ਪਰਦੇਸ (ਭਾਗ -5)
ਅਸੀਂ ਇੱਕੋ ਵਾਸਤਾ ਪਾਇਆ ਕਿ ਅਸੀਂ ਕਈ ਦਿਨਾਂ ਤੋਂ ਭੁੱਖੇ ਹਾਂ। ਉਹ ਵਿਚਾਰੇ ਕਿਸੇ ਦੁਕਾਨ ਤੇ ਗਏ ਤਾਂ ਕੁਝ ਬਰੈੱਡ ਤੇ ਨਾਲ ਦਹੀਂ ਤੇ ਖੀਰੇ ਦੇ ਗਏ। ਅਸੀਂ ਖਾਧਾ ਤੇ ਰੱਬ ਦਾ ਸ਼ੁਕਰ ਮਨਾਇਆ। ਥੋੜੀ ਕੁ ਦੇਰ ਬਾਦ ਇੱਕ ਟਰੱਕ ਆਇਆ ਜਿਸ ਉੱਤੇ ਤਰਪਾਲ ਪਾਈ ਹੋਈ ਸੀ। ਸਾਨੂੰ ਡੌਂਕਰਾਂ ਨੇ ਵਿੱਚ ਬਹਿਣ ਨੂੰ ਇਸ਼ਾਰਾ ਕੀਤਾ ਤੇ ਨਾਲ ਇਸ਼ਾਰੇ ਨਾਲ ਸਮਝਾਇਆ ਪਈ ਮਾਫ਼ੀ ਕਲਾਮ, ਮੂੰਹ ਤੇ ਉਂਗਲ ਰੱਖ ਕੇ ਸਮਝਾਇਆ ਪਈ ਬੋਲਣਾ ਨਹੀਂ ਤੇ ਭੇਡ ਦੀ ਆਵਾਜ਼ ਕੱਢ ਕੇ ਸਾਨੂੰ ਸਮਝਾਇਆ ਪਈ ਤੁਹਾਨੂੰ ਹੁਣ ਭੇਡੂ ਬਣਾਕੇ ਨਾਕੇ ਤੋਂ ਪਾਰ ਲੰਘਾਇਆ ਜਾਵੇਗਾ ਅਸੀਂ ਸਾਰੇ ਛਾਲਾਂ ਮਾਰਕੇ ਵਿੱਚ ਬਹਿ ਗਏ ਤੇ ਉਸ ਕੁੜੀ ਵਿਚਾਰੀ ਨੂੰ ਆਸਰਾ ਦੇ ਕੇ ਨਾਲ ਬਿਠਾਇਆ। ਇੱਕ ਤਾਂ ਗਰਮੀ ਦੂਸਰਾ ਟਰੱਕ ਤਰਪਾਲ ਨਾਲ ਢਕਿਆ ਕਰਕੇ ਸਾਹ ਘੁੱਟ ਹੁੰਦਾ ਸੀ ਜਦੋਂ ਨਾਕੇ ਤੇ ਟਰੱਕ ਰੁਕਦਾ ਸੀ ਤਾਂ ਜਾਨ ਮੁੱਠੀ ਵਿੱਚ ਆ ਜਾਂਦੀ ਸੀ ਤੇ ਸਾਰੇ ਮੂੰਹ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਸੀ। ਸਾਨੂੰ ਰੱਬ ਵੀ ਤਾਂ ਔਖੇ ਵੇਲੇ ਹੀ ਯਾਦ ਆਉਂਦਾ ਹੈ। ਸੌਖੇ ਵੇਲੇ ਤਾਂ ਅਸੀਂ ਰੱਬ ਨੂੰ ਟਿੱਚ ਨਹੀਂ ਜਾਣਦੇ। ਦੋ ਕੁ ਘੰਟੇ ਬਾਅਦ ਸਾਡਾ ਟਰੱਕ ਦੌਹਰੇ ਸ਼ਹਿਰ ਆ ਲੱਗਿਆ। ਸਾਨੂੰ ਬਾਹਰ ਕੱਢਕੇ ਇੱਕ ਡਰੰਮ ਵਿੱਚੋਂ ਪਾਣੀ ਪਿਲਾਇਆ ਗਿਆ। ਦੌਹਰੇ ਸ਼ਹਿਰ ਵਿੱਚ ਇੱਕ ਸਿਨਮੇ ਵਿੱਚ ਹਰ ਐਤਵਾਰ ਨੂੰ ਹਿੰਦੀ ਜਾਂ ਪੰਜਾਬੀ ਫ਼ਿਲਮ ਲੱਗਦੀ ਹੁੰਦੀ ਸੀ।
ਲਿਬਨਾਨ ਦੇ ਹਰ ਹਿੱਸੇ ਚੋਂ ਪੰਜਾਬੀ ਇੱਥੇ ਆਉਂਦੇ ਸਨ। ਇੱਥੇ ਇੱਕ ਢਾਬਾ ਸੀ, ਜਿਸ ਨੂੰ ਚਾਚੇ ਦਾ ਢਾਬਾ ਕਿਹਾ ਜਾਂਦਾ ਸੀ। ਸੀ ਤਾਂ ਉਹ ਤਾਂ ਇਕ ਲਿਬਨਾਨੀ ਪਰ ਪੰਜਾਬੀ ਪੂਰੀ ਸਿੱਖੀ ਹੋਈ ਸੀ ਉਸਨੇ। ਕੋਈ ਵੀ ਗੱਲ ਪੰਜਾਬੀ ਵਿੱਚ ਕਰੋ, ਉਹ ਪੰਜਾਬੀ ਵਿੱਚ ਹੀ ਜੁਆਬ ਦਿੰਦਾ ਸੀ। ਇਹ ਏਜੰਟਾਂ ਦਾ ਵੀ ਅੱਡਾ ਸੀ, ਉਹ ਏਥੋਂ ਨਵੇਂ ਬੰਦੇ ਖਰੀਦਣ ਆਉਂਦੇ ਸਨ ਤੇ ਉਹਨਾਂ ਨੂੰ ਵੱਖਰੇ ਵੱਖਰੇ ਥਾਵਾਂ ਤੇ ਕੰਮ ਤੇ ਲੁਆ ਕੇ ਤੇ ਉਹਨਾਂ ਕੋਲੋਂ ਸੌ ਡਾਲਰ ਪਰ ਪਰਸਨ ਵਸੂਲਦੇ ਸਨ ਤੇ ਜਿੰਨੇ ਦਿਨ ਕੰਮ ਨਹੀਂ ਮਿਲਿਆ ਰੋਟੀ ਮਾੜੀ ਮੋਟੀ ਖੁਆ ਦਿੰਦੇ ਸਨ ਤੇ ਕੰਮ ਤੇ ਲੱਗਣ ਤੋਂ ਬਾਦ ਰੈਸਟੋਰੈਂਟ ਦੇ ਹਿਸਾਬ ਨਾਲ ਪੈਸੇ ਵਸੂਲ ਲੈਂਦੇ ਸਨ। ਕੁਝ ਤਾਂ ਪੰਜਾਬੀ ਆਪਣੇ ਆਸ ਪਾਸ ਦੇ ਮੁੰਡਿਆਂ ਨੂੰ ਪਛਾਣ ਕੱਢ ਕੇ ਆਪਣੇ ਨਾਲ ਲੈ ਜਾਂਦੇ ਸਨ ਤੇ ਬਾਕੀ ਦਿਆਂ ਨੂੰ ਏਜੰਟ ਚਾਚੇ ਕੋਲੋਂ ਖਰੀਦ ਕੇ ਲੈ ਜਾਂਦੇ ਸਨ। ਲਿਬਨਾਨੀ ਏਜੰਟ ਸਾਰੇ ਪਾਸਪੋਰਟ ਚਾਚੇ ਦੇ ਹਵਾਲੇ ਕਰ ਦਿੰਦੇ ਸਨ, ਜਿਹੜਾ ਬੰਦਾ ਪੈਸੇ ਦੇ ਦਿੰਦਾ ਸੀ, ਚਾਚਾ ਉਸ ਦਾ ਪਾਸਪੋਰਟ ਦੇ ਦਿੰਦਾ ਸੀ। ਦੇਖੋ ਇਕ ਬੰਦਾ ਕਿੰਨੀ ਥਾਈਂ ਭੇਡਾਂ ਬੱਕਰੀਆਂ ਵਾਂਗੂੰ ਵਿਕਦਾ ਹੈ। ਕੁੜੀ ਮੁੰਡੇ ਨੂੰ ਤਾਂ ਉਹਨਾਂ ਦੀ ਜਾਣ ਪਛਾਣ ਵਾਲੇ ਆਪਣੇ ਨਾਲ ਲੈ ਗਏ। ਅਸੀਂ ਕੁਝ ਮੁੰਡੇ ਕੁੜੀਆਂ ਰਹਿ ਗਏ ਜਿਹਨਾਂ ਦਾ ਇਸ ਮੁਲਕ ਵਿਚ ਕੋਈ ਨਹੀਂ ਸੀ। ਅਸੀਂ ਕਿਹਾ ਚਾਚਾ ਰੋਟੀ ਮਿਲੂਗੀ ? ਕਹਿੰਦਾ ਹਾਂ ਮਿਲੂਗੀ ਜੇਕਰ ਤੁਹਾਡਾ ਕੋਈ ਬੰਦਾ ਹਾਂ ਕਰ ਦੇਵੇ ਜਾਂ ਕੋਈ ਏਜੰਟ ਤੁਹਾਡੀ ਹਾਮੀ ਭਰ ਦੇਵੇ।
ਏਨੇ ਨੂੰ ਦੋ ਬੰਦੇ ਟੇਬਲ ਤੇ ਸ਼ਰਾਬ ਦੀ ਬੋਤਲ ਰੱਖੀਂ ਬੈਠੇ ਮੁਰਗਾ ਖਾ ਰਹੇ ਸਨ। ਉਹ ਕਹਿੰਦੇ ਚਾਚਾ ਇਹਨਾਂ ਨੂੰ ਖੁਆ ਦਿਉ ਰੋਟੀ। ਕੋਈ ਗੱਲ ਨਹੀਂ ਆਪਣੇ ਪੰਜਾਬੀ ਭਰਾ ਹਨ। ਚਾਚੇ ਨੇ ਚਿੱਕਨ ਸੈਂਡਵਿੱਚ ਬਣਾ ਦਿੱਤਾ ਹਰ ਇੱਕ ਲਈ ਤੇ ਨਾਲ ਪੈਪਸੀ ਠੰਡਾ ਕੈਨ। ਅਸੀਂ ਸੋਚਿਆ ਬਈ ਮੌਜ ਲੱਗ ਗਈ। ਕਈ ਦਿਨਾਂ ਦੇ ਭੁੱਖਿਆਂ ਨੂੰ ਰੋਟੀ ਮਿਲ ਗਈ ਤੇ ਨਾਲ ਪੈਪਸੀ। ਇੰਡੀਆ ਵਿੱਚ ਤਾਂ ਪੈਪਸੀ ਜਾਂ ਦੁੱਧ ਸੋਡਾ ਕਿਤੇ ਪ੍ਰਾਹੁਣੇ ਦੇ ਆਏ ਤੇ ਹੀ ਮਿਲਦਾ ਸੀ, ਉਹ ਵੀ ਬਚਿਆ ਖੁਚਿਆ।
ਸਾਰੇ ਜਾਣੇ ਆਪੋ ਆਪਣੇਂ ਥਾਈਂ ਚਲੇ ਗਏ। ਅਸੀਂ ਰਹਿ ਗਏ ਗਿਆਰਾਂ ਜਣੇ। 9 ਮੁੰਡੇ ਤੇ 2 ਕੁੜੀਆਂ ਤੇ ਨਾਲ ਉਹਨਾਂ ਦੇ ਹਸਬੈਂਡ। ਏਜੰਟ ਸਾਡੇ ਕੋਲ ਆਇਆ ਤੇ ਕਹਿੰਦਾ, ਮੈਂ ਤੁਹਾਨੂੰ ਖਾਣ ਪੀਣ ਨੂੰ ਵੀ ਦੇਵਾਂਗਾ ਤੇ ਰਹਿਣ ਲਈ ਵੀ ਤੇ ਕੰਮ ਤੇ ਵੀ ਲਵਾ ਦੇਵਾਂਗੇ। ਖਾਣ ਪੀਣ ਦੇ ਖਰਚੇ ਤੋਂ ਇਲਾਵਾ ਸੌ ਡਾਲਰ ਪਰ ਬੰਦਾ ਪੈਸੇ ਲਵਾਂਗਾ। ਤੁਹਾਡੇ ਪਾਸਪੋਰਟ ਮੇਰੇ ਕੋਲ ਰਹਿਣਗੇ ਜਦੋਂ ਤੁਸੀਂ ਪੈਸੇ ਦੇ ਦੇਵੋਂਗੇ ਤਾਂ ਪਾਸਪੋਰਟ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ। ਅਸੀਂ ਝੱਟ ਮੰਨ ਗਏ। ਹੋਰ ਸਾਡੇ ਕੋਲ ਚਾਰਾ ਵੀ ਕੋਈ ਨਹੀਂ ਸੀ। ਪਰਦੇਸ ਕਹਿਣਾ ਸੌਖਾ ਪਰ ਜਿਹਨਾਂ ਆਪਣੇ ਹੱਡੀਂ ਹੰਢਾਇਆ, ਉਹ ਹੀ ਜਾਣਦੇ ਨੇ ਕਿਵੇਂ ਮੌਤ ਦੇ ਮੂੰਹ ਵਿੱਚੋਂ ਬੱਚ ਬੱਚ ਕੇ ਜਾਨ ਬਚਾਈ।
ਇਹ ਏਜੰਟ ਦੋ ਭਰਾ ਅਮਰੀਕ ਤੇ ਬੀਰਾ ਕੁਹਾੜੇ ਪਿੰਡ (ਲੁਧਿਆਣਾ) ਦੇ ਸਨ। ਉਹਨਾਂ ਦੋ ਟੈਕਸੀਆਂ ਬੁਲਾਈਆਂ ਤੇ 6-6 ਮੁੰਡੇ ਬਿਠਾ ਲਏ। ਸਾਨੂੰ ਉਹ ਕਹਿੰਦੇ ਕਿ ਤੁਹਾਨੂੰ ਬਿਕਫ਼ਈਏ ਸ਼ਹਿਰ ਲੈ ਕੇ ਚੱਲੇ ਹਾਂ। ਅਸੀਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਸੋਚਿਆ ਕਿ ਹੁਣ ਤੇਰੇ ਵੱਸ ਪੈ ਗਏ ਹਾਂ, ਚਾਹੇ ਢੱਠੇ ਖੂਹ ਵਿੱਚ ਸੁੱਟ ਦੇ। ਸੱਪ ਵਾਂਗੂ ਵਲ਼ ਖਾਂਦੀ ਸੜਕ ਪਹਾੜੀਆਂ ਨੂੰ ਚੀਰਦੀ ਹੋਈ ਜਾ ਰਹੀ ਸੀ ਤੇ ਏਜੰਟ ਸਾਨੂੰ ਤਰਾਂ ਤਰਾਂ ਦੀਆਂ ਕਹਾਣੀਆਂ ਰਾਹੀਂ ਸਬਜ਼ਬਾਗ ਦਿਖਾ ਰਿਹਾ ਸੀ ਤੇ ਨਾਲ ਉਹਨੇ ਗਲਾਸੀ ਵਿੱਚ ਸ਼ਰਾਬ ਰੱਖੀ ਸੀ ਤੇ ਪੀਈ ਜਾ ਰਿਹਾ ਸੀ। ਇਹਨਾਂ ਲੋਕਾਂ ਕੋਲ ਹਰਾਮ ਦਾ ਪੈਸਾ ਹੁੰਦਾ ਹੈ ਤੇ ਪੂਰੀ ਅੱਯਾਸ਼ੀ ਕਰਦੇ ਹਨ। ਮੈਂ ਸੜਕ ਦੇ ਦੋਨੋਂ ਕਿਨਾਰੇ ਬੜੇ ਗੌਰ ਨਾਲ ਦੇਖ ਰਿਹਾ ਸਾਂ। ਬਹੁਤ ਹੀ ਸੁੰਦਰ ਨਜ਼ਾਰੇ ਸਨ। ਹਰੇ ਹਰੇ ਦਰੱਖ਼ਤ ਤੇ ਸੁਨਿਹਰੀ ਰੰਗ ਦੀ ਨਰਮ ਨਰਮ ਮਿੱਟੀ। ਕਿਤੇ ਲੋਕੀਂ ਬਾਗ਼ ਵਿਚ ਕੰਮ ਕਰ ਰਹੇ ਸਨ। ਵੱਡੇ ਵੱਡੇ ਬਾਗ਼ ਵਿੱਚ ਐਪਲ,ਆੜੂ ਤੇ ਅੰਗੂਰਾਂ ਦੇ ਬੂਟੇ। ਇੱਥੇ ਪਹਾੜੀ ਖੇਤਰ ਵਿੱਚ ਜ਼ਿਆਦਾ ਫ਼ਲਾਂ ਦੀਆਂ ਖੇਤੀ ਕੀਤੀ ਜਾਂਦੀ ਹੈ। ਇਹਨਾਂ ਲੋਕਾਂ ਦੀ ਰੋਟੀ ਨਾਲ ਫ਼ਲ ਜ਼ਰੂਰੀ ਸ਼ਾਮਲ ਕੀਤਾ ਜਾਂਦਾ ਹੈ। ਇਸ ਦੇ ਉਲਟ ਸਾਡੇ ਮੁਲਕ ਵਿੱਚ ਫਲ ਖਾਣ ਨੂੰ ਉਦੋਂ ਹੀ ਮਿਲਦੇ ਹਨ ਜਦੋਂ ਕੋਈ ਮਾਮਾ, ਮਾਸੜ ਜਾ ਭੂਆ ਮਿਲਣ ਆਉਂਦੇ ਹੁੰਦੇ ਸਨ। ਸਾਡੀ ਨਿਗ੍ਹਾ ਉਹਨਾਂ ਦੇ ਲਿਫ਼ਾਫ਼ਿਆਂ ਤੇ ਹੀ ਹੁੰਦੀ ਸੀ।
ਲੇਖਕ - ਅਮਰਜੀਤ ਚੀਮਾਂ
+1(716)908-3631