਰਕੇ ਅਸੀਂ ਆਪਣੀਆਂ ਬਾਹਾਂ ਵਿੱਚ ਚੂੜੀਆਂ ਚੜਾਉਣ ਨੂੰ ਲੈ ਕੇ ਬਹਿਬਲ ਸਨ। ਚੂੜੀਆਂ ਚੜਾਉਣ ਦਾ ਚਾਅ ਸਾਥੋਂ ਸਾਂਭਿਆਂ ਨਹੀਂ ਸੀ ਜਾ ਰਿਹਾ। ਚੂੜੀਆਂ ਵਾਲੇ ਬਾਬੇ ਦੀ ਆਵਾਜ਼ ਸੁਣ ਕੇ ਸਾਨੂੰ ਚਾਅ ਚੜ੍ਹ ਗਿਆ ਅਤੇ ਉਸਨੂੰ ਆਪਣੇ ਘਰ ਬੁਲਾ ਲਿਆ। ਸਾਡੇ ਬੁਲਾਉਣ ਤੇ ਬਾਬਾ ਹੌਲੀ-ਹੌਲੀ ਸਾਡੇ ਘਰ ਆਇਆ ਅਤੇ ਬੜੀ ਮੁਸ਼ਕਿਲ ਨਾਲ ਉਸਨੇ ਆਪਣਾ ਸਾਈਕਲ ਖੜਾ ਕੀਤਾ। ਅਸੀਂ ਸਾਰੀਆਂ ਜਣੀਆਂ ਨੇ ਸਾਈਕਲ ਤੋਂ ਉਸਦਾ ਚੂੜੀਆਂ ਵਾਲਾ ਟਰੰਕ ਥੱਲੇ ਲੁਹਾਇਆ। ਪਹਿਲਾਂ ਅਸੀਂ ਬਾਬੇ ਨੂੰ ਪਾਣੀ ਪਿਆਇਆ ਅਤੇ ਮਗਰੋਂ ਬਾਬਾ ਸਾਨੂੰ ਰੰਗ ਬਰੰਗੀਆਂ ਚੂੜੀਆਂ ਵਿਖਾਉਣ ਲੱਗ ਪਿਆ। ਉਸ ਕੋਲ ਕਾਫ਼ੀ ਰੰਗਾਂ ਦੀਆਂ ਚੂੜੀਆਂ ਸਨ ਅਤੇ ਕੱਚ ਦੀਆਂ ਚੂੜੀਆਂ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੀਆਂ ਵੰਗਾਂ ਸਨ। ਮੈਂ ਵੇਖਿਆ ਕਿ ਚੂੜੀਆਂ ਵਿਖਾਉਂਦਿਆਂ ਇਸ ਬਜੁਰਗ ਬਾਬੇ ਦੇ ਹੱਥ ਕੰਬ ਰਹੇ ਸਨ। ਮੈਥੋਂ ਰਿਹਾ ਨਾ ਗਿਆ ਅਤੇ ਮੈਂ ਬਾਬੇ ਨੂੰ ਸਵਾਲ ਕੀਤਾ ਕਿ ਬਾਬਾ ਜੀ ਤੁਸੀਂ ਏਸ ਉਮਰ’ਚ ਵੀ ਕੰਮ ਕਰ ਰਹੇ ਹੋ, ਕੀ ਤੁਹਾਡੇ ਬੱਚੇ ਤੁਹਾਨੂੰ ਕੰਮ ਕਰਨ ਤੋਂ ਨਹੀਂ ਰੋਕਦੇ? ਮੇਰਾ ਸਵਾਲ ਸੁਣ ਕੇ ਬਾਬੇ ਨੇ ਐਨਕਾਂ ’ਚੋਂ ਮੈਨੂੰ ਅਪਣੱਤ ਨਾਲ ਵੇਖਿਆ ਅਤੇ ਬੋਲਿਆ, ‘ਸਭ ਕਿਸਮਤ ਦੀਆਂ ਖੇਡਾਂ ਨੇ ਧੀਏ, ਕਹਿਣ ਨੂੰ ਤਾਂ ਮੇਰੇ ਦੋ ਪੁੱਤਰ ਨੇ, ਚੰਗੇ ਕਾਰੋਬਾਰ ਨੇ ਦੋਵਾਂ ਦੇ। ਪਰ ਮਾਂ ਪਿਓ ਲਈ ਕੋਈ ਥਾਂ ਨਹੀਂ ਹੈ ‘ਨਾ ਘਰ ’ਚ ਤੇ ਨਾ ਦਿਲ ਵਿੱਚ’।
ਐਨਾ ਸੁਣਦਿਆਂ ਮੈਨੂੰ ਬਾਬੇ ਦੀ ਹਾਲਤ ਤੇ ਤਰਸ ਆ ਗਿਆ ਅਤੇ ਮੈਂ ਬਾਬੇ ਨੂੰ ਦੁਪਹਿਰ ਦੀ ਰੋਟੀ ਲਈ ਪੁੱਛਿਆ ਤਾਂ ਉਸਨੇ ਕਿਹਾ ਕਿ ਰੋਟੀ ਤਾਂ ਪੁੱਤ ਮੈਂ ਆਪਣੇ ਘਰ ਹੀ ਖਾਵਾਂਗਾ।
‘ਫ਼ਿਰ ਤੁਹਾਨੂੰ ਮੇਰੇ ਹੱਥਾਂ ਦੀ ਚਾਹ ਤਾਂ ਪੀਣੀ ਪਵੇਗੀ ਬਾਬਾ ਜੀ’। ਮੈਂ ਕੁਝ ਜਿਆਦਾ ਹੀ ਅਪਣੱਤ ਜਿਤਾਉਂਦਿਆਂ ਬਾਬੇ ਨੂੰ ਚਾਹ ਲਈ ਪੁੱਛਿਆ, ਤਾਂ ਜੋ ਉਹ ਮਨ੍ਹਾਂ ਨਾ ਕਰ ਸਕੇ।
‘ਲੈ ਆ ਪੁੱਤ ਫ਼ੇਰ’ ਕਹਿਣ ਤੇ ਮੈਂ ਬਾਬੇ ਲਈ ਚਾਹ ਬਣਾਉਣ ਰਸੋਈ ਵਿੱਚ ਚਲੀ ਗਈ ਅਤੇ ਨਾਲੋਂ-ਨਾਲ ਮੇਰਾ ਧਿਆਨ ਚੂੜੀਆਂ ਵਿੱਚ ਸੀ। ਅਸਲ ’ਚ ਮੈਂ ਬਾਬੇ ਦੀ ਜਿੰਦਗੀ ਦੀ ਹੱਡਬੀਤੀ ਵੀ ਸੁਣਨਾ ਚਾਹੁੰਦੀ ਸਾਂ।

ਚਾਹ ਪੀਦਿਆਂ-ਪੀਦਿਆਂ ਬਾਬਾ ਜੀ ਨੇ ਹੌਕਾ ਲਿਆ ਅਤੇ ਖੁਦ ਹੀ ਆਪਣੀ ਜਿੰਦਗੀ ਦੀਆਂ ਪਰਤਾਂ ਫ਼ਰੋਲਦਿਆਂ ਕਹਿਣ ਲੱਗੇ, ‘ਮੈਂ ਆਪਣੀ ਜਿੰਦਗੀ ਵਿੱਚ ਹੱਡ-ਪਸੀਨਾ ਵਾਹ ਕੇ ਬਹੁਤ ਕਮਾਈ ਕੀਤੀ। ਆਪ ਤੰਗੀ ਕੱਟੀ ਤੇ ਬੱਚਿਆਂ ਦੇ ਭਵਿੱਖ ਲਈ ਪੈਸੇ ਜਮ੍ਹਾਂ ਕਰਦਾ ਰਿਹਾ। ਬਹੁਤ ਆਸ ਸੀ ਕਿ ਦੋਵੇਂ ਬੱਚੇ ਵੱਡੇ ਹੋ ਕੇ ਮੇਰੀਆਂ ਸੱਜੀਆਂ-ਖੱਬੀਆਂ ਬਾਹਾਂ ਬਣਨਗੇ।
ਆਪਣੀ ਸਮਰੱਥਾ ਤੋਂ ਜਿਆਦਾ ਬੱਚਿਆਂ ਨੂੰ ਪੜਾਇਆ-ਲਿਖਾਇਆ ਅਤੇ ਵੱਡੇ ਹੋਣ ਤੇ ਆਪਣੀ ਜਮ੍ਹਾਂ ਪੂੰਜੀ ਨਾਲ ਦੋਵੇਂ ਪੁੱਤਰਾਂ ਨੂੰ ਦੁਕਾਨਾਂ ਬਣਾ ਕੇ ਦਿੱਤੀਆਂ ਤੇ ਨਾਲ ਹੀ ਆਪਣੇ ਬੁਢੇਪੇ ਦੇ ਸਹਾਰੇ ਦੀ ਉਮੀਦ ਨਾਲ ਅੱਡੋ-ਅੱਡ ਘਰ ਬਣਾ ਕੇ ਦੇ ਦਿਤੇ। ਆਪਣੀਆਂ ਬਾਕੀ ਜਿੰਮੇਵਾਰੀਆਂ ਨੂੰ ਨਿਭਾਉਂਦਿਆਂ ਮੈਂ ਦੋਵੇਂ ਪੁੱਤਰਾਂ ਦੇ ਵਿਆਹ ਪੂਰੇ ਗੱਜ-ਵੱਜ ਕੇ ਕੀਤੇ। ਮੇਰੀਆਂ ਦੋਵੇਂ ਨੂੰਹਾਂ ਪੜੀ-ਲਿਖੀਆਂ ਅਤੇ ਸ਼ਹਿਰ ਤੋਂ ਹਨ ਅਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਦੋਵੇਂ ਨੂੰਹਾਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਅਸੀਂ ਦੋਵੇਂ ਜੀਅ ਜਦੋਂ ਵੀ ਵੱਡੇ ਮੁੰਡੇ ਦੇ ਘਰ ਜਾਂਦੇ ਤਾਂ ਉਸਦੀ ਘਰ ਵਾਲੀ ਗੱਲ-ਗੱਲ ਤੇ ਸਾਡੇ ਨਾਲ ਕਲੇਸ਼ ਕਰਦੀ। ਛੋਟੇ ਮੁੰਡੇ ਦੀ ਬਹੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਨ੍ਹਾਂ ਅਨਪੜ੍ਹਾਂ ਨੂੰ ਤਾਂ ਰਹਿਣ-ਸਹਿਣ ਦੀ ਭੋਰਾ ਵੀ ਅਕਲ ਨਹੀਂ। ਆਨੀਂ-ਬਹਾਨੀਂ ਉਨ੍ਹਾਂ ਦੋਵਾਂ ਨੇ ਸਾਨੂੰ ਘਰ ਨਾ ਆਉਣ ਤੱਕ ਕਹਿ ਦਿੱਤਾ ਅਤੇ ਅਸੀਂ ਦੋਵੇਂ ਜੀਆਂ ਨੇ ਆਪਣੀ ਰਹਿੰਦੀ ਜਿੰਦਗੀ ਕੱਟਣ ਲਈ ਦੋ ਖਣਾਂ ਦਾ ਇੱਕ ਕਮਰਾ ਕਿਰਾਏ ਤੇ ਲਿਆ ਹੋਇਆ ਹੈ। ਮੇਰੀ ਘਰ ਵਾਲੀ ਰੇਲਗੱਡੀ ’ਚ ਜਾ ਕੇ ਦਿੱਲੀ ਤੋਂ ਚੂੜੀਆਂ ਅਤੇ ਹੋਰ ਸਮਾਨ ਖਰੀਦ ਲਿਆਉਂਦੀ ਹੈ। ਮੈਂ ਸਾਈਕਲ ਤੇ ਫ਼ੇਰੀ ਲਾ ਕੇ ਚੂੜੀਆਂ ਵੇਚਦਾ ਹਾਂ ਤੇ ਸਾਡਾ ਦੋਵੇਂ ਜੀਆਂ ਦਾ ਗੁਜਾਰਾ ਚੱਲੀ ਜਾਂਦਾ ਹੈ। ਆਪਣੀ ਹੱਡ ਬੀਤੀ ਸੁਣਾਉਂਦਿਆਂ ਬਾਬਾ ਨਾਲੋਂ-ਨਾਲ ਚਾਹ ਵੀ ਪੀ ਰਿਹਾ ਸੀ। ਬੋਲਦਿਆਂ-ਬੋਲਦਿਆਂ ਚੂੜੀਆਂ ਵਾਲਾ ਬਾਬਾ ਇੱਕ ਮਿੰਟ ਸਾਹ ਲੈਣ ਲਈ ਰੁਕਿਆ ਅਤੇ ਮੁੜ ਉਸਨੇ ਆਪਣੀ ਆਪ-ਬੀਤੀ ਜਾਰੀ ਰੱਖਦਿਆਂ ਕਿਹਾ ਕਿ ‘ਹੋਰ ਕੋਈ ਚਾਰਾ ਵੀ ਨਹੀਂ ਸੀ ਸਾਡੇ ਕੋਲ, ਜਿਉਂਦੇ ਜੀਅ ਪੇਟ ਤਾਂ ਭਰਨਾ ਈ ਐ ਤੇ ਉਸਦੇ ਲਈ ਆਪਣੇ ਹੱਥੀਂ ਕੰਮ ਵੀ ਕਰਨਾ ਹੀ ਐ ਪੁੱਤਰਾ।
ਬਾਬੇ ਦੀ ਆਪ-ਬੀਤੀ ਉਸਦੇ ਮੂੰਹੋਂ ਸੁਣ ਕੇ ਸਾਡਾ ਸਾਰਿਆਂ ਦਾ ਮਨ ਭਰ ਆਇਆ। ਮੇਰੇ ਮਨ ’ਚ ਖਿਆਲ ਆ ਰਹੇ ਸਨ ਕਿ ਇਨਸਾਨ ਆਪਣੀ ਔਲਾਦ ਲਈ ਕਿੰਨੇ ਜਫ਼ਰ ਘਾਲਦਾ ਹੈ ਤੇ ਧੀਆਂ-ਪੁੱਤਰਾਂ ਦੇ ਭਵਿੱਖ ਨੂੰ ਰੋਸ਼ਨ ਵੇਖਣ ਲਈ ਖੁਦ ਜਿੰਦਗੀ ਭਰ ਤੰਗੀਆਂ ਤੁਰਸ਼ੀਆਂ ਨਾਲ ਘੁਲਦੇ ਰਹਿੰਦੇ ਹਨ। ਪਰ ਕੀ ਔਲਾਦ ਆਪਣੇ ਮਾਪਿਆਂ ਦੇ ਸੰਘਰਸ਼ ਦਾ ਮੁੱਲ ਪਾਉਂਦੀ ਹੈ? ਲਾਹਨਤ ਹੈ ਇਹੋ ਜਿਹੀ ਔਲਾਦ ਤੇ, ਜੋ ਬੁਢਾਪੇ ’ਚ ਆਪਣੇ ਮਾਂ-ਬਾਪ ਦਾ ਸਹਾਰਾ ਨਹੀਂ ਬਣ ਸਕਦੀ ਅਤੇ ਸਭ ਕੁਝ ਹੁੰਦਿਆਂ ਵੀ ਆਪਣੇ ਮਾਂ-ਪਿਓ ਨੂੰ ਰੋਟੀ ਦੇਣ ਤੋਂ ਮੁਨਕਰ ਹਨ।

ਬਾਬੇ ਦੀ ਹੱਡਬੀਤੀ ਸੁਣ ਕੇ ਮੇਰਾ ਮਨ ਪਸੀਜਦਾ ਗਿਆ ਅਤੇ ਮੈਂ ਚੂੜੀਆਂ ਵਾਲੇ ਬਾਬੇ ਨੂੰ ਰੋਟੀ ਲਈ ਵਾਰ-ਵਾਰ ਕਿਹਾ, ਪਰ ਮੇਰੇ ਵਾਰ-ਵਾਰ ਕਹਿਣ ਦੇ ਬਾਵਜੂਦ ਉਸਨੇ ਰੋਟੀ ਖਾਣ ਤੋਂ ਮਨ੍ਹਾਂ ਕਰ ਦਿੱਤਾ। ਚੂੜੀਆਂ ਖਰੀਦਣ ਤੋਂ ਬਾਅਦ ਮੈਂ ਉਸਦਾ ਚੂੜੀਆਂ ਵਾਲਾ ਟਰੰਕ ਸਾਈਕਲ ਤੇ ਰੱਖਿਆ। ਚੂੜੀਆਂ ਵਾਲਾ ਬਾਬਾ ਸਾਈਕਲ ਨੂੰ ਰੋੜ ਕੇ ਹੌਲੀ-ਹੌਲੀ ਤੁਰਿਆ ਜਾ ਰਿਹਾ ਸੀ। ਮੈਂ ਭਰੇ ਮਨ ਨਾਲ ਦੂਰ ਤੱਕ ਬਾਬੇ ਨੂੰ ਵੇਖਦੀ ਰਹੀ। ਬਾਬੇ ਦੀ ਉਮਰ ਅਤੇ ਸੰਘਰਸ਼ ਵੇਖ ਕੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਜਿੰਦਗੀ ਇੱਕ ਸੰਘਰਸ਼ ਹੈ ਜਾਂ ਸੰਘਰਸ਼ ਹੀ ਜਿੰਦਗੀ ਹੈ।
ਦਲਬੀਰ ਕੌਰ ਧਾਲੀਵਾਲ
ਪਿੰਡ ਜੌਲਾਂ ਕਲਾਂ, ਤਹਿਸੀਲ ਡੇਰਾਬੱਸੀ, (ਐਸ.ਏ.ਐਸ.ਨਗਰ)