Saturday, May 10, 2025

Articles

ਪਰਦੇਸ (ਭਾਗ - 6)

September 25, 2023 10:23 AM
Amarjeet Cheema (Writer from USA)

ਪਰਦੇਸ (ਭਾਗ - 6)

 

ਮੈਂ ਸੋਚ ਰਿਹਾ ਸੀ ਕਿ ਅਸਲੀ ਜ਼ਿੰਦਗੀ ਤਾਂ ਇਹਨਾਂ ਦੀ ਹੀ ਹੈ ਅਸੀਂ ਤਾਂ ਬੱਸ ਜੂਨ ਭੋਗਣ ਹੀ ਆਏ ਹਾਂ। ਕਰਦੇ ਕਰਾਉਂਦੇ ਅਸੀਂ ਬਿਕਫ਼ਈਏ ਸ਼ਹਿਰ ਆ ਪਹੁੰਚੇ। ਇਕ ਪਾਸੇ ਇਜ਼ਰਾਈਲ ਦੀ ਹੱਦ ਲੱਗਦੀ ਹੈ ਤੇ ਉੱਪਰ ਪਹਾੜਾਂ ਵੱਲ ਨਿਗ੍ਹਾ ਮਾਰੀਏ ਤਾਂ ਇਹ ਸੀਰੀਆ ਦੀ ਹੱਦ ਹੈ। ਲੋਕੀਂ ਆਮ ਗੱਡੀਆਂ ਤੇ ਇੱਧਰ ਉੱਧਰ ਜਾਂਦੇ ਦਿਸ ਰਹੇ ਸਨ। ਕੋਈ 1983 ਤੋਂ ਥੋੜੀ ਦੇਰ ਪਹਿਲਾਂ ਹੀ ਉਥੋਂ ਦੇ ਪ੍ਰੈਜ਼ੀਡੈਂਟ ਸ਼ੇਖ ਬਸ਼ੀਰ ਜਮਾਇਲ ਦੀ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ ਤੇ ਉਸ ਤੋਂ ਬਾਦ ਉਸ ਦੇ ਵੱਡੇ ਭਰਾ ਸ਼ੇਖ ਆਮਿਨ ਜਮਾਇਲ ਨੂੰ ਨੂੰ ਗੱਦੀ ਤੇ ਬਿਠਾ ਦਿੱਤਾ ਗਿਆ ਸੀ। ਥਾਂ ਥਾਂ, ਹਰ ਮੋੜ ਤੇ ਸ਼ੇਖ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲੱਗੀਆਂ ਸਨ। ਇਹ ਸ਼ੇਖ ਦਾ ਜੱਦੀ ਘਰ ਸੀ, ਲੋਕ ਬਹੁਤ ਪਿਆਰ ਕਰਦੇ ਸਨ ਤੇ ਸ਼ੇਖ (ਕਤੀਰ ਕੁਆਇਸ) ਬਹੁਤ ਵਧੀਆ ਇਨਸਾਨ ਹਨ, ਆਮ ਲੋਕੀਂ ਕਹਿੰਦੇ ਸੁਣੇ ਜਾਂਦੇ ਸਨ। ਇੱਧਰ ਸਾਡੇ ਮੁਲਕ ਵਿੱਚ ਹਰ ਪ੍ਰਧਾਨ ਦੀ ਲੋਕ ਕੁੱਤੇ ਖਾਣੀ ਕਰਦੇ ਹਨ। ਕਿਉਂਕਿ ਇਹ ਕੋਈ ਚੰਗਾ ਕੰਮ ਨਹੀਂ ਕਰਦੇ ਸਗੋਂ ਜਨਤਾ ਦੀ ਲੁੱਟ ਕਰਦੇ ਨੇ। ਆਪਣੇ ਅੱਧੇ ਤੋਂ ਜ਼ਿਆਦਾ ਸੰਸਦ ਮੈਂਬਰਾਂ ਤੇ ਰੇਪ ਦੇ ਕੇਸ, ਬੈਂਕਾਂ ਨਾਲ ਠੱਗੀਆਂ, ਤੇ ਕਤਲਾਂ ਦੇ ਕੇਸ ਚੱਲ ਰਹੇ ਨੇ। ਖੈਰ ਸਾਨੂੰ ਇੱਕ ਵੱਡੇ ਸਾਰੇ ਭੇਡਾਂ ਦੇ ਖਾਲੀ ਵਾੜੇ ਵਿੱਚ ਵਾੜ ਦਿੱਤਾ ਉੱਥੇ ਪਹਿਲਾਂ ਵੀ ਕਾਫ਼ੀ ਮੁੰਡੇ ਰਹਿ ਰਹੇ ਸਨ।

ਹਰ ਪੰਜ ਸੱਤ ਮੁੰਡਿਆਂ ਨੇ ਜਿੰਨਿਆਂ ਕੁ ਦੀ ਆਪਸ ਵਿੱਚ ਨਿਭਦੀ ਸੀ, ਪਲਾਈ ਬੋਰਡ ਲਾਕੇ ਆਪੋ ਆਪਣੇ ਵੱਖਰੇ ਕਮਰੇ ਬਣਾਏ ਹੋਏ ਸਨ। ਅਸੀਂ ਵੀ ਸੱਤ ਕੁ ਜਣਿਆਂ ਨੇ ਪੁਰਾਣੇ ਮੁੰਡਿਆਂ ਦੀ ਮਦਦ ਲੈ ਕੇ ਆਪਣਾ ਕਮਰਾ ਬਣਾ ਲਿਆ ਤੇ ਬਾਕੀ ਦੇ ਉਹਨਾਂ ਮੁੰਡਿਆਂ ਨਾਲ ਇੱਕ ਇੱਕ, ਦੋ ਦੋ ਕਰਕੇ ਸੈੱਟ ਹੋ ਗਏ। ਹੁਣ ਸਾਡੇ ਕਮਰੇ ਵਿੱਚ ਪੰਜ ਜਣੇ ਅਸੀਂ ਤੇ ਦੋ ਕੁੜੀਆਂ ਸਨ। ਵੈਸੇ ਪੁਰਾਣੇ ਮੁੰਡਿਆ ਨੇ ਸਾਨੂੰ ਦੱਸ ਦਿੱਤਾ ਕਿ ਇਹਨਾਂ ਕੁੜੀਆਂ ਦੀ ਖੈਰ ਨਹੀਂ। ਇੱਥੇ ਪਹਿਲਾਂ ਵੀ ਕਈ ਕੁੜੀਆਂ ਇਹਨਾਂ ਦੇ ਚੁੰਗਲ ਵਿੱਚੋਂ ਮਸੀਂ ਬਾਹਰ ਨਿਕਲੀਆਂ ਨੇ। ਸਾਡੇ ਤੋਂ ਥੋੜੀ ਦੂਰ ਹੀ ਸ਼ੇਖ ਅਮੀਨ ਦੀ ਕੋਠੀ ਬਣ ਰਹੀ ਸੀ ਤੇ ਇੱਥੇ ਹੀ ਏਜੰਟ ਜਿੰਨੇ ਮੁੰਡੇ ਲੈ ਕੇ ਆਉਂਦਾ ਸੀ ਤੇ ਕੰਮ ਤੇ ਲੁਆਈ ਜਾਂਦਾ ਸੀ। ਇਹ ਭੇਡਾਂ ਦਾ ਵਾੜਾ ਵੀ ਸ਼ੇਖ ਨੇ ਸਾਰੇ ਵਰਕਰਾਂ ਨੂੰ ਰਹਿਣ ਲਈ ਦਿੱਤਾ ਹੋਇਆ ਸੀ। ਕੁਝ ਪੁਰਾਣੇ ਮੁੰਡਿਆਂ ਨੇ ਸੈੱਟ ਹੋ ਕੇ ਆਪਣੇ ਗੈਸ ਚੁੱਲ੍ਹੇ ਲਿਆ ਰੱਖੇ ਸਨ ਤੇ ਆਪਣੀ ਵੱਖ ਰੋਟੀ ਪਕਾਉਂਦੇ ਸਨ ਤੇ ਨਵੇਂ ਮੁੰਡੇ ਏਜੰਟ ਦੇ ਨਾਲ ਹੀ ਸਨ, ਜਿਸ ਤਰਾਂ ਦੀ ਮੂੰਗੀ, ਮਸਰੀ ਦੀ ਦਾਲ ਹੁੰਦੀ ਸੀ, ਚੁੱਪ ਕਰਕੇ ਖਾ ਲਈਦੀ ਸੀ। ਰੋਟੀਆਂ ਉੱਥੋਂ ਪੈਕਟਾਂ ਵਿੱਚ ਬੰਦ ਬਾਜ਼ਾਰੋਂ ਮਿਲ ਜਾਂਦੀਆਂ ਸਨ। ਇੱਕ ਦੋ ਦਿਨਾਂ ਵਿੱਚ ਸਾਨੂੰ ਕੰਮ ਤੇ ਲੁਆ ਦਿੱਤਾ। ਅਸੀਂ ਸਾਰੇ ਮੁੰਡੇ ਛੋਟੀ ਛੋਟੀ ਢਾਣੀ ਬਣਾਕੇ ਸ਼ੇਖ ਦੀ ਕੋਠੀ ਵਿੱਚ ਕੰਮ ਕਰਨ ਜਾਂਦੇ ਸੀ।

ਸਾਡੇ ਕੋਲ ਪੇਪਰ ਵਰਕ ਤਾਂ ਹੈ ਨਹੀਂ ਸੀ ਤੇ ਪਾਸਪੋਰਟ ਵੀ ਅਮਰੀਕ ਕੋਲ ਸਨ। ਸਾਨੂੰ ਡਰਾਇਆ ਬਹੁਤ ਸੀ ਪਈ ਤੁਹਾਨੂੰ ਸ਼ੇਖ ਦੇ ਕੰਮ ਜਾਂਦਿਆਂ ਕਿਸੇ ਨੇ ਕੁਝ ਨਹੀਂ ਕਹਿਣਾ ਤੇ ਜੇ ਤੁਸੀਂ ਬਾਜ਼ਾਰਾਂ ਵਿੱਚ ਘੁੰਮਣ ਫਿਰਨ ਗਏ ਤਾਂ ਪੁਲਸ ਫੜ ਲਵੇਗੀ ਤੇ ਸਿੱਧੇ ਇੰਡੀਆ ਡਿਪੋਰਟ ਕਰ ਦਿੱਤੇ ਜਾਉਗੇ। ਅਮਰੀਕ ਨੇ ਇੱਕ ਬੇਕਰੀ ਵਾਲੇ ਨਾਲ ਡੀਲ ਕੀਤੀ ਹੁੰਦੀ ਸੀ ਪਈ ਜਿਹੜੀਆਂ ਰੋਟੀਆਂ ਨਹੀਂ ਵਿਕਦੀਆਂ ਉਹ ਦੂਜੀ ਸਵੇਰ ਨੂੰ ਮੈਨੂੰ ਅੱਧ ਮੁੱਲ ਤੇ ਦੇ ਦਿਆ ਕਰੋ ਤੇ ਇਹ ਬੇਹੀਆਂ ਸੁੱਕੀਆਂ ਰੋਟੀਆਂ ਸਾਨੂੰ ਦੇ ਦਿੰਦਾ ਸੀ। ਕਰਦੇ ਕੀ, ਮਜਬੂਰ ਸੀ।
ਮੁੰਡੇ ਸਾਰੇ ਕੰਮ ਤੇ ਲੱਗ ਗਏ ਤੇ ਕੁਡ਼ੀਆਂ ਇਹਨੇ ਦੂਸਰੇ ਮੁੰਡਿਆਂ ਦੀ ਦਾਲ ਬਣਾਉਣ ਤੇ ਸਾਫ਼ ਸਫ਼ਾਈ, ਕੱਪੜਿਆਂ ਦੀ ਧੁਆਈ ਵਾਸਤੇ ਰੱਖ ਲਈਆਂ। ਇਨਨਾਂ ਦੇ ਖਸਮਾਂ ਨੂੰ ਕਹਿੰਦਾ ਪਈ ਮੈਂ ਇਹਨਾਂ ਨੂੰ ਬਣਦੀ ਤਨਖਾਹ ਮਹੀਨੇ ਬਾਅਦ ਦੇ ਦਿਆ ਕਰਾਂਗਾ। ਇਹਨਾਂ ਕੁੜੀਆਂ ਨੂੰ ਸਬਜ਼ਬਾਗ ਵਿਖਾਉਣੇ ਕਿ ਮੈਂ ਤੁਹਾਡੇ ਤੇ ਤੁਹਾਡੇ ਆਦਮੀਆਂ ਦੀ ਪੇਪਰ ਜਲਦੀ ਤੋਂ ਜਲਦੀ ਬਣਾ ਦਿਆਂਗਾ। ਕੁੜੀਆਂ ਮਜਬੂਰੀ ਵਿੱਚ ਫਸ ਗਈਆਂ ਪਈ ਜੇ ਇਹਨਾਂ ਦਾ ਆਖਾ ਨਾ ਮੰਨਿਆ ਤਾਂ ਸਾਡਾ ਭਵਿੱਖ ਖਰਾਬ ਹੋ ਜਾਵੇਗਾ। ਇੰਨੇ ਪੈਸੇ ਖਰਚ ਕਰਕੇ ਇੰਡੀਆ ਤੋਂ ਆਈਆਂ ਹਾਂ। ਇਹਨਾਂ ਦੋਹਾਂ ਭਰਾਵਾ ਨੇ ਆਪੋ ਆਪਣੇ ਕਮਰੇ ਵਿੱਚ ਕੁੜੀਆਂ ਨੂੰ ਲੈ ਜਾਣਾ। ਸ਼ਰਾਬ ਪੀ ਰੱਖਣੀ ਤੇ ਕੁੜੀਆਂ ਤੋਂ ਲੱਤਾਂ ਘੁਟਾਉਣੀਆਂ, ਮਾਲਸ਼ਾਂ ਕਰਾਉਣੀਆਂ। ਜਦੋਂ ਸਾਰੇ ਕੰਮ ਤੋਂ ਆ ਜਾਣੇ ਤੇ ਕੁੜੀਆਂ ਨੂੰ ਇਹਨਾਂ ਦੇ ਕਮਰੇ ਵਿਚ ਭੇਜ ਦੇਣਾ।

ਇਨ੍ਹਾਂ ਦੋਹਾਂ ਭਰਾਵਾਂ ਪੂਰੀ ਐਸ਼ ਕਰਨੀ ਤੇ ਇਨ੍ਹਾਂ ਦੇ ਆਦਮੀਆਂ ਨੇ ਘੁੱਗੂ ਬਣ ਕੇ ਸਭ ਕੁਝ ਬਰਦਾਸ਼ਤ ਕਰ ਲੈਣਾ। ਬਾਕੀ ਸਾਰਿਆਂ ਦੀ ਰੋਟੀ ਵੱਖਰੀ ਤੇ ਇਨ੍ਹਾਂ ਛੇ ਜਣਿਆਂ ਦੀ ਵੱਖਰੀ, ਤੜਕਾ ਵਗੈਰਾ ਲਾ ਕੇ, ਨਾਲ ਦਾਰੂ ਪੀਣੀ ਤੇ ਜ਼ਿਆਦਾਤਰ ਮੀਟ ਦਾ ਕੀਮਾ ਲੈ ਆਉਣਾ ਤੇ ਕੁੜੀਆਂ ਨੂੰ ਕਹਿਣਾ ਕਿ ਬਣਾਓ ।
ਉਨ੍ਹਾਂ ਬਾਬੇ ਰਾਮ ਰਹੀਮ ਵਾਂਗੂੰ ਫਾਰਮੂਲਾ ਬਣਾ ਲਿਆ ਤੇ ਕੁੜੀਆਂ ਨੂੰ ਭੈਣਾ ਕਹਿ ਕੇ ਬੁਲਾਉਣਾ। ਸਾਨੂੰ ਸਭ ਪਤਾ ਸੀ ਕਿ ਕੀ ਹੋ ਰਿਹਾ ਪਰ ਜਦ ਉਨ੍ਹਾਂ ਦੇ ਖ਼ਸਮ ਹੀ ਪ੍ਰਵਾਹ ਨਹੀਂ ਕਰਦੇ ਤਾਂ ਅਸੀਂ ਕੀ ਕਹਿ ਸਕਦੇ ਸੀ। ਹਫ਼ਤੇ ਕੁ ਬਾਦ ਤਨਖਾਹ ਮਿਲਦੀ ਸੀ, ਅਸੀਂ ਇਕ ਮਹੀਨੇ ਵਿੱਚ ਏਜੰਟ ਦੇ ਪੈਸੇ ਦੇ ਕੇ ਸੁਰਖਰੂ ਹੋ ਗਏ ਤੇ ਆਪਣੇ ਪਾਸਪੋਰਟ ਲੈ ਲਏ।
ਪੁਰਾਣੇ ਮੁੰਡੇ ਕਈ ਤਾਂ ਆਪਣੇ ਦੋਸਤਾਂ ਮਿੱਤਰਾਂ ਕੋਲ ਚਲੇ ਜਾਂਦੇ ਸਨ ਤੇ ਕਈਆਂ ਨੇ ਕਿਤੇ ਹੋਰ ਜਿੱਥੇ ਵਧੀਆ ਪੈਸੇ ਸੀ, ਕੰਮ ਲੱਭ ਲੈਣਾ। ਜਿੱਥੇ ਜ਼ਿਆਦਾ ਓਵਰ ਟਾਈਮ ਮਿਲਦਾ ਸੀ। ਉੱਥੇ ਮੂਵ ਹੋ ਜਾਣਾ ਤੇ ਸ਼ੇਖ ਦੀ ਕੋਠੀ ਵਿੱਚ ਕੰਮ ਕਰਨ ਲਈ ਮੁੰਡਿਆਂ ਦੀ ਹਮੇਸ਼ਾ ਲੋੜ ਰਹਿੰਦੀ ਸੀ। ਇਹ ਹਰ ਹਫ਼ਤੇ ਉੱਥੇ ਜਾਂਦੇ ਤੇ ਕੁਝ ਨਵੇਂ ਮੁੰਡੇ ਕੰਮ ਲਈ ਲੈ ਆਉਂਦੇ ਚਾਚੇ ਦੇ ਹੋਟਲ ਤੋਂ । ਇਹਨਾਂ ਦਾ ਵਧੀਆ ਕੰਮ ਤੁਰਿਆ ਰਹਿੰਦਾ। ਜਿਸ ਕਿਸੇ ਨੇ ਇੰਡੀਆ ਨੂੰ ਪੈਸੇ ਭੇਜਣੇ ਹੁੰਦੇ ਸਨ, ਇਨ੍ਹਾਂ ਨੂੰ ਦੇ ਦਿੰਦੇ ਸਨ ਤੇ ਮੁੰਡਿਆਂ ਕੋਲੋਂ ਟੈਕਸੀ ਦੇ ਪੈਸੇ ਵਸੂਲ ਲੈਂਦੇ ਸਨ। ਅਸੀਂ ਹਰ ਹਫ਼ਤੇ ਤਕਰੀਬਨ ਮੀਟ ਬਣਾਉਂਦੇ ਹੁੰਦੇ ਸੀ ਤੇ ਇਨ੍ਹਾਂ ਨੂੰ ਪੈਸੇ ਦੇ ਦੇਣੇ ਕਿਸੇ ਕਮਰੇ ਵਾਲਿਆਂ 2 ਕਿੱਲੋ ਕਿਸੇ ਨੇ 3 ਕਿੱਲੋ ਦੇ ਪੈਸੇ ਦੇ ਦੇਣੇ।

 

                                                                                                                                                                                      ਲੇਖਕ - ਅਮਰਜੀਤ ਚੀਮਾਂ
                                                                                                                                                                                         +1(716)908-3631

Have something to say? Post your comment