ਬਾਲ ਵਿਕਾਸ ਦਫ਼ਤਰ ਮੂਹਰੇ ਧਰਨਾ ਦੇਕੇ ਕੀਤੀ ਨਾਅਰੇਬਾਜ਼ੀ
ਕਿਹਾ ਮੰਗਾਂ ਨੂੰ ਕੀਤਾ ਜਾ ਰਿਹਾ ਅਣਗੌਲਿਆਂ
ਸੁਨਾਮ-- ਮੰਗਾਂ ਦੀ ਪੂਰਤੀ ਲਈ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਬਾਲ ਵਿਕਾਸ ਦਿਵਸ ਮੌਕੇ ਵਿਭਾਗ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਅਤੇ ਸਬੰਧਿਤ ਵਿਭਾਗ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਬਾਲ ਵਿਕਾਸ ਵਿਭਾਗ ਦੇ ਦਫ਼ਤਰ ਮੂਹਰੇ ਜਥੇਬੰਦੀ ਦੀ ਬਲਾਕ ਪ੍ਰਧਾਨ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੀ ਬਲਾਕ ਇੰਚਾਰਜ਼ ਤ੍ਰਿਸ਼ਨਜੀਤ ਕੌਰ ਨੇ ਆਖਿਆ ਕਿ ਬਾਲ ਵਿਕਾਸ ਵਿਭਾਗ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਵਿਭਾਗੀ ਡਾਟਾ ਰੱਖਣ ਲਈ ਮੋਬਾਈਲ ਫੋਨ ਮੁੱਹਈਆ ਨਹੀਂ ਕਰਵਾ ਰਿਹਾ ਕਿਉਂਕਿ ਸਮਾਰਟ ਫੋਨ ਖ਼ਰੀਦ ਕਰਨਾ ਹਰ ਇਕ ਆਂਗਨਵਾੜੀ ਵਰਕਰ ਅਤੇ ਹੈਲਪਰ ਦੇ ਵਸ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਵਿਭਾਗ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਿਹਾ ਹੈ। ਜਥੇਬੰਦੀ ਦੀ ਬਲਾਕ ਪ੍ਰਧਾਨ ਗੁਰਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ 3 ਤੋਂ 6 ਸਾਲ ਉਮਰ ਦੇ ਬੱਚਿਆਂ ਨੂੰ ਆਂਗਨਵਾੜੀ ਸੈਂਟਰਾਂ ਵਿੱਚ ਰਹਿਣ ਦੇਣਾ ਚਾਹੀਦਾ ਹੈ ਤਾਂ ਜੋ ਨਿੱਕੜੇ ਬਾਲਾਂ ਨੂੰ ਸਹੀ ਤਰੀਕੇ ਨਾਲ ਸੰਭਾਲਿਆ ਜਾ ਸਕੇ। ਉਨ੍ਹਾਂ ਆਖਿਆ ਕਿ ਆਂਗਨਵਾੜੀ ਸੈਂਟਰ ਦਾ ਕਿਰਾਇਆ ਹੈਲਪਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਵੇ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣਭੱਤਾ ਦਸ ਤਰੀਖ਼ ਤੋਂ ਪਹਿਲਾਂ ਦਿੱਤਾ ਜਾਵੇ। ਇਸ ਮੌਕੇ ਜਸਵਿੰਦਰ ਕੌਰ ਨੀਲੋਵਾਲ, ਗੁਰਰਾਜ ਕੌਰ, ਰਮਿੰਦਰ ਕੌਰ, ਨੀਸ਼ਾ ਰਾਣੀ, ਜਸਦੀਪ ਕੌਰ, ਲੱਛਮੀ ਦੇਵੀ, ਕਿਰਨਾ ਮੈਦੇਵਾਸ, ਮਧੂ ਰਾਣੀ ਸਮੇਤ ਹੋਰ ਮੈਂਬਰ ਹਾਜ਼ਰ ਸਨ।