ਸੁਨਾਮ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਫਰਜ਼ੰਦ ਅਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਯੂਥ ਆਗੂ ਨਵ ਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਨੌਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿੱਚ ਨੌਜਵਾਨ ਵਰਗ ਨੂੰ ਵਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ। ਮੰਗਲਵਾਰ ਨੂੰ ਸੁਨਾਮ ਨੇੜਲੇ ਪਿੰਡ ਘਾਸੀਵਾਲਾ ਵਿਖੇ ਜਥੇਦਾਰ ਸੁਰਿੰਦਰ ਸਿੰਘ ਘਾਸੀਵਾਲਾ ਦੇ ਘਰ ਪਹੁੰਚੇ ਨੌਜਵਾਨ ਅਕਾਲੀ ਆਗੂ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਵਿਸ਼ਾਲ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ, ਅਜਿਹੇ ਸਮਾਗਮਾਂ ਤੋਂ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੋਂ ਜਾਣੂੰ ਹੋਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਜਨਤਾ ਨੂੰ ਸ਼ਹੀਦੀ ਸਮਾਗਮਾਂ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ। ਨੌਜਵਾਨ ਅਕਾਲੀ ਆਗੂ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੀਤੇ ਜਾ ਰਹੇ ਕੇਂਦਰੀਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਲਈ ਸਾਰਿਆਂ ਨੂੰ ਇੱਕਜੁੱਟ ਹੋਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸੂਬੇ ਦੀ ਧਰੋਹਰ ਨੂੰ ਬਚਾਉਣਾ ਜ਼ਰੂਰੀ ਬਣ ਗਿਆ ਹੈ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਦਰਸ਼ਨ ਸਿੰਘ, ਜਥੇਦਾਰ ਸੁਰਿੰਦਰ ਸਿੰਘ ਘਾਸੀਵਾਲਾ , ਜਥੇਦਾਰ ਮਲਕੀਤ ਸਿੰਘ, ਕਰਨੈਲ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ, ਕਰਨੈਲ ਸਿੰਘ, ਦਰਸ਼ਨ ਸਿੰਘ ਅਤੇ ਕਾਕਾ ਸਿੰਘ ਆਦਿ ਹਾਜ਼ਰ ਸਨ।