ਪਰਦੇਸ (ਭਾਗ - 7)
ਉੱਥੇ ਜ਼ਿਆਦਾ ਭੈਡੂ ਦਾ ਮੀਟ ਹੀ ਮਿਲਦਾ ਹੈ। ਇਹਨਾਂ ਹਰ ਇੱਕ ਦੇ ਮੀਟ ਦੇ ਲਿਫ਼ਾਫ਼ੇ ਵਿੱਚੋਂ ਥੋੜਾ ਥੋੜਾ ਮੀਟ ਕੱਢਕੇ ਆਪਣੇ ਲਈ ਫਰੀ ਮੀਟ ਕੱਢ ਲੈਣਾ। ਭਾਅ ਦੇ ਵਿੱਚ ਵੀ ਰਗੜਾ ਲਾ ਦੇਣਾ। ਜਾਣੀ ਹਰ ਤਰਾਂ ਦੀ ਕਮੀਨਗੀ ਇਹਨਾਂ ਕਰਨੀ। ਜਿਹੜੇ ਮੁੰਡੇ ਸ਼ੇਖ ਦੀ ਕੋਠੀ ਕੰਮ ਕਰਨਾ ਛੱਡਕੇ ਬਾਹਰ ਕਿਤੇ ਕੰਮ ਕਰਦੇ ਸਨ, ਉਨ੍ਹਾਂ ਤੋਂ ਡਰਾ ਧਮਕਾ ਕੇ ਸੌ ਡਾਲਰ ਪਰ ਪਰਸਨ ਮਹੀਨੇ ਦਾ ਲੈ ਲੈਣਾ, ਡਰਾਵਾ ਦੇਣਾ ਕਿ ਨਹੀਂ ਅਸੀਂ ਤਾਂ ਸ਼ੇਖ ਨੂੰ ਦੱਸਕੇ ਤੁਹਾਨੂੰ ਪੁਲਿਸ ਹਵਾਲੇ ਕਰ ਦੇਵਾਂਗੇ। ਮੁੰਡੇ ਮਜਬੂਰੀ ਵੱਸ ਸਭ ਕੁਝ ਕਰੀ ਜਾਂਦੇ ਸਨ। ਜੇ ਕੋਈ ਮਾੜੀ ਮੋਟੀ ਅੱਖ ਚੁੱਕਦਾ ਸੀ ਤਾਂ ਉਹਦੀ ਫੈਂਟੀ ਵੀ ਚਾਹੜ ਦਿੰਦੇ ਸਨ। ਕੁੜੀਆਂ ਮੁੰਡੇ ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਸਨ। ਹਰ ਸ਼ਨੀ,ਐਤਵਾਰ ਉਨ੍ਹਾਂ ਦੇ ਕਮਰੇ ਚੇ ਸ਼ਰਾਬ ਸਾਰਾ ਦਿਨ ਚੱਲਦੀ ਸੀ ਤੇ ਮੀਟ ਵੀ। ਕੁੜੀਆਂ ਰੋਟੀ ਪਾਣੀ ਵਧੀਆ ਬਣਾ ਦਿੰਦੀਆਂ ਸਨ। ਕੁਝ ਸਮਾਂ ਪਾ ਕੇ ਅਸੀਂ ਬੋਲੀ ਚੰਗੀ ਤਰ੍ਹਾਂ ਸਿੱਖ ਲਈ। ਸਾਡੇ ਨਾਲ ਇਕ ਰਾਜ ਮਿਸਤਰੀ ਕੰਮ ਕਰਦਾ ਸੀ, ਉਹ ਦੁਬੱਈ ਵੀ ਕੰਮ ਕਰ ਆਇਆ ਸੀ, ਇਸ ਕਰਕੇ ਉਹ ਪਰਦੇਸੀਆਂ ਦੇ ਦੁੱਖ ਦਰਦ ਨੂੰ ਪਛਾਣਦਾ ਸੀ। ਉਹਨੇ ਸਾਨੂੰ ਚੰਗੀ ਤਰ੍ਹਾਂ ਸਮਝਾ ਕੇ ਬੋਲੀ ਸਿਖਾਈ ਸੀ ਤੇ ਨਾਲੇ ਇਹ ਵੀ ਡਰ ਦਿਲੋਂ ਕੱਢ ਦਿੱਤਾ ਕਿ ਤੁਹਾਨੂੰ ਕੋਈ ਵੀ ਡਿਪੋਰਟ ਨਹੀਂ ਕਰਦਾ। ਕਿਉਂਕਿ ਇੱਥੇ ਕਾਮਿਆਂ ਦੀ ਬਹੁਤ ਜ਼ਰੂਰਤ ਹੈ
ਫਿਰ ਸਾਨੂੰ ਖ਼ਬਰ ਮਿਲੀ ਕਿ ਇੱਕ ਕੰਪਨੀ ਹੈ ਜੋ ਸੜਕਾਂ ਬਣਾਉਣ ਦੇ ਠੇਕੇ ਲੈਂਦੀ ਹੈ ਤੇ ਉਨ੍ਹਾਂ ਨੂੰ ਕਾਮਿਆਂ ਦੀ ਬੜੀ ਜ਼ਰੂਰਤ ਹੈ। ਪੈਸੇ ਭਾਵੇਂ ਇੰਨੇ ਕੁ ਹੀ ਦਿੰਦੀ ਸੀ ਪਰ ਓਵਰਟਾਈਮ ਬਹੁਤ ਲੱਗ ਜਾਂਦਾ ਸੀ। ਉਹ ਵੀ ਇੱਕ ਚੰਗੇ ਪਹੁੰਚੇ ਹੋਏ ਸ਼ੇਖ ਦੀ ਕੰਪਨੀ ਸੀ। ਅੰਨਾ ਕੀ ਭਾਲੇ ਦੋ ਅੱਖਾਂ ? ਅਸੀਂ ਆਪਣੇ ਕਮਰੇ ਦੇ ਸੱਤ ਮੁੰਡਿਆਂ ਨੇ ਫੋਰਮੈਨ ਨਾਲ ਸਿੱਧੀ ਗੱਲ ਕਰ ਲਈ। ਅਸੀਂ ਕੰਮਕਾਰ ਨੂੰ ਚੰਗੇ ਸੀ ਨਾਲੇ ਜੁਆਨੀ ਦੀ ਉਮਰ ਵਿੱਚ ਥਕੇਵੇਂ ਦਾ ਨਾਂ ਵੀ ਨਹੀਂ ਸੀ ਪਤਾ ਹੁੰਦਾ। ਫੋਰਮੈਨ ਨੇ ਪਹਿਲਾਂ ਮੈਨੂੰ ਪੱਥਰ ਤੋੜਨ ਦਾ ਕੰਮ ਦਿੱਤਾ। ਵੱਡਾ ਸਾਰਾ ਹਥੌੜਾ (ਘਣ) ਦੇ ਦਿੱਤਾ ਤੇ ਮੈਂ ਸਾਰਾ ਦਿਨ ਪੱਥਰ ਤੋੜਦੇ ਰਹਿਣਾ। ਇਹ ਪੱਥਰਾਂ ਦੇ ਟੁਕੜੇ ਬੱਜਰੀ ਸੀਮਿੰਟ ਵਿੱਚ ਪਾਉਂਦੇ ਸਨ, ਜਿੱਥੇ ਇਨ੍ਹਾਂ ਦੀ ਸੀਮਿੰਟ ਦੀ ਬੜੀ ਬੱਚਤ ਹੋ ਜਾਂਦੀ ਸੀ। ਸਾਨੂੰ ਇੱਕ ਛੋਟਾ ਜਿਹਾ ਟਰੈਕਟਰ ਵੀ ਦੇ ਦਿੱਤਾ ਜਿਸ ਵਿੱਚ ਅਸੀਂ ਪਹਾੜਾਂ ਤੋਂ ਪੱਥਰ ਲੱਦ ਕੇ ਲੈ ਆਉਂਦੇ ਤੇ ਫਿਰ ਓਵਰਟਾਈਮ ਵਿੱਚ ਤੋੜਦੇ ਰਹਿੰਦੇ। ਸਾਡੀ ਚਾਰ ਜਣਿਆਂ ਦੀ ਡਿਊਟੀ ਸੀ ਪੱਥਰਾਂ ਲਈ। ਛੇਤੀ ਹੀ ਅਸੀਂ ਫੋਰਮੈਨ ਦੀਆਂ ਅੱਖਾਂ ਵਿੱਚ ਚੜ੍ਹ ਗਏ। ਉਹਨੇ ਸਾਨੂੰ ਬੜਾ ਓਵਰਟਾਈਮ ਦਿੱਤਾ। ਸ਼ਨਿੱਚਰ ਐਤਵਾਰ ਦੀ ਸਾਰਿਆਂ ਦੀ ਛੁੱਟੀ ਹੁੰਦੀ ਸੀ ਤੇ ਸਾਨੂੰ ਚੌਹਾਂ ਨੂੰ ਸ਼ਨੀ, ਐਤਵਾਰ ਵੀ ਕੰਮ ਦੇ ਦਿੰਦਾ ਸੀ। ਕੰਪਨੀ ਸਾਡੇ ਨਾਲ ਠੇਕਾ ਕਰ ਲੈਂਦੀ ਸੀ ਪਈ ਆਹ ਏਨਾ ਕੰਮ ਹੈ, ਤੁਸੀਂ ਚਾਰ ਘੰਟਿਆਂ ਚ ਕਰ ਦਿਉ ਜਾਂ ਦਸਾਂ ਵਿਚ, ਤੁਹਾਨੂੰ ਅੱਠ ਘੰਟੇ ਓਵਰਟਾਈਮ ਦਿੱਤਾ ਜਾਵੇਗਾ। ਬੜਾ ਸੂਤ ਲੱਗਾ
ਹਰ ਰੋਜ਼ ਸਾਡੀ ਡਬਲ ਦਿਹਾੜੀ ਬਣ ਜਾਂਦੀ ਸੀ। ਸਾਡੀ ਕੰਪਨੀ ਵਿੱਚ ਕੋਈ ਅੱਸੀ ਕੁ- ਬੰਦੇ ਕੰਮ ਕਰਦੇ ਸਨ। ਪੰਜ ਫੋਰਮੈਨ ਸਨ, ਤੇ ਉਨ੍ਹਾਂ ਆਪਣੇ ਆਪਣੇ ਬੰਦੇ ਵੰਡ ਕੇ ਰੱਖੇ ਹੋਏ ਸਨ। ਸਾਡੇ ਗਰੁੱਪ ਦਾ ਫੋਰਮੈਨ ਸੀ ਟੋਨੀ ਜਲਖ਼, ਅਜੇ ਸਾਡੇ ਵਰਗਾ ਨੌਜਵਾਨ ਸੀ। ਉਹ ਇੰਗਲਿਸ਼ ਚੰਗੀ ਬੋਲ ਲੈਂਦਾ ਸੀ, ਜਿਹੜੀ ਗੱਲ ਸਾਨੂੰ ਅਰਬੀ ਵਿੱਚ ਸਮਝ ਨਾ ਆਉਣੀ, ਉਹ ਉਹਨੇ ਅੰਗਰੇਜ਼ੀ ਵਿੱਚ ਸਮਝਾ ਦੇਣੀ। ਸਾਨੂੰ ਚਾਰ ਜਣਿਆਂ ਨੂੰ, ਮੈਨੂੰ, ਸ਼ਮਸ਼ੇਰ, ਰਾਣਾ ਦੀ ਬਿੰਦਰ ਨੂੰ ਕੰਪਰੈਸ਼ਰ ਦਾ ਕੰਮ ਸੌਂਪ ਦਿੱਤਾ। ਕੰਪਰੈਸ਼ਰ ਨਾਲ ਫਰਦ (ਮਸ਼ੀਨ) ਚਲਦੀ ਸੀ। ਜਿਸ ਨਾਲ ਅਸੀਂ ਪਹਾੜਾਂ ਦੇ ਪੱਥਰਾਂ ਵਿੱਚ 1 ਮੀਟਰ ਤੱਕ ਸ਼ੇਕ ਕਰਕੇ ਵਿੱਚ ਬਾਰੂਦ ਭਰ ਦਿੰਦੇ ਸੀ ਤੇ ਛੁੱਟੀ ਹੋਣ ਤੋਂ ਦੋ ਘੰਟੇ ਪਹਿਲਾਂ ਅਸੀਂ ਬਾਰੂਦ ਦੇ ਪਲੀਤਿਆਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੰਦੇ ਸੀ। ਜਲਦੀ ਹੋਈ ਸਿਗਰਟ ਨਾਲ ਪਲੀਤੇ ਨੂੰ ਅੱਗ ਲਾਉਣੀ ਬਹੁਤ ਆਸਾਨ ਹੁੰਦੀ ਹੈ। ਫੋਰਮੈਨ ਤਿੰਨ ਸਿਗਰਟਾਂ (ਮਾਰਲਬੋਰੋ) ਦੀਆਂ ਡੱਬੀਆਂ ਸਾਨੂੰ ਦੇ ਦੇਣੀਆਂ। ਪਲੀਤੇ ਨੂੰ ਅੱਗ ਲਾਉਂਦੇ ਲਾਉਂਦੇ ਅਸੀਂ ਸੂਟਾ ਵੀ ਖਿੱਚਣ ਲੱਗ ਪਏ, ਇਸ ਤਰ੍ਹਾਂ ਸਿਗਰਟਾਂ ਪੀਣ ਦੀ ਆਦਤ ਵੀ ਪੈ ਗਈ। ਖ਼ੈਰ ਪੈਸੇ ਸਾਡੇ ਬਹੁਤ ਬਣਨ ਲੱਗ ਪਏ। ਇਸ ਕਰਕੇ ਕੰਪਨੀ ਦੇ ਦੂਜੇ ਬੰਦੇ ਸਾਡੇ ਨਾਲ ਖਾਰ ਖਾਣ ਲੱਗ ਪਏ। ਸਾਡੀਆਂ ਆਪਣੇ, ਆਪਣੇ ਫੋਰਮੈਨਾਂ ਨੂੰ ਸ਼ਿਕਾਇਤਾਂ ਲਾਉਣ ਲੱਗ ਪਏ ਪਈ ਇਨ੍ਹਾਂ ਚਹੁੰਆਂ ਦੇ ਪੈਸੇ ਸਾਡੇ ਤੋਂ ਡਬਲ ਹੁੰਦੇ ਹਨ ਸਾਡੇ ਪੈਸੇ ਵੀ ਵਧਾਉ।
ਖੈਰ ਉਹਨਾਂ ਦੀ ਕੋਈ ਪੇਸ਼ ਨਾ ਗਈ। ਇਸੇ ਮਸਲੇ ਤੇ ਸਾਡੀ ਬਹਿਸ ਵੀ ਹੋਣ ਲੱਗ ਪਈ। ਕਿਤੇ ਕਿਤੇ ਗਾਲੀ ਗਲੋਚ ਵੀ ਹੋਣ ਲੱਗ ਪਈ। ਇਹ ਸਾਰੇ ਮੁੰਡੇ ਪਿੰਡ ਤਲਵੰਡੀ ਕੂਕਿਆਂ ਦੇ ਸਨ। ਕੋਈ ਪੱਚੀ ਕੁ-ਮੁੰਡੇ, ਕੁਝ ਸਿਆਣੇ ਬੰਦੇ ਸਨ ਇਸ ਪਿੰਡ ਦੇ। ਇਹੀ ਸਾਡੇ ਤੋਂ ਜ਼ਿਆਦਾ ਖ਼ਾਰ ਖਾਂਦੇ ਸਨ। ਕੁਝ ਦਿਨਾਂ ਤੋਂ ਇਕ ਸ੍ਰੀ ਲੰਕਾ ਦੀ ਜਨਾਨੀ ਸਾਡੇ ਕਮਰੇ ਵਿੱਚ ਆਉਂਦੀ ਸੀ, ਸ਼ਨਿੱਚਰ ਐਤਵਾਰ ਨੂੰ, ਜਿਹੜੀ ਕਿ ਸ਼ੇਰ ਦੀ ਦੋਸਤ ਸੀ। ਉੱਥੇ ਤਕਰੀਬਨ ਕਾਫ਼ੀ ਮੁੰਡਿਆਂ ਨੇ ਆਪਣੀਆਂ ਗਰਲ ਫਰੈਂਡ ਰੱਖੀਆਂ ਹੋਈਆਂ ਸਨ। ਬਹੁਤੇ ਲਿਬਨਾਨੀਆਂ ਨੇ ਘਰ ਨੌਕਰਾਣੀਆਂ ਰੱਖੀਆਂ ਹੋਈਆਂ ਹੁੰਦੀਆਂ ਸੀ, ਉਨ੍ਹਾਂ ਪੰਜ ਦਿਨ ਸ਼ੇਖ ਦੇ ਘਰ ਰਹਿਣਾ ਤੇ ਕੰਮ ਕਰਨਾ। ਛੁੱਟੀ ਵਾਲੇ ਦਿਨ ਉਹ ਜਿੱਧਰ ਮਰਜ਼ੀ ਜਾ ਸਕਦੀਆਂ ਸਨ। ਕੁੜੀਆਂ ਦੀ ਜ਼ਨਾਨੀਆਂ ਦੀ ਹਾਲਤ ਮਾੜੀ ਹੀ ਹੁੰਦੀ ਆ। ਦੱਸਦੀਆਂ ਸਨ ਕਿ ਦਿਨ ਵੇਲੇ ਕੰਮ ਕਰਦੀਆਂ, ਪੋਚੇ ਲਾਉਂਦੀਆਂ ਥੱਕੀਆਂ ਹੁੰਦੀਆਂ ਹਾਂ ਤੇ ਰਾਤ ਨੂੰ ਸ਼ੇਖ ਕਹਿੰਦੇ ਹਨ ਕਿ ਸਾਡੀਆਂ ਲੱਤਾਂ ਘੁੱਟੋ। ਤੁਸੀਂ ਸਮਝ ਹੀ ਗਏ ਹੋਵੋਂਗੇ ਮੇਰੇ ਇਸ਼ਾਰੇ ਨੂੰ। ਅਸੀਂ ਚਾਰੇ ਜਣੇ ਕਿਤੇ ਦੋਸਤਾਂ ਨੂੰ ਮਿਲਣ ਗਏ ਹੋਏ ਸੀ, ਹਰ ਸੰਡੇ ਨੂੰ ਅਸੀਂ ਆਪਣਾ ਕੰਮ ਨਬੇੜ ਕੇ ਅਸੀ ਟੈਕਸੀ ਕਰਨੀ ਤੇ ਕਿਤੇ ਨਾ ਕਿਤੇ ਤੁਰੇ ਰਹੇ।
ਲੇਖਕ - ਅਮਰਜੀਤ ਚੀਮਾਂ
+1(716)908-3631