Friday, November 14, 2025

Malwa

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

November 14, 2025 03:28 PM
SehajTimes

ਸਮਾਗਮਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਯਕੀਨੀ ਬਣਾਉਣ ਲਈ ਡਰੋਨ ਨਿਗਰਾਨੀ, ਚਿਹਰੇ ਦੀ ਪਛਾਣ ਵਾਲੇ ਕੈਮਰੇ ਅਤੇ 10,000 ਮੁਲਾਜ਼ਮਾਂ ਦੀ ਭਾਰੀ ਫੋਰਸ ਤਾਇਨਾਤ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

ਸਮਾਰਟ ਟ੍ਰੈਫਿਕ ਪ੍ਰਬੰਧਨ ਲਈ ਆਈਆਈਟੀ ਰੋਪੜ ਨਾਲ ਭਾਈਵਾਲੀ; ਰੀਅਲ-ਟਾਈਮ ਨਿਗਰਾਨੀ ਨਾਲ ਬਣਾਏ ਜਾ ਰਹੇ ਹਨ 35 ਪਾਰਕਿੰਗ ਸਥਾਨ

ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਵੱਲੋਂ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਉੱਨਤ ਨਿਗਰਾਨੀ, ਫੋਰਸ ਦੀ ਰਣਨੀਤਕ ਤਾਇਨਾਤੀ ਅਤੇ 24 ਘੰਟੇ ਤਾਲਮੇਲ ਸਥਾਪਤ ਕਰਦਿਆਂ ਵਿਆਪਕ, ਬਹੁ-ਪੱਧਰੀ ਸੁਰੱਖਿਆ ਵਾਲੀ ਅਤੇ ਸੁਵਿਧਾਜਨਕ ਯੋਜਨਾ ਲਾਗੂ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦਿੱਤੀ। ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ, 2025 ਤੱਕ ਕਰਵਾਏ ਜਾਣ ਵਾਲੇ ਵਿਆਪਕ ਯਾਦਗਾਰੀ ਸਮਾਗਮਾਂ ਵਿੱਚ ਦੁਨੀਆ ਭਰ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਪੈਸ਼ਲ ਡੀਜੀਪੀ ਸੁਰੱਖਿਆ ਸੁਧਾਂਸ਼ੂ ਐਸ ਸ੍ਰੀਵਾਸਤਵ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਜ਼ਮੀਨੀ ਪੱਧਰ 'ਤੇ ਵਿਆਪਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਸਮੀਖਿਆ ਮੀਟਿੰਗ ਦੌਰਾਨ ਏਡੀਜੀਪੀ ਕਾਨੂੰਨ ਅਤੇ ਵਿਵਸਥਾ ਐਸਪੀਐਸ ਪਰਮਾਰ ਅਤੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵੀ ਮੌਜੂਦ ਸਨ।

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਸਮਾਗਮਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਯਕੀਨੀ ਬਣਾਉਣ ਲਈ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਰੈਂਕ ਦੇ ਨੋਡਲ ਅਫਸਰ ਦੀ ਨਿਗਰਾਨੀ ਹੇਠ ਲਗਭਗ 10,000 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸੱਤ ਆਈਜੀਜ਼/ਡੀਆਈਜੀਜ਼ ਰੈਂਕ ਦੇ ਅਧਿਕਾਰੀ, 22 ਕਮਾਂਡੈਂਟ, 45 ਐਸਪੀਜ਼ ਅਤੇ 94 ਡੀਐਸਪੀਜ਼ ਤਾਇਨਾਤ ਕੀਤੇ ਜਾਣਗੇ। ਉੱਚ ਪੱਧਰੀ ਚੌਕਸੀ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਯਕੀਨੀ ਬਣਾਉਣ ਲਈ ਪੂਰੀ ਫੋਰਸ ਨੂੰ ਸਮਾਗਮ ਦੇ ਪੱਧਰ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੁਰੱਖਿਆ ਪ੍ਰਬੰਧਾਂ ਲਈ ਅਤਿ-ਆਧੁਨਿਕ ਤਕਨਾਲੋਜੀ ਨੂੰ ਅਪਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਆਉਣ-ਜਾਣ ਵਾਲੇ ਸਥਾਨਾਂ 'ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨਾਲੋਜੀ ਨਾਲ ਲੈਸ 300 ਤੋਂ ਵੱਧ ਏਆਈ-ਸਮਰੱਥ ਸੀਸੀਟੀਵੀ ਕੈਮਰੇ, 10 ਪੀਟੀਜ਼ੈਡ ਕੈਮਰੇ, ਅਤੇ 25 ਏਐਨਪੀਆਰ (ਆਟੋਮੈਟਿਕ ਨੰਬਰ ਪਲੇਟ ਪਛਾਣ) ਕੈਮਰੇ ਲਗਾਏ ਗਏ ਹਨ ਅਤੇ ਇਹਨਾਂ ਦੀ ਨਿਗਰਾਨੀ ਲਈ ਇੱਕ ਉੱਚ-ਤਕਨੀਕੀ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੱਤ ਡਰੋਨ ਟੀਮਾਂ ਨਿਰੰਤਰ ਹਵਾਈ ਨਿਗਰਾਨੀ ਕਰਨਗੀਆਂ।

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ, "ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰੋਪੜ ਜ਼ਿਲ੍ਹੇ ਅਤੇ ਇਸਦੇ ਆਲੇ ਦੁਆਲੇ ਦੇ ਸਨੈਚਰਾਂ ਨਾਲ ਸਬੰਧਤ ਡੇਟਾ ਨੂੰ ਚਿਹਰੇ ਦੀ ਪਛਾਣ ਕਰਨ ਵਾਲੀ ਪ੍ਰਣਾਲੀ ਨਾਲ ਜੋੜਿਆ ਗਿਆ ਹੈ। ਕਾਨੂੰਨ ਵਿਵਸਥਾ ਨੂੰ ਬਿਹਤਰ ਢੰਗ ਨਾਲ ਬਣਾਈ ਰੱਖਣ ਲਈ ਮਾਊਂਟਡ ਪੁਲਿਸ ਪੈਟਰੋਲਿੰਗ ਅਤੇ ਸਮਾਰਟ ਬੈਰੀਕੇਡਾਂ ਦੀ ਵਰਤੋਂ ਵੀ ਕੀਤੀ ਜਾਵੇਗੀ।" ਨਿਰਵਿਘਨ ਟ੍ਰੈਫਿਕ ਪ੍ਰਬੰਧਨ ਅਤੇ ਸੰਗਤਾਂ ਦੀ ਘੱਟ ਤੋਂ ਘੱਟ ਅਸੁਵਿਧਾ ਲਈ, ਜ਼ਿਲ੍ਹਾ ਪੁਲਿਸ ਨੇ ਆਈਆਈਟੀ ਰੋਪੜ ਨਾਲ ਮਿਲ ਕੇ ਅਸਲ-ਸਮੇਂ ਦੀ ਨਿਗਰਾਨੀ ਨਾਲ ਤਿਆਰ ਕੀਤੇ ਜਾ ਰਹੇ 101 ਏਕੜ ਵਿੱਚ ਫੈਲੇ ਕੁੱਲ 35 ਪਾਰਕਿੰਗ ਸਥਾਨਾਂ ਦੀ ਵਿਗਿਆਨਕ ਢੰਗ ਨਾਲ ਮੈਪਿੰਗ ਕੀਤੀ ਹੈ। ਇਸ ਤੋਂ ਇਲਾਵਾ, 24 ਘੰਟੇ ਚੱਲਣ ਵਾਲੀਆਂ ਸ਼ਟਲ ਸੇਵਾਵਾਂ ਸੰਗਤਾਂ ਨੂੰ ਸਾਰੇ ਸਥਾਨਾਂ ਦੇ ਦਰਸ਼ਨਾਂ ਲਈ ਲੈ ਕੇ ਜਾਣਗੀਆਂ ਅਤੇ 10,000 ਸੰਗਤਾਂ ਦੀ ਕੁੱਲ ਸਮਰੱਥਾ ਵਾਲੀਆਂ ਤਿੰਨ ਟੈਂਟ ਸਿਟੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਹਾਈਵੇਅ ਦੇ ਨਾਲ ਇੱਕ ਸਮਰਪਿਤ ਪੈਦਲ ਸੜਕ ਅਤੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ 60 ਬਾਹਰੀ ਡਾਇਵਰਜੈਂਸ ਪੁਆਇੰਟ ਅਤੇ ਨਾਕੇ ਸਥਾਪਤ ਕੀਤੇ ਜਾਣਗੇ। ਸਪੈਸ਼ਲ ਡੀਜੀਪੀ ਨੇ ਇਹ ਵੀ ਦੱਸਿਆ ਕਿ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਵੀਵੀਆਈਪੀ ਮਹਿਮਾਨਾਂ ਦੇ ਸੁਚਾਰੂ ਆਗਮਨ ਨੂੰ ਯਕੀਨੀ ਬਣਾਉਣ ਲਈ ਅੱਠ ਹੈਲੀਪੈਡ ਵੀ ਸਥਾਪਿਤ ਕੀਤੇ ਜਾ ਰਹੇ ਹਨ।

Have something to say? Post your comment

 

More in Malwa

ਕੈਮਿਸਟਾਂ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਦਾ ਸੱਦਾ 

ਨੌਜਵਾਨਾਂ ਨੂੰ ਨੌਵੇਂ ਪਾਤਸ਼ਾਹ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ : ਲੌਂਗੋਵਾਲ 

ਸੁਨਾਮ ਹਲਕੇ ਦੇ ਲੋੜਵੰਦਾਂ ਦਾ ਪੱਕੇ ਮਕਾਨ ਵਾਲਾ ਸੁਪਨਾ ਹੋਇਆ ਸਾਕਾਰ

ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ

ਰਣ ਚੱਠਾ ਦੀ ਅਗਵਾਈ 'ਚ ਕਿਸਾਨ ਚੰਡੀਗੜ੍ਹ ਰਵਾਨਾ 

ਕਿਸਾਨਾਂ ਨੇ ਸੰਗਰੂਰ ਧਰਨੇ ਦੀ ਵਿਢੀ ਤਿਆਰੀ 

ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਮੰਤਰੀ ਅਮਨ ਅਰੋੜਾ ਨੇ ਹੜ੍ਹ ਪੀੜਤਾਂ ਨੂੰ ਸੌਂਪੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ

ਅਮਨ ਅਰੋੜਾ ਨੇ ਵਿਰਾਸਤੀ ਦਰਵਾਜੇ ਦਾ ਕੀਤਾ ਉਦਘਾਟਨ