Saturday, May 10, 2025

Articles

ਪਰਦੇਸ (ਭਾਗ - 8)

September 27, 2023 11:27 AM
Amarjeet Cheema (Writer from USA)

 

ਪੈਸੇ ਚੰਗੇ ਬਣਦੇ ਸੀ, ਜਿਹੜੀ ਵਧੀਆ ਜਗ੍ਹਾ ਕਿਸੇ ਲਿਬਨਾਨੀ ਨੇ ਦੱਸਣੀ, ਅਸੀਂ ਉਹਨੂੰ ਹੀ ਦੇਖਣ ਤੁਰ ਜਾਣਾ। ਪੂਰੀ ਐਸ਼ ਉਡਾਈ,ਖਾਧਾ ਪੀਤਾ। ਕੁੜੀ ਸਾਡੇ ਕਮਰੇ ਚੇ ਆਈ ਹੋਈ ਸੀ ਤੇ ਅਸੀਂ ਰਾਤ ਨੂੰ ਆਉਣ ਵਿਚ ਲੇਟ ਹੋ ਗਏ। ਸਾਨੂੰ ਕੁੜੀ ਨਾਂ ਸੀ ਉਹਦਾ ਗੰਗਾ, ਨੇ ਦੱਸਿਆ ਕਿ ਮੇਰੇ ਨਾਲ ਉਸ ਕਮਰੇ ਦੇ ਮੁੰਡਿਆਂ ਨੇ ਛੇੜਖਾਨੀ ਕੀਤੀ ਆ। ਅਸੀਂ ਅੱਗਾ ਦੇਖਿਆ ਨਾ ਪਿੱਛਾ, ਗੰਗਾ ਨੂੰ ਨਾਲ ਲਿਆ। ਚੱਕ ਲਈਆਂ ਡਾਂਗਾਂ ਤੇ ਰਾਤ ਦੇ ਕੋਈ ਬਾਰਾਂ ਕੁ- ਵਜੇ ਸਨ। ਤਕਰੀਬਨ ਸਾਰੇ ਘੂਕ ਸੁੱਤੇ ਪਏ ਸਨ। ਗੰਗਾ ਨੇ ਸਾਨੂੰ ਦੱਸ ਦਿੱਤਾ ਕਿ ਇਹ ਮੁੰਡੇ ਨੇ। ਬਿੰਦਰ ਨੂੰ ਤੇ ਸ਼ੇਰ ਨੂੰ ਅਸੀਂ ਆਪਣੇ ਪਿੱਛੇ ਕਰ ਲਿਆ ਪਈ ਤੁਸੀਂ ਇਹ ਖਿਆਲ ਰੱਖਣਾ ਕਿ ਕੋਈ ਸਾਡੀ ਪਿੱਠ ਪਿੱਛਿਉਂ ਵਾਰ ਨਾ ਕਰੇ। ਮੈਂ ਤੇ ਰਾਣਾ ਅਸੀਂ ਦੋਹਾਂ ਮੁੰਡਿਆਂ ਦੀਆਂ ਹਿੱਕਾ ਤੇ ਬਹਿ ਗਏ। ਉਹਨਾਂ ਕਾਫ਼ੀ ਸ਼ਰਾਬ ਪੀਤੀ ਹੋਈ ਸੀ। ਫਿਰ ਪਤਾ ਨਾ ਲੱਗੇ ਕਿੱਧਰੋਂ ਨੂੰ ਚਪੇੜ, ਮੁੱਕਾ ਤੇ ਠੁੱਡ। ਪੂਰੇ ਰੂੰ ਵਾਂਗੂੰ ਪਿੰਜ ਸੁੱਟੇ। ਉਨ੍ਹਾਂ ਅੱਧ ਸੁੱਤਿਆਂ ਨੂੰ ਪਤਾ ਹੀ ਨਾ ਲੱਗੇ ਕਿ ਕੀ ਹੋ ਰਿਹਾ। ਜਦੋਂ ਚੀਕ ਚਿਹਾੜਾ ਪਿਆ ਤਾਂ ਸਾਰੇ ਅੱਖਾਂ ਮਲਦੇ ਉੱਠ ਪਏ। ਅਸੀਂ ਕਿਹਾ ਕਿ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ, ਇਨ੍ਹਾਂ ਨੇ ਕੁੜੀ ਨੂੰ ਛੇੜਿਆ ਤੇ ਇਸ ਕਰਕੇ ਇਹਨਾਂ ਦੇ ਸਿੰਗ ਅਸੀਂ ਚੰਗੀ ਤਰ੍ਹਾਂ ਚੋਪੜ ਦੇਣੇ ਆਂ ਜੇ ਕੋਈ ਹਮੈਤ ਵਿੱਚ ਉਠਿਆ ਤਾਂ ਉਹਦਾ ਝਾਂਬਾ ਅਸੀਂ ਉੱਠਦੇ ਸਾਰ ਹੀ ਲਾ ਦੇਣਾ। ਜਿੱਥੇ ਜਿੱਥੇ ਪਏ ਹੋ ਪਏ ਰਹੋ। ਜਦੋਂ ਸਾਡੀ ਪੂਰੀ ਤਸੱਲੀ ਹੋ ਗਈ ਤਾਂ ਉਨ੍ਹਾਂ ਤੋਂ ਬੈਠਕਾਂ ਕਢਵਾਈਆਂ ਤੇ ਗੰਗਾ ਦੇ ਪੈਰੀਂ ਹੱਥ ਲੁਆਇਆ ਤੇ ਮਾਫ਼ੀ ਮੰਗਾਈ।

ਇੰਨੇ ਨੂੰ ਉੱਥੇ ਰੋਲੀ ਪੈ ਗਈ ਕਿ ਕਤੇਬ ਆ ਗਏ। ਅਸੀਂ ਸਾਰੇ ਇਧਰ ਉਧਰ ਨੱਠੇ ਤੇ ਕੋਈ ਝਾੜੀਆਂ ਵਿੱਚ ਲੁੱਕ ਗਿਆ ਤੇ ਕਾਫ਼ੀ ਸਾਰੇ ਫੜੇ ਗਏ। ਮੈਂ ਭੱਜਿਆ ਤੇ ਹਨੇਰੇ ਕਾਰਨ ਮੇਰੀ ਲੱਤ ਵਿੱਚ ਪੱਥਰ ਲੱਗਾ ਤੇ ਸੱਟ ਗੋਡੇ ਤੋਂ ਥੱਲੇ ਹੱਡੀ ਵਿੱਚ ਲੱਗ ਗਈ। ਕੁਤੇਬੀਆਂ ਹੱਥੋਂ ਤਾਂ ਬੱਚ ਗਿਆ ਪਰ ਲੱਤ ਜ਼ਖਮੀ ਹੋ ਗਈ। ਕੁਤੇਬ ਉੱਥੇ ਦੀ ਇੱਕ ਗੁੰਡਾ ਪਾਰਟੀ ਦਾ ਨਾਂ ਸੀ, ਜਿਵੇਂ ਆਪਣੇ R.S.S ਹੈ। ਉਹ ਨਾਂ ਤਾਂ ਪੁਲੀਸ ਨੂੰ ਕੁਝ ਸਮਝਦੇ ਸੀ ਤੇ ਨਾ ਆਰਮੀ ਨੂੰ। ਬਾਰਡਰ ਤੇ ਵੀ ਆਪ ਹੀ ਲੜਦੇ ਸਨ। ਪੂਰੇ ਮੁਲਕ ਦੀ ਵਾਗਡੋਰ ਉਨ੍ਹਾਂ ਸੰਭਾਲੀ ਹੋਈ ਸੀ। ਜਿਹਨੂੰ ਮਰਜ਼ੀ ਕੁੱਟ ਮਾਰ ਕਰ ਦਿੰਦੇ ਸਨ। ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੁੰਦਾ ਸੀ। ਉਹ ਰਾਤ ਬਰਾਤੇ ਆਪਣੇ ਮੁੰਡਿਆਂ ਦੇ ਅੱਡਿਆਂ ਤੇ ਛਾਪੇ ਮਾਰਦੇ ਸਨ ਤੇ ਮੁੰਡੇ ਕੱਠੇ ਕਰ ਬਾਰਡਰ ਤੇ ਲੈ ਜਾਂਦੇ ਸਨ ਤੇ ਫਿਰ ਦੋ, ਦੋ,ਤਿੰਨ, ਤਿੰਨ ਦਿਨ ਉਨ੍ਹਾਂ ਤੋਂ ਮੁਫਤ ਵਿੱਚ ਕੰਮ ਕਰਾਉਂਦੇ ਸਨ। ਜੇ ਕੋਈ ਉਨ੍ਹਾਂ ਮੂਹਰੇ ਭੱਜਾ ਜਾਂਦਾ ਅੜਿੱਕੇ ਆ ਜਾਵੇ ਤਾਂ ਉਹ ਗੋਲੀ ਵੀ ਮਾਰ ਦਿੰਦੇ ਸਨ। ਕੰਮ ਕੀ ਹੁੰਦਾ ਸੀ, ਉਹ ਰੇਤ ਦੇ ਬੋਰੇ ਭਰਵਾਉਂਦੇ ਸਨ ਤੇ ਇਹ ਬੋਰੇ ਇੱਕ ਦੂਜੇ ਉੱਤੇ ਚਿਣ ਕੇ ਇੱਕ ਕਮਰਾ ਜਿਹਾ ਬਣਾ ਲੈਂਦੇ ਸਨ। ਰੇਤਾ ਵਿੱਚ ਦੀ ਗੋਲੀ ਨਹੀਂ ਲੰਘਦੀ, ਤੇ ਇਹ ਉਨ੍ਹਾਂ ਦੇ ਸਹਾਰੇ ਨਾਲ ਬਾਰਡਰ ਤੇ ਇੱਕ ਦੂਜੇ ਨਾਲ ਗੋਲੀ ਬਾਰੀ ਕਰਦੇ ਸਨ। ਲਿਬਨਾਨ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਹੈ। ਇੱਕ ਪਾਸੇ ਸੀਰੀਅਨ ਆਰਮੀ ਬੈਠੀ ਹੈ ਤੇ ਦੂਜੇ ਪਾਸੇ ਇਸਰਾਇਲ ਨਾਲ ਹੱਦ ਲੱਗਦੀ ਹੈ। ਤੀਜੇ ਪਾਸੇ ਸਮੁੰਦਰ ਹੈ , ਜਿੱਥੇ ਅਮਰੀਕਾ ਦੇ ਬੇੜੇ ਲੱਗੇ ਹੋਏ ਸਨ। ਇਹਨਾਂ ਦੀ ਆਪਸ ਵਿੱਚ ਗੋਲੀ ਖੜਕਦੀ ਰਹਿੰਦੀ ਸੀ। ਇਸ ਗੋਲਾਬਾਰੀ ਵਿੱਚ ਆਪਣੇ ਕਾਫੀ ਮੁੰਡੇ ਮਾਰੇ ਗਏ ਸਨ। ਇੱਕ ਵਾਰੀ ਮੈਂ ਬੈਰੂਤ ਦੋਸਤਾਂ ਨੂੰ ਮਿਲਣ ਗਿਆ ਸੀ ਤੇ ਉਹ ਦੋਸਤ ਮੈਨੂੰ ਹੋਰ ਦੋਸਤਾਂ ਕੋਲ ਲੈ ਗਏ। ਇੱਕ ਵੱਡਾ ਸਾਰਾ ਪੁੱਲ ਬਣਿਆ ਸੀ, ਜਿੱਥੇ ਆਪਣੇ ਮੁੰਡਿਆਂ ਨੇ ਮਾੜੀਆਂ ਮੋਟੀਆਂ ਪਲਾਈਆਂ ਲਾ ਕੇ ਕਮਰੇ ਬਣਾਏ ਹੋਏ ਸਨ। ਗਿਆਰਾਂ ਕੁ- ਵਜੇ ਇੱਕ ਗੋਲਾ ਡਿੱਗਾ ਜੋ ਬਿਲਕੁੱਲ ਮੇਰੇ ਦੋਸਤਾਂ ਦੇ ਕਮਰੇ ਉੱਤੇ ਸੀ। ਸਾਰੇ ਸਮਾਨ ਦੇ ਫੂਸੜੇ ਉੜਾ ਦਿੱਤੇ। ਜੇ ਅਸੀਂ ਦੂਸਰੇ ਦੋਸਤਾਂ ਕੋਲ ਨਾ ਗਏ ਹੁੰਦੇ ਤਾਂ ਤੁਸੀਂ ਮੇਰੀਆਂ ਕਹਾਣੀਆਂ ਤੇ ਗੀਤ ਨਾ ਸੁਣਦੇ। ਕਦੋਂ ਦੇ ਮਰ ਗਏ ਹੁੰਦੇ । ਅਸੀਂ ਦੋਸਤਾਂ ਕੋਲੋਂ ਆ ਕੇ ਪਰਮਾਤਮਾ ਦਾ ਸ਼ੁਕਰ ਮਨਾਇਆ ਕਿ ਸਾਡੀ ਜਾਨ ਬੱਚ ਗਈ। ਦੂਸਰੇ ਦਿਨ ਮੈਂ ਲੁੱਕਦਾ ਛੁੱਪਦਾ ਗਲੀਉਂ ਗਲੀ ਹੋ ਕੇ ਜੋਹਨੀ (ਸ਼ਹਿਰ) ਆਇਆ ਤੇ ਟੈਕਸੀ ਫੜ ਕੇ ਆਪਣੇ ਘਰ ਆ ਗਿਆ। ਬੈਰੂਤ ਦਾ ਕਾਫ਼ੀ ਹਿੱਸਾ ਮੁਸਲਮਾਨਾਂ ਅਧੀਨ ਹੈਂ ਤੇ ਬਾਕੀ ਪਹਾੜੀ ਏਰੀਆ ਸਾਰਾ ਕਰਿਸਚੀਅਨ ਲੋਕਾਂ ਦੇ ਅਧੀਨ ਹੈ। ਮੈਨੂੰ ਮੁਸਲਮਾਨ ਫੌਜੀ ਕਹਿੰਦੇ ਸਨ ਤੂੰ ਨਾ ਜਾ ਸਾਡੀ ਦੋਹਾਂ ਗਰੁੱਪਾਂ ਦੀ ਇੱਕ ਦੂਜੇ ਨਾਲ ਗੋਲੀਬਾਰੀ ਚੱਲਦੀ ਆ। ਤੇ ਗੋਲੀ ਨੇ ਇਹ ਨਹੀਂ ਦੇਖਣਾ ਕਿ ਤੂੰ ਇੰਡੀਅਨ ਹੈ ਜਾਂ ਕਰਿਸਚੀਅਨ ਮੈਂ ਉਹਨਾਂ ਨੂੰ ਅਰਬੀ ਵਿੱਚ ਕਿਹਾ ਕਿ ਨਹੀਂ ਮੈਨੂੰ ਜਾਣ ਦਿਉਂ।

ਜੇਕਰ ਪਰਮਾਤਮਾ ਨੇ ਰਾਤੀਂ ਹੱਥ ਦੇ ਕੇ ਰੱਖ ਲਿਆ ਤੇ ਹੁਣ ਵੀ ਉਹ ਰੱਖਿਆ ਕਰੇਗਾ, ਨਾਲੇ ਉਸ ਉਮਰ ਵਿਚ ਬੰਦਾ ਮਰਨ ਮਰਾਉਣ ਤੋਂ ਨਹੀਂ ਡਰਦਾ। ਫਿਰ ਪਿੱਛੇ ਚਲਦੇ ਹਾਂ। ਰਾਤ ਲੰਘ ਗਈ ਤੇ ਉਨ੍ਹਾਂ ਸਾਰੇ ਕਮਰੇ ਵਾਲਿਆਂ ਕੰਮ ਤੇ ਹੜਤਾਲ ਕਰ ਦਿੱਤੀ ਕਿ ਪਹਿਲਾਂ ਤਾਂ ਜਿਹੜੇ ਸਾਡੇ ਮੁੰਡੇ ਕਤੇਬ ਚੁੱਕ ਕੇ ਲੈ ਗਈ, ਉਹ ਵਾਪਸ ਲਿਆਉ ਤੇ ਇਨ੍ਹਾਂ 4 ਜਣਿਆਂ ਨੂੰ ਕੰਮ ਤੋਂ ਕੱਢ ਦਿਉ। ਫੋਰਮੈਨ ਮੁੰਡਿਆਂ ਨੂੰ ਤਾਂ ਛੁਡਾ ਕੇ ਲੈ ਆਏ ਤੇ ਹੁਣ ਸਾਰੇ ਇਹੀ ਮੰਗ ਕਰ ਰਹੇ ਸਨ ਕਿ ਸਾਡੇ ਮੁੰਡਿਆਂ ਨੂੰ ਇਨ੍ਹਾਂ ਬਹੁਤ ਕੁੱਟਿਆ ਹੈ, ਤੇ ਇਹ ਬਦਮਾਸ਼ੀ ਕਰਦੇ ਹਨ। ਫੋਰਮੈਨ ਨੇ ਸਾਡੇ ਨਾਲ ਗੱਲ ਕੀਤੀ ਤਾਂ ਅਸੀਂ ਕਹਿ ਦਿੱਤਾ ਕਿ ਜੇ ਇਹ ਕੰਮ ਛੱਡ ਕੇ ਚਲੇ ਜਾਂਦੇ ਹਨ ਤਾਂ ਅਸੀਂ ਦੂਸਰੇ ਸ਼ੇਖ ਦੇ ਸਾਰੇ ਮੁੰਡੇ ਇਸ ਕੰਪਨੀ ਵਿਚ ਲੈ ਆਵਾਂਗੇ। ਸਾਨੂੰ ਪਤਾ ਸੀ ਕਿ ਉਹ ਕਿਤੇ ਨਹੀਂ ਜਾਣ ਲੱਗੇ ਬੱਸ ਡਰਾਵੇ ਹੀ ਮਾਰਦੇ ਨੇ। ਫੋਰਮੈਨ ਨੇ ਉਹਨਾਂ ਨੂੰ ਕਹਿ ਦਿੱਤਾ ਜੇ ਸਵੇਰੇ ਕੰਮ ਤੇ ਨਹੀਂ ਆਉਣਾ ਤਾਂ ਹੁਣੇ ਦੱਸ ਦਿਉ, ਤੁਸੀਂ ਖ਼ੁਸ਼ੀ ਨਾਲ ਜਾ ਸਕਦੇ ਹੋ। ਅਗਲੇ ਹਫ਼ਤੇ ਆਪਣੇ ਬਣਦੇ ਪੈਸੇ ਲੈ ਜਾਇਉ। ਪਰ ਇਨ੍ਹਾਂ ਚਾਰ ਮੁੰਡਿਆਂ ਨੂੰ ਅਸੀਂ ਕੰਮ ਤੋਂ ਨਹੀਂ ਕੱਢ ਸਕਦੇ। ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦੂਸਰੇ ਦਿਨ ਅਸੀਂ ਦੇਖਿਆ ਸਾਰੇ ਜਾਣੇ ਬੇਲਚੇ, ਗੈਨਤੀਆਂ (ਮਿੱਟੀ ਪੁੱਟਣ ਵਾਲਾ ਔਜਾਰ) ਚੁੱਕੀ ਸੜਕੋ ਸੜਕ ਤੁਰੇ ਜਾਂਦੇ ਸਨ। ਫਿਰ ਉਹ ਕੰਨਾਂ ਵਿੱਚ ਪਾਏ ਨਹੀਂ ਰੜਕੇ। ਕੁਝ ਕੁ- ਨੇ ਤਾਂ ਸਾਡੇ ਨਾਲ ਦੋਸਤੀ ਪਾ ਲਈ ਤੇ ਕੁਝ ਅਜੇ ਵੀ ਖਾਰ ਖਾਂਦੇ ਸਨ।

                                                                                                                                                                                           ਲੇਖਕ - ਅਮਰਜੀਤ ਚੀਮਾਂ
                                                                                                                                                                                               +1(716)908-3631

Have something to say? Post your comment