ਪਰਦੇਸ
ਭਾਗ - 10
ਜਦੋਂ ਚੜ੍ਹਦੇ ਵੱਲ ਨੂੰ ਨਿਗਾ ਮਾਰਨੀ ਤਾਂ ਉੱਚੀਆਂ ਪਹਾੜੀਆਂ ਤੇ ਫੌਜੀ ਸੀਰੀਆ ਦੀ ਆਰਮੀ ਸਾਨੂੰ ਆਪਣਾ ਜਮ ਦਿਖਾਈ ਦਿੰਦੀ ਸੀ। ਦੱਖਣ ਵੱਲ ਦੂਰ ਦੇਖਣਾ ਤਾਂ ਬੈਰੂਤ ਸ਼ਹਿਰ ਨਜ਼ਰੀਂ ਪੈਣਾ ਤੇ ਉਹਦੇ ਨਾਲ ਇਸਰਾਈਲ। ਉਹ ਵੀ ਘੱਟ ਨਹੀਂ ਸੀ ਕਰਦਾ। ਬੈਰੂਤ ਸ਼ਹਿਰ ਵਿੱਚ ਬਹੁਤ ਸਾਰੇ ਫਿਲਸਤੀਨੀ ਲੋਕਾਂ ਨੇ ਸ਼ਰਨਾਰਥੀਆਂ ਦੇ ਤੌਰ ਤੇ ਆਪਣੇ ਅੱਡੇ ਬਣਾਏ ਹੋਏ ਸਨ। ਇਹ ਵੀ ਹਥਿਆਰਬੰਦ ਸਨ। ਤੰਬੂਆਂ ਵਿੱਚ ਰਹਿਣਾ ਤੇ ਹਥਿਆਰ ਇਹਨਾਂ ਦੇ ਬੱਚੇ ਬੱਚੇ ਕੋਲ। ਇਹਨਾਂ ਉਧਰ ਫ਼ਾਇਰਿੰਗ ਕਰ ਦੇਣੀ, ਜਾਣੀ ਸ਼ਰਾਰਤ ਕਰ ਦੇਣੀ ਤੇ ਉੱਧਰੋਂ ਫਿਰ ਜਵਾਬ ਆਉਣਾ ਬਾਰੂਦ ਦੇ ਗੋਲਿਆਂ ਨਾਲ। ਇਸ ਤਰਾਂ ਮਰ ਜਾਣੇ ਵਿਚਾਰੇ ਆਮ ਆਦਮੀ। ਤੁਸੀਂ ਬੈਰੂਤ ਦੇ ਕਿਸੇ ਕੋਨੇ ਚਲੇ ਜਾਵੋ, ਤੁਹਾਨੂੰ ਚਾਰ ਚੁਫ਼ੇਰੇ ਬਰਬਾਦੀ, ਸੋਹਣੀਆਂ, ਸੋਹਣੀਆਂ 30-30 ਮੰਜ਼ਲਾਂ ਇਮਾਰਤਾਂ ਸੜਦੀਆਂ ਬਲਦੀਆਂ ਨਜ਼ਰ ਆਉਣੀਆਂ। ਇਮਾਰਤਾਂ ਦੇ ਬੜੇ ਬੜੇ ਖੰਡਰ ਨਜ਼ਰ ਆਉਣਗੇ। ਇੰਜ ਲੱਗਦਾ ਜਿਵੇਂ ਕੋਈ ਜ਼ਖ਼ਮੀ ਪਰਿੰਦਾ ਜ਼ਮੀਨ ਤੇ ਡਿੱਗਿਆ, ਲਹੂ ਲੁਹਾਣ ਫੜਫੜਾ ਰਿਹਾ ਹੋਵੇ ਤੇ ਪ੍ਰਮਾਤਮਾ ਤੋਂ ਆਪਣੀ ਜਾਨ ਦੀ ਭੀਖ ਮੰਗ ਰਿਹਾ ਹੋਵੇ। ਜਾਂ ਇੱਕ ਗੁਲਾਬ ਦਾ ਖਿੜਿਆ ਫੁੱਲ,ਕਿਸੇ ਬਲਦੀ ਭੱਠੀ ਵਿਚ ਸੁੱਟ ਦਿੱਤਾ ਹੋਵੇ। ਹਰ ਗਲੀ ਵਿੱਚ ਮੌਤ ਨੱਚ ਰਹੀ ਹੋਵੇ। ਗਲੀਆਂ ਵਿੱਚ ਚਾਰ ਚੁਫ਼ੇਰੇ ਫ਼ੌਜੀ ਹੀ ਫ਼ੌਜੀ। ਆਮ ਜਨਤਾ ਵਿਚਾਰੀ ਅੰਦਰ ਲੁਕ-ਕੇ ਬੈਠੀ ਰਹਿੰਦੀ ਸੀ। ਸੀਸ ਫਾਇਰ ਦਾ ਸਾਈਰਨ ਸੁਣਕੇ ਵਿਚਾਰੇ ਲੋਕ ਘਰੋਂ ਬਾਹਰ ਨਿਕਲਦੇ ਸਨ, ਖਾਣ ਪੀਣ ਦਾ ਸਾਮਾਨ ਲੈਣ ਲਈ।
ਇਹ ਲੜਾਈ ਦੀਆਂ ਖ਼ਬਰਾਂ ਇੰਡੀਆ ਵੀ ਪਹੁੰਚਦੀਆਂ ਸਨ। ਬਹੁਤ ਸਾਰੇ ਮੁੰਡਿਆਂ ਦੀਆਂ ਚਿੱਠੀਆਂ ਆਉਣੀਆਂ ਪਈ ਤੁਸੀਂ ਸੁੱਖ ਸੁਵੱਲੀ ਘਰ ਆ ਜਾਓ। ਪੈਸਾ ਤਾਂ ਜ਼ਿੰਦਗੀ ਵਿੱਚ ਬਹੁਤ ਕਮਾਇਆ ਜਾ ਸਕਦਾ ਪਰ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ। ਮੇਰੇ ਪਿਆਰੇ ਪੁੱਤ, ਮੇਰੇ ਦਿਲ ਦੇ ਟੁਕੜੇ ਤੂੰ ਮੁਲਕ ਛੱਡਕੇ ਘਰ ਨੂੰ ਆ ਜਾ। ਇਸ ਦੇ ਉਲਟ ਸਾਡੇ ਘਰੋਂ ਚਿੱਠੀਆਂ ਆਉਣੀਆਂ ਕਿ ਜਿੱਥੇ ਹੋ ਔਖੇ ਸੌਖੇ ਟਿਕੇ ਰਹੋ। ਇੱਥੇ ਆਣਕੇ ਕੀ ਕਰਨਾ, ਅੱਗੇ ਇੱਥੋਂ ਹੀ ਗਏ ਹੋ, ਤੁਸੀਂ ਸਭ ਕੁਝ ਦੇਖ ਹੀ ਲਿਆ। ਪੈਸਾ ਹੀ ਸਭ ਕੁਝ ਹੁੰਦਾ, ਇਸ ਦੇ ਬਗੈਰ ਕੋਈ ਪੁੱਛਦਾ ਨਹੀਂ। ਸਿਹਤ ਦਾ ਖਿਆਲ ਰੱਖਣਾ, ਅਸੀਂ ਤੁਹਾਡੇ ਲਈ ਪਰਮਾਤਮਾ ਕੋਲੋਂ ਸੁੱਖਾਂ ਮੰਗਦੇ ਹਾਂ। ਮੈਂ ਹੱਸਕੇ ਕਹਿਣਾ, ਸੁੱਖਾਂ ਤਾਂ ਅਸੀਂ ਵੀ ਬਹੁਤ ਮੰਗਦੇ ਹਾਂ ਪਰ ਅਜੇ ਤੱਕ ਪ੍ਰਵਾਨ ਨਹੀਂ ਚੜੀਆਂ। ਅਮਰੀਕ ਤੇ ਉਹਦਾ ਭਰਾ ਉਹ ਸਾਡੇ ਕਮਰੇ ਵਿੱਚ ਆਏ ਹੀ ਰਹਿੰਦੇ ਸਨ। ਤੇ ਬਹੁਤ ਪਿਆਰ ਜਿਤਾਉਣਾ ਜਿਵੇਂ ਸਾਡੇ ਅਸਲੀ ਦੋਸਤ ਉਹ ਹੀ ਹਨ। ਪਤਾ ਨਹੀਂ ਕਿੰਨੀ ਵਾਰੀ ਮੌਤ ਦੇ ਮੂੰਹ ਵਿੱਚੋਂ ਨਿਕਲਿਆ ਮੈਂ। ਛੋਟਾ ਹੁੰਦਾ ਡੰਗਰ ਚਾਰਨ ਗਿਆ, ਛੱਪੜ ਵਿਚ ਡੁੱਬ ਚੱਲਿਆ ਸੀ, ਏਨੇ ਨੂੰ ਵੱਡੇ ਭਰਾ ਨੇ ਦੇਖਿਆ ਕਿ ਗੋਤੇ ਖਾ ਰਿਹਾ। ਉਹਨੇ ਭੱਜਕੇ ਛਾਲ ਮਾਰੀ ਤੇ ਮੈਨੂੰ ਬਾਹਰ ਕੱਢ ਲਿਆ ਤੇ ਆਪਣੇ ਗੋਡੇ ਤੇ ਪੁੱਠਾ ਕਰਕੇ ਪਾਇਆ ਤੇ ਪਾਣੀ ਬਾਹਰ ਕੱਢਿਆ ।
ਇੱਕ ਦਿਨ ਮੈਂ ਸੜਕ ਕਿਨਾਰੇ ਕੰਮ ਕਰ ਰਿਹਾ ਸੀ। ਕੁਤੇਬੀਆਂ ਦਾ ਉਸ ਇਲਾਕੇ ਦਾ ਪ੍ਰਧਾਨ ਸੀ, ਉਹਦੀ ਕੋਠੀ ਤੇ ਵੀ ਕੋਈ ਕੰਮ ਚੱਲ ਰਿਹਾ ਸੀ। ਮੈਂ ਪੱਥਰਾਂ ਵਿੱਚ ਛੇਕ ਕੱਢਕੇ ਬਾਰੂਦ ਭਰਿਆ। ਬੰਬ ਚਲਾਉਣ ਵੇਲੇ ਅਸੀਂ ਪੱਥਰ ਨੂੰ ਵੱਡੇ ਟਰੈਕਟਰ ਮੂਹਰੇ ਲੱਗੇ ਕਰਾਹੇ ਨਾਲ ਢੱਕ ਲਿਆ ਕਰਦੇ ਸੀ ਤਾਂ ਕਿ ਛੋਟਾ ਮੋਟਾ ਪੱਤਰ ਬਾਹਰ ਆ ਕੇ ਕਿਸੇ ਦਾ ਨੁਕਸਾਨ ਨਾ ਕਰ ਸਕੇ। ਮੈਂ ਤਿੰਨ ਪਲੀਤਿਆਂ ਨੂੰ ਅੱਗ ਲਾ ਕੇ, ਉਨ੍ਹਾਂ ਨੂੰ ਉੱਪਰੋਂ ਚੰਗੀ ਤਰਾਂ ਢੱਕ ਦਿੱਤਾ। ਹੁਣ ਕੁਦਰਤੀ ਦੋ ਤਿੱਨ ਕਿੰਕਰਾਂ ਪ੍ਰਧਾਨ ਦੀ ਕੋਠੀ ਵਲ ਨਿਕਲ ਗਈਆਂ। ਉੱਥੇ ਕੰਮ ਕਰਦਾ ਕੋਈ ਮਿਸਤਰੀ, ਮੇਰੇ ਤੇ
ਕੜਕਿਆ,"ਹਿੰਦੂ ਇੰਤਾ ਮੁੱਖ ਮਾਫੀ (ਜਾਨੀ ਤੇਰਾ ਦਿਮਾਗ ਕੰਮ ਨਹੀਂ ਕਰਦਾ) ਇੰਨਾ ਕਹਿ ਕੇ ਉਹਨੇ ਮੇਰੇ ਤੇ ਦਸ-ਬਾਰਾਂ ਗੋਲੀਆਂ ਦਾਗ ਦਿੱਤੀਆਂ ਸਟੇਨਗੰਨ ਨਾਲ। ਮੇਰੇ ਉੱਪਰੋਂ ਦੀ ਲੰਘ ਗਈਆਂ ਪਰ ਮੈਂ ਬੱਚ ਗਿਆ। ਸ਼ਾਇਦ ਉਹਨੇ ਮੈਨੂੰ ਡਰਾਉਣ ਲਈ ਚਲਾਈਆਂ ਜਾਂ ਨਿਸ਼ਾਨਾ ਸਹੀ ਨਹੀਂ ਲੱਗਿਆ ਜਾਂ ਉਸ ਨੇ ਸਾਡੀ ਕੰਪਨੀ ਤੇ ਗੁੱਸਾ ਜ਼ਾਹਰ ਕੀਤਾ ਹੋਊ ਕਿਉਂਕਿ ਸਾਡੀ ਕੰਪਨੀ ਨਾਲ ਉਹਨਾਂ ਦਾ ਕਿਸੇ ਗੱਲੋਂ ਝਗੜਾ ਚੱਲ ਰਿਹਾ ਸੀ। ਕੰਪਨੀ ਦੇ ਸਾਰੇ ਬੰਦੇ ਕੰਮ ਬੰਦ ਕਰਕੇ ਚਲੇ ਗਏ। ਗੱਲ ਫੋਰਮੈਨਾਂ ਕੋਲ ਗਈ, ਉਹਨਾਂ ਅੱਗੇ ਕੁਤੇਬ ਦੇ ਪ੍ਰਧਾਨ ਨਾਲ ਗੱਲ ਕੀਤੀ ਤਾਂ ਕਿਤੇ ਜਾ ਕੇ ਨਬੇੜਾ ਹੋਇਆ। ਦੂਸਰੇ ਦਿਨ ਮੈਂ ਕੰਮ ਤੋਂ ਜੁਆਬ ਦੇ ਦਿੱਤਾ ਕਿ ਮੈਂ ਗੋਲੀਆਂ ਖਾਣ ਨਹੀਂ ਆਇਆ, ਆਪਣੀ ਤੇ ਟੱਬਰ ਦੀ ਰੋਟੀ ਕਮਾਉਣ ਆਇਆ ਹਾਂ। ਫੋਰਮੈਨ ਜ਼ਿਆਦਾ ਤਰਲੇ ਕਰਨ ਲੱਗਾ ਤਾਂ ਮੈਂ ਫੇਰ ਹਾਂ ਕਰ ਦਿੱਤੀ।
ਲੜਾਈ ਦਿਨੋ ਦਿਨ ਵਧਦੀ ਗਈ ਕੁਝ ਕੰਪਨੀਆਂ ਨੇ ਕੰਮ ਬੰਦ ਕਰ ਦਿੱਤੇ, ਕਿਉਂਕਿ ਬੰਬ ਬਹੁਤ ਡਿੱਗਦੇ ਸਨ, ਕਿਸੇ ਵੇਲੇ ਵੀ ਜਾਨ ਜਾ ਸਕਦੀ ਸੀ। ਹਰ ਵਕਤ ਜ਼ਿੰਦ ਤਰਾਹ ਤਰਾਹ ਕਰਦੀ ਸੀ, ਇੱਕ ਬਹੁਤ ਹੀ ਡਰ ਵਾਲਾ, ਸਹਿਮ ਵਾਲਾ ਮਾਹੌਲ ਸੀ। ਜੌਨੀ ਸ਼ਹਿਰ ਤੋਂ ਉੱਪਰ ਪਹਾੜੀ ਵੱਲ ਦੇਖੀਏ ਤਾਂ ਇੱਕ ਗੋਲ ਤਰਾਂ ਦੀ ਬਹੁਤ ਵੱਡੀ ਚਰਚ ਸੀ, ਅਸੀਂ ਇੱਕ ਦਿਨ ਮਨ ਬਣਾਇਆ ਕਿ ਦੇਖ ਕੇ ਆਈਏ। ਸ਼ਮਸ਼ੇਰ ਦੀ ਦੋਸਤ ਸ੍ਰੀਲੰਕਾ ਤੋਂ ਸੀ ਤੇ ਕਰਿਸਚੀਅਨ ਸੀ। ਅਸੀਂ ਟੈਕਸੀ ਕੀਤੀ ਤੇ ਚਲੇ ਗਏ। ਸੱਪ ਵਾਂਗੂੰ ਵਲ ਖਾਂਦੀ ਸੜਕ ਤੇ ਟੈਕਸੀ ਜਾ ਰਹੀ ਸੀ। ਇਸ ਤਰਾਂ ਦਾ ਨਜ਼ਾਰਾ ਸੀ, ਮੱਠੀ ਮੱਠੀ ਧੁੱਪ ਸੀ, ਇੰਜ ਲੱਗਦਾ ਸੀ ਜਿਵੇਂ ਅਸੀਂ ਸਵੱਰਗਾਂ ਨੂੰ ਜਾ ਰਹੇ ਸੀ। ਕੋਈ ਅੱਧੇ ਘੰਟੇ ਦੀ ਡਰਾਈਵ ਬਾਦ ਅਸੀਂ ਪਹਾੜੀ ਦੀ ਚੋਟੀ ਉੱਤੇ ਪਹੁੰਚ ਗਏ। ਅੰਦਰ ਗਏ ਤਾਂ ਲੋਕੀਂ ਆਪੋ ਆਪਣੇ ਧਿਆਨ ਨਾਲ ਬਾਈਬਲ ਪੜ੍ਹ ਰਹੇ ਸੀ। ਅਸੀਂ ਵੀ ਸਾਰਿਆਂ ਨੇ ਯਿਸੂ ਮਸੀਹ ਨੂੰ ਧਿਆਇਆ, ਘੁੰਮ ਫਿਰਕੇ ਦੇਖਿਆ ਉਥੋਂ ਆਉਣ ਨੂੰ ਰੂਹ ਨਹੀਂ ਸੀ ਕਰਦੀ ਪਰ ਘਰ ਤਾਂ ਆਉਣਾ ਹੀ ਸੀ। ਅਸੀਂ ਟੈਕਸੀ ਵਿੱਚ ਬੈਠੇ ਤੇ ਵਾਪਸ ਆ ਗਏ। ਸਾਡੇ ਘਰ ਤੋਂ ਥੋੜ੍ਹੀ ਦੂਰ ਇੱਕ ਦੁਕਾਨ ਸੀ, ਜਿੱਥੇ ਅਸੀਂ ਖਾਣ ਪੀਣ ਦਾ ਸਾਮਾਨ ਲੈਂਦੇ ਹੁੰਦੇ ਸੀ। ਅਸੀਂ ਟੈਕਸੀ ਵਾਲੇ ਨੂੰ ਕਿਹਾ ਕਿ ਸਾਨੂੰ ਇੱਥੇ ਛੱਡ ਦੇ ਤੇ ਅਸੀਂ ਇੱਥੋਂ ਤੁਰਕੇ ਚਲੇ ਜਾਵਾਂਗੇ।
ਲੇਖਕ - ਅਮਰਜੀਤ ਚੀਮਾਂ
+1 (716)908-3631