ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਢੱਡਰੀਆਂ ਵਿਖੇ ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨ ਪਰਿਵਾਰਾਂ ਨੂੰ 20.72 ਲੱਖ ਰੁਪਏ ਦੇ ਫ਼ਸਲ ਖ਼ਰਾਬੇ ਦੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਖ਼ਰਾਬੇ ਦਾ ਦੇਸ਼ ਵਿਚ ਸਭ ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ ਦੇਕੇ ਪੰਜਾਬ ਸਰਕਾਰ ਨੇ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜੀ ਹੈ। ਕੈਬਨਿਟ ਮੰਤਰੀ ਨੇ ਲੌਂਗੋਵਾਲ ਦੇ 24, ਪੱਤੀ ਭਰਾਜ ਦੇ 4, ਢੱਡਰੀਆਂ ਦੇ 20, ਲੋਹਾਖੇੜਾ ਦੇ 2, ਮੰਡੇਰ ਕਲਾਂ 4, ਮੰਡੇਰ ਖ਼ੁਰਦ ਦੇ 3 ਕਿਸਾਨ, ਬੁੱਗਰਾ, ਸਾਹੋਕੇ ਤੇ ਤਕੀਪੁਰ ਦੇ 2-2 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ। ਤੋਗਾਵਾਲ ਦੇ 17 ਕਿਸਾਨਾਂ ਤੇ ਪਿੰਡ ਰੱਤੋਕੇ ਦੇ 7 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਪੀੜਤ ਪਰਿਵਾਰ ਨੂੰ ਉਸ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਪੰਜਾਬ ਦੇ ਕਿਸਾਨਾਂ ਦੀ ਲੱਖਾ ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਸੀ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਮੇਂ ਸਿਰ ਨਿਭਾਈ ਹੈ, ਜਿਸ ਤਹਿਤ ਅੱਜ ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨਾਂ ਪਰਿਵਾਰ ਨੂੰ 20 ਲੱਖ 72 ਹਜ਼ਾਰ ਰੁਪਏ ਦੇ ਮੁਆਵਜ਼ਾ ਮਨਜ਼ੂਰੀ ਪੱਤਰ ਸੌਂਪੇ ਹਨ, ਇਹ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੁਨਾਮ ਹਲਕੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਕਰੀਬ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।