Tuesday, November 11, 2025

Malwa

ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ

November 11, 2025 02:00 PM
SehajTimes

ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਸਕੂਲਾਂ ਵਿੱਚ ਜਾਣ ਲਈ ਕਿਹਾ

ਸ੍ਰੀ ਅਨੰਦਪੁਰ ਸਾਹਿਬ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸੂਬੇ ਭਰ ਦੇ ਸਾਰੇ ਸਕੂਲਾਂ (ਸਰਕਾਰੀ, ਪ੍ਰਾਈਵੇਟ ਤੇ ਏਡਿਡ), ਭਾਵੇਂ ਉਹ ਕਿਸੇ ਵੀ ਸਿੱਖਿਆ ਬੋਰਡ ਨਾਲ ਸਬੰਧਤ ਹੋਣ, ਵਿੱਚ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਇੱਕ ਲਾਜ਼ਮੀ ਸਿੱਖਿਆ ਪ੍ਰੋਗਰਾਮ ਲਾਂਚ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਸੱਚਾਈ, ਹੱਕ, ਨਿਆਂ ਅਤੇ ਧਾਰਮਿਕ ਕਦਰਾਂ-ਕੀਮਤਾਂ ਪੈਦਾ ਕੀਤੀਆਂ ਜਾ ਸਕਣ। ਸ. ਹਰਜੋਤ ਸਿੰਘ ਬੈਂਸ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ, ਦਸਗਰਾਂ ਅਤੇ ਮਾਊਂਟ ਕਾਰਮਲ ਸਕੂਲ, ਜਿੰਦਵੜੀ ਵਿੱਚ ਜਾ ਕੇ ਨੌਵੇਂ ਪਾਤਸ਼ਾਹ ਦੀਆਂ ਸਿੱਖਿਆਵਾਂ, ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਗੁਰੂ ਸਾਹਿਬ ਦੀ ਵਿਰਾਸਤ ਦੀ ਮਹੱਤਤਾ ਬਾਰੇ ਜਾਗਰੂਕ ਕਰਨ।

ਇਸ ਮੌਕੇ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸ.ਜੀ.ਪੀ.ਸੀ. ਤੋਂ ਪ੍ਰਵਾਨ ਕਰਾ ਕੇ ਇਹ ਸਿੱਖਿਆ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 30 ਨਵੰਬਰ, 2025 ਤੱਕ (ਛੁੱਟੀਆਂ ਨੂੰ ਛੱਡ ਕੇ) ਚੱਲਣ ਵਾਲੇ ਇਸ ਸਿੱਖਿਆ ਪ੍ਰੋਗਰਾਮ ਤਹਿਤ ਸਵੇਰ ਦੀ ਸਭਾ ਵਿੱਚ 10-12 ਮਿੰਟ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸ਼ਹਾਦਤ, ਮਾਤਾ ਗੁਜਰੀ ਜੀ ਦੇ ਜੀਵਨ ਅਤੇ ਖਾਲਸਾ ਪੰਥ ਦੀ ਸਿਰਜਣਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਸ਼ੇਸ਼ ਭਾਸ਼ਣ, ਕਵਿਤਾ ਪਾਠ, ਭਾਸ਼ਣ ਮੁਕਾਬਲੇ ਅਤੇ ਇਤਿਹਾਸਕ ਕਿਤਾਬਾਂ ਦੀ ਵੰਡ ਸਬੰਧੀ ਪ੍ਰੋਗਰਾਮ ਉਲੀਕੇ ਗਏ ਹਨ, ਜਿਹਨਾਂ ਦਾ ਉਦੇਸ਼ ਨੌਵੇਂ ਪਾਤਸ਼ਾਹ ਦੀਆਂ ਸਿੱਖਿਆਵਾਂ ਤੇ ਕਦਰਾਂ-ਕੀਮਤਾਂ ਬਾਰੇ ਨੌਜਵਾਨਾਂ ਵਿੱਚ ਡੂੰਘੀ ਸੂਝ ਪੈਦਾ ਕਰਨਾ ਹੈ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਪਹਿਲ ਤਹਿਤ ਇਤਿਹਾਸ ਦੀ ਸੂਝ ਦੇਣ ਦੇ ਨਾਲ ਨਾਲ ਨੌਜਵਾਨਾਂ ਵਿੱਚ ਚਰਿੱਤਰ ਨਿਰਮਾਣ ਅਤੇ ਉੱਚ ਮਾਨਵੀ ਕਦਰਾਂ-ਕੀਮਤਾਂ ਪੈਦਾ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਭਾਈਚਾਰਿਆਂ ਤੋਂ ਪਰੇ ਮਾਨਵਤਾ ਅਤੇ ਧਾਰਮਿਕ ਏਕਤਾ ਦਾ ਚਾਨਣ ਮੁਨਾਰਾ ਹੈ ਅਤੇ ਨਵੀਂ ਪੀੜ੍ਹੀ ਲਈ ਉਨ੍ਹਾਂ ਦੀ ਬਹਾਦਰੀ ਅਤੇ ਸ਼ਹਾਦਤ ਦੀ ਵਿਰਾਸਤ ਨੂੰ ਸਮਝਣਾ ਅਤੇ ਅਪਣਾਉਣਾ ਬੇਹੱਦ ਜ਼ਰੂਰੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਜੀਵਨ ਦੇ ਇੱਕ ਅਜਿਹੇ ਫਲਸਫੇ ਨੂੰ ਉਤਸ਼ਾਹਿਤ ਕਰਨਾ ਹੈ ਜੋ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਅਤੇ ਬਿਹਤਰ ਇਨਸਾਨ ਬਣਾਉਂਦਾ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਰਪਣ ਅਤੇ ਸਤਿਕਾਰ ਨਾਲ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ।

Have something to say? Post your comment

 

More in Malwa

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ

ਰਣ ਚੱਠਾ ਦੀ ਅਗਵਾਈ 'ਚ ਕਿਸਾਨ ਚੰਡੀਗੜ੍ਹ ਰਵਾਨਾ 

ਕਿਸਾਨਾਂ ਨੇ ਸੰਗਰੂਰ ਧਰਨੇ ਦੀ ਵਿਢੀ ਤਿਆਰੀ 

ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਮੰਤਰੀ ਅਮਨ ਅਰੋੜਾ ਨੇ ਹੜ੍ਹ ਪੀੜਤਾਂ ਨੂੰ ਸੌਂਪੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ

ਅਮਨ ਅਰੋੜਾ ਨੇ ਵਿਰਾਸਤੀ ਦਰਵਾਜੇ ਦਾ ਕੀਤਾ ਉਦਘਾਟਨ 

ਅਕੇਡੀਆ ਸਕੂਲ 'ਚ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ 

ਜਦੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਪਰਾਲੀ ਦੀ ਅੱਗ ਬੁਝਾਉਣ ਲਈ ਖੇਤਾਂ ਵਿਚ ਖੁਦ ਪਹੁੰਚੇ

ਬਾਬਾ ਨਾਨਕ ਨੇ ਲੋਕਾਈ ਨੂੰ ਅਗਿਆਨਤਾ ਦੇ ਹਨ੍ਹੇਰੇ ਚੋਂ ਕੱਢਿਆ : ਅਵਿਨਾਸ਼ ਰਾਣਾ 

ਪੇਂਡੂ ਖੇਤਰਾਂ ਦੀ ਪ੍ਰਗਤੀ ਸਾਡੀ ਪਹਿਲੀ ਤਰਜੀਹ : ਹਡਾਣਾ